
ਗੈਰ-ਕਾਨੂੰਨੀ ਆਨਲਾਈਨ ਸੱਟੇਬਾਜ਼ੀ ਦੇ ਚਰਚਿਤ ‘ਮਹਾਦੇਵ ਬੇਟਿੰਗ ਐਪ’ ਮਾਮਲੇ ‘ਚ ਸੀਬੀਆਈ ਨੇ ਆਪਣਾ ਸ਼ਿਕੰਜਾ ਹੋਰ ਕੱਸ ਦਿੱਤਾ ਹੈ। ਜਾਂਚ ਏਜੰਸੀ ਨੇ ਐਪ ਦੇ ਪੈਨਲ ਸੰਚਾਲਕਾਂ ਅਤੇ ਹਵਾਲਾ ਨੈੱਟਵਰਕ ਨੂੰ ਤੋੜਨ ਲਈ ਦੇਸ਼ ਦੇ ਛੇ ਸੂਬਿਆਂ ਅਤੇ ਦਿੱਲੀ ਦੇ ਕੁੱਲ 13 ਸ਼ਹਿਰਾਂ ‘ਚ 33 ਟਿਕਾਣਿਆਂ ‘ਤੇ ਇਕੱਠੇ ਛਾਪੇਮਾਰੀ ਕੀਤੀ। ਇਸ ਕਾਰਵਾਈ ਦੌਰਾਨ ਲਾਈਵ ਸੱਟੇਬਾਜ਼ੀ ਪੈਨਲਾਂ ਨੂੰ ਬੰਦ ਕਰਵਾਉਣ ਦੇ ਨਾਲ ਵੱਡੀ ਗਿਣਤੀ ‘ਚ ਡਿਜੀਟਲ ਉਪਕਰਨ ਅਤੇ ਸ਼ੱਕੀ ਦਸਤਾਵੇਜ਼ ਜ਼ਬਤ ਕੀਤੇ ਗਏ ਹਨ। ਇਸ ਵੱਡੇ ਪੱਧਰ ਦੇ ਅਭਿਆਨ ਤਹਿਤ ਅੰਮ੍ਰਿਤਸਰ, ਦਿੱਲੀ, ਰਾਜਸਥਾਨ ਦੇ ਨਾਗੌਰ ਤੇ ਧੌਲਪੁਰ, ਮੱਧ ਪ੍ਰਦੇਸ਼ ਦੇ ਭੋਪਾਲ ਤੇ ਇੰਦੌਰ, ਛੱਤੀਸਗੜ੍ਹ ਦੇ ਰਾਏਪੁਰ ਤੇ ਦੁਰਗ, ਗੁਜਰਾਤ ਦੇ ਅਹਿਮਦਾਬਾਦ, ਵਡੋਦਰਾ ਤੇ ਸੂਰਤ ਅਤੇ ਮਹਾਰਾਸ਼ਟਰ ਦੇ ਮੁੰਬਈ ਤੇ ਨਾਗਪੁਰ ‘ਚ ਤਲਾਸ਼ੀ ਲਈ ਗਈ।
ਇਹ ਪੂਰੀ ਕਾਰਵਾਈ ਮਹਾਦੇਵ ਆਨਲਾਈਨ ਬੁੱਕ ਐਪ ਦੇ ਮੁੱਖ ਪ੍ਰਮੋਟਰ ਸੌਰਭ ਚੰਦਰਾਕਰ ਤੋਂ ਹਿਰਾਸਤ ‘ਚ ਪੁੱਛਗਿੱਛ ਤੋਂ ਬਾਅਦ ਕੀਤੀ ਗਈ ਹੈ। ਚੰਦਰਾਕਰ ਨੂੰ ਹਾਲ ਹੀ ‘ਚ ਓਮਾਨ ਤੋਂ ਹਵਾਲਗੀ ਰਾਹੀਂ ਭਾਰਤ ਲਿਆਂਦਾ ਗਿਆ ਸੀ। ਪੁੱਛਗਿੱਛ ਦੌਰਾਨ ਉਸ ਨੇ ਦੇਸ਼ ਭਰ ‘ਚ ਫੈਲੇ ਆਪਣੇ ਪੈਨਲ ਆਪਰੇਟਰਾਂ, ਗੈਰ-ਕਾਨੂੰਨੀ ਪੈਸੇ ਦੇ ਲੈਣ-ਦੇਣ ਅਤੇ ਹਵਾਲਾ ਕਾਰੋਬਾਰੀਆਂ ਦੇ ਗਠਜੋੜ ਨਾਲ ਜੁੜੇ ਕਈ ਅਹਿਮ ਖੁਲਾਸੇ ਕੀਤੇ ਸਨ। ਇਨ੍ਹਾਂ ਜਾਣਕਾਰੀਆਂ ਦੇ ਆਧਾਰ ‘ਤੇ ਸੀਬੀਆਈ ਨੇ ਛਾਪੇਮਾਰੀ ਲਈ ਟਿਕਾਣਿਆਂ ਦੀ ਪਛਾਣ ਕੀਤੀ।
ਛਾਪੇਮਾਰੀ ਦੌਰਾਨ ਕਈ ਥਾਵਾਂ ‘ਤੇ ਲਾਈਵ ਆਨਲਾਈਨ ਸੱਟੇਬਾਜ਼ੀ ਅਤੇ ਜੂਏ ਦੇ ਪੈਨਲ ਚੱਲਦੇ ਮਿਲੇ, ਜਿਨ੍ਹਾਂ ਨੂੰ ਟੀਮਾਂ ਨੇ ਮੌਕੇ ‘ਤੇ ਹੀ ਬੰਦ ਕਰਵਾ ਦਿੱਤਾ। ਤਲਾਸ਼ੀ ਦੌਰਾਨ ਬਰਾਮਦ ਕੀਤੇ ਗਏ ਮੋਬਾਈਲ ਫੋਨ, ਲੈਪਟਾਪ ਅਤੇ ਬੈਂਕ ਦਸਤਾਵੇਜ਼ਾਂ ਦੀ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਸੱਟੇਬਾਜ਼ੀ ਰਾਹੀਂ ਇਕੱਠੀ ਕੀਤੀ ਗਈ ਗੈਰ-ਕਾਨੂੰਨੀ ਰਕਮ ਨੂੰ ਖਪਾਉਣ ਲਈ ਵੱਡੇ ਪੱਧਰ ‘ਤੇ ‘ਮਿਊਲ’ ਬੈਂਕ ਖਾਤਿਆਂ (ਫਰਜ਼ੀ ਜਾਂ ਕਿਰਾਏ ‘ਤੇ ਲਏ ਗਏ ਖਾਤਿਆਂ) ਦੀ ਵਰਤੋਂ ਕੀਤੀ ਜਾ ਰਹੀ ਸੀ। ਇਸ ਤੋਂ ਬਾਅਦ ਇਸ ਕਾਲੀ ਕਮਾਈ ਨੂੰ ਹਵਾਲਾ ਰਾਹੀਂ ਵਿਦੇਸ਼ ਭੇਜਿਆ ਜਾ ਰਿਹਾ ਸੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.



