
ਵੇਰਕਾ ਕੈਟਲ ਫੀਡ ਪਲਾਂਟ ਖੰਨਾ ਵਿੱਚ ਵੱਡਾ ਆਰਥਿਕ ਘਪਲਾ ਸਾਹਮਣੇ ਆਇਆ ਹੈ। ਪਲਾਂਟ ਦੇ ਜਨਰਲ ਮੈਨੇਜਰ ਡਾ. ਸੁਰਜੀਤ ਸਿੰਘ ਭਦੌੜ ਵੱਲੋਂ ਕੀਤੀ ਜਾਂਚ ਵਿੱਚ ਪਿਛਲੇ ਦੋ ਸਾਲਾਂ ਦੌਰਾਨ 1 ਕਰੋੜ, 32 ਲੱਖ, 91 ਹਜ਼ਾਰ, 731 ਰੁਪਏ ਦੀ ਹੇਰਾਫੇਰੀ ਦਾ ਖੁਲਾਸਾ ਹੋਇਆ ਹੈ। ਇਹ ਘੁਟਾਲਾ ਪੁਰਾਣੀਆਂ ਬੋਰੀਆਂ ਦੀ ਵਿਕਰੀ ਦੌਰਾਨ ਕੀਤਾ ਗਿਆ, ਜਿਸ ਵਿੱਚ ਪਲਾਂਟ ਦੇ 5 ਕਰਮਚਾਰੀ ਅਤੇ 5 ਨਿੱਜੀ ਫਰਮਾਂ ਦੀ ਭੂਮਿਕਾ ਸਾਹਮਣੇ ਆਈ ਹੈ।
ਸ਼ੱਕ ਦੇ ਆਧਾਰ ‘ਤੇ ਬਣਾਈ ਗਈ ਜਾਂਚ ਕਮੇਟੀ ਅਤੇ ਸੰਸਥਾ ਦੇ ਆਡੀਟਰ ਦੀ ਰਿਪੋਰਟ ਰਾਹੀਂ ਇਹ ਪਤਾ ਲੱਗਿਆ ਕਿ ਸਾਲ 2023-24 ਅਤੇ 2024-25 ਦੌਰਾਨ ਪਲਾਂਟ ਦੇ ਨਿਯਮਤ ਅਤੇ ਆਊਟਸੋਰਸ ਕਰਮਚਾਰੀਆਂ ਨੇ ਮਿਲ ਕੇ 10 ਲੱਖ 80 ਹਜ਼ਾਰ 300 ਬੋਰੀਆਂ ਦੀ ਵਿਕਰੀ ਤੋਂ ਮਿਲਣ ਵਾਲੀ ਰਕਮ ਦੀ ਧੋਖਾਧੜੀ ਕੀਤੀ। ਹਾਲਾਂਕਿ ਜ਼ਮੀਨੀ ਹਕੀਕਤ ਇਹ ਸੀ ਕਿ 19 ਲੱਖ 77 ਹਜ਼ਾਰ 50 ਬੋਰੀਆਂ ਵੇਚੀਆਂ ਗਈਆਂ ਸਨ, ਪਰ ਰਿਕਾਰਡ ‘ਚ ਛੇੜਛਾੜ ਕਰਕੇ ਘੱਟ ਗਿਣਤੀ ਦਰਸਾਈ ਗਈ। – ਡਾ. ਸੁਰਜੀਤ ਸਿੰਘ ਭਦੌੜ, ਪਲਾਂਟ ਦੇ ਜਨਰਲ ਮੈਨੇਜਰ
ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਸਟੋਰ ਸ਼ਾਖਾ ਦੇ ਅਸਲ ਬਿੱਲਾਂ ਨੂੰ ਲੇਖਾ ਵਿਭਾਗ ਦੀ ਟੈਲੀ ਸਾਫਟਵੇਅਰ ਤੋਂ ਹਟਾ ਦਿੱਤਾ ਗਿਆ ਹੈ। ਬਿੱਲਾਂ ਵਿੱਚ ਤਬਦੀਲੀਆਂ ਕਰਕੇ ਨਕਲੀ ਦਰਜਾਂ ਕੀਤੀਆਂ ਗਈਆਂ ਹਨ। ਇਸ ਕਾਰਵਾਈ ਵਿੱਚ ਲੇਖਾ ਇੰਚਾਰਜ ਮਨਪ੍ਰੀਤ ਕੌਰ ਮਾਂਗਟ, ਸਟੋਰ ਇੰਚਾਰਜ ਜਤਿੰਦਰਪਾਲ ਸਿੰਘ, ਅਤੇ ਆਊਟਸੋਰਸ ਕਰਮਚਾਰੀ ਅਮਰਿੰਦਰ ਸਿੰਘ, ਬਚਿੱਤਰ ਸਿੰਘ ਅਤੇ ਦੀਪਾ ਖਾਨ ਸ਼ਾਮਲ ਪਾਏ ਗਏ।
ਇਹ ਸਭ ਨੇ ਮਹਾਰਾਜਾ ਬ੍ਰਦਰਜ਼, ਐਨਕੇ ਜੂਟ ਟ੍ਰੇਡਰ, ਰਾਧਾ ਟ੍ਰੇਡਿੰਗ ਕੰਪਨੀ, ਰਾਮ ਬਰਦਾਨਾ ਟ੍ਰੇਡਰ ਅਤੇ ਲਕਸ਼ਮੀ ਬਰਦਾਨਾ ਟ੍ਰੇਡਰ ਨਾਲ ਮਿਲ ਕੇ ਇਹ ਘਪਲਾ ਕੀਤਾ। ਉਕਤ ਕਰਮਚਾਰੀਆਂ ਨੂੰ ਟੈਲੀ ਸਾਫਟਵੇਅਰ ਦੇ ਪੂਰੇ ਉਪਭੋਗਤਾ ਅਧਿਕਾਰ ਦਿੱਤੇ ਹੋਏ ਸਨ, ਜਿਸ ਕਾਰਨ ਇਹ ਹੇਰਾ-ਫੇਰੀ ਕੀਤੀ ਗਈ।
GM ਵੱਲੋਂ ਐਸਐਸਪੀ ਖੰਨਾ ਨੂੰ ਘਪਲੇ ਸਬੰਧੀ ਐਫਆਈਆਰ ਦਰਜ ਕਰਨ ਲਈ ਲਿਖਤੀ ਸ਼ਿਕਾਇਤ ਕੀਤੀ ਗਈ ਹੈ। ਇਸ ਦੇ ਨਾਲ ਹੀ, ਵਿਜੀਲੈਂਸ ਵਿਭਾਗ ਲੁਧਿਆਣਾ ਨੂੰ ਵੀ ਇਸ ਦੀ ਜਾਣਕਾਰੀ ਦਿੱਤੀ ਗਈ ਹੈ। ਤਿੰਨ ਆਊਟਸੋਰਸ ਕਰਮਚਾਰੀ ਤੁਰੰਤ ਨੌਕਰੀ ਤੋਂ ਹਟਾਏ ਗਏ ਹਨ, ਜਦਕਿ 2 ਰੈਗੂਲਰ ਕਰਮਚਾਰੀਆਂ ਵਿਰੁੱਧ ਵਿਭਾਗੀ ਕਾਰਵਾਈ ਲਈ ਉੱਚ ਅਧਿਕਾਰੀਆਂ ਨੂੰ ਸਿਫਾਰਸ਼ ਭੇਜੀ ਗਈ ਹੈ।




