
ਪੰਜਾਬ ਸਰਕਾਰ ਨੇ ਮੁੱਖ ਮੰਤਰੀ ਸਿਹਤ ਯੋਜਨਾ ਕਾਰਡਾਂ ਦੀ ਵੰਡ ਵਿੱਚ ਤੇਜ਼ੀ ਲਿਆਉਣ ਲਈ ਵੱਡੀ ਮੁਹਿੰਮ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਸਰਕਾਰ ਮੁਤਾਬਕ ਜਲਦ ਹੀ ਸੂਬੇ ਦੇ ਜ਼ਿਲ੍ਹਿਆਂ ਵਿੱਚ ਲਗਭਗ 33 ਲੱਖ ਮੁੱਖ ਮੰਤਰੀ ਸਿਹਤ ਯੋਜਨਾ ਕਾਰਡ ਉਪਲਬਧ ਹੋਣਗੇ। ਇਨ੍ਹਾਂ ਵਿੱਚੋਂ ਕਰੀਬ 31 ਲੱਖ ਕਾਰਡ ਪਹਿਲਾਂ ਹੀ ਜ਼ਿਲ੍ਹਿਆਂ ਤੱਕ ਪਹੁੰਚਾਏ ਜਾ ਚੁੱਕੇ ਹਨ, ਜਦਕਿ ਲਗਭਗ 2 ਲੱਖ ਹੋਰ ਕਾਰਡ ਜਲਦ ਮਿਲਣ ਦੀ ਉਮੀਦ ਹੈ।ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਸਰਕਾਰ ਵੱਲੋਂ ਉਨ੍ਹਾਂ 2,008 ਪਿੰਡਾਂ ਅਤੇ ਵਾਰਡਾਂ ਦੀ ਪਛਾਣ ਕੀਤੀ ਗਈ ਹੈ, ਜਿੱਥੇ 400 ਜਾਂ ਇਸ ਤੋਂ ਵੱਧ ਲਾਭਪਾਤਰੀ ਕਾਰਡ ਲਈ ਯੋਗ ਹਨ। ਇਨ੍ਹਾਂ ਥਾਵਾਂ ’ਤੇ ਵਿਸ਼ੇਸ਼ ਕੈਂਪ ਲਗਾ ਕੇ ਕਾਰਡ ਵੰਡੇ ਜਾਣਗੇ।ਸਰਕਾਰ ਵੱਲੋਂ ਇਨ੍ਹਾਂ ਕੈਂਪਾਂ ਵਿੱਚ ਕਾਰਡ ਵੰਡ ਦਾ ਕੰਮ ਸ਼ੁਰੂ ਹੋਣ ਤੋਂ ਬਾਅਦ ਇੱਕ ਹਫ਼ਤੇ ਦੇ ਅੰਦਰ ਮੁਕੰਮਲ ਕਰਨ ਦਾ ਟੀਚਾ ਰੱਖਿਆ ਗਿਆ ਹੈ। ਲਾਭਪਾਤਰੀਆਂ ਨੂੰ ਕੈਂਪਾਂ ਦੀ ਜਾਣਕਾਰੀ ਪਹਿਲਾਂ ਹੀ ਦਿੱਤੀ ਜਾਵੇਗੀ। ਆਸ਼ਾ ਵਰਕਰਾਂ, ਆਸ਼ਾ ਫੈਸਿਲੀਟੇਟਰਾਂ, ਸਿਹਤ ਮਿੱਤਰਾਂ ਅਤੇ ਹੋਰ ਫੀਲਡ ਸਟਾਫ਼ ਨੂੰ ਲਾਭਪਾਤਰੀਆਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਯਕੀਨੀ ਬਣਾਉਣ ਲਈ ਤਾਇਨਾਤ ਕੀਤਾ ਜਾਵੇਗਾ।ਜਿਨ੍ਹਾਂ ਪਿੰਡਾਂ ਅਤੇ ਵਾਰਡਾਂ ਵਿੱਚ 400 ਤੋਂ ਘੱਟ ਲਾਭਪਾਤਰੀ ਹਨ, ਉੱਥੇ ਪਹਿਲਾਂ ਵਾਂਗ ਘਰ-ਘਰ ਕਾਰਡ ਵੰਡ ਜਾਰੀ ਰਹੇਗੀ। ਕੈਂਪਾਂ ਤੋਂ ਬਾਅਦ ਵੀ ਜਿਹੜੇ ਕਾਰਡ ਵੰਡੇ ਨਹੀਂ ਜਾ ਸਕਣਗੇ, ਉਹ ਆਸ਼ਾ ਵਰਕਰਾਂ ਅਤੇ ਆਸ਼ਾ ਫੈਸਿਲੀਟੇਟਰਾਂ ਰਾਹੀਂ ਲਾਭਪਾਤਰੀਆਂ ਦੇ ਘਰਾਂ ਤੱਕ ਪਹੁੰਚਾਏ ਜਾਣਗੇ।ਘਰ-ਘਰ ਵੰਡ ਨੂੰ ਉਤਸ਼ਾਹਿਤ ਕਰਨ ਲਈ ਆਸ਼ਾ ਵਰਕਰਾਂ ਨੂੰ ਹਰ ਸਫ਼ਲਤਾਪੂਰਵਕ ਵੰਡੇ ਕਾਰਡ ਲਈ 10 ਰੁਪਏ, ਜਦਕਿ ਆਸ਼ਾ ਫੈਸਿਲੀਟੇਟਰਾਂ ਨੂੰ ਪ੍ਰਤੀ ਕਾਰਡ 2 ਰੁਪਏ ਪ੍ਰੋਤਸਾਹਨ ਰਾਸ਼ੀ ਦਿੱਤੀ ਜਾਵੇਗੀ। ਵੰਡ ਦਾ ਰਿਕਾਰਡ ਰੱਖਿਆ ਜਾਵੇਗਾ ਅਤੇ ਸਬੰਧਤ ਸਿਹਤ ਅਧਿਕਾਰੀਆਂ ਵੱਲੋਂ ਪ੍ਰੋਤਸਾਹਨ ਰਾਸ਼ੀ ਦੇ ਦਾਅਵਿਆਂ ਦੀ ਕਾਰਵਾਈ ਕੀਤੀ ਜਾਵੇਗੀ।ਸਰਕਾਰ ਨੇ ਕੈਂਪ ਆਧਾਰਿਤ ਮੁਹਿੰਮ ਤੋਂ ਬਾਅਦ ਬਾਕੀ ਰਹਿੰਦੇ ਕਾਰਡਾਂ ਨੂੰ ਅਗਲੇ ਦੋ ਹਫ਼ਤਿਆਂ ਅੰਦਰ ਘਰ-ਘਰ ਵੰਡਣ ਦਾ ਟੀਚਾ ਵੀ ਮਿਥਿਆ ਹੈ। ਇਸ ਤਰ੍ਹਾਂ ਸਰਕਾਰ ਵੱਲੋਂ ਕੁੱਲ ਮਿਲਾ ਕੇ ਦੋ ਹਫ਼ਤਿਆਂ ਦੇ ਸਮੇਂ ਵਿੱਚ ਕਾਰਡ ਵੰਡ ਮੁਹਿੰਮ ਨੂੰ ਵੱਧ ਤੋਂ ਵੱਧ ਮੁਕੰਮਲ ਕਰਨ ਦੀ ਯੋਜਨਾ ਬਣਾਈ ਗਈ ਹੈ।ਸਟੇਟ ਹੈਲਥ ਏਜੰਸੀ ਵੱਲੋਂ ਜ਼ਿਲ੍ਹਿਆਂ ਨੂੰ ਕਾਰਡਾਂ ਦੇ ਨਾਲ ਕਾਰਡ ਜੈਕਟਾਂ, ਲਿਫ਼ਾਫ਼ੇ ਅਤੇ ਬਰੋਸ਼ਰ ਸਮੇਤ ਲੋੜੀਂਦੀ ਸੂਚਨਾ, ਸਿੱਖਿਆ ਅਤੇ ਸੰਚਾਰ (IEC) ਸਮੱਗਰੀ ਵੀ ਉਪਲਬਧ ਕਰਵਾਈ ਗਈ ਹੈ।ਡਾ. ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਮੁੱਖ ਉਦੇਸ਼ ਸੂਬੇ ਦੇ ਹਰ ਯੋਗ ਲਾਭਪਾਤਰੀ ਨੂੰ ਮੁੱਖ ਮੰਤਰੀ ਸਿਹਤ ਯੋਜਨਾ ਦੇ ਘੇਰੇ ਵਿੱਚ ਲਿਆਉਣਾ ਹੈ। ਉਨ੍ਹਾਂ ਅਧਿਕਾਰੀਆਂ ਨੂੰ ਵੰਡ ਪ੍ਰਕਿਰਿਆ ਦੀ ਨੇੜਿਓਂ ਨਿਗਰਾਨੀ ਕਰਨ ਅਤੇ ਨਿਰਧਾਰਤ ਸਮਾਂ-ਸੀਮਾ ਤੇ ਮਿਆਰੀ ਸੰਚਾਲਨ ਪ੍ਰਕਿਰਿਆ ਦੀ ਪਾਲਣਾ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ।ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਮੁਹਿੰਮ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਕੋਈ ਵੀ ਯੋਗ ਲਾਭਪਾਤਰੀ ਸਿਹਤ ਯੋਜਨਾ ਦੇ ਲਾਭ ਤੋਂ ਵਾਂਝਾ ਨਾ ਰਹੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




