EDITORIAL

‘ਸਿਖ-ਨਸਲਕੁਸ਼ੀ-84’ ਦੇ 38 ਸਾਲ, 12 ਸਰਕਾਰਾਂ,ਇਨਸਾਫ਼ ਹਾਲੇ ਵੀ ਦੂਰ

ਸਰਕਾਰ ਹੀ ਬਣੀ ਸੀ ਦੁਸ਼ਮਣ !

ਅਮਰਜੀਤ ਸਿੰਘ ਵੜੈਚ (94178-01988) 

ਸਮੇਂ ਦੇ ਗੁਜ਼ਰਨ ਨਾਲ਼ ਕਿਸੇ ਘਟਨਾ ਲਈ ਅਦਾਲਤਾਂ ‘ਚੋਂ ਇਨਸਾਫ਼ ਮਿਲਣ ਦੀ ਆਸ ਮੱਧਮ ਪੈਣੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਸਮੇਂ ਦੇ ਨਾਲ਼-ਨਾਲ ਸਬੂਤ ਮਿਟਣੇ  ਜਾਂ ਮਿਟਾਉਣੇ ਸ਼ੁਰੂ ਹੋ ਜਾਂਦੇ ਹਨ, ਗਵਾਹਾਂ ਦੀ ਮੌਤ ਹੋ ਜਾਂਦੀ ਹੈ ਤੇ ਪੀੜਤ ਤੇ ਮੁਕੱਦਮਿਆਂ  ਦੇ ਗਵਾਹ ਅਗਲੀ ਦੁਨੀਆਂ ‘ਚ ਚਲੇ ਜਾਂਦੇ ਹਨ, ਰਸੂਖਵਾਨ ਲੋਕ ਕਾਗਜ਼ਾਤ ਬਦਲ ਦਿੰਦੇ ਹਨ, ਗਵਾਹ ਖ਼ਰੀਦ ਲਏ ਜਾਂਦੇ ਹਨ, ਜਾਂਚ ਏਜੰਸੀਆਂ ਪ੍ਰਭਾਵਿਤ ਕਰ ਲਈਆਂ ਜਾਂਦੀਆਂ ਹਨ …ਤੇ ਫਿਰ ਇਨਸਾਫ਼ ਦੀ ਉਮੀਦ ਖਤਮ ਹੋ ਜਾਂਦੀ ਹੈ । ਇਸੇ ਤਰ੍ਹਾਂ 1984 ਦੇ ਦਿੱਲੀ ਚ’ ਸਿਖਾਂ ਵਿਰੁਧ ਭੜਕੀ ਹਿੰਸਾ ਦੇ ਅਦਾਲਤਾਂ ‘ਚ ਚਲਦੇ ਮੁਕੱਦਮਿਆਂ ਨਾਲ਼ ਹੋਇਆ ਹੈ ਤੇ ਇਹ ਵਰਤਾਰਾ ਹੀ 2002 ਦੇ ਗੋਧਰਾ ਕਾਂਡ  ਦੇ ਕੇਸਾਂ ‘ਚ ਵਾਪਰਿਆ  ਹੈ ।

ਅੱਜ ਤੋਂ 38 ਸਾਲ ਪਹਿਲਾਂ ਅੱਜ ਦੇ ਦਿਨ ਦਿੱਲੀ ‘ਚ ਜੰਗਲ਼-ਰਾਜ ਸੀ  ਤੇ ਸਿਰਫ਼ ਮੌਤ ਨੱਚ ਰਹੀ ਸੀ…. ਸੜਕਾਂ ਤੇ ਸਿਖਾਂ ਦੀਆਂ ਲਾਸ਼ਾਂ,ਕਾਰਾਂ,ਦੁਕਾਨਾਂ ਰਿਕਸ਼ੇ,ਆਟੋ ਰਿਕਸ਼ਾ,ਮੋਟਰ ਸਾਇਕਲ.ਸਕੂਟਰ,ਸਕੂਟਰੀਆਂ ਸਾਇਕਲ,ਰੇਹੜੀਆ,ਖੋਖੇ, ਤੇ ਫ਼ੜੀਆਂ  ਸੜ ਰਹੀਆਂ ਸਨ .. ਦਿੱਲੀ ਪੁਲਿਸ ਮੂਕ-ਦਰਸ਼ਕ ਬਣੀ ਖੜੀ ਸੀ। ਟਰੱਕਾਂ,ਜੀਪਾਂ,ਕਾਰਾਂ, ਦੋ ਪਹੀਆ ਵਾਹਨਾਂ ਤੇ ਹੋਰ ਵਾਹਨਾਂ ‘ਤੇ ਭੂਤਰੇ ਫਿਰਦੇ ਦੰਗਾਕਾਰੀ ਗੁੰਡੇ, ਲੱਭ-ਲੱਭ ਕੇ ਸਿਖਾਂ ਦੇ ਕਤਲ ਕਰ ਰਹੇ ਸਨ …ਸਿਖਾਂ ਦੇ ਘਰਾਂ ਦੀ ਪਹਿਚਾਣ ਕਰਨ ਲਈ ਉਨ੍ਹਾਂ ਕੋਲ਼ ਲਿਸਟਾਂ ਸਨ…ਸਿਖਾਂ  ਦੇ ਘਰ ਤੇ ਗੁਰਦੁਆਰੇ  ਸੜ ਰਹੇ ਸਨ ।

ਸਾਲ 1984 ਦੀ 31 ਅਕਤੂਬਰ ਨੂੰ  ਦੇਸ਼ ਦੀ ਤਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ  ਪੀਐੱਮ ਦੇ ਸਰਕਾਰੀ ਘਰ ‘ਚ ਹੀ ਉਸ ਦੇ ਦੋ ਅੰਗ-ਰੱਖਿਅਕਾਂ ਬੇਅੰਤ ਸਿੰਘ ਤੇ ਸਤਵੰਤ ਸਿੰਘ ਨੇ ਸਵੇਰੇ 9.20 ‘ਤੇ ਇਕ ਟੀਵੀ ਚੈਨਲ ਨੂੰ ਇੰਟਰਵਿਊ ਦੇਣ ਜਾਂਦਿਆਂ ਗੋਲ਼ੀਆਂ ਨਾਲ਼ ਛੱਲਣੀ ਕਰ ਦਿਤਾ ਤੇ 10.30 ਵਜੇ  ਇੰਦਰਾ ਦੀ ਮੌਤ ਹੋ ਗਈ ਪਰ  ਸਰਕਾਰੀ ਐਲਾਨ ਨਹੀਂ ਕੀਤਾ ਗਿਆ  ਸੀ । ਇੰਦਰਾ ਦੀ ਦੇਹ ਏਮਜ਼ ਹਸਪਤਾਲ ਵਿੱਚ ਪਈ ਸੀ ਜਿਥੋਂ ਇਹ ਖ਼ਬਰ ਲੀਕ ਹੋ ਗਈ  ਜਾਂ ਲੀਕ ਕਰ ਦਿਤੀ ਸੀ ਕਿ ਇੰਦਰਾ ਦੀ ਮੌਤ ਹੋ ਗਈ ਸੀ  ਤੇ ਇਹ ਖ਼ਬਰ ਅੱਗ ਵਾਂਗ ਫ਼ੈਲ ਗਈ  ਕਿ ਇੰਦਰਾ ਦੀ ਦੋ ਸਿਖਾਂ ਨੇ ਗੋਲ਼ੀਆਂ ਮਾਰ ਕੇ ਹੱਤਿਆ ਕਰ ਦਿਤੀ ਹੈ ਜਿਸ ਮਗਰੋਂ ਦਿੱਲੀ ‘ਚ ਸਿਖਾਂ ਵਿਰੁਧ ਹਿੰਸਾ ਸ਼ੁਰੂ  ਹੋ ਗਈ ।

ਇੰਦਰਾ ਦੀ ਮੌਤ ਦਾ ਕਾਰਨ   ਜੂਨ 1984 ‘ਚ ਸ੍ਰੀ ਦਰਬਾਰ ਸਾਹਿਬ,ਅੰਮ੍ਰਿਤਸਰ ‘ਤੇ ਭਾਰਤੀ ਫ਼ੌਜ ਨੂੰ ਹਮਲਾ ਕਰਨ ਦਾ ਹੁਕਮ ਦੇਣਾ ਸੀ ਤਾਂ ਕਿ ਦਰਬਾਰ ਸਾਹਿਬ ‘ਚੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਤੇ ਉਸ ਦੇ ਸਾਥੀਆਂ ਨੂੰ ਫੜਿਆ ਜਾ ਸਕੇ । ਇਹ ਹਮਲਾ ਇਸ ਕਰਕੇ ਕੀਤਾ ਗਿਆ ਸੀ ਕਿਉਂਕਿ ਪੰਜਾਬ ਵਿੱਚ ਹੋ ਰਹੀਆਂ ਨਿਰਦੋਸ਼  ਹਿੰਦੂ-ਸਿਖਾਂ ਤੇ ਪੁਲਿਸ ਵਾਲ਼ਿਆਂ ਦੀਆਂ ਹੱਤਿਆਵਾਂ ਦਾ ਦੋਸ਼  ਸੰਤ ਭਿੰਡਰਾਂਵਾਲ‌ਿਆਂ ‘ਤੇ ਲਗਦਾ ਸੀ । ਇਸ ਹਮਲੇ ਨੂੰ ਫੌਜ ਨੇ ‘ਬਲਿਊ ਸਟਾਰ’ ਦਾ ਕੋਡ ਨਾਮ ਦੇ ਕੇ ਹਮਲਾ ਕੀਤਾ ਜਿਸ  ‘ਚ ਤਿੰਨ ਹਜ਼ਾਰ ਤੋਂ ਵੀ ਵੱਧ ਸਿਖ ਸ਼ਰਧਾਲੂਆਂ ਸਮੇਤ ਸੰਤ ਤੇ ਉਸਦੇ ਸਾਥੀ ਮਾਰੇ ਗਏ ।

ਇਸ ਹਮਲੇ ਲਈ ਇਕ ਜੂਨ 1984 ਨੂੰ ਪਹਿਲਾਂ ਭਾਰਤੀ ਫੌਜ ਨੇ ਪੂਰੇ ਪੰਜਾਬ ਨੂੰ ਕਬਜ਼ੇ ‘ਚ ਕਰ ਲਿਆ…ਹਰ ਸ਼ਹਿਰ ਤੇ ਕਸਬੇ ਦੇ ਬਾਹਰ ਫੌਜ ਤਾਇਨਾਤ ਸੀ ..ਪੰਜਾਬ ਦਾ ਬਾਕੀ ਦੁਨੀਆਂ ਨਾਲ਼ੋ ਸੜਕਾਂ, ਰੇਲ-ਮਾਰਗ,ਟੈਲੀਫ਼ੋਨ,ਅਖ਼ਬਾਰ ਜਾਂ ਨਿੱਜੀ ਸੰਪਰਕ ਕੱਟ ਦਿਤਾ ਗਿਆ ।  ਪੂਰੇ ਪੰਜਾਬ ‘ਚ ਸਖ਼ਤ ਕਰਫ਼ਿਊ ਲਾ ਦਿਤਾ ਗਿਆ ਸੀ । ਪੰਜਾਬ ਦਾ ਸਾਰਾ ਕੰਟਰੋਲ ਫ਼ੌਜ ਦੇ ਹੱਥ ਸੀ ।   ਜਿਸ ਦਿਨ ਇਹ ਹਮਲਾ ਕੀਤਾ ਗਿਆ ਉਸ ਦਿਨ ਤਿੰਨ ਜੂਨ 1984 ਨੂੰ ਗੁਰੂ ਅਰਜੁਨ ਦੇਵ ਜੀ ਦਾ ਸ਼ਹੀਦੀ ਦਿਵਸ ਸੀ ਜਿਸ ਕਰਕੇ ਦਰਬਾਰ ਸਾਹਿਬ ਵਿੱਚ ਵੱਡੀ ਗਿਣਤੀ ‘ਚ ਸ਼ਰਧਾਲੂ ਵੀ ਪਹੁੰਚੇ ਹੋਏ ਸਨ । ਦਰਬਾਰ ਸਾਹਿਬ ‘ਤੇ ਹਮਲੇ ਦੌਰਾਨ  ਸੰਤ ਭਿੰਡਰਾਂਵਾਲੇ  ਤੇ ਉਨ੍ਹਾਂ ਦੇ ਸਾਥੀਆਂ ਸਮੇਤ ਤਕਰੀਬਨ ਤਿੰਨ ਹਜ਼ਾਰ ਲੋਕ ਮਾਰੇ ਗਏ ਸਨ । ਇਸ ਦੇ ਨਾਲ਼ ਹਜ਼ਾਰਾਂ ਸਿਖ , ਫੌਜ ਨੇ ਬੰਦੀ ਬਣਾ ਲਏ ਸਨ । ਇਸ ਹਮਲੇ ਨੇ ਸਿਖਾਂ ‘ਚ ਬਹੁਤ ਗੁੱਸਾ ਜਗਾ ਦਿਤਾ ਸੀ । ਇਥੋਂ ਤੱਕ ਕਿ ਫੋਜ ਵਿੱਚ ਵੀ ਸਿਖਾਂ ਨੇ ਬਗ਼ਾਵਤ ਕਰ ਦਿਤੀ ਸੀ ।

ਇੰਦਰਾ ਗਾਂਧੀ ਦੀ ਮੌਤ ਦੀ ਖ਼ਬਰ ਨੇ  ਵੀ ਹਿੰਦੂਆਂ ‘ਚ ਬਹੁਤ ਗੁੱਸਾ ਭਰ ਦਿਤਾ ਜਿਸ ਦਾ ਨਾਜਾਇਜ਼ ਲਾਭ ਕਾਂਗਰਸ ਲੀਡਰਸ਼ਿਪ ਨੇ ਉਠਾਇਆ : ਕਾਂਗਰਸ ਦੇ ਲੀਡਰਾਂ ਤੇ ਇਹ ਦੋਸ਼ ਲਗਦੇ ਰਹੇ ਕਿ ਐੱਚ ਕੇ ਐੱਲ ਭਗਤ, ਜਗਦੀਸ਼ ਟਾਇਟਲਰ,ਸੱਜਣ ਕੁਮਾਰ ਤੇ ਲਲਿਤ ਮਾਕਨ ਦੀ ਅਗਵਾਈ ‘ਚ ਗੁੰਡਿਆਂ ਨੂੰ ਇਕੱਠਾ ਕਰਕੇ ਪੈਸੇ,ਤੇਲ,ਡਾਂਗਾਂ,ਤਲਵਾਰਾਂ,ਚਾਕੂ,ਲੋਹੇ ਦੀਆਂ ਰਾਡਾਂ ਵੰਡੇ ਗਏ ਤੇ ਕਿਹਾ ਗਿਆ ਕਿ ਜਿਥੇ ਵੀ ਸਿਖ ਦਿਸੇ ਉਸ ਨੂੰ ਖਤਮ ਕਰ ਦਿਓ ।

ਇਨ੍ਹਾਂ ਦੰਗਾਈਆਂ  ਨੇ ਸਿਖਾਂ ਨੂੰ ਚੁਣ-ਚੁਣ ਕੇ ਸਾੜਿਆ, ਮਾਰਿਆ, ਗਲ਼ਾਂ ‘ਚ ਸੜਦੇ ਟਾਇਰ ਪਾਏ ਗਏ, ਪਾਣੀ ਮੰਗਦੇ ਜ਼ਖ਼ਮੀ ਸਿਖਾਂ ਨੂੰ ਪਾਣੀ ਪਿਆਉਣ ਦੇ ਬਹਾਨੇ ਪੈਟਰੋਲ ਪਿਆ ਕੇ ਅੱਗ ਲਾ ਦਿਤੀ ਗਈ , ਕਾਰਾਂ, ਆਟੋ,ਦੋ ਪਹੀਆ ਵਾਹਨਾ ‘ਤੇ ਜਾਂਦੇ ਸਿਖਾਂ ਨੂੰ ਕਤਲ ਕਰ ਦਿਤਾ ਗਿਆ । ਗੁਰਦੁਆਰਿਆਂ  ‘ਤੇ ਹਮਲੇ ਕੀਤੇ ਗਏ ਤੇ ਸਾੜੇ ਗਏ, ਔਰਤਾਂ ਦੀਆਂ ਇਜ਼ਤਾਂ ਲੁਟੀਆਂ ਗਈਆਂ … ਇਹ ਭਿਆਨਕ ਵਰਤਾਰਾ 31 ਅਕਤੂਬਰ ਤੋਂ ਤਿੰਨ ਨਵੰਬਰ ਤੱਕ ਚੱਲਦਾ ਰਿਹਾ…ਇਸ ਸਮੇਂ ਦੌਰਾਨ ਇਹ ਵੀ ਗੱਲਾਂ ਨਿਕਲੀਆਂ ਕਿ ਦਿੱਲੀ ਪੁਲਿਸ ਵੀ ਦੰਗਾਕਾਰੀਆਂ ਦੀ ਮਦਦ ਕਰ ਰਹੀ ਸੀ ।

ਪੁਲਿਸ ਤਿੰਨ ਨਵੰਬਰ ਤੱਕ ਗਾਇਬ ਰਹੀ ;’ਕੋਬਰਾ ਪੋਸਟ’ ਨਿਊਜ਼ ਪੋਰਟਲ ਨੇ 2014 ‘ਚ ਇਕ ਸਟਿੰਗ ਔਪਰੇਸ਼ਨ ‘ਚ  ਦਿੱਲੀ ਪੁਲਿਸ ਦੇ ਇਨ੍ਹਾ ਹਮਲਿਆ ‘ਚ ਰੋਲ ਬਾਰੇ ਇਕ ਬਹੁਤ ਵੱਡਾ ਖੁਲਾਸਾ ਕੀਤਾ : ਇਸ ਨੇ ਕੁਝ ਸੇਵਾ-ਮੁਕਤ ਪੁਲਿਸ ਅਫ਼ਸਰਾਂ ਨਾਲ਼ ਬਿਨਾ ਦੱਸੇ ਗੱਲਬਾਤ ਕੀਤੀ ਜਿਸ ਵਿੱਚ ਇਹ ਅਫਸਰ ਕੈਮਰੇ ਦੇ ਸਾਹਮਣੇ ਦੱਸ ਰਹੇ ਸਨ ਕਿ  ‘ਉਪਰਲੇ’ ਲੋਕਾਂ ਦੀਆਂ ਹਦਾਇਤਾਂ ‘ਤੇ ਉੱਚ ਅਧਿਕਾਰੀਆਂ  ਵੱਲੋਂ  ਹੁਕਮ ਸਨ ਕਿ ਸਿਖਾਂ ਨੂੰ ਸਬਕ ਸਿਖਾਉਣਾ ਹੈ ਸੋ ਕਿਸੇ ਨੂੰ ਵੀ ਨਾ ਰਕਿਆ ਜਾਵੇ ।

ਰਾਜੀਵ ਗਾਂਧੀ ਉਸ ਵਕਤ ਪੱਛਮੀ-ਬੰਗਾਲ ਦੇ ਦੌਰੇ ‘ਤੇ ਸਨ । ਰਾਜੀਵ ਨੇ ਬੀਬੀਸੀ ਦੀਆਂ ਖ਼ਬਰਾਂ ਸੁਣ ਕੇ ਪੱਕਾ ਕੀਤਾ ਕਿ ਇੰਦਰਾ ਗਾਂਧੀ ਦੀ  ਉਸਦੇ  ਦ‌ੇ ਦੋ ਸਿਖ ਬੌਡੀ ਗਾਰਡਾਂ ਵੱਲੋਂ ਹੱਤਿਆ ਕਰ ਦਿਤੀ ਗਈ ਹੈ । ਸ਼ਾਮ ਨੂੰ ਜਦੋਂ ਦੇਸ਼ ਦੇ ਰਾਸਟਰਪਤੀ  ਗਿਆਨੀ ਜ਼ੈਲ ਸਿੰਘ ,ਜੋ ਵਿਦੇਸ਼ ਦੌਰੇ ‘ਤੇ ਸਨ ਵਾਪਸ ਆਕੇ ਏਮਜ਼ ਜਾ ਰਹੇ  ਸਨ ਤਾਂ ਦੰਗਾਈਆਂ ਨੇ ਉਨ੍ਹਾਂ ਦੇ ਕਾਫ਼ਲੇ ‘ਤੇ ਵੀ ਹਮਲਾ ਕਰ ਦਿਤਾ ।  ਦਿੱਲੀ ‘ਚ ਮੱਚੀ ਹਾਹਾਕਾਰ  ‘ਚ ਸਿਖਾਂ ਦੀਆਂ ਹੱਤਿਆਵਾਂ ਹੋ ਰਹੀਆਂ ਸਨ ,ਘਰ ,ਦੁਕਾਨਾਂ,ਸ਼ੋ-ਰੂਮ,ਫੈਕਟਰੀਆਂ  ਲੁਟਕੇ ਸਾੜੀਆਂ  ਜਾ ਰਹੀਆਂ ਸਨ,  ਬੱਸਾਂ ,ਕਾਰਾਂ, ਆਟੋ ,ਕਾਰਾਂ ਤੇ ਗੱਡੀਆਂ ‘ਚੋਂ ਸਿਖ ਯਾਤਰੀ ਲਾਹ-ਲਾਹ ਕੇ ਮਾਰੇ ਜਾ ਰਹੇ ਸਨ ਪਰ ਸਰਕਾਰ ਨਾਂ ਦੀ ਕੋਈ ਵਿਵੱਸਥਾ ਨਹੀਂ ਸੀ । ਇਸ ਵਰਤਾਰੇ ‘ਤੇ ਮੀਡੀਆ  ਨਾਲ ਗੱਲ  ਕਰਦਿਆਂ ਰਾਜੀਵ ਗਾਂਧੀ ਨੇ ਕਿਹਾ ਸੀ ਕਿ ਜਦੋਂ ਕੋਈ ਵੱਡਾ ਦਰੱਖਤ ਡਿਗਦਾ ਹੈ ਤਾਂ ਉਸਦੇ ਆਲ਼ੇ-ਦੁਆਲ਼ੇ ਦੀ ਜ਼ਮੀਨ ਤਾਂ ਹਿਲਦੀ ਹੀ ਹੈ ।

ਇਨ੍ਹਾਂ ਸਿੱਖ ਵਿਰੋਧੀ ਦੰਗਿਆਂ ‘ਚ ਜਿਸ ਨੂੰ  ਸਿਖਾਂ ‘ਚ ‘ਸਿਖ-ਨਸਲਕੁਸ਼ੀ 84 ‘ ਦੇ ਨਾਮ ਨਾਲ਼ ਜਾਣਿਆਂ ਜਾਂਦਾ ਹੈ ‘ਚ ਸਰਕਾਰੀ ਅੰਕੜਿਆਂ ਅਨੁਸਾਰ ਤਕਰੀਬਨ ਤਿੰਨ ਹਜ਼ਾਰ ਸਿਖ ਕਤਲ ਕਰ ਦਿਤੇ ਗਏ ਸਨ  ਪਰ ਕੁਝ ਸੰਸਥਾਵਾਂ ਜਾ ਨਿੱਜੀ ਅੰਕੜੇ ਇਸ ਕਤਲੇਆਮ ‘ਚ ਕਤਲ ਹੋਣ ਵਾਲ਼ਿਆਂ ਦੀ ਗਿਣਤੀ 17 ਤੋਂ 30 ਹਜ਼ਾਰ ਦੱਸਦੇ ਹਨ । ਸਿਖਾਂ ਵਿਰੁਧ ਹਿੰਸਾ ਦਿੱਲੀ ਤੋਂ ਇਲਾਵਾ ਕਾਨਪੁਰ, ਲਖਨਊ, ਪਟਨਾ, ਬੁਕਾਰੋ, ਭੁਪਾਲ, ਤੇ ਚੰਡੀਗੜ੍ਹ’ਚ ਵੀ ਹੋਈ ਸੀ । ਇਨ੍ਹਾ ਸ਼ਹਿਰਾਂ ‘ਚ ਵੀ ਸਿਖ ਮਾਰੇ ਗਏ ਸਨ । ਇਸ ਤੋਂ ਇਲਾਵਾ ਵੀ ਹੋਰ ਕਈ ਥਾਂਈ ਸਿਖਾਂ ‘ਤੇ ਹਮਲੇ ਹੋਏ ਤੇ ਸਿਖ ਮਾਰੇ ਗਏ । ਇਸ ਸਿਖ-ਨਸਲਕੁਸ਼ੀ  ਦੀ ਅਮਰੀਕਾ,ਕਨੇਡਾ,ਇੰਗਲੈਂਡ  ਤੇ ਹੋਰ ਮੁਲਕਾਂ ‘ਚ ਵੀ ਸਰਕਾਰੀ ਪੱਧਰ ਤੇ ਚਰਚਾ ਵੀ ਹੋਈ ਤੇ ਨਿੰਦਿਆ ਵੀ ਕੀਤੀ ਗਈ ।

ਕਿਸੇ ਵੀ ਵਿਅਕਤੀ ਦਾ ਕਤਲ ਨਿੰਦਣਯੋਗ ਹੁੰਦਾ ਹੈ ਉਹ ਚਾਹੇ ਕਿਸੇ ਵੀ ਧਰਮ ਦਾ ਹੋਵੇ । ਸਰਕਾਰਾਂ ਦਾ ਕੰਮ ਨਿਰਪੱਖ ਰਹਿਕੇ ਕੰਮ ਕਰਨਾ ਹੁੰਦਾ ਹੈ ਪਰ ਜਦੋਂ ਸਰਕਾਰਾਂ ਦੇ ਕੰਮਾਂ ‘ਚੋਂ ਹੀ ਪੱਖਪਾਤ, ਫਿਰਕੂਵਾਦ ਤੇ ਨਫ਼ਰਤ ਦੀ  ਬਦਬੂ ਆਉਣ ਲੱਗ ਪਵੇ ਤਾਂ ਫਿਰ ਉਨ੍ਹਾਂ ਸਥਿਤੀਆਂ  ‘ਚ  ਲੋਕਾਂ ਦਾ ਵਿਸ਼ਵਾਸ ਤਾਂ ਸਰਕਾਰਾਂ ਤੋਂ ਉਠਣ ਹੀ ਹੁੰਦਾ ਹੈ ..ਤੇ ਫਿਰ ਲੋਕਾਂ ‘ਚ ਸਿਸਟਮਾਂ ਪ੍ਰਤੀ ਵਿਦਰੋਹ ਪਨਪਣ ਲੱਗਦਾ ਹੈ  ਜਿਸ ਦਾ ਨਾਜਾਇਜ਼ ਫ਼ਾਇਦਾ ਦੇਸ਼ ,ਸਮਾਜ ਤੇ ਕਿਸੇ ਖਾਸ ਸਮਾਜ ਜਾਂ ਧਰਮ ਵਿਰੋਧੀ ਤਾਕਤਾਂ ਉਠਾਉਣ ਲਈ ਤਤਪਰ ਰਹਿੰਦੀਆਂ ਹਨ । ਹੁਣ ਵੀ ਪੰਜਾਬ ‘ਚ ਇੰਜ ਹੀ ਹੋ ਰਿਹਾ ਹੈ ।

ਹੁਣ ਤੱਕ 1984 ਤੋਂ ਮਗਰੋਂ 12 ਸਾਰਕਾਰਾਂ ਬਣ ਚੁੱਕੀਆਂ ਹਨ ਪਰ ਦਿੱਲੀ ਸਿਖ ਨਸਲਕੁਸ਼ੀ ਦੇ ਪੀੜਤ ਹਾਲੇ ਵੀ  ਇਨਸਾਫ਼ ਦੀ ਇੰਤਜ਼ਾਰ ‘ਚ ਹਨ । ਬਹੁਤੇ ਇਸ ਦੁਨੀਆਂ ਨੂੰ ਅਲਵਿਦਾ ਕਹਿ ਚੁੱਕੇ ਹਨ ਤੇ ਬਚਦੇ ਥੱਕ-ਟੁੱਟ ਕੇ ਇਨਸਾਫ਼ ਦੀ ਉਮੀਦ ਹੀ ਤਿਆਗ ਚੁੱਕੇ ਹਨ । ਹਾਂ ਇਸ ਸਭ ਵਰਤਾਰੇ ਵਿੱਚੋਂ ਕਈ ਲੀਡਰਾਂ ਨੇ ਸੱਤ੍ਹਾ  ਦੇ ਸੁਆਦ ਵੀ ਲੈ ਲਏ ਤੇ ਸਰਮਾਇਆ  ਵੀ ਜੋੜ ਲਿਆ । ਲੋਕ ਅਜਿਹੇ ਲੋਕਾਂ ਨੂੰ ਪਹਿਚਾਣਦੇ ਹਨ ..ਇਹ ਲੋਕ ਸਿਖਾਂ ‘ਚ ਵੀ ਹਨ ਤੇ ਦੂਜੇ  ਧਰਮਾਂ ‘ਚ ਵੀ ਹਨ  ।

ਜੇਕਰ ਲੋਕਾਂ ਨੂੰ ਇਨਸਾਫ਼ ਮਿਲਣ ਦੀ ਰਫ਼ਤਾਰ ਇੰਜ ਹੀ ਮੱਧਮ ਰਹੀ ਤਾਂ ਫਿਰ ਲੋਕਾਂ ਦਾ ਸਰਕਾਰਾਂ ਪ੍ਰਤੀ ਵਿਸ਼ਵਾਸ ਵੀ ਡਗਮਗਾਉਣ ਲੱਗ ਪਵੇਗਾ । ਇਨ੍ਹਾਂ ਸਥਿਤੀਆਂ ‘ਚ ਫਿਰ ਲੋਕਾਂ ‘ਚ ਰੋਸ ਜਵਾਲਾਮੁੱਖੀ ਵਾਂਗ ਫਟਦਾ ਹੈ ਤੇ ਫਿਰ ਲੋਕ ਦੋਸ਼ੀਆਂ ਨੂੰ ਖ਼ੁਦ ਹੀ ਸਜ਼ਾਵਾਂ ਦੇਣ ਲੱਗ ਪੈਂਦੇ ਹਨ । ਇਸ ਦੀ ਤਾਜ਼ਾ ਮਿਸਾਲ ਪਿਛਲੇ ਵਰ੍ਹੇ ਸ੍ਰੀ ਦਰਬਾਰ ਸਾਹਿਬ ‘ਚ ਹੋਈ ਬੇਅਦਬੀ ਦੀ ਦੁਰਘਟਨਾ ਤੋਂ ਮਿਲ਼ਦੀ ਹੈ ਜਦੋਂ ਦੋਸ਼ੀ ਵਿਅਕਤੀ ਨੂੰ ਉਸ ਵਕਤ ਮੌਜੂਦ ਲੋਕਾਂ ਨੇ ਹੀ ਕੁੱਟ-ਕੁੱਟ ਕੇ ਹੀ ਮਾਰ ਦਿਤਾ ।  ਇਸ ਦੋਸ਼ੀ ਨੂੰ ਲੋਕਾਂ ਵੱਲੋਂ ਮਾਰਨਾ ਬਿਲਕੁਲ ਗ਼ਲਤ ਸੀ । ਲੋਕਾਂ ‘ਚ  ਜ਼ਿਲ੍ਹਾ ਫ਼ਰੀਦਕੋਟ ‘ਚ ਬੁਰਜ ਜਵਾਹਰ ਸਿੰਘ ਵਾਲ਼ਾ ‘ਚ 2015 ‘ਚ ਹੋਈ ਬੇਅਦਬੀ  ਦੀ ਘਟਨਾ ਦੇ ਦੋਸ਼ੀਆਂ ਨੂੰ ਹਾਲੇ ਤੱਕ ਬੇਨਕਾਬ  ਨਾ ਕਰਨ ਦਾ ਗੁੱਸਾ ਹੀ ਉਸ ਦੋਸ਼ੀ ਦੀ ਮੌਤ ਦਾ ਕਾਰਨ ਬਣਿਆ ਸੀ ।

ਆਸ ਕਰਦੇ ਹਾਂ ਕਿ ਸਰਕਾਰਾਂ ਲੋਕਾਂ ਨੂੰ  ਜਲਦੀ ਇਨਸਾਫ਼ ਦਵਾਉਣ ਲਈ ਸਿਸਟਮ ਨੂੰ ਹੋਰ ਚੁੱਸਤ-ਫ਼ੁਰਤ ਕਰਨ ਵੱਲ ਪਹਿਲ ਦੇ ਆਧਾਰ ‘ਤੇ  ਧਿਆਨ ਦੇਵੇਗੀ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button