IndiaTop News

ਸਹਾਰਨਪੁਰ ‘ਚ 70 ਕਰੋੜ ਦੇ ਨਕਲੀ ਸਿੱਕਿਆਂ ਦੇ ਕਾਲੇ ਕਾਰੋਬਾਰ ਦਾ ਪਰਦਾਫ਼ਾਸ਼, ਮੋਹਾਲੀ ਦਾ ਮੁੱਖ ਸਰਗਨਾ ਸਾਥੀਆਂ ਸਮੇਤ ਕਾਬੂ

ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਵਿੱਚ 17.29 ਕਰੋੜ ਰੁਪਏ ਦੀ ਜਾਅਲੀ ਕਰੰਸੀ ਬਰਾਮਦ ਹੋਣ ਤੋਂ ਬਾਅਦ ਸਰਗਰਮ ਹੋਈ ਪੁਲਿਸ ਨੇ ਇੱਕ ਹੋਰ ਵੱਡੀ ਕਾਰਵਾਈ ਕਰਦਿਆਂ 20 ਰੁਪਏ ਦੇ ਨਕਲੀ ਸਿੱਕਿਆਂ ਦੇ 70 ਕਰੋੜ ਰੁਪਏ ਤੋਂ ਵੱਧ ਦੇ ਕਾਲੇ ਕਾਰੋਬਾਰ ਦਾ ਪਰਦਾਫ਼ਾਸ਼ ਕੀਤਾ ਹੈ। ਕੋਤਵਾਲੀ ਨਗਰ ਪੁਲਿਸ, ਐੱਸਓਜੀ, ਸਵਾਟ (SWAT) ਅਤੇ ਸਰਵੀਲਾਂਸ ਦੀ ਸਾਂਝੀ ਟੀਮ ਨੇ ਤੀਤਰੋਂ ਇਲਾਕੇ ਵਿੱਚ ਗ਼ੈਰ-ਕਾਨੂੰਨੀ ਢੰਗ ਨਾਲ ਚਲਾਈ ਜਾ ਰਹੀ ਨਕਲੀ ਸਿੱਕੇ ਬਣਾਉਣ ਵਾਲੀ ਫ਼ੈਕਟਰੀ ‘ਤੇ ਛਾਪੇਮਾਰੀ ਕਰਕੇ ਅੰਤਰਰਾਜੀ ਗਿਰੋਹ ਦੇ ਪੰਜ ਸਰਗਰਮ ਮੈਂਬਰਾਂ ਨੂੰ ਹਿਰਾਸਤ ਵਿੱਚ ਲਿਆ ਹੈ। ਪੁਲਿਸ ਨੇ ਮੌਕੇ ਤੋਂ 1.28 ਲੱਖ ਰੁਪਏ ਦੀ ਕੀਮਤ ਦੇ ਬਣੇ ਹੋਏ 6400 ਜਾਅਲੀ ਸਿੱਕੇ ਅਤੇ ਤਕਰੀਬਨ ਪੰਜ ਲੱਖ ਰੁਪਏ ਦੇ ਅੱਧ-ਪਚੱਧੇ ਤਿਆਰ ਸਿੱਕੇ ਬਰਾਮਦ ਕੀਤੇ ਹਨ।ਸਹਾਰਨਪੁਰ ਦੇ ਸੀਨੀਅਰ ਕਪਤਾਨ ਪੁਲਿਸ (ਐੱਸਐੱਸਪੀ) ਅਭਿਨੰਦਨ ਸਿੰਘ ਨੇ ਪੁਲਿਸ ਲਾਈਨ ਸਭਾਗਾਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਗਿਰੋਹ ਫ਼ੈਕਟਰੀ ਵਿੱਚ ਲਗਾਈਆਂ ਗਈਆਂ ਛੇ ਆਧੁਨਿਕ ਮਸ਼ੀਨਾਂ ਰਾਹੀਂ ਰੋਜ਼ਾਨਾ 10 ਤੋਂ 12 ਹਜ਼ਾਰ ਨਕਲੀ ਸਿੱਕੇ ਤਿਆਰ ਕਰਦਾ ਸੀ। ਇੱਕ 20 ਰੁਪਏ ਦਾ ਸਿੱਕਾ ਬਣਾਉਣ ਵਿੱਚ ਮਹਿਜ਼ ਪੰਜ ਤੋਂ ਛੇ ਰੁਪਏ ਦੀ ਲਾਗਤ ਆਉਂਦੀ ਸੀ, ਜਿਸ ਨੂੰ ਅੱਗੇ ਏਜੰਟਾਂ ਨੂੰ 12 ਤੋਂ 15 ਰੁਪਏ ਵਿੱਚ ਸਪਲਾਈ ਕੀਤਾ ਜਾਂਦਾ ਸੀਇਸ ਤੋਂ ਬਾਅਦ ਸ਼ਰਾਬ ਦੇ ਠੇਕਿਆਂ, ਟੋਲ ਪਲਾਜ਼ਿਆਂ ਅਤੇ ਕਰਿਆਨੇ ਦੀਆਂ ਦੁਕਾਨਾਂ ‘ਤੇ ਕਮਿਸ਼ਨ ਦੇ ਕੇ ਇਨ੍ਹਾਂ ਨਕਲੀ ਸਿੱਕਿਆਂ ਨੂੰ ਆਸਾਨੀ ਨਾਲ ਬਾਜ਼ਾਰ ਵਿੱਚ ਚਲਾਇਆ ਜਾਂਦਾ ਸੀ। ਗਿਰੋਹ ਨੇ ਖ਼ਾਸ ਤੌਰ ‘ਤੇ ਸ਼ਰਾਬ ਦੇ ਠੇਕਿਆਂ ਨੂੰ ਆਪਣੀ ਮੁੱਖ ਮੰਡੀ ਬਣਾਇਆ ਹੋਇਆ ਸੀ ਕਿਉਂਕਿ ਉੱਥੇ ਨਕਦੀ ਦਾ ਲੈਣ-ਦੇਣ ਵੱਡੇ ਪੱਧਰ ‘ਤੇ ਹੁੰਦਾ ਹੈ।ਪੁਲਿਸ ਵੱਲੋਂ ਕਾਬੂ ਕੀਤੇ ਗਏ ਮੁਲਜ਼ਮਾਂ ਵਿੱਚ ਗਿਰੋਹ ਦਾ ਸਰਗਨਾ ਉਪਕਾਰ ਲੂਥਰਾ ਉਰਫ਼ ਅਭੈ ਪ੍ਰਤਾਪ ਸਿੰਘ ਵਾਸੀ ਮੋਹਾਲੀ (ਪੰਜਾਬ) ਸ਼ਾਮਲ ਹੈ। ਇਸ ਤੋਂ ਇਲਾਵਾ ਉਸ ਦੇ ਸਾਥੀਆਂ ਹਿਮਾਂਸ਼ੂ ਉਰਫ਼ ਗੁੱਲੂ, ਕੁਲਦੀਪ, ਸੰਤੋਸ਼ ਚੌਰਸੀਆ ਉਰਫ਼ ਜਨਾਰਦਨ ਅਤੇ ਅਨੁਰਾਗ ਪਾਲ ਉਰਫ਼ ਲੰਕੇਸ਼ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਰਿਕਾਰਡ ਮੁਤਾਬਕ ਉਪਕਾਰ ਲੂਥਰਾ ਸਾਲ 2001 ਤੋਂ ਇਸ ਗ਼ੈਰ-ਕਾਨੂੰਨੀ ਧੰਦੇ ਵਿੱਚ ਸਰਗਰਮ ਸੀ ਅਤੇ 2017 ਵਿੱਚ ਦਿੱਲੀ ਪੁਲਿਸ ਵੱਲੋਂ ਉਸ ਨੂੰ ਇੱਕ ਲੱਖ ਰੁਪਏ ਦੇ ਇਨਾਮ ‘ਤੇ ਗ੍ਰਿਫ਼ਤਾਰ ਵੀ ਕੀਤਾ ਜਾ ਚੁੱਕਾ ਹੈ।
ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਇਸ ਅੰਤਰਰਾਜੀ ਗਿਰੋਹ ਦੇ ਤਾਰ ਪੰਜਾਬ, ਬਿਹਾਰ, ਭਦੋਹੀ, ਬਦਾਯੂੰ ਅਤੇ ਪੱਛਮੀ ਉੱਤਰ ਪ੍ਰਦੇਸ਼ ਤੱਕ ਫੈਲੇ ਹੋਏ ਹਨ। ਪੁਲਿਸ ਟੀਮਾਂ ਹੁਣ ਬਰਾਮਦ ਕੀਤੇ ਗਏ ਅੱਠ ਮੋਬਾਈਲ ਫ਼ੋਨਾਂ, 59 ਡਾਈਆਂ, ਸੱਤ ਹਿਸਾਬ-ਕਿਤਾਬ ਦੇ ਰਜਿਸਟਰਾਂ ਅਤੇ ਹੋਰ ਦਸਤਾਵੇਜ਼ਾਂ ਰਾਹੀਂ ਪੂਰੇ ਸਪਲਾਈ ਨੈੱਟਵਰਕ ਦੀ ਘੋਖ ਕਰ ਰਹੀਆਂ ਹਨ। ਇਸ ਦੇ ਨਾਲ ਹੀ ਮੁਲਜ਼ਮਾਂ ਦੀਆਂ ਗ਼ੈਰ-ਕਾਨੂੰਨੀ ਜਾਇਦਾਦਾਂ ਦੀ ਜਾਂਚ ਵੀ ਕੀਤੀ ਜਾਵੇਗੀ।
ਸਹਾਰਨਪੁਰ ਵਿੱਚ ਹਾਲ ਹੀ ਵਿੱਚ ਸਾਹਮਣੇ ਆਏ 17.29 ਕਰੋੜ ਰੁਪਏ ਦੀ ਜਾਅਲੀ ਕਰੰਸੀ ਦੇ ਮਾਮਲੇ ਤੋਂ ਤੁਰੰਤ ਬਾਅਦ ਨਕਲੀ ਸਿੱਕਿਆਂ ਦਾ ਇਹ ਵੱਡਾ ਪਰਦਾਫ਼ਾਸ਼ ਪੁਲਿਸ ਲਈ ਇੱਕ ਵੱਡੀ ਉਪਲਬਧੀ ਮੰਨਿਆ ਜਾ ਰਿਹਾ ਹੈ। ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਕਬੂਲਿਆ ਹੈ ਕਿ ਉਹ ਹੁਣ ਤੱਕ 70 ਕਰੋੜ ਰੁਪਏ ਤੋਂ ਵੱਧ ਦੇ ਨਕਲੀ ਸਿੱਕੇ ਬਾਜ਼ਾਰ ਵਿੱਚ ਚਲਾ ਚੁੱਕੇ ਹਨ। ਪੁਲਿਸ ਹੁਣ ਇਸ ਪਹਿਲੂ ਦੀ ਵੀ ਬਾਰੀਕੀ ਨਾਲ ਪੜਤਾਲ ਕਰ ਰਹੀ ਹੈ ਕਿ ਕੀ ਜਾਅਲੀ ਨੋਟਾਂ ਅਤੇ ਜਾਅਲੀ ਸਿੱਕਿਆਂ ਦੇ ਇਸ ਨੈੱਟਵਰਕ ਵਿਚਕਾਰ ਕੋਈ ਆਪਸੀ ਸਬੰਧ ਤਾਂ ਨਹੀਂ ਹੈ।ਗਿਰੋਹ ਨੇ ਸਹਾਰਨਪੁਰ ਦੇ ਤੀਤਰੋਂ ਇਲਾਕੇ ਨੂੰ ਨਕਲੀ ਸਿੱਕੇ ਬਣਾਉਣ ਦਾ ਨਵਾਂ ਅੱਡਾ ਬਣਾਇਆ ਸੀ। ਇੱਥੇ ਛੇ ਮਸ਼ੀਨਾਂ ਰਾਹੀਂ ਪੂਰੇ ਜ਼ੋਰਾਂ ‘ਤੇ ਉਤਪਾਦਨ ਕੀਤਾ ਜਾ ਰਿਹਾ ਸੀ ਅਤੇ ਯੋਜਨਾ ਮੁਤਾਬਕ ਸਹਾਰਨਪੁਰ ਨੂੰ ਭਵਿੱਖ ਵਿੱਚ ਇੱਕ ਵੱਡੇ ਨਿਰਮਾਣ ਕੇਂਦਰ ਵਜੋਂ ਵਿਕਸਿਤ ਕਰਨ ਦੀ ਤਿਆਰੀ ਸੀ। ਮੌਕੇ ਤੋਂ ਮਿਲੀਆਂ ਮਸ਼ੀਨਾਂ ਅਤੇ ਡਾਈਆਂ ਇਸ ਨੈੱਟਵਰਕ ਦੇ ਵਿਸ਼ਾਲ ਪੱਧਰ ਵੱਲ ਇਸ਼ਾਰਾ ਕਰਦੀਆਂ ਹਨ। ਐੱਸਐੱਸਪੀ ਅਭਿਨੰਦਨ ਸਿੰਘ ਨੇ ਪੁਸ਼ਟੀ ਕਰਦਿਆਂ ਕਿਹਾ ਕਿ ਇਸ ਗਿਰੋਹ ਦੇ ਪੰਜ ਮੈਂਬਰਾਂ ਨੂੰ ਜੇਲ੍ਹ ਭੇਜਿਆ ਜਾ ਰਿਹਾ ਹੈ ਅਤੇ ਗਿਰੋਹ ਵੱਲੋਂ ਬਾਜ਼ਾਰ ਵਿੱਚ ਫੈਲਾਏ ਗਏ ਪੂਰੇ ਸਪਲਾਈ ਨੈੱਟਵਰਕ ਨੂੰ ਤੋੜਨ ਲਈ ਛਾਪੇਮਾਰੀ ਲਗਾਤਾਰ ਜਾਰੀ ਹੈ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button