EDITORIAL

ਸੰਤ ਭਿੰਡਰਾਂਵਾਲੇ ਨੇ ਅਕਾਲੀ ਦਲ ਜਰਕਾਇਆ

ਅਕਾਲੀ ਦਲ ਦਾ ਹੁਣ ਫਿਰ ਯੂ-ਟਰਨ ?

ਅਮਰਜੀਤ ਸਿੰਘ ਵੜੈਚ (94178-01988)

ਪੰਜਾਬ ਨੂੰ ਫਿਰ ਇਕ ਵਾਰ ਫਿਰਕੂ ਅੱਗ ਵਿੱਚ ਧੱਕਣ ਦੀਆਂ ਤਿਆਰੀਆਂ ਹੋਣ ਲੱਗੀਆਂ ਹਨ। ਪੰਜਾਬ ਦੀ 1966 ਦੀ ਵੰਡ ਮਗਰੋਂ ਵੀ ਪੰਜਾਬ-ਮਾਰੂ ਤਾਕਤਾਂ ਸਰਗਰਮ ਹੋਈਆ ਸਨ। ਉਸ ਵਕਤ ਪੰਜਾਬੀ ਭਾਸ਼ਾ ਨੂੰ ਸਿਰਫ ਸਿੱਖਾਂ ਦੀ ਭਾਸਾਂ ਸਿੱਧ ਕਰਨ ਲਈ ਜ਼ੋਰ ਲੱਗਿਆ ਅਤੇ ਪੰਜਾਬ ‘ਚ ਰਹਿੰਦੇ ਹਿੰਦੂਆਂ ਨੂੰ ਇਹ ਅਹਿਸਾਸ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਉਨ੍ਹਾਂ ਦੀ ਭਾਸ਼ਾ ਸਿਰਫ ਹਿੰਦੀ ਹੈ।

ਸਾਲ 1978 ਦੀ ਖੂਨੀ ਵਿਸਾਖੀ ਮਗਰੋਂ ਪੰਜਾਬ ਦੀਆਂ ਹਵਾਵਾਂ ‘ਚ ‘ਗਰਮੀ’ ਵਧਣ ਲੱਗੀ ; ਰਾਜਨੀਤਕ ਮਾਹੌਲ ਫਿਰ ਅੰਗੜਾਈਆਂ ਲੈਣ ਲੱਗਿਆ, ਖਾਸ ਕਰ ਅਕਾਲੀ ਸਿਆਸਤ ਨੂੰ ਸੰਤ ਭਿੰਡਰਾਂਵਾਲੇ ਅਤੇ ਨਵੀਂ ਬਣੀ ਪਾਰਟੀ ‘ਦਲ ਖਾਲਸਾ’ ਭਵਿੱਖ ਦੀ ਕੋਈ ਅਣਹੋਣੀ ਲੱਗਣ ਲੱਗੀ ਕਿਉਂਕਿ ਜਿਸ ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਨੂੰ ਅਕਾਲੀ ਦਲ ਵਿਸਾਰੀ ਬੈਠਾ ਸੀ ਉਸ ਨੂੰ ਸੰਤ ਭਿੰਡਰਾਂਵਾਲੇ ਨੇ ਆਪਣਾ ਏਜੰਡਾ ਬਣਾ ਲਿਆ ਅਤੇ ਅਕਾਲੀ ਦਲ ਨੂੰ ਆਪਣੇ ਸਿਆਸਤ ਦੇ ਭੱਥੇ ਵਿੱਚੋਂ ਸ਼ਕਤੀਸ਼ਾਲੀ ਤੀਰ ਖਿਸਕਦਾ ਲੱਗਿਆ। ਇਸੇ ਛਟਪਟਾਹਟ ਵਿੱਚ ਅਕਾਲੀ ਦਲ ਨੇ ਅਕਤੂਬਰ 1978 ਵਿੱਚ ਲੁਧਿਆਣਾ ਵਿਖੇ ਪਾਰਟੀ ਦਾ ਆਮ ਇਜਲਾਸ ਕਰਕੇ ਇਸ ਮਤੇ ਨੂੰ ਇਕ ਨੀਤੀ ਵਜੋਂ ਪ੍ਰਵਾਨ ਕਰ ਲਿਆ ਅਤੇ ਇਹ ਤਹਿ ਹੋ ਗਿਆ ਕਿ ਪਾਰਟੀ ਇਸ ਮਤੇ ਦੇ ਉਦੇਸ਼ਾਂ ਲਈ ਆਖਰ ਤੱਕ ਲੜੇਗੀ।

ਇਸ ਮਤੇ ਵਿੱਚ ਮੁੱਖ ਮੁੱਦੇ ਕੇਂਦਰ-ਰਾਜ ਸਬੰਧ, 1966 ‘ਚ ਪੰਜਾਬ ਦੀ ਵੰਡ ਸਮੇਂ ਰਾਜ ਤੋਂ ਬਾਹਰ ਰੱਖੇ ਗਏ ਪੰਜਾਬੀ ਇਲਾਕੇ ਪੰਜਾਬ ਵਿੱਚ ਸ਼ਾਮਿਲ ਕਰਨਾ, ਸਿੱਖਾਂ ਲਈ ਦੇਸ਼ ਵਿੱਚ ਵੱਖਰੀ ਪਹਿਚਾਣ, ਵਿਸ਼ਵ ਦੇ ਗੁਰਦੁਆਰਾ ਸਾਹਿਬਾਨ ਇਕ ਸੰਸਥਾ ਦੇ ਅਧੀਨ ਕਰਨੇ, ਛੂਆ-ਛੂਤ, ਸਮਾਜਿਕ ਨਾ ਬਰਾਬਰੀ ਅਤੇ ਅਨਪੜ੍ਹਤਾ ਖ਼ਤਮ ਕਰਨੀ ਸੀ।( ਅਗਲੇ ਦਿਨਾਂ ਵਿੱਚ ਇਸ ਮਤੇ ‘ਤੇ ਵਿਸਥਾਰ ‘ਚ ਲਿਖਾਂਗੇ )

ਇਸ ਮਗਰੋਂ ਪੰਜਾਬ ਦੇ ਮੁੱਦਿਆਂ ‘ਤੇ ਲੜਨ ਵਾਲੀਆਂ ਦੋ ਧਿਰਾਂ ਉਭਰਨ ਲੱਗੀਆਂ ; ਨਰਮ ਦਲ (ਅਕਾਲੀ ਦਲ) ਅਤੇ ਗਰਮ ਦਲ (ਸੰਤ ਭਿੰਡਰਾਂਵਾਲੇ ਅਤੇ ‘ਦਲ ਖਾਲਸਾ’)। ਅਕਾਲੀ ਦਲ 1995 ਤੱਕ ਅਨੰਦਪੁਰ ਸਾਹਿਬ ਦੇ ਮਤੇ ‘ਤੇ ਸਰਗਰਮੀ ਨਾਲ ਗੱਲ ਕਰਦਾ ਰਿਹਾ ਅਤੇ ਇਸ ਨੇ ਇਹ ਸਥਾਪਿਤ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਕਿ ਅਕਾਲੀ ਦਲ ਹੀ ਸਿੱਖਾਂ ਦੀ ਪਾਰਟੀ ਹੈ ਅਤੇ ਦੇਸ਼ ਵਿੱਚ ਸਿੱਖਾਂ ਦੇ ਹੱਕਾਂ ਲਈ ਸਿਰਫ ਅਕਾਲੀ ਦਲ ਹੀ ਸੰਘਰਸ਼ ਕਰਕੇ ਜਿੱਤ ਪ੍ਰਾਪਤ ਕਰ ਸਕਦਾ ਹੈ। ਸਿੱਖ ਮਸਲਿਆਂ ‘ਤੇ ਕਾਂਗਰਸ ਹਮੇਸ਼ਾ ਵਿਚਲਾ ਰਸਤਾ ਲੈਂਦੀ ਰਹੀ ਹੈ।

ਮਾਰਚ 1996 ਵਿੱਚ ਅਕਾਲੀ ਦਲ ਨੇ ਆਪਣਾ 75ਵਾਂ ਸਥਾਪਨਾ ਦਿਵਸ ਮੋਗੇ ਵਿੱਚ ਮਨਾਇਆ ਜਿਥੇ ਪਾਰਟੀ ਨੇ ਆਪਣਾ ਸਿੱਖ ਏਜੰਡਾ ਤਿਆਗ ਕੇ ਰਾਜਾਂ ਨੂੰ ਵੱਧ ਅਧਿਕਾਰ ਦੇਣ ਅਤੇ ਅਕਾਲੀ ਦਲ ਸਿਰਫ ਸਿੱਖਾਂ ਦੀ ਨਹੀਂ ਸਗੋਂ ਪੰਜਾਬੀਆਂ ਦੀ ਪਾਰਟੀ ਹੋਣ ਦਾ ਨਵਾਂ ਰਾਗ ਅਲਾਪਣਾ ਸ਼ੁਰੁ ਕਰ ਦਿੱਤਾ। ਇਸ ਦਾ ਮੁੱਖ ਕਾਰਨ 1978 ਤੋਂ 1995 ਤੱਕ ਵਾਪਰੀਆਂ ਘਟਨਾਵਾਂ ਸਨ ਜਿਸ ਤੋਂ ਅਕਾਲੀ ਦਲ ਨੂੰ ਮਹਿਸੂਸ ਹੋ ਗਿਆ ਸੀ ਕਿ ਕਈ ਅਕਾਲੀ ਦਲ ਬਣਨ ਨਾਲ ਬਾਦਲ ਅਕਾਲੀ ਦਲ ਦਾ ਆਧਾਰ ਖਿਸਕਣ ਲੱਗਾ ਸੀ। ਸੋ ਅਕਾਲੀ ਦਲ (ਬ) ਨੇ ਹਿੰਦੂ ਵੋਟ ਨੂੰ ਆਪਣੇ ਨਾਲ ਜੋੜਨ ਲਈ ਇਹ ਨਵਾਂ ਪੈਂਤੜਾ ਖੇਡਿਆ ਜਿਸ ਵਿੱਚ ਭਾਜਪਾ ਵੀ ਹਿੱਸੇਦਾਰ ਬਣ ਗਈ। ਸਾਲ 1997 ਦੀਆਂ ਚੋਣਾਂ ‘ਚ ਇਹ ਪੱਤਾ ਕੰਮ ਕਰ ਗਿਆ ਅਤੇ ਅਕਾਲੀ ਦਲ (ਬ) ਨੇ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ ਤੀਜੀ ਵਾਰ ਸਰਕਾਰ ਬਣਾ ਲਈ ਜਿਸ ਵਿੱਚ ਭਾਜਪਾ 18 ਸੀਟਾਂ ਜਿੱਤਕੇ ਭਾਈਵਾਲ ਬਣੀ ਸੀ।

ਹੁਣ ਫਿਰ ਅਕਾਲੀ ਦਲ(ਬ) ਪੁਰਾਣੇ 1997 ਦੇ ਫਾਰਮੂਲੇ ਨੂੰ ਉਲਟਾ ਕਰਕੇ ਵਰਤਣ ਦਾ ‘ਪ੍ਰਯੋਗ’ ਕਰਨ ਲੱਗਾ ਹੈ। ਸਾਲ 1985 ਤੋਂ  2017 ਤੱਕ ਅਕਾਲੀ ਪਾਰਟੀ ਚਾਰ ਵਾਰ ਪੰਜਾਬ ‘ਚ ਸੱਤ੍ਹਾ ਵਿੱਚ ਰਹੀ। ਇਸ ਪਾਰਟੀ ਦੀ ਕੇਂਦਰ ਵਿੱਚ ਵੀ ਭਿਆਲੀ ਰਹੀ ਪਰ ਪਾਰਟੀ ‘ਬੰਦੀ ਸਿੰਘਾਂ’ ਦੀ ਰਿਹਾਈ ਲਈ ਕੁਝ ਨਹੀਂ ਕਰ ਸਕੀ ਅਤੇ ਹੁਣ ਜਦੋਂ ਇਸ ਵਰ੍ਹੇ ਚੋਣਾਂ ਵਿੱਚ ਪਾਰਟੀ ਨੂੰ ਇਤਿਹਾਸਿਕ ਸ਼ਰਮਨਾਕ ਹਾਰ ਹੋਈ ਹੈ ਤਾਂ ਫਿਰ ਪਾਰਟੀ ਨੇ ਹੁਣ ਇਹ ਧਾਰਮਿਕ ਏਜੰਡਾ ਸੈੱਟ ਕਰ ਲਿਆ ਹੈ। ਹੁਣ ਤਾਂ ਪਾਰਟੀ ਵਿੱਚ ‘ਬਾਦਲ-ਲਾਣੇ’ ਦੀ ਲੀਡਰਸ਼ਿਪ ‘ਤੇ ਵੀ ਖ਼ਤਰਾ ਮੰਡਰਾਉਣ ਲੱਗ ਪਿਆ ਹੈ। ਬੰਦੀ ਸਿੰਘਾਂ ਦੀ ਰਿਹਾਈ ਹਰ ਹਾਲਤ ਵਿੱਚ ਹੋਣੀ ਚਾਹੀਦੀ ਹੈ ਜਿਸ ਲਈ ਸਾਰੀਆਂ ਹੀ ਸਿਆਸੀ ਪਾਰਟੀਆਂ ਨੂੰ ,ਕਾਂਗਰਸ, ਭਾਜਪਾ, ਆਪ, ਸੰਯੁਕਤ ਸਮਾਜ ਮੋਰਚਾ ਅਤੇ ਕਾਮਰੇਡਾਂ ਸਮੇਤ, ਇਕੱਠੇ ਹੋ ਕੇ ਕੇਂਦਰ ‘ਤੇ ਦਬਾਅ ਪਾਉਣਾ ਚਾਹੀਦਾ ਹੈ ਨਾ ਕੇ ਸੰਗਰੂਰ ਦੀ ਲੋਕਸਭਾ ਸੀਟ ਤੱਕ ਹੀ ਸਭ ਕੁਝ ਸੀਮਤ ਹੋਵੇ।(ਚੱਲਦਾ)

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button