PunjabTop News

ਮਾਣਹਾਨੀ ਕੇਸ ਰੱਦ ਹੋਣ ਨਾਲ ਆਲੋਚਕਾਂ ਨੂੰ ਡਰਾਉਣ ਦੀ ‘ਆਪ’ ਦੀ ਸਾਜ਼ਿਸ਼ ਬੇਨਕਾਬ: ਸੁਨੀਲ ਜਾਖੜ

‘ਮੁੱਖ ਮੰਤਰੀ ਦੀ ਪਤਨੀ ਸ਼ੱਕ ਤੋਂ ਪਰੇ ਹੋਣੀ ਚਾਹੀਦੀ ਹੈ’; ਚੋਣ ਜ਼ਾਬਤੇ ਤੋਂ ਪਹਿਲਾਂ ਰੋਜ਼ਾਨਾ ਸੁਣਵਾਈ ਕਰਵਾ ਕੇ ਕਲੀਨ ਚਿੱਟ ਲੈਣ ਭਗਵੰਤ ਮਾਨ: ਭਾਜਪਾ

ਚੰਡੀਗੜ੍ਹ, 27 ਨਵੰਬਰ (ਬਿੰਦੂ ਸਿੰਘ)- ਚੰਡੀਗੜ੍ਹ ਦੀ ਅਦਾਲਤ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਵੱਲੋਂ ਹਾਈਕੋਰਟ ਦੇ ਸੇਵਾਮੁਕਤ ਜੱਜ ਜਸਟਿਸ ਰਣਜੀਤ ਸਿੰਘ ਖ਼ਿਲਾਫ਼ ਦਾਇਰ ਮਾਣਹਾਨੀ ਦਾ ਕੇਸ ਖ਼ਾਰਜ ਕੀਤੇ ਜਾਣ ਨਾਲ ਆਮ ਆਦਮੀ ਪਾਰਟੀ (ਆਪ) ਲੀਡਰਸ਼ਿਪ ਦਾ ਆਪਣੇ ਆਲੋਚਕਾਂ ਨੂੰ ਡਰਾਉਣ-ਧਮਕਾਉਣ ਲਈ ਅਧੂਰੇ ਤੇ ਚੋਣਵੇਂ ਕੇਸ ਦਰਜ ਕਰਵਾਉਣ ਦਾ ਪੈਟਰਨ ਪੂਰੀ ਤਰ੍ਹਾਂ ਬੇਨਕਾਬ ਹੋ ਗਿਆ ਹੈ। ਇਹ ਪ੍ਰਗਟਾਵਾ ਸੀਨੀਅਰ ਭਾਜਪਾ ਆਗੂ ਅਤੇ ਪੰਜਾਬ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਇੱਥੇ ਜਾਰੀ ਇੱਕ ਬਿਆਨ ਵਿੱਚ ਕੀਤਾ।

ਅਧੂਰੀਆਂ ਵੀਡੀਓ ਕਲਿੱਪਾਂ ਦੇ ਆਧਾਰ ’ਤੇ ਦਰਜ ਕੇਸ ਅਦਾਲਤ ’ਚ ਢਹਿ-ਢੇਰੀ
ਇਹ ਦਰਸਾਉਂਦਿਆਂ ਕਿ ਅਦਾਲਤ ਨੇ ਸਪੱਸ਼ਟ ਤੌਰ ’ਤੇ ਮੰਨਿਆ ਹੈ ਕਿ ਜਸਟਿਸ ਰਣਜੀਤ ਸਿੰਘ ਵਿਰੁੱਧ ਕੋਈ ਕਾਨੂੰਨੀ ਆਧਾਰ ਨਹੀਂ ਬਣਦਾ, ਜਾਖੜ ਨੇ ਨੋਟ ਕੀਤਾ ਕਿ ਇਹ ਕੇਸ ਬਲਾਤਕਾਰ ਦੇ ਇੱਕ ਮਾਮਲੇ ਵਿੱਚ 5 ਕਰੋੜ ਰੁਪਏ ਦੀ ਕਥਿਤ ਮੰਗ ਸਬੰਧੀ 20 ਅਗਸਤ, 2026 ਨੂੰ ਦਿੱਤੇ ਬਿਆਨਾਂ ਨਾਲ ਜੁੜਿਆ ਹੋਇਆ ਸੀ, ਜਿਸ ਵਿੱਚ ਅਦਾਲਤੀ ਕਾਰਵਾਈ ਅਤੇ ਅਹਿਮ ਪਿਛੋਕੜ ਨੂੰ ਲੁਕਾ ਕੇ ਸਿਰਫ਼ ਚੋਣਵੀਆਂ ਤੇ ਅਧੂਰੀਆਂ ਵੀਡੀਓ ਕਲਿੱਪਾਂ ਦਾ ਸਹਾਰਾ ਲਿਆ ਗਿਆ ਸੀ। ਜਾਖੜ ਨੇ ਤਨਜ਼ ਕਸਦਿਆਂ ਕਿਹਾ, “ਸ਼ੁਕਰ ਹੈ ਕਿ ਇੱਥੇ ਨਿਸ਼ਾਨਾ ਬਣਾਇਆ ਗਿਆ ਸ਼ਖ਼ਸ ਹਾਈਕੋਰਟ ਦਾ ਸੇਵਾਮੁਕਤ ਜੱਜ ਸੀ। ਜੇਕਰ ਕੋਈ ਆਮ ਨਾਗਰਿਕ ਹੁੰਦਾ, ਤਾਂ ਇਸ ਸਰਕਾਰ ਨੇ ਉਸ ਦੀ ਕੁੱਟਮਾਰ ਕਰਵਾ ਦੇਣੀ ਸੀ ਅਤੇ ਉਸ ’ਤੇ ਝੂਠੇ ਪੁਲਿਸ ਕੇਸ ਮੜ੍ਹ ਦੇਣੇ ਸਨ।”

2027 ਚੋਣ ਜ਼ਾਬਤੇ ਤੋਂ ਪਹਿਲਾਂ ਰੋਜ਼ਾਨਾ ਸੁਣਵਾਈ ਕਰਵਾਉਣ ਮੁੱਖ ਮੰਤਰੀ
‘ਮੁੱਖ ਮੰਤਰੀ ਦੀ ਪਤਨੀ ਸ਼ੱਕ ਤੋਂ ਪਰੇ ਹੋਣੀ ਚਾਹੀਦੀ ਹੈ’ ਦੇ ਕਾਨੂੰਨੀ ਸਿਧਾਂਤ ਦਾ ਹਵਾਲਾ ਦਿੰਦਿਆਂ ਸੀਨੀਅਰ ਭਾਜਪਾ ਆਗੂ ਨੇ ਮੁੱਖ ਮੰਤਰੀ ਨੂੰ ਅਦਾਲਤ ਵਿੱਚ ਤਰੀਕਾਂ ਅੱਗੇ ਪਾਉਣ ਦੀਆਂ ਟਾਲਮਟੋਲ ਵਾਲੀਆਂ ਚਾਲਾਂ ਬੰਦ ਕਰਨ ਦੀ ਚੁਣੌਤੀ ਦਿੱਤੀ। ਉਨ੍ਹਾਂ ਜ਼ੋਰ ਦੇ ਕੇ ਕਿਹਾ, “ਜੇਕਰ ਭਗਵੰਤ ਮਾਨ ਸੱਚਮੁੱਚ ਆਪਣੀ ਪਤਨੀ ਨੂੰ ਪੂਰੀ ਤਰ੍ਹਾਂ ਬੇਕਸੂਰ ਮੰਨਦੇ ਹਨ, ਤਾਂ ਉਨ੍ਹਾਂ ਨੂੰ ਅਦਾਲਤ ਵਿੱਚ ਅਰਜ਼ੀ ਲਗਾ ਕੇ ਰੋਜ਼ਾਨਾ ਸੁਣਵਾਈ ਦੀ ਮੰਗ ਕਰਨੀ ਚਾਹੀਦੀ ਹੈ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਦਾ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ ਪਹਿਲਾਂ-ਪਹਿਲਾਂ ਕਲੀਨ ਚਿੱਟ ਹਾਸਲ ਕਰਨੀ ਚਾਹੀਦੀ ਹੈ।”

‘ਮਾਵਾਂ ਧੀਆਂ ਸਤਿਕਾਰ’ ਸਿਰਫ਼ ਇਸ਼ਤਿਹਾਰਾਂ ਤੱਕ ਸੀਮਤ; ਪੀੜਤਾ ਨੂੰ ਇਨਸਾਫ਼ ਕਦੋਂ: ਭਾਜਪਾ-
ਸੱਤਾਧਾਰੀ ਧਿਰ ਵੱਲੋਂ ਔਰਤਾਂ ਦੇ ਸਨਮਾਨ ਸਬੰਧੀ ਅਪਣਾਏ ਜਾ ਰਹੇ ਦੋਹਰੇ ਮਾਪਦੰਡਾਂ ’ਤੇ ਤਿੱਖਾ ਵਾਰ ਕਰਦਿਆਂ ਜਾਖੜ ਨੇ ਮੁੱਖ ਮੰਤਰੀ ਨੂੰ ਚੇਤੇ ਕਰਵਾਇਆ ਕਿ ਉਨ੍ਹਾਂ ਦੀ ਸਰਕਾਰ ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਦੇ ਇਸ਼ਤਿਹਾਰਾਂ ’ਤੇ ਕਰੋੜਾਂ ਰੁਪਏ ਬਰਬਾਦ ਕਰ ਰਹੀ ਹੈ। ਜਾਖੜ ਨੇ ਅਖ਼ੀਰ ਵਿੱਚ ਕਿਹਾ, “ਸਿਆਸੀ ਸਟੇਜਾਂ ਤੋਂ ‘ਮਾਵਾਂ ਧੀਆਂ ਸਤਿਕਾਰ’ ਦਾ ਢਿੰਢੋਰਾ ਪਿੱਟਣ ਵਾਲਿਆਂ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਇਸ ਬਲਾਤਕਾਰ ਕੇਸ ਦੀ ਪੀੜਤਾ ਵੀ ਕਿਸੇ ਦੀ ਧੀ ਜਾਂ ਮਾਂ ਹੈ। ਚੋਣਵੀਂ ਮੁਕੱਦਮੇਬਾਜ਼ੀ ਰਾਹੀਂ ਸਵਾਲਾਂ ਨੂੰ ਦਬਾਉਣ ਦੀ ਬਜਾਏ, ਉਸ ਪੀੜਤਾ ਦੀ ਇੱਜ਼ਤ ਅਤੇ ਇਨਸਾਫ਼ ਬਾਰੇ ਵੀ ਸੋਚਿਆ ਜਾਵੇ।”

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button