2 ਵਾਰ ਜ਼ਹਿਰੀਲਾ ਟੀਕਾ ਲੱਗਣ ਤੋਂ ਬਾਅਦ ਵੀ ਜ਼ਿੰਦਾ ਬਚੀ ਕ੍ਰਿਸਟਾ ਪਾਈਕ, ਮੌਤ ਦੀ ਸਜ਼ਾ ਦੇ ਕਾਨੂੰਨ ‘ਤੇ ਉੱਠੇ ਸਵਾਲ!

ਅਮਰੀਕਾ ਦੇ ਟੈਨੇਸੀ ਸੂਬੇ ‘ਚ ਪਿਛਲੇ ਹਫ਼ਤੇ ਮੌਤ ਦੀ ਸਜ਼ਾ ਨਾਲ ਜੁੜਿਆ ਇੱਕ ਬੇਹੱਦ ਹੈਰਾਨੀਜਨਕ ਅਤੇ ਦੁਰਲੱਭ ਮਾਮਲਾ ਸਾਹਮਣੇ ਆਇਆ ਸੀ। ਇਸ ਤੋਂ ਬਾਅਦ ਪੂਰੇ ਅਮਰੀਕਾ ‘ਚ ਮੌਤ ਦੀ ਸਜ਼ਾ ਨੂੰ ਲੈ ਕੇ ਨਵੀਂ ਬਹਿਸ ਛਿੜ ਗਈ ਹੈ। ਇਸ ਮਾਮਲੇ ‘ਚ ਤਾਜ਼ਾ ਜਾਣਕਾਰੀ ਇਹ ਹੈ ਕਿ ਜਾਨਲੇਵਾ ਟੀਕਾ ਲਗਾਏ ਜਾਣ ਦੇ ਬਾਵਜੂਦ ਜ਼ਿੰਦਾ ਬਚੀ 50 ਸਾਲਾ ਕੈਦੀ ਕ੍ਰਿਸਟਾ ਪਾਈਕ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਅਤੇ ਉਸ ਨੂੰ ਵਾਪਸ ਜੇਲ੍ਹ ਭੇਜ ਦਿੱਤਾ ਗਿਆ ਹੈ। ਉਸ ਦੇ ਵਕੀਲਾਂ ਨੇ ਸ਼ਨੀਵਾਰ ਨੂੰ ਇਸ ਦੀ ਪੁਸ਼ਟੀ ਕੀਤੀ ਹੈ।
ਇਸ ਪੂਰੇ ਵਿਵਾਦ ਦੀ ਸ਼ੁਰੂਆਤ ਉਦੋਂ ਹੋਈ, ਜਦੋਂ ਪਿਛਲੇ ਹਫ਼ਤੇ 30 ਸਤੰਬਰ ਨੂੰ ਕ੍ਰਿਸਟਾ ਪਾਈਕ ਨੂੰ ਮੌਤ ਦੀ ਸਜ਼ਾ ਦੇਣ ਲਈ ਪੈਂਟੋਬਾਰਬਿਟਲ ਨਾਮਕ ਜਾਨਲੇਵਾ ਦਵਾਈ ਦੀਆਂ ਦੋ ਖੁਰਾਕਾਂ ਦਿੱਤੀਆਂ ਗਈਆਂ ਸਨ।
ਇਹ ਖੁਰਾਕ ਆਮ ਤੌਰ ’ਤੇ ਕਿਸੇ ਵਿਅਕਤੀ ਦੀ ਜਾਨ ਲੈਣ ਲਈ ਕਾਫ਼ੀ ਮੰਨੀ ਜਾਂਦੀ ਹੈ, ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਦੇ ਬਾਵਜੂਦ ਉਸ ਦੀ ਮੌਤ ਨਹੀਂ ਹੋਈ। ਇਸ ਤੋਂ ਬਾਅਦ ਉਸ ਨੂੰ ਗੰਭੀਰ ਹਾਲਤ ‘ਚ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਹੋਸ਼ ਆ ਗਿਆ। ਹਾਲਾਂਕਿ, ਵਕੀਲਾਂ ਮੁਤਾਬਕ ਉਸ ਦੀ ਮਾਨਸਿਕ ਸਥਿਤੀ ਅਜੇ ਵੀ ਕੁਝ ਹੱਦ ਤੱਕ ਉਲਝਣ ਵਾਲੀ ਹੈ।
‘ਡੈੱਥ ਪੈਨਲਟੀ ਇਨਫਰਮੇਸ਼ਨ ਸੈਂਟਰ’ (DPIC) ਮੁਤਾਬਕ, ਕ੍ਰਿਸਟਾ ਪਾਈਕ ਇਤਿਹਾਸ ਦੀ ਇਕਲੌਤੀ ਅਜਿਹੀ ਕੈਦੀ ਹੈ, ਜੋ ਜਾਨਲੇਵਾ ਟੀਕਾ ਲਗਾਏ ਜਾਣ ਤੋਂ ਬਾਅਦ ਵੀ ਜ਼ਿੰਦਾ ਬਚ ਗਈ।
ਉਸ ਦੇ ਵਕੀਲਾਂ ਨੇ ਦੱਸਿਆ ਕਿ ਉਸ ਨੂੰ ਸਥਾਨਕ ਹਸਪਤਾਲ ਤੋਂ ਛੁੱਟੀ ਦੇ ਕੇ ਵਾਪਸ ‘ਡੇਬੋਰਾ ਕੇ. ਜੌਨਸਨ ਰਿਹੈਬਿਲਿਟੇਸ਼ਨ ਸੈਂਟਰ’ ਭੇਜ ਦਿੱਤਾ ਗਿਆ ਹੈ। ਉਹ ਪਿਛਲੇ 30 ਸਾਲਾਂ ਤੋਂ ਇਸੇ ਜੇਲ੍ਹ ‘ਚ ਬੰਦ ਹੈ। ਹੁਣ ਜੇਲ੍ਹ ‘ਚ ਹੀ ਉਸ ਦਾ ਇਲਾਜ ਜਾਰੀ ਰਹੇਗਾ।
ਕ੍ਰਿਸਟਾ ਪਾਈਕ ਨੂੰ 18 ਸਾਲ ਦੀ ਉਮਰ ‘ਚ ਟੈਨੇਸੀ ‘ਚ ਮੌਤ ਦੀ ਸਜ਼ਾ ਸੁਣਾਈ ਗਈ ਸੀ। ਉਸ ਨੇ ਆਪਣੇ ਬੁਆਏਫ੍ਰੈਂਡ ਨਾਲ ਮਿਲ ਕੇ ਇੱਕ ਨੌਕਰੀ ਸਿਖਲਾਈ ਕੈਂਪ ‘ਚ 19 ਸਾਲਾ ਕੋਲੀਨ ਸਲੇਮਰ ਦੀ ਬੇਰਹਿਮੀ ਨਾਲ ਕੁੱਟਮਾਰ ਕਰਕੇ ਹੱਤਿਆ ਕਰ ਦਿੱਤੀ ਸੀ।ਇਸ ਅਸਫਲ ਫਾਂਸੀ ਤੋਂ ਬਾਅਦ ਅਮਰੀਕਾ ‘ਚ ਮੌਤ ਦੀ ਸਜ਼ਾ ਅਤੇ ਇਸ ਦੀ ਨੈਤਿਕਤਾ ਨੂੰ ਲੈ ਕੇ ਇੱਕ ਵਾਰ ਫਿਰ ਤਿੱਖੀ ਬਹਿਸ ਛਿੜ ਗਈ ਹੈ।
ਕ੍ਰਿਸਟਾ ਪਾਈਕ ਦੇ ਵਕੀਲਾਂ ਨੇ ਟੈਨੇਸੀ ਦੇ ਗਵਰਨਰ ਬਿਲ ਲੀ ਨੂੰ ਅਪੀਲ ਕੀਤੀ ਹੈ ਕਿ ਉਸ ਦੀ ਸਜ਼ਾ ਨੂੰ ਉਮਰ ਕੈਦ ‘ਚ ਬਦਲ ਦਿੱਤਾ ਜਾਵੇ। ਗਵਰਨਰ ਨੇ ਫਿਲਹਾਲ ਸੂਬੇ ‘ਚ ਹਰ ਤਰ੍ਹਾਂ ਦੀਆਂ ਫਾਂਸੀ ਦੀਆਂ ਸਜ਼ਾਵਾਂ ’ਤੇ ਰੋਕ ਲਗਾ ਦਿੱਤੀ ਹੈ, ਤਾਂ ਜੋ ਇਸ ਪੂਰੇ ਮਾਮਲੇ ਦੀ ਸੁਤੰਤਰ ਜਾਂਚ ਕੀਤੀ ਜਾ ਸਕੇ।
ਇਸ ਦੌਰਾਨ ਪੈਂਟਾਗਨ ਦੇ ਐਲਾਨ ਨੇ ਇਸ ਬਹਿਸ ਨੂੰ ਹੋਰ ਤੇਜ਼ ਕਰ ਦਿੱਤਾ ਹੈ। ਖ਼ਬਰ ਮੁਤਾਬਕ, ਅਮਰੀਕਾ ‘ਚ 3 ਦਸੰਬਰ ਨੂੰ ਨਿਦਾਲ ਹਸਨ ਨੂੰ ਟੈਕਸਸ ਦੇ ਫੋਰਟ ਹੁੱਡ ‘ਚ ਗੋਲੀ ਮਾਰ ਕੇ ਮੌਤ ਦੀ ਸਜ਼ਾ ਦਿੱਤੀ ਜਾਣੀ ਹੈ। ਨਿਦਾਲ ਹਸਨ ਨੇ 2009 ‘ਚ 13 ਲੋਕਾਂ ਨੂੰ ਗੋਲੀ ਮਾਰੀ ਸੀ। ਇਸ ਸਜ਼ਾ ਦੀ ਕਾਰਵਾਈ ਨੂੰ ਲਾਈਵ ਸਟ੍ਰੀਮ ਕਰਨ ਦਾ ਫ਼ੈਸਲਾ ਵੀ ਕੀਤਾ ਗਿਆ ਹੈ।
ਇਸ ਮਾਮਲੇ ’ਤੇ ਅਮਰੀਕਾ ‘ਚ ਜਨਮੇ ਪਹਿਲੇ ਪੋਪ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਪੋਸਟ ਕਰਦਿਆਂ ਕਿਹਾ ਕਿ ਮੌਤ ਦੀ ਸਜ਼ਾ ਅਸਵੀਕਾਰਯੋਗ ਹੈ, ਕਿਉਂਕਿ ਇਹ ਮਨੁੱਖੀ ਮਾਣ-ਸਨਮਾਨ ’ਤੇ ਹਮਲਾ ਹੈ। ਉਨ੍ਹਾਂ ਕਿਹਾ ਕਿ ਮੌਤ ਦੀ ਸਜ਼ਾ ਦਿੱਤੇ ਬਿਨਾਂ ਵੀ ਨਿਆਂ ਦੀ ਮੰਗ ਪੂਰੀ ਕੀਤੀ ਜਾ ਸਕਦੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




