EDITORIAL

ਅਕਾਲ ਤਖਤ ਤੋਂ ਇਤਿਹਾਸਿਕ ਪਹਿਲ

ਵੰਡ ਦੀਆਂ ਪੀੜਾਂ : ਕੁੱਪਾਂ ਦੇ ਵਿੱਚ ਸਾੜੀਆਂ ਕੁੜੀਆਂ

20 ਲੱਖ ਕਤਲ, ਡੇਢ ਕਰੋੜ ਬੇ-ਘਰ

ਅਮਰਜੀਤ ਸਿੰਘ ਵੜੈਚ (9417801988)

ਇਸ ਵਰ੍ਹੇ ਦੇਸ਼ ਆਜ਼ਾਦੀ ਦੇ 75 ਵਰ੍ਹੇ ਪੂਰੇ ਹੋਣ ਦੇ ਜਸ਼ਨ ਮਨਾ ਰਿਹਾ ਹੈ । ਜੱਥੇਦਾਰ ਹਰਪ੍ਰੀਤ ਸਿੰਘ, ਜੱਥੇਦਾਰ ਸ੍ਰੀ ਆਕਾਲ ਤਖਤ ਸਾਹਿਬ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸਾਨੂੰ 10 ਤੋਂ 16 ਅਗਸਤ ਤੱਕ ਹਰ ਰੋਜ਼ 10 ਮਿੰਟ ਮੂਲ- ਮੰਤਰ ਦਾ ਪਾਠ/ਕੀਰਤਨ/ਭਜਨ ਕਰਕੇ ਉਨ੍ਹਾਂ ਲੋਕਾਂ ਦੀ ਯਾਦ ਤੇ ਆਤਮਿਕ ਸ਼ਾਂਤੀ ਲਈ ਲਾਉਣੇ ਚਾਹੀਦੇ ਹਨ ਜੋ ਨਿਰਦੋਸ਼ ਲੋਕ 47 ਦੀ ਜਨੂੰਨੀ ਵੰਡ ਦੀ ਭੇਂਟ ਚੜ੍ਹਾ ਦਿਤੇ ਗਏ ਸਨ। ਇਹ ਇਤਿਹਾਸ ‘ਚ ਪਹਿਲੀ ਵਾਰ ਹੀ ਹੋ ਰਿਹਾ ਹੈ ਜਦੋਂ ਹੱਲਿਆਂ ਵੇਲ਼ੇ ਫ਼ਿਰਕੂ ਜਨੂੰਨੀਆਂ ਵੱਲੋਂ ਮਾਰੇ ਗਏ ਹਰ ਧਰਮ ਦੇ ਨਿਰਦੋਸ਼ਾਂ ਲਈ ਅਰਦਾਸ ਕਰਨ ਲਈ ਕਿਸੇ ਧਰਮ ਵੱਲੋਂ ਅਪੀਲ ਕੀਤੀ ਗਈ ਹੋਵੇ । ਫ਼ਿਰਕੂ ਲੀਡਰਾਂ ਦੇ ਸ਼ੈਤਾਨੀ ਦਿਮਾਗਾਂ ਨੇ ਦੇਸ਼ ਦੀ ਫਿਰਕੂ-ਵੰਡ ਸਮੇਂ ਜ਼ੁਲਮਾਂ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿਤੀਆਂ ਸਨ ।

ਮੇਰੀ ਮਾਂ, ਹਰਿੰਦਰ ਕੌਰ, ਜੋ ਮਲੋਟ ਦੇ ਵਿਰਕ ਖੇੜਾ ਦੀ ਜੰਮ ਪਲ਼ ਸੀ , 47 ਦੇ ਹੱਲਿਆਂ ਵੇਲ਼ੇ 15 ਕੁ ਸਾਲਾਂ ਦੀ ਸੀ । ਇਕ ਵਾਰ ਮੇਰੇ ਪੁੱਛਣ ‘ਤੇ ਕਿ ਬੀਜੀ ਤੁਹਾਨੂੰ ਹੱਲਿਆਂ ਵੇਲ਼ੇ ਦਾ ਕੁਝ ਯਾਦ ਹੈ ਤਾਂ ਉਹਨੇ ਰੌਂਗੱਟੇ ਖੜ੍ਹੇ ਕਰਨ ਵਾਲ਼ੀਆਂ ਕਹਾਣੀਆਂ ਸੁਣਾਈਆਂ ।ਰੌਂਗੱਟੇ ਸ਼ਬਦ ਵੀ ਉਨ੍ਹਾਂ ਜ਼ੁਲਮਾਂ ਲਈ ਬਹੁਤ ਛੋਟਾ ਪੈ ਗਿਆ ਸੀ। ਅਸੀ ਉਦੋਂ ਛੋਟੀਆਂ ਛੋਟੀਆਂ ਸਾਂ ਤੇ ਸੁਣਦੀਆਂ ਹੁੰਦੀਆਂ ਸੀ ਕਿ ਪਾਕਿਸਤਾਨ ਬਣ ਜਾਣੈ । ਸਾਨੂੰ ਕੁਝ ਸਮਝ ਨੀ ਸੀ ਆਉਂਦੀ ਕਿ ਪਾਕਿਸਤਾਨ ਕੀ ਹੈ ? ਫਿਰ ਇਕ ਦਿਨ ਰੌਲ਼ਾ ਪੈ ਗਿਆ ਕਿ ਮੁਸਲਮਾਨ ਕਾਫ਼ਲੇ ਬਣਾਕੇ ਪਿੰਡਾਂ ਕੋਲ਼ੋ ਦੀ ਲੰਘ ਰਹੇ ਨੇ ਤੇ ਪਿੰਡਾਂ ਨੂੰ ਲੁੱਟ ਰਹੇ ਨੇ । ਅਸੀਂ ਸਾਰੇ ਨਿਆਣੇ ਡਰੇ ਹੋਏ ਸਾਂ ।

ਕਈ ਗਰੀਬ ਘਰਾਂ ਨੇ ਆਪਣੀਆਂ ਜੁਆਨ ਕੁੜੀਆਂ,ਨੂ੍ਹਾਂ ਤੇ ਬੱਚੇ ਦੂਰ ਭੇਜ ਦਿਤੇ ਜਿਥੇ ਮੁਸਲਮਾਨਾਂ ਦੇ ਹਮਲੇ ਦਾ ਡਰ ਨਹੀਂ ਸੀ । ਬੰਦੇ ਕਿਰਪਾਨਾਂ,ਬੰਦੂਕਾਂ,ਡਾਂਗਾਂ, ਗੰਡਾਸਿਆਂ,ਦਾਤਰਾਂ,ਨੇਜਿਆਂ ਨਾਲ਼ ਘਰਾਂ ਦੀ ਰਾਖੀ ਕਰਨ ਲਈ ਦਿਨ ਰਾਤ ਪਹਿਰੇ ਲਾਕੇ ਜਾਗ ਰਹੇ ਸਨ। ਜਦੋਂ ਮੁਸਲਮਾਨਾਂ ਦੇ ਕਾਫ਼ਲੇ ਗੱਡਿਆਂ ਤੇ ਘੋੜਿਆਂ ‘ਤੇ ਲੰਘਦੇ ਤਾਂ ਪਿੰਡਾਂ ਵਾਲ਼ੇ ਕੋਠਿਆਂ ‘ਤੇ ਖਲੋਕੇ ਵੇਖਦੇ ਸਨ । ਇਹ ਕਈ ਦਿਨ ਲੰਘਦੇ ਰਹੇ । ਇਕ ਦਿਨ ਸ਼ਾਮ ਵੇਲ਼ੇ ਸਾਡੇ ਪਿੰਡ ਦੇ ਕਿਸੇ ਸ਼ਰਾਰਤੀ ਮੁੰਡੇ ਨੇ ਕਾਫ਼ਲੇ ਵਾਲ਼ਿਆਂ ਨੂੰ ਕੁਝ ਕਹਿ ਕੇ ਛੇੜ ਦਿਤਾ ਬੱਸ ਫੇਰ ਕੀ ਸੀ ਸਾਰਾ ਕਾਫ਼ਲਾ ਹੀ ਪਿੰਡ ‘ਤੇ ਟੁੱਟ ਪਿਆ, ਬੜੀ ਲੜਾਈ ਹੋਈ , ਕਈ ਜਣੇ ਮਾਰੇ ਗਏ ਤੇ ਕਈ ਜ਼ਖ਼ਮੀ ਹੋ ਗਏ। ਮੇਰੇ ਪਿਤਾ ਜੀ ਦੀ ਲਾਸ਼ ਚਾਰ ਦਿਨਾਂ ਮਗਰੋਂ ਨਰਮੇ ਦੇ ਖੇਤਾਂ ਚੋਂ ਲੱਭੀ ਸੀ ਪਰ ਉਨ੍ਹਾਂ ਦੀ ਘੋੜੀ ਨੂੰ ਮੁਸਲਮਾਨ ਲੈ ਗਏ ।

ਜਿਹੜੇ ਗਰੀਬ ਆਪਣੀਆਂ ਕੁੜੀਆਂ ਜਾਂ ਜਨਾਨੀਆਂ ਨੂੰ ਕਿਤੇ ਨੀ ਸੀ ਛੱਡ ਕੇ ਆ ਸਕੇ ਉਨ੍ਹਾਂ ਤੂੜੀ ਵਾਲ਼ੇ ਕੁੱਪਾਂ ‘ਤੇ ਮਿੱਟੀ ਦਾ ਤੇਲ ਪਾ ਪਾ ਕੇ ਅੱਗਾਂ ਲਾ ਦਿਤੀਆਂ ਤੇ ਕੁੜੀਆਂ ਤੇ ਜਨਾਨੀਆਂ ਨੂੰ ਚੁੱਕ-ਚੁੱਕ ਭਾਂਬੜ ਛੱਡਦੇ ਕੁੱਪਾਂ ‘ਚ ਸੁਟਕੇ ਮਾਰ ਦਿਤਾ ਤਾਂ ਕੇ ਉਹ ਮੁਸਲਮਾਨਾਂ ਦੇ ਹੱਥ ਨਾ ਆ ਜਾਣ । ਇਹ ਗੱਲ ਸੁਣਾਉਂਦਿਆਂ ਮੇਰੀ ਮਾਂ ਦਾ ਕਈ ਵਾਰ ਗੱਚ ਭਰਦਾ ਤੇ ਫਿਰ ਉਹ ਲੰਮੇ ਹੌਂਕੇ ਭਰਦੀ ਸੀ, ਉਹ ਗੱਲਾਂ ਕਰਦੀ ਕਰਦੀ ਬਹੁਤ ਹੌਲ਼ੀ ਹੌਲ਼ੀ ਬੋਲਣ ਲੱਗਦੀ ।ਓਹਦੀਆਂ ਅੱਖਾਂ ‘ਚੋ ਪਰਲ-ਪਰਲ ਵਗਦੇ ਹੰਝੂ ਕਈ ਕਹਾਣੀਆਂ ਦੀਆਂ ਪੀੜਾਂ ਬਿਆਨ ਕਰ ਦਿੰਦੇ ਸੀ।

ਨਿਊਯਾਰਕ ਤੋਂ ਛਾਇਆ ਹੁੰਦੇ ‘ਦਾ ਨਿਊ ਯਾਰਕਰ’ ਰਸਾਲੇ ਦੇ 29 ਜੂਨ 2015 ਦੇ ਅੰਕ ‘ਚ ਵਿਲੀਅਮ ਡਾਲਰਿੰਪਲ(William Dalrymple) ਨੇ ਇਕ ਲੇਖ ‘ਚ ਵੰਡ ਦੇ ਚਸ਼ਮਦੀਦ ਪੱਤਰਕਾਰਾਂ ਤੇ ਫ਼ਰੰਗੀ ਸਿਪਾਹੀਆਂ ਦੇ ਹਵਾਲੇ ਨਾਲ਼ ਜੋ ਲਿਖਿਆ ਉਸ ਅਨੁਸਾਰ ਭਾਰਤ ਦੀ 47 ਦੀ ਵੰਡ ਸਮੇਂ ਇਤਿਹਾਸਿਕ ਰਿਕਾਰਡ ਤੋੜ ਮਨੁੱਖੀ ਆਬਾਦੀ ਦਾ ਤਬਾਦਲਾ ਤਾਂ ਹੋਇਆ ਹੀ ਸੀ ਪਰ ਉਸ ਵਕਤ ਜੋ ਜ਼ੁਲਮ ਔਰਤਾਂ ‘ਤੇ ਹੋਏ ਉਸ ਨੇ ਸ਼ੈਤਨ ਨੂੰ ਵੀ ਸ਼ਰਮਿੰਦਾ ਕਰ ਦਿਤਾ ਹੋਣਾ ਹੈ । ਵਿਲੀਅਮ ਲਿਖਦਾ ਹੈ ਕਿ ਜਨੂੰਨੀ ਦਰਿੰਦਿਆਂ ਨੇ ਗਰਭਵਤੀ ਔਰਤਾਂ ਦੀਆਂ ਛਾਤੀਆਂ ਵੱਡ ਦਿਤੀਆਂ ‘ਤੇ ਉਨ੍ਹਾਂ ਦੇ ਢਿਡਾਂ ਨੂੰ ਚੀਰ ਕੇ ਭਰੂਣ ਬਾਹਰ ਸੁੱਟ ਦਿਤੇ ਜੋ ਕਈ ਥਾਂਈ ਟੋਇਆਂ ‘ਚ ਤਪਦੀਆਂ ਤਿਖੜ ਦੁਪਿਹਰਾਂ ‘ਚ ਇਧਰ ਉਧਰ ਖਿਲਰੇ ਪਏ ਦਿਸਦੇ ਸਨ ।

ਦੋਹਾਂ ਧਰਮਾਂ, ਹਿੰਦੂ ਤੇ ਮੁਸਲਮਾਨ, ਦੇ ਲੀਡਰਾਂ ਦੀ ਕੁਰਸੀ ਦੀ ਹਵਸ ਨੇ ਬਰਤਾਨਵੀ ਸਾਮਰਾਜ ਨੂੰ ਦੇਸ਼ ਛੱਡਣ ਦਾ ਮੌਕਾ ਦੇ ਦਿਤਾ ਜੋ ਭਾਰਤ ਨੂੰ ਆਨੇ-ਬਹਾਨੇ ਛੱਡਣਾ ਹੀ ਚਾਹੁੰਦੇ ਸੀ ਕਿਉਂਕਿ ਅੰਗਰੇਜ਼ਾਂ ਨੇ ਭਾਰਤੀ ਰਾਜਿਆਂ ,ਜਗੀਰਦਾਰਾਂ ਤੇ ਚਮਚੇ ਰਾਜਸੀ ਲੀਡਰਾਂ ਦੀਆਂ ਐਸ਼ਪ੍ਰਸਤੀਆਂ ਦਾ ਫ਼ਾਇਦਾ ਉਠਾਕੇ ਦੇਸ਼ ਨੂੰ 250 ਸਾਲਾਂ ‘ਚ ਤਕਰੀਬਨ ਲੁੱਟ ਹੀ ਲਿਆ ਸੀ । ਕੁਰਸੀ ਦ‌ੀ ਭੁੱਖ ਨੇ ਭਾਰਤ ਨੂੰ ਦੋ ਹਿੱਸਿਆਂ ,ਭਾਰਤ ਤੇ ਪਾਕਿਸਤਾਨ, ‘ਚ ਤਕਸੀਮ ਕਰ ਦਿਤਾ । ਇਸ ਵੰਡ ਕਾਰਨ ਦੋਹਾਂ ਪਾਸਿਆਂ ਵੱਲੋਂ ਇਤਿਹਾਸਿਕ ਫਿਰਕੂ ਕਤਲੋ-ਗ਼ਾਰਤ ਹੋਈ । ਦਸਤਾਵੇਜ਼ਾਂ ‘ਚ ਮਿਲਦੇ ਅੰਕੜਿਆਂ ਅਨੁਸਾਰ ਦੋ ਤੋਂ 20 ਲੱਖ ਲੋਕਾਂ ਦੇ ਦੋਹਾਂ ਪਾਸਿਆਂ ਦੇ ਕਤਲ ਹੋਏ, ਡੇਢ ਕਰੋੜ ਤੋਂ ਵੱਧ ਹਿੰਦੂ,ਸਿਖ ਤੇ ਮੁਸਲਮਾਨ ਬੇ-ਘਰ ਹੋ ਗਏ । ਇਥੇ ਹੀ ਬੱਸ ਨਹੀਂ ਇਕ ਲੱਖ ਤੋਂ ਉਪਰ ਔਰਤਾਂ ਦੇ ਬਲਾਤਕਾਰ ਤੇ ਕਤਲ ਹੋਏ ; ਵੱਡੀ ਗਿਣਤੀ ‘ਚ ਸਾਰੇ ਹੀ ਧਰਮਾਂ ਦੀਆਂ ਔਰਤਾਂ ਨੇ ਆਪਣੀਆਂ ਇਜ਼ਤਾਂ ਬਚਾਉਣ ਤੇ ਧਰਮ ਬਦਲਣ ਦੇ ਡਰ ਤੋਂ ਖੂਹਾਂ  ‘ਚ ਛਾਲ਼ਾ ਮਾਰ ਦਿਤੀਆਂ ।

ਇਹ ਦੰਗੇ ਮਾਰਚ ਤੋਂ ਸ਼ੁਰੂ ਹੋਕੇ ਦਿਸੰਬਰ 1947 ਤੱਕ ਚੱਲਦੇ ਰਹੇ । ਭਾਰਤ ਦੀ ਦੋ ਮੁਲਕਾਂ ਦੀ ਵੰਡ ਸਮੇਂ ਹੋਏ ਬੇਤਹਾ ਜ਼ੁਲਮਾਂ ਲਈ ਕਿਸੇ ਇਕ ਧਰਮ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ। ਉਸ ਵਕਤ ਸੱਭ ਦੇ ਦਿਮਾਗਾਂ  ‘ਚ ਤਿੰਨਾਂ ਧਰਮਾਂ ਦੇ ਸ਼ੈਤਾਨ ਆਗੂਆਂ ਨੇ ਰੱਜਕੇ ਜ਼ਹਿਰ ਭਰਿਆ ਹੋਇਆ ਸੀ । ਇਸ ਵੰਡ ‘ਚ ਫਿਰਕੂ ਹਮਲੇ,ਕਤਲ,ਘਰਾਂ ਨੂੰ ਅੱਗਾਂ, ਲੱਖਾਂ ਜ਼ਖ਼ਮੀ ਤੇ ਅੰਗਹੀਣ ਲੋਕ, ਯਤੀਮ ਬੱਚੇ , ਲਾਵਾਰਿਸ ਅੋਰਤਾਂ, ਲਾਵਾਰਿਸ ਬਜ਼ੁਰਗ, ਬਲਾਤਕਾਰ, ਜਬਰੀ ਧਰਮ ਬਦਲੀ, ਔਰਤਾਂ ਦੇ ਅਗਵਾ ਤੇ ਬਹੁਤ ਕੁਝ ਹੋਰ ਦੋਹਾਂ ਦੇਸ਼ਾਂ ਦਾ ਖੂਨੀ
ਇਤਿਹਾਸ ਬਣਿਆਂ । ਕਈ ਲੋਕ ਆਪਣੇ ਉਨ੍ਹਾਂ ਬਜ਼ੁਰਗਾਂ ਨੂੰ ਜੋ ਤੁਰ ਨਹੀਂ ਸਨ ਸਕਦੇ ਰਾਹਾਂ ‘ਚ ਹੀ ਮਰਨ ਲਈ ਛੱਡਕੇ ਆਉਣ ਲਈ ਮਜਬੂਰ ਹੋ ਗਏ ਸਨ ।

ਮੁਗਲ ਕਾਲ਼ ਦੇ ਹੱਲਿਆਂ ਤੋਂ ਹੀ ਪੰਜਾਬ ਹਮੇਸ਼ਾ ਜੰਗ ਦਾ ਮੈਦਾਨ ਬਣਦਾ ਆਇਆ ਹੈ ।ਵੰਡ ਦੇ ਇਹ ਦੰਗੇ ਦੋਹਾਂ ਪਾਸੇ ਹੀ ਕਈ ਹੋਰ ਸ਼ਹਿਰਾਂ ‘ਚ ਵੀ ਹੋਏ ਸਨ । ਇਸ ਵੰਡ ‘ਚ ਜਾਨੀ ਤੇ ਮਾਲੀ ਨੁਕਸਾਨ ਦੇ ਨਾਲ਼-ਨਾਲ਼ ਪੰਜਾਬ ਦਾ ਦੋ ਹਿੱਸਿਆਂ,ਚੜ੍ਹਦਾ ਤੇ ਲਹਿੰਦਾ ਪੰਜਾਬ ‘ਚ ਵੰਡੇ ਜਾਣਾ ਇਕ ਹੋਰ ਵੱਡੀ ਤਰਾਸਦੀ ਸੀ । ਇਸ ਵੰਡ ‘ਚ ਸੱਭ ਤੋਂ ਵੱਧ ਨੁਕਸਾਨ ਪੰਜਾਬ ਦਾ ਹੋਇਆ ਜਿਸ ਦੇ ਤਿੰਨਾਂ ਧਰਮਾਂ ਦੇ ਲੋਕਾਂ ਦੀ ਪੰਜਾਬ ‘ਚ ਹੀ ਸੱਭ ਤੋਂ ਵੱਧ ਕਤਲੋ-ਗ਼ਾਰਤ ਹੋਈ । ਪੰਜ ਤੋਂ ਅੱਠ ਲੱਖ ਇਕੱਲੇ ਪੰਜਾਬੀ ਹੀ ਦੋਵੇਂ ਪਾਸੇ ਕਤਲ ਕਰ ਦਿਤੇ ਗਏ ਕਿਉਂਕਿ ਦੋਹਾਂ ਮੁਲਕਾਂ ਵਿਚਾਲ਼ੇ ਪੰਜਾਬ ਹੀ ਸਾਂਝੀ ਧਰਤੀ ਸੀ ਜਿਥੋਂ ਆਬਾਦੀ ਦਾ ਆਦਾਨ ਪ੍ਰਦਾਨ ਹੋ ਰਿਹਾ ਸੀ । ਮੇਰੇ ਦੋਸਤ ਭੁਪਿੰਦਰ ਬੱਤਰਾ ਦੇ ਸਵਰਗੀ ਮਾਤਾ ਕਮਲੇਸ਼ ਕੌਰ ਜੀ ਨੇ ਮੇਰੇ ਨਾਲ਼ ਪਾਕਿਸਤਾਨ ਦੀ ਵੰਡ ਦੇ ਹਾਲਾਤ ਸਾਂਝੇ ਕਰਦਿਆਂ ਦੱਸਿਆ ਸੀ ਕਿ ਜਦੋਂ ਉਹ ਪਰਲੇ ਪਾਰੋਂ ਏਧਰ ਆ ਰਹੇ ਸੀ ਤਾਂ ਉਨ੍ਹਾਂ ਨੇ ਸੜਕਾਂ , ਸਟੇਸ਼ਨਾਂ ਤੇ ਗਲ਼ੀਆਂ ‘ਚ ਲਾਸ਼ਾਂ ਸੜਦੀਆਂ ਵੇਖੀਆਂ ਸਨ ਤੇ ਕਈ ਥਾਂਈ ਤਾਂ ਜਾਨਵਰ ਵੀ ਲਾਸ਼ਾਂ ਨੂੰ ਖਾਂਦੇ ਵੇਖੇ ਗਏ । ਇਹੋ ਹਾਲ ਬੰਗਾਲ ਦਾ ਦੋ ਹਿੱਸਿਆਂ ‘ਚ ਵੰਡਣ ਕਰਕੇ ਹੋਇਆ ।

ਹਾਲੇ ਵੀ ਦੋਵੇਂ ਪੰਜਾਬ ਇਕ ਹੋਣ ਲਈ ਤੜਪਦੇ ਹਨ ਜੋ ‘ਓਹੀ ਲੀਡਰ’ ਹੁਣ ਕਦੇ ਸੰਭਵ ਨਹੀਂ ਹੋਣ ਦੇਣਗੇ । ਹਿੰਦੂਆਂ ਦੇ ਕਟਾਸ ਰਾਜ (ਜ਼ਿਲ੍ਹਾ ਚੱਕਵਾਲ਼ ,ਪੰਜਾਬ ,ਪਠੋਹਾਰ-ਪਾਕਿ) ਤੇ ਸ਼ਕਤੀਪੀਠ ਹਿੰਗਲਾਜ ਮਾਤਾ ਮੰਦਿਰ (ਜ਼ਿਲ੍ਹਾ ਲਾਸਬੇਲਾ-ਬਲੋਚਿਸਤਾਨ) ,ਸਿਖਾਂ ਦੇ ਪੰਜਾ ਸਾਹਿਬ,ਨਨਕਾਣਾ ਸਾਹਿਬ ਤੇ ਕਰਤਾਰਪੁਰ ਸਾਹਿਬ ( ਪਾਕਿ- ਪੰਜਾਬ) ‘ਚ ਅਤੇ ਮੁਸਲਮਾਨਾਂ ਦੀ ਬਾਬਰੀ ਮਸਜਿਦ (ਯੂਪੀ), ਜਾਮਾ ਮਸਜਿਦ(ਦਿੱਲੀ) ਤੇ ਅਜਮੇਰ ਸ਼ਰੀਫ (ਰਾਜਿਸਥਾਨ) ਭਾਰਤ ‘ਚ ਰਹਿ ਗਏ ਜਿਨ੍ਹਾਂ ਦੇ ਨਾਲ਼ ਸਾਰੇ ਲੋਕ ਬਿਨਾ ਕਿਸੇ ਵਿਤਕਰੇ ਤੋਂ ਹਾਲੇ ਵੀ ਜੁੜੇ ਹੋਏ ਹਨ । ਉਪਰੋਕਤ ਤਰਾਸਦੀਆਂ ਤੋਂ ਨਵੀਂ ਪੀੜ੍ਹੀ ਵਾਕਿਫ਼ ਹੀ ਨਹੀਂ ਹੈ ਇਸ ਲਈ ਇਸ ਪੀੜ੍ਹੀ ਨੂੰ ਇਨ੍ਹਾਂ ਦੋਹਾਂ ਦੇਸ਼ਾਂ ਦੀਆਂ
ਬੁਨਿਆਦਾਂ ‘ਚ ਦਫ਼ਨ ਲੋਕਾਂ ਦੀਆਂ ਚੀਕਾਂ ਨਹੀਂ ਸੁਣ ਸਕਦੀਆਂ । ਇਹ ਆਜ਼ਾਦੀ ਬਨਾਮ ਵੰਡ ਦੇ ਜਸ਼ਨ ਉਪਰੋਕਤ ਲਹੂ ਭਿਜੀਆਂ ਸਚਾਈਆਂ ਦੇ ਸਾਹਵੇਂ ਬਹੁਤ ਬੌਣੇ ਹਨ । ਸਾਡੀਆਂ ਹੁਣ ਤੱਕ ਦੀਆਂ ਸਰਕਾਰਾਂ ਸਿਰਫ਼ ਨਿਸ਼ਚਿਤ ਏਜੰਡਿਆਂ ਦੀ ਪੂਰਤੀ ਲਈ ਨਾਅਰੇ ਦਿੰਦੀਆਂ ਹਨ ਤਾਂ ਕੇ ਲੋਕਾਂ ਦਾ ਧਿਆਨ ਬੇਰੁਜ਼ਗਾਰੀ,ਭੁੱਖਮਰੀ, ਅਨਪੜ੍ਹਤਾ,ਗਰੀਬੀ,ਬਿਮਾਰੀ,ਮਹਿੰਗਾਈ, ਰਾਜਸੀ ਕਮੀਨਗੀਆਂ ਤੇ ਲੋਕਾਂ ਨੂੰ ਵੰਡਣ ਲਈ ਧਰਮਾਂ ਦੀ ਦੁਰਵਰਤੋਂ ਕਰਨ ਦੀਆਂ ਡੂੰਘੀਆਂ ਚਾਲਾਂ ਆਦਿ ਵੱਲ ਨਾ ਜਾਵੇ ।

ਦੇਸ਼ ਭਗਤੀ ਆਪਣੇ ਆਪ ਹੀ ਆ ਜਾਂਦੀ ਹੈ ਜਦੋਂ ਲੋਕਾਂ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਹੋ ਜਾਣ । ਸਰਕਾਰ ਤਾਂ 80 ਕਰੋੜ ਲੋਕਾਂ ਨੂੰ 75ਵੇਂ ਸਾਲ 'ਚ ਵੀ ਸਿਤੰਬਰ ਤੱਕ ਮੁਫ਼ਤ ਰਾਸ਼ਨ ਦੇਣ ਦਾ ਢੰਡੋਰਾ ਪਿਟਦੀ ਨਹੀਂ ਥੱਕ ਰਹੀ ਤਾਂ ਫਿਰ ਜਸ਼ਨ ਕਾਹਦੇ ? ਜਦੋਂ ਦੇਸ਼ ਦੇ ਲੋਕ ਲੀਡਰਾਂ ਦੀਆਂ ਰਿਓੜੀਆਂ ਨੂੰ ਦੁਰਕਾਰ ਕੇ ਆਪ ਰਿਓੜੀਆਂ ਵੰਡਣ ਜੋਗੇ ਹੋ ਜਾਣਗੇ, ਜਦੋਂ ਧਰਮ ਦੇ ਨਾਂ ‘ਤੇ ਕਤਲ ਨਹੀਂ ਹੋਣਗੇ, ਜਦੋਂ ਦੇਸ਼ ਦੀਆਂ ਔਰਤਾਂ ਨੂੰ ‘ਹਾਥਰਸ’ ਵਰਗੀਆਂ ਦੁਰ-ਘਟਨਾਵਾਂ ਦਾ ਡਰ ਨਹੀਂ ਹੋਵੇਗਾ, ਜਦੋਂ ਸਾਡੇ ਜਵਾਨਾ ਸਰਹੱਦਾਂ ਤੋਂ ਤਿਰੰਗੇ ‘ਚ ਲਿਪਟਕੇ ਆਉਣੋ ਬੰਦ ਹੋ ਜਾਣਗੇ ਤੇ ਜਦੋਂ ਦੇਸ਼ ਦੇ ਲੀਡਰ ਦੇਸ਼ ਨੂੰ ਵੇਚਣ ‘ਤੇ ਲੁੱਟਣ ਤੋਂ ਹਟ ਜਾਣਗੇ ਉਦੋਂ ਹਰ ਘਰ ‘ਤੇ ਤਿਰੰਗਾ ਫਹਿਰਾਉਣ ਲਈ ਸਰਕਾਰੀ ਹੁਕਮ ਨਹੀਂ ਦੇਣੇ ਪੈਣਗੇ ਸਗੋਂ ਉਦੋਂ ਹਰ ਦਿਲ ‘ਚ ਤਿਰੰਗਾ ਝੂਲੇਗਾ ਤੇ ਹਰ ਮੂ੍ੰਹ ‘ਤੇ ਗੀਤ ਹੋਏਗਾ …ਸਾਰੇ ਜਹਾਂ ਸੇ ਅੱਛਾ ,ਹਿੰਦੋਸਤਾਨ ਹਮਾਰਾ…..!

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button