
ਇੰਟਰਨੈੱਟ ਮੀਡੀਆ ’ਤੇ ‘ਲਾਈਕਸ’ ਅਤੇ ‘ਵਿਊਜ਼’ ਇਕੱਠੇ ਕਰਨ ਲਈ ਸੜਕਾਂ ਉੱਤੇ ਸਟੰਟਬਾਜ਼ੀ ਕਰਨ ਵਾਲੇ ਨਾਬਾਲਿਗਾਂ ਅਤੇ ਉਨ੍ਹਾਂ ਦੇ ਲਾਪਰਵਾਹ ਮਾਪਿਆਂ ਨੂੰ ਬਾਂਬੇ ਹਾਈ ਕੋਰਟ ਨੇ ਸਖ਼ਤ ਸਬਕ ਸਿਖਾਇਆ ਹੈ। ਜਸਟਿਸ ਸ਼ਿਵ ਕੁਮਾਰ ਡਿਗੇ ਨੇ ਮੁੰਬਈ ਦੇ ਘਾਟਕੋਪਰ ਵਿਚ ਹੋਏ ਖ਼ਤਰਨਾਕ ਕਾਰ ਹਾਦਸੇ ਦੇ ਮੁਲਜ਼ਮ 17 ਸਾਲ 8 ਮਹੀਨੇ ਦੇ ਨਾਬਾਲਿਗ ਦੀ ਜ਼ਮਾਨਤ ਦੀ ਅਰਜ਼ੀ ਖ਼ਾਰਜ ਕਰਨ ਦੇ ਸੈਸ਼ਨ ਕੋਰਟ ਦੇ ਹੁਕਮ ਨੂੰ ਸਹੀ ਠਹਿਰਾਇਆ ਹੈ। ਅਦਾਲਤ ਨੇ ਹੁਕਮ ਦਿੱਤਾ ਕਿ ਮੁਲਜ਼ਮ ਨੂੰ ਸੁਧਾਰ ਕੇਂਦਰ ਭੇਜਿਆ ਜਾਵੇ। ਅਦਾਲਤ ਨੇ ਕਿਹਾ ਕਿ ਸੜਕ ਉੱਤੇ ਖ਼ਤਰਨਾਕ ਸਟੰਟ ਕਰਨ ਵਾਲਾ ਇਹ ਮੁਲਜ਼ਮ ਜੇਕਰ ਬਾਹਰ ਰੱਖਿਆ ਗਿਆ, ਤਾਂ ਉਹ ਸਮਾਜ ਅਤੇ ਆਪਣੇ ਲਈ ਫਿਰ ਤੋਂ ਖ਼ਤਰਾ ਬਣ ਸਕਦਾ ਹੈ। ਹਾਈ ਕੋਰਟ ਦੇ 9 ਸਤੰਬਰ ਨੂੰ ਦਿੱਤੇ ਗਏ ਇਸ ਫੈਸਲੇ ਤੋਂ ਸਪੱਸ਼ਟ ਹੋ ਗਿਆ ਹੈ ਕਿ ਇੰਟਰਨੈੱਟ ਮੀਡੀਆ ਉੱਤੇ ਇਸ ਤਰ੍ਹਾਂ ਦੇ ਸਟੰਟ ਦਿਖਾਉਣਾ ਸਿਰਫ਼ ਬੱਚਿਆਂ ਦੀ ਬੇਵਕੂਫੀ ਨਹੀਂ, ਬਲਕਿ ਜਾਣਬੁੱਝ ਕੇ ਕੀਤੀ ਗਈ ਲਾਪਰਵਾਹੀ ਦੇ ਪੱਕੇ ਸਬੂਤ ਹਨ। ਸਟੰਟ ਕਰ ਕੇ ਬੇਗੁਨਾਹਾਂ ਦੀ ਜ਼ਿੰਦਗੀ ਲੈਣ ਵਾਲੇ ਮੁਲਜ਼ਮ ਹੁਣ ‘ਨਾਬਾਲਿਗ ਹੋਣ ਦੀ ਆੜ’ ਲੈ ਕੇ ਨਹੀਂ ਬਚ ਸਕਣਗੇ।
5 ਫਰਵਰੀ ਦੀ ਰਾਤ ਨੂੰ ਘਾਟਕੋਪਰ ਦੇ ਸੋਮਈਆ ਗੇਟ (ਵਿੱਦਿਆ ਵਿਹਾਰ) ਦੇ ਨੇੜੇ ਤੇਜ਼ ਰਫ਼ਤਾਰ ਵਿਚ ਐੱਸਯੂਵੀ ਚਲਾ ਰਹੇ ਨੌਜਵਾਨ ਨੇ ਸਕੂਟੀ ਵਾਲੇ ਨੂੰ ਟੱਕਰ ਮਾਰੀ ਸੀ। ਇਸ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਉਨ੍ਹਾਂ ਦੀ ਪਤਨੀ ਸਦਾ ਲਈ ਅਪਾਹਜ ਹੋ ਗਈ। ਲਾਪਰਵਾਹ ਨਾਬਾਲਿਗ ਨੂੰ ਜੁਵੇਨਾਈਲ ਜਸਟਿਸ ਬੋਰਡ (ਜੇਜੇਬੀ) ਤੋਂ ਆਸਾਨੀ ਨਾਲ ਜ਼ਮਾਨਤ ਮਿਲ ਗਈ ਸੀ ਪਰ ਪੀੜਤ ਪਰਿਵਾਰ ਅਤੇ ਪੁਲਿਸ ਨੇ ਇਸ ਨੂੰ ਸੈਸ਼ਨ ਕੋਰਟ ਵਿਚ ਚੁਣੌਤੀ ਦਿੱਤੀ। ਸੈਸ਼ਨ ਕੋਰਟ ਨੇ ਜ਼ਮਾਨਤ ਰੱਦ ਕਰ ਦਿੱਤੀ।
ਪੁਲਿਸ ਅਤੇ ਪੀੜਤ ਪੱਖ ਦੇ ਵਕੀਲਾਂ ਨੇ ਅਦਾਲਤ ਵਿਚ ਮੁਲਜ਼ਮ ਦੇ ਇੰਸਟਾਗ੍ਰਾਮ ਖਾਤੇ ਦੇ ਸਕ੍ਰੀਨਸ਼ਾਟ ਅਤੇ ਵੀਡੀਓ ਸਬੂਤ ਵਜੋਂ ਪੇਸ਼ ਕੀਤੇ। ਕੋਰਟ ਵਿਚ ਪੇਸ਼ ਕੀਤੇ ਗਏ ਸਕ੍ਰੀਨਸ਼ਾਟ ਤੋਂ ਪਤਾ ਲੱਗਾ ਕਿ ਮੁਲਜ਼ਮ ਆਪਣੇ ਪਬਲਿਕ ਇੰਸਟਾਗ੍ਰਾਮ ਖਾਤੇ ‘ਰਿਆਨ ਕੇਲ ਫੰਡੇਬਾਜ਼’ ਉੱਤੇ ਕਾਰ ਅਤੇ ਸਕੂਟਰ ਦਾ ਖ਼ਤਰਨਾਕ ਸਟੰਟ ਪੋਸਟ ਕਰਦਾ ਸੀ। ਪ੍ਰੋਫਾਈਲ ਤੋਂ ਜਾਨਲੇਵਾ ਸਟੰਟ ਦਾ ਰਿਕਾਰਡ ਸਾਹਮਣੇ ਆਇਆ ਹੈ। ਪੁੱਠੇ ਕੰਮ ਕਰਦੇ ਹੋਏ ਇਹ ਵਿਗੜੇ ਅਮੀਰਜ਼ਾਦੇ ਇਸ ਦੀ ਵੀਡੀਓ ਪੋਸਟ ਕਰਦੇ ਸਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




