EDITORIAL

ਭਾਜਪਾ ਦੀ ਗੁਜਰਾਤ ‘ਚ ਇਤਿਹਾਸਿਕ ਜਿਤ, ਕੇਜਰੀਵਾਲ਼ ਦੀਆਂ ਗਰੰਟੀਆਂ ਨਹੀਂ ਚੱਲੀਆਂ

ਅਮਰਜੀਤ ਸਿੰਘ ਵੜੈਚ (94178-01988) 

ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਦੀਆਂ ਵਿਧਾਨ ਸਭਾਵਾਂ ਦੇ ਨਤੀਜਿਆਂ  ਨੇ  2024 ਲੋਕ ਸਭਾਂ ਚੋਣਾਂ ਲਈ ਬਿਗਲ ਵਜਾ ਦਿਤਾ ਹੈ । ਇਨ੍ਹਾਂ ਚੋਣਾਂ ਦੇ ਨਤੀਜੇ ਸਾਰੀਆਂ ਪਾਰਟੀਆਂ ਲਈ ਕਈ ਸਬਕ ਦੇ ਗਏ ਹਨ । ਹੁਣ ਸਵਾਲ ਇਹ ਪੈਦਾ ਹੋ ਰਹੇ ਹਨ ਕਿ ਕੀ ਨਰਿੰਦਰ ਮੋਦੀ ਦਾ ਮੁਕਾਬਲਾ ਕਰਨ ਲਈ 24 ‘ਚ  ਕੋਈ ਲੀਡਰ ਤਿਆਰ ਹੋ ਸਕੇਗਾ ? ਕੀ ਭਾਰਤ ਦੇ ਵੋਟਰ ਨੂੰ ਭਾਜਪਾ ਦੇ  ਹਿੰਦੂਤੱਵ ਵਾਲ਼ੇ ਤਲਿਸਮ ‘ਚੋਂ ਕੱਢਿਆ ਜਾ ਸਕੇਗਾ ?

ਗੁਜਰਾਤ ਦੇ ਨਤੀਜਿਆਂ ਨੂੰ ਹਿਮਾਚਲ ਦੇ ਨਤੀਜਿਆਂ ਨਾਲ਼ ਜੋੜਕੇ ਨਹੀਂ ਵੇਖਿਆ ਜਾ ਸਕਦਾ । ਭਾਵੇਂ ਰਾਜਾਂ ਦੀਆਂ ਚੋਣਾਂ ‘ਚ ਸਥਾਨਿਕ ਮੁੱਦੇ ਹੀ ਅਹਿਮ ਹੁੰਦੇ ਹਨ ਪਰ ਗੁਜਰਾਤ ਦੀ ਜਿਤ ਨੂੰ ਰਾਸ਼ਟਰੀ ਪਰੀਪੇਖ ‘ਚ ਵੇਖਣਾ ਬੜਾ ਜ਼ਰੂਰੀ ਹੈ ਕਿਉਂਕਿ ਭਾਜਪਾ 2014 ਤੋਂ ਹੁਣ ਤੱਕ ਗੁਜਰਾਤ ਦੇ ਵਿਕਾਸ ਮਾਡਲ ਨੂੰ ਪ੍ਰਚਾਰਦੀ ਰਹੀ ਹੈ ਤੇ ਵੋਟਰ ਵਿਸ਼ਵਾਸ਼ ਕਰਦੇ ਰਹੇ ਹਨ । ਇਹ ਭਾਜਪਾ ਦੀ ਸਮਰੱਥਾ ਹੈ ਕਿ ਉਸ ਦੇ ਨਾਅਰਿਆਂ ‘ਤੇ ਵੋਟਰ ਵਿਸ਼ਵਾਸ ਕਰਦਾ ਹੈ । ਦੂਜੇ ਪਾਸੇ ਵਿਰੋਧੀ ਧਿਰਾਂ ,ਖ਼ਾਸਕਰ ਆਜ਼ਾਦੀ ਮਗਰੋਂ ਸੱਭ ਤੋਂ ਲੰਮਾ ਸਮਾਂ ਦੇਸ਼ ‘ਤੇ ਰਾਜ ਕਰਨ ਵਾਲ਼ੀ ਕਾਂਗਰਸ ਪਾਰਟੀ, ਖ਼ਤਰਨਾਕ ਹੱਦ ਤੱਕ ਸਿਮਟ  ਹੀ ਨਹੀਂ ਗਈਆਂ  ਬਲਕਿ ਪਾਰੇ ਵਾਂਗ ਖਿਲਰ ਗਈਆਂ ਹਨ ।

ਪ੍ਰਧਾਨ ਮੰਤਰੀ  ਵੱਲੋਂ ਇਹ ਗੱਲ ਵਾਰ ਵਾਰ ਦੁਹਰਾਈ ਜਾਂਦੀ ਹੈ ਕਿ ਡਬਲ ਇੰਜਣ ਦੀ ਸਰਕਾਰ ਕਿਸੇ ਵੀ ਰਾਜ ਦਾ ਵੱਧ ਵਿਕਾਸ ਕਰ ਸਕਦੀ ਹੈ : ਭਾਜਪਾ ਕੋਲ਼ ਯੂਪੀ ਤੇ ਗੁਜਰਾਤ ਦੋ ਮਾਡਲ ਹਨ ਭਾਵੇਂ ਕਿ ਮੋਦੀ ਦਾ ਡਬਲ ਇੰਜਣ ਵਾਲ਼ਾ ਜੁਮਲਾ ਹਿਮਾਚਲ ਦੇ ਵੋਟਰਾਂ ਨੇ ਦਰਕਿਨਾਰ ਕਰਕੇ ਕਾਂਗਰਸ ਨੂੰ ਸਰਕਾਰ ਬਣਾਉਣ ਦਾ ਫ਼ੈਸਲਾ ਕੀਤਾ ਹੈ । ਕਾਂਗਰਸ ਨੂੰ ਹਿਮਾਚਲ ਦੀ ਜਿਤ ਨੂੰ 24 ਦੇ ਪ੍ਰਸੰਗ ‘ਚ ਵੀ ਵੇਖਣ ਦੀ ਲੋੜ ਨਹੀਂ ਕਿਉਂਕਿ ਹਿਮਾਚਲ ਦੀ ਚੋਣ ਸਮੇਂ ਕਾਂਗਰਸ ਦੀ ਰਾਸ਼ਟਰੀ ਲੀਡਰਸ਼ਿਪ  ਤਾਂ ਹਿਮਾਚਲ ‘ਚ ਆਈ ਹੀ ਨਹੀਂ । ਉਧਰ ਮੋਦੀ ਤੇ ਯੋਗੀ ਸਮੇਤ ਭਾਜਪਾ ਦੇ ਵੱਡੇ ਲੀਡਰ ਹਿਮਾਚਲ ‘ਚ ਗੇੜੀਆਂ ਲਾਉਂਦੇ ਰਹੇ ਤਾਂ ਵੀ  ਭਾਜਪਾ ਸੱਤਾ ‘ਚੋਂ ਬਾਹਰ ਹੋ ਗਈ ।

‘ਆਪ’ ਦਾ ਝਾੜੂ ਪੰਜਾਬ ਤੇ ਦਿੱਲੀ ਵਰਗਾ ਜਾਦੂ ਨਹੀਂ ਵਿਖਾ ਸਕਿਆ ।  ਗੁਜਰਾਤ ਤੇ ਹਿਮਾਚਲ ਲਈ ਕੇਜਰੀਵਾਲ ਤੇ ਭਗਵੰਤ ਮਾਨ ਸਮੇਤ ‘ਆਪ’ ਦੇ ਲੀਡਰ ਤੇ ਮੰਤਰੀ ਗੁਜਰਾਤ ‘ਚ ਛਾਉਣੀ ਪਾਕੇ ਬੈਠੇ ਰਹੇ ਤੇ ਹਿਮਾਚਲ ‘ਚ ਵੀ ਪੂਰਾ ਜ਼ੋਰ ਲਾਇਆ  ਪਰ ਪਾਰਟੀ ਗੁਜਰਾਤ ‘ਚ ਪੰਜ ਸੀਟਾਂ ਲੈਕੇ ਹੀ ਖੁਸ਼ ਹੋ ਗਈ ਹੈ ਕਿਉਂਕਿ ਗੁਜਰਾਤ ਦੀ ਵੋਟ ਪ੍ਰਤੀਸ਼ਤ ਨਾਲ਼ ‘ਆਪ’ ਰਾਸ਼ਟਰੀ ਪਾਰਟੀ ਬਣ ਗਈ ਹੈ  ਭਾਵੇਂ ਕਿ ਲੋਕ ਸਭਾ ‘ਚ ਪਾਰਟੀ ਦਾ ਇਕ ਵੀ ਮੈਂਬਰ ਨਹੀਂ । ਕੇਜਰੀਵਾਲ਼ ਨੇ ਗੁਜਰਾਤ ਦੇ ਇਕ ਰੋਡ ਸ਼ੋ ਸਮੇਂ ਕਾਗਜ਼ ਉਪਰ ਲਿਖ ਦਿਤਾ ਸੀ ਕਿ ਅੱਠ ਦਿਸੰਬਰ ਨੂੰ ਗੁਜਰਾਤ ‘ਚ ‘ਆਪ’ ਦੀ ਸਰਕਾਰ ਬਣੇਗੀ । ਆਪ ਨੇ ਗਰੰਟੀਆਂ ਵੀ ਦਿਤੀਆਂ ਪਰ ਹਿਮਾਚਲ ਤੇ ਗੁਜਰਾਤ ਨੇ ਯਕੀਨ ਨਹੀਂ ਕੀਤਾ । ਗੁਜਰਾਤ ‘ਚ ‘ਆਪ’ ਦੀਆਂ ਪੰਜ ਸੀਟਾਂ ਨਾਲ਼ ਭਾਜਪਾ ਨੂੰ ਕੰਨ ਤਾਂ ਹੋ ਗਏ ਹਨ ਕਿ 2027 ‘ਚ ਇਹ ਅੰਕੜਾ ਕੋਈ ਹੋਰ ਵੀ ਰੰਗ ਲਿਆ ਸਕਦਾ ਹੈ ਜਿਸ ਤਰ੍ਹਾਂ ਦਿੱਲੀ ਤੇ ਪੰਜਾਬ ‘ਚ ਹੋਇਆ ਸੀ ।

ਕਾਂਗਰਸ ਨੇ ਵੀ ਆਪਣੇ ਗੁਜਰਾਤ ਦੇ ਅਹਿਮਦਾਬਾਦ ਵਾਲ਼ੇ ਹੈਡਕੁਅਰਟਰ ‘ਤੇ ਇਕ ਉਲਟੀ ਗਿਣਤੀ ਵਾਲ਼ੀ ਘੜੀ ਲਾਈ ਗਈ ਸੀ ਜਿਸ ਦੇ ਥੱਲੇ  ਗੁਜਰਾਤੀ ‘ਚ ਲਿਖਿਆ ਗਿਆ ਸੀ ‘ਪਰਿਵਰਤਨ ਸਮਾਂ’ ਭਾਵ ਕਿ ਅੱਠ ਦਿਸੰਬਰ ਨੂੰ ਕਾਂਗਰਸ ਸਰਕਾਰ ਬਣਾਵੇਗੀ । ਗੁਜਰਾਤ ਦੇ ਵੋਟਰਾਂ ਨੇ ਨਾ ਸਿਰਫ਼ ਕਾਂਗਰਸ ਨੂੰ ਨਕਾਰਿਆ ਹੀ ਹੈ ਬਲਕਿ ਭਾਜਪਾ ਨੂੰ 2017 ਦੀਆਂ 99 ਸੀਟਾਂ ਦੇ ਮੁਕਾਬਲੇ ਕੁੱਲ 182 ਸੀਟਾਂ ‘ਚੋ 156 ਸੀਟਾਂ ਦੀ ਇਤਿਹਾਸਿਕ ਜਿਤ ਨਾਲ਼ ਭਾਰਤ ਨੂੰ ਇਕ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਭਾਜਪਾ ਹੀ ਦੇਸ਼ ‘ਤੇ ਰਾਜ ਕਰ ਸਕਦੀ ਹੈ ।

ਗੁਜਰਾਤ ਤੇ ਹਿਮਾਚਲ ਵਿੱਚ ‘ਆਪ’ ਦੀ ਕਾਰਗੁਜ਼ਾਰੀ  ਦਾ ਵੱਡਾ ਅਸਰ ਪੰਜਾਬ ‘ਚ ਪੈਣ ਵਾਲਾ ਹੈ ਕਿਉਂਕਿ ਪਹਿਲਾਂ ਸੰਗਰੂਰ ਦੀ ਲੋਕ ਸਭਾ ਚੋਣ ‘ਚ ਪਾਰਟੀ ਹਾਰ ਗਈ ਤੇ ਹੁਣ ਗੁਆਂਢੀ ਸੂਬੇ ਹਿਮਾਚਲ ‘ਚ ਪਾਰਟੀ ਇਕ ਵੀ ਸੀਟ ਪ੍ਰਾਪਤ ਨਹੀਂ ਕਰ ਸਕੀ । ਭਗਵੰਤ ਮਾਨ ਦਿੱਲੀ ‘ਚ ਨਗਰ ਨਿਗਮ ਦੀਆਂ ਚੋਣਾਂ ਜਿਤਣ ਮਗਰੋਂ ਇਹ ਦਾਅਵੇ ਨਾਲ਼ ਕਹਿ ਰਹੇ ਸਨ ਕਿ ਗੁਜਰਾਤ ‘ਚ ਵੀ ਕਰਿਸ਼ਮਾ ਹੋਵੇਗਾ   ਪਰ ਪਾਰਟੀ ਨੂੰ ਪੰਜ ਸੀਟਾਂ ਦੀ ਜਿਤ ਨਾਲ਼ ਨਮੋਸ਼ੀ ਹੀ ਸਹਿਣੀ ਪਈ ਹੈ ।

ਅਠਾਰਵੀ ਲੋਕ ਸਭਾ ਦੀਆਂ  ਚੋਣਾਂ ਲਈ ਹਾਲੇ ਪੂਰਾ ਇਕ ਸਾਲ ਪਿਆ ਹੈ । ਇਸ ਸਮੇਂ ਦੌਰਾਨ ਭਾਜਪਾ ਤਾਂ ਪੂਰਾ ਜ਼ੋਰ ਲਾਵੇਗੀ ਹੀ ਪਰ 2024 ‘ਚ  ਮੋਦੀ ਦੀ ਟੀਮ ਨੂੰ ਟੱਕਰ ਦੇਣ ਲਈ ਕਾਂਗਰਸ ਨੂੰ ਅੱਡੀਆਂ ਭਾਰ ਹੋਣਾ ਪਵੇਗਾ ਤੇ ‘ਆਪ’ ਨੂੰ ਤਾਂ ਹਾਲੇ ਲੰਮਾ ਸਮਾਂ ਇੰਤਜ਼ਾਰ ਕਰਨਾ ਪਵੇਗਾ । ਹਾਂ 2024 ‘ਚ ਪੰਜਾਬ ‘ਚ ਲੋਕ ਸਭਾ ਦੀਆਂ ਸੀਟਾਂ  ‘ਆਪ” ਲਈ ਵੱਡੀ ਸਿਰਦਰਦੀ ਬਣ ਸਕਦੀਆਂ  ਹਨ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button