EDITORIAL

ਧਰਮਸੋਤ ਦੀ ਅਸਲੀ ਫ਼ਾਇਲ ਕੈਪਟਨ ਕੋਲ !

ਭਾਜਪਾ 'ਚ ਗਏ ਲੀਡਰ ਬਚੇ ਰਹਿਣਗੇ !

ਅਮਰਜੀਤ ਸਿੰਘ ਵੜੈਚ (94178-01988)

ਕੱਲ੍ਹ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਗ੍ਰਿਫ਼ਤਾਰੀ ਦੇ ਨਾਲ ਫਿਰ ਸਿਆਸਤ ਗਰਮਾ ਗਈ ਹੈ। ਕਾਂਗਰਸ ਨੂੰ ਇਹ ਸਿਆਸੀ ਬਦਲਾ ਖੋਰੀ ਲੱਗ ਰਹੀ ਹੈ ਅਤੇ ‘ਆਪ’ ਇਸ ਨੂੰ ਭ੍ਰਿਸ਼ਟਾਚਾਰ ਵਿਰੁਧ ਲੜਾਈ ਕਹਿ ਰਹੀ ਹੈ। ਅਕਾਲੀ ਗੱਲ ਗੋਲਮੋਲ ਕਰ ਰਹੇ ਹਨ ਅਤੇ  ਬੀਜੇਪੀ ਇਸ ਨੂੰ ਸਿਰਫ ਸੰਗਰੂਰ ਦੀਆਂ ਚੋਣਾਂ ਲਈ ਡਰਾਮਾ ਕਹਿ ਰਹੀ ਹੈ। ਲੋਕਾਂ ਨੇ ਇਸ ਗ੍ਰਿਫ਼ਤਾਰੀ ਨੂੰ ਠੀਕ ਦੱਸਿਆ ਹੈ। ਵੈਸੇ ਸਿਆਸਤ ਵੀ ਕਮਾਲ ਹੈ। ਜੋ ਪਾਰਟੀ ਸੱਤਾ ਤੋਂ ਬਾਹਰ ਹੁੰਦੀ ਹੈ ਉਸ ਨੂੰ ਇਸ ਤਰ੍ਹਾਂ ਦੀਆਂ ਕਾਰਵਾਈਆਂ ਬਦਲਾ ਲਊ ਲੱਗਦੀਆਂ ਹਨ। ਜਿਵੇਂ ਪੰਜਾਬ ਕਾਂਗਰਸ ਕਹਿ ਰਹੀ ਹੈ ਉਸੇ ਤਰ੍ਹਾਂ ਜਦੋਂ ਦਿੱਲੀ ਸਰਕਾਰ ਦੇ ਸਿਹਤ ਮੰਤਰੀ ਸਤਿੰਦਰ ਜੈਨ ਨੂੰ ਈ ਡੀ ਨੇ ਗ੍ਰਿਫ਼ਤਾਰ ਕੀਤਾ ਤਾਂ ‘ਆਪ’ ਨੇ ਇਸ ਨੂੰ ਕੇਂਦਰ ਦੀ ਬਦਲਾ ਲਊ ਕਾਰਵਾਈ ਦੱਸਿਆ। ਇਸ ਲਈ ਹੁਣ ਕਾਂਗਰਸ ਦਾ ਧਰਮਸੋਤ ਦੇ ਕੇਸ ਵਿੱਚ ‘ਬਦਲਾਖੋਰੀ’ ਕਹਿਣਾ ਤਰਕਸੰਗਤ ਹੈ।

ਪੰਜਾਬ ਵਿੱਚ ਜਦੋਂ ਕੈਪਟਨ ਦੀ ਸਰਕਾਰ 2002 ਵਿੱਚ ਆਈ ਤਾਂ ਕੈਪਟਨ ਨੇ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੂੰ ਜੇਲ੍ਹ ਵਿੱਚ ਭੇਜ ਦਿੱਤਾ। ਉਸ ਵਕਤ ਕਿਹਾ ਗਿਆ ਕਿ ਕੈਪਟਨ ਨੇ 1997 ਦੀਆਂ ਚੋਣਾਂ ‘ਚ ਬਾਦਲ ਵੱਲੋਂ ਕੈਪਟਨ ਨੂੰ ਟਿਕਟ ਨਾ ਦੇ ਕੇ ਬੇਇੱਜ਼ਤ ਕੀਤਾ ਸੀ ਜਿਸ ਦਾ ਬਦਲਾ ਕੈਪਟਨ ਨੈ ਲੈ ਲਿਆ। ਜਦੋਂ 2007 ਵਿੱਚ ਬਾਦਲ ਸਰਕਾਰ ਬਣੀ ਤਾਂ ਬਾਦਲ ਨੇ ਕੈਪਟਨ ਨੂੰ ਤਾਂ ਜੇਲ੍ਹ ਨਹੀਂ ਭੇਜਿਆ ਪਰ ਕੈਪਟਨ ਦੀ ਸੱਜੀ ਬਾਂਹ ਕਰਕੇ ਜਾਣੇ ਜਾਂਦੇ ਕੈਪਟਨ ਦੇ ਮੀਡੀਆ ਐਡਵਾਈਜ਼ਰ ਭਰਤਇੰਦਰ ਸਿੰਘ ਚਹਿਲ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ। ਚੰਨੀ ਸਰਕਾਰ ਨੇ ਨਵਜੋਤ ਸਿੱਧੂ ਦੀ ਜ਼ਿੱਦ ਨਾਲ ਬਿਕਰਮ ਮਜੀਠੀਆ ‘ਤੇ ਵੀ ਰਾਤੋਂ-ਰਾਤ ਐੱਫ਼ਆਈਆਰ ਦਰਜ ਕਰਕੇ ਉਹਨੂੰ ਜੇਲ੍ਹ ਭੇਜ ਦਿੱਤਾ ਜਿਸ ਨੂੰ ਹਾਲੇ ਤੱਕ ਜ਼ਮਾਨਤ ਨਹੀਂ ਮਿਲੀ। ਉਦੋਂ ਅਕਾਲੀ ਦਲ ਨੇ ਵੀ ਇਸ ਨੂੰ ਬਦਲਾਖੋਰੀ ਕਿਹਾ ਸੀ। ਨਵਜੋਤ ਸਿੱਧੂ ਦੀ ਸਜ਼ਾ ਦਾ ਬਹਾਲ ਹੋਣਾ ਵੀ ਸ਼ੱਕ ਨਾਲ ਵੇਖਿਆ ਜਾ ਰਿਹਾ ਹੈ।

ਪੰਜਾਬ ਦੇ ਲੋਕ ਸਰਕਾਰੀ ਭ੍ਰਿਸਟਾਚਾਰ ਤੋਂ ਤੰਗ ਆ ਚੱਕੇ ਸਨ ਜਿਸ ਦਾ ਸਿੱਟਾ 2022 ਦੀਆਂ ਚੋਣਾਂ ਦੇ ਨਤੀਜੇ ਹਨ। ਕੈਪਟਨ ਸਮੇਂ ਸਰਕਾਰ ਦੇ ਖ਼ਜ਼ਾਨਾ ਮੰਤਰੀ ਅਤੇ ਪੁਰਾਣੀ ‘ਪੀਪਲਜ਼ ਪਾਰਟੀ ਆਫ ਪੰਜਾਬ’ ਦੇ ਪ੍ਰਧਾਨ ਮਨਪ੍ਰੀਤ ਬਾਦਲ ਨੇ 2013 ਵਿੱਚ ਆਪ ਮੰਨਿਆ ਸੀ ਕਿ ਭਾਰਤ ਵਿੱਚ ਸਭ ਤੋਂ ਵੱਧ ਪੰਜਾਬ ਭ੍ਰਿਸ਼ਟ ਸੂਬਾ ਹੈ। ਜਦੋਂ ਮਾਨ ਸਰਕਾਰ ਨੇ ਪਿਛਲੇ ਮਹੀਨੇ ਆਪਣੇ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਭ੍ਰਿਸਟਾਚਾਰ ਦੇ ਮਾਮਲੇ ‘ਚ ਬਰਖਾਸਤ ਕਰਕੇ ਜੇਲ੍ਹ ਭੇਜਿਆ ਸੀ ਤਾਂ ਕਾਂਗਰਸ, ਅਕਾਲੀ ਅਤੇ ਭਾਜਪਾ ਨੇ ਮਾਨ ਸਰਕਾਰ ਨੂੰ ਭ੍ਰਿਸਟਾਚਾਰ ਦੇ ਮਸਲੇ ‘ਚ ਘੇਰਿਆ ਸੀ ਪਰ ਅੱਜ ਜਦੋਂ ਕਾਂਗਰਸ ਦੇ ਆਪਣੇ ਹੀ ਸਾਬਕਾ ਮੰਤਰੀ ਧਰਮਸੋਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤਾਂ ਉਸ ਨੂੰ ਇਹ ਬਦਲਾਖੋਰੀ ਲੱਗ ਰਹੀ ਹੈ। ਇਹ ਤਾਂ ਅਦਾਲਤ ਨੇ ਤਹਿ ਕਰਨਾ ਹੈ ਕਿ ਇਹ ਕੇਸ ਠੀਕ ਹੈ ਜਾਂ ਗ਼ਲਤ ਪਰ ਇਸ ਗ੍ਰਿਫ਼ਤਾਰੀ ਨਾਲ ਕਈ ਹੋਰਾਂ ਨੂੰ ਵੀ ਤਰੇਲੀਆਂ ਆਉਣ ਲੱਗ ਪਈਆਂ ਹਨ।

ਪੁਲਿਸ ਵੱਲੋਂ ਇਕ ਸਾਬਕਾ ਮੰਤਰੀ ਦੇ ਘਰ ਤੜਕੇ ਮੂੰਹ-ਹਨੇਰੇ ਛਾਪਾ ਮਾਰ ਕੇ ਸਾਬਕਾ ਮੰਤਰੀ ਨੂੰ ਫੜਨ ‘ਤੇ ਕਾਂਗਰਸ ਨੇ ਸਵਾਲ ਚੁੱਕੇ ਹਨ ਪਰ ਮਾਨ ਸਰਕਾਰ ਕੋਲ ਤਾਂ ਇਸ ਦਾ ਬੜਾ ਤਕੜਾ ਜਵਾਬ ਹੈ ਕਿ ਉਨ੍ਹਾਂ ਤਾਂ ਆਪਣੇ ਮੰਤਰੀ ਨੂੰ ਆਪਣੇ ਦਫ਼ਤਰ ਬੁਲਾਕੇ ਹੀ ਗ੍ਰਿਫ਼ਤਾਰ ਕਰਵਾ ਦਿੱਤਾ ਅਤੇ ਕਿਸੇ ਨੂੰ ਭਿਣਕ ਤੱਕ ਨਹੀਂ ਪੈਣ ਦਿੱਤੀ। ਧਰਮਸੋਤ ਦੀ ਵਜ਼ੀਫ਼ੇ ਦੇ 64 ਕਰੋੜ ਕਥਿਤ ਘੁਟਾਲੇ ਲਈ ਕਾਰਵਾਈ ਨਹੀਂ ਹੋਈ ਬਲਕਿ ਜੰਗਲਾਤ ਵਿਭਾਗ ਵਿੱਚ ਖੈਰ ਦੇ ਰੁੱਖ ਵੱਢਣ ਖ਼ਾਤਿਰ ਲਏ ਜਾਂਦੇ ਪੈਸੇ ਲਈ ਇਹ ਗ੍ਰਿਫ਼ਤਾਰੀ ਹੋਈ ਹੈ ਜਿਸ ਲਈ ਸਬੂਤ ਸਿਰਫ਼ ਠੇਕੇਦਾਰ ਦੀ ਡਾਇਰੀ ਅਤੇ ਇਕ ਰਿਕਾਰਡਿੰਗ ਹੈ।

ਅਗਸਤ 2021 ‘ਚ ਧਰਮਸੋਤ ‘ਤੇ ਕੇਂਦਰ ਸਰਕਾਰ ਦੇ ‘ਪੋਸਟ ਮੈਟਰਿਕ ਸਕੌਲਰਸ਼ਿਪ’ ਦੇ ਤਕਰੀਬਨ 64 ਕਰੋੜ ਕਥਿਤ ਘੁਟਾਲੇ ‘ਚ ਮੁੱਖ-ਮੰਤਰੀ ਕੈਪਟਨ ਦੇ ਹੁਕਮਾਂ ‘ਤੇ ਪੰਜਾਬ ਸਰਕਾਰ ਦੇ ਸੀਨੀਅਰ ਆਈਏਐੱਸ ਅਧਿਕਾਰੀ ਕਿਰਪਾ ਸ਼ੰਕਰ ਸਰੋਜ ਦੁਆਰਾ ਕੀਤੀ ਜਾਂਚ ਵਿੱਚ ਧਰਮਸੋਤ ਹੁਣਾ ਨੂੰ ਦੋਸ਼ੀ ਪਾਇਆ ਗਿਆ ਸੀ। ਇਸ ਮਗਰੋਂ ਕੈਪਟਨ ਨੇ ਇਕ ਹੋਰ ਰੀਵਿਊ ਕਮੇਟੀ ਬਣਾ ਕਿ ਸਾਬਕਾ ਮੰਤਰੀ ਨੂੰ ‘ਕਲੀਨ ਚਿੱਟ’ ਦੇ ਦਿੱਤੀ। ਕੀ ਉਸ ਜਾਂਚ ਵਾਲੀ ਫ਼ਾਇਲ ਕੈਪਟਨ ਸਾਹਿਬ ਮਾਨ ਸਾਹਿਬ ਨੂੰ ਸੌਪ ਕੇ ਗਏ ਹਨ ਜਾਂ ਨਹੀਂ ? ਇਸ ਬਾਰੇ ਵੀ ਦੋਵਾਂ ਧਿਰਾਂ ਨੂੰ ਲੋਕਾਂ ਸਾਹਮਣੇ ਸੱਚ ਰੱਖਣਾ ਚਾਹੀਦਾ ਹੈ। ਉਧਰ ਇਕ ਸਵਾਲ ਹੋਰ ਖੜ੍ਹਾ ਹੁੰਦਾ ਹੈ ਕਿ ਕੀ ਭਾਜਪਾ ‘ਚ ਧੜਾਧੜ ਸ਼ਾਮਿਲ ਹੋ ਰਹੇ ਲੀਡਰ ਕੀ ਮਾਨ ਦੀ ਇਸ ਕਾਰਵਾਈ ਤੋਂ ਬਚੇ ਰਹਿਣਗੇ ?

‘ਆਪ’ ਸਰਕਾਰ ਪੰਜਾਬ ਨੂੰ ਸਾਫ਼-ਸੁਥਰੀ ਸਰਕਾਰ ਦੇਣ ਦੇ ਵਆਦੇ ਨਾਲ ਆਈ ਸੀ। ਇਸ ਲਈ ਇਸ ਨੂੰ ਵਿਰੋਧੀਆਂ ਦੇ ਸ਼ੱਕ ਕੱਢ ਦੇਣੇ ਬਹੁਤ ਜ਼ਰੂਰੀ ਹਨ ਕਿ ਇਹ ਸਰਕਾਰ ‘ਦਿੱਲੀ’ ਤੋਂ ਚੱਲਦੀ ਹੈ ਅਤੇ ਬਦਲਾ ਲਊ ਨੀਤੀ ‘ਤੇ ਕੰਮ ਕਰ ਰਹੀ ਹੈ। ਦੂਜਾ ਇਸ ਲੜੀ ਵਿੱਚ ਸਾਰੇ ਹੀ ਭ੍ਰਿਸਟ ਲੀਡਰ ਅਤੇ ਅਫ਼ਸਰ ਜਾਂਚ ਦੇ ਘੇਰੇ ਵਿੱਚ ਆਉਣੇ ਚਾਹੀਦੇ ਹਨ।

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button