ਅਮਰਜੀਤ ਸਿੰਘ ਵੜੈਚ (94178-01988)
ਜਦੋਂ ਕਿਸੇ ਮਾਂ ਦਾ ਪਲ਼ਿਆ ਪਲ਼ਾਇਆ ਪੁੱਤਰ ਸਿਰਫ਼ ਇਸ ਕਰਕੇ ਜਾਨ ਗੁਆ ਬਹਿੰਦਾ ਹੈ ਕਿਉਂਕਿ ਉਹ ਬਹੁਤ ਤੇਜ਼ ਰਫ਼ਤਾਰ ਵਾਹਨ ਚਲਾ ਰਿਹਾ ਸੀ ਤੇ ਹਾਦਸੇ ਦਾ ਸ਼ਿਕਾਰ ਹੋ ਗਿਆ ਜਾਂ ਕਿਸੇ ਦੂਸਰੇ ਦੀ ਤੇਜ਼ ਰਫ਼ਤਾਰ ਕਾਰਨ ਉਸ ਦੀ ਜਾਨ ਚਲੀ ਗਈ ਤਾਂ ਉਸ ਮਾਂ ਨੂੰ ਪੁੱਛਕੇ ਵੇਖੋ ਕਿ ਉਸ ਮਾਂ ਦੇ ਦਿਲ ‘ਤੇ ਕੀ ਗੁਜ਼ਰਦੀ ਹੈ । ਕਿੰਨੀ ਮੁਸ਼ਕਿਲ ਨਾਲ਼ ਮਾਂਵਾਂ ਬੱਚਿਆਂ ਨੂੰ ਵੱਡਾ ਕਰਦੀਆਂ ਹਨ ਤੇ ਫਿਰ ਸਕਿੰਟਾਂ ‘ਚ ਹੀ ਮਾਂਵਾਂ ਦੇ ਪੁੱਤਰ ਉਨ੍ਹਾਂ ਦੇ ਹੱਥਾਂ ‘ਚੋਂ ਤਿਲਕ ਜਾਂਦੇ ਹਨ ।
ਇਸੇ ਵਰ੍ਹੇ, ਭਾਰਤ ਦੇ ਰੋਡ ਟਰਾਂਸਪੋਰਟ ਤੇ ਹਾਈਵੇ ਮੰਤਰੀ ਨਿਤਿਨ ਗਦਕਰੀ ਨੇ ਇਕ ਰਿਪੋਰਟ ‘ਚ ਦੱਸਿਆ ਸੀ ਕਿ ਦੁਨੀਆਂ ਵਿੱਚ ਹੋਣ ਵਾਲ਼ੇ ਹਰ ਦਸ ਹਾਦਸਿਆਂ ‘ਚ ਮਰਨ ਵਾਲ਼ੇ ਲੋਕਾਂ ‘ਚੋਂ ਇਕ ਭਾਰਤੀ ਹੁੰਦਾ ਹੈ । ਭਾਰਤ ‘ਚ ਸੜਕ ਹਾਦਸਿਆਂ ‘ਚ ਮਰਨ ਵਾਲ਼ਿਆਂ ‘ਚ ਮਰਦ ਹੀ ਵੱਧ ਹਨ ਤੇ ਅੋਰਤਾਂ ਘੱਟ ਹੁੰਦੇ ਹਨ । ਮਰਨ ਵਾਲ਼ਿਆਂ ‘ਚ 18 ਤੋਂ 45 ਸਾਲਾਂ ਦੀ ਉਮਰ ਵਾਲ਼ੇ ਵੱਧ ਲੋਕ ਹੁੰਦੇ ਹਨ ।
ਭਾਰਤ ‘ਚ ਸਾਲ 2021 ‘ਚ 1 ਲੱਖ 55 ਹਜ਼ਾਰ 622 ਲੋਕਾਂ ਦੀਆਂ ਮੌਤਾਂ ਹੋਈਆਂ ਸਨ ਜੋ ਕੋਵਿਡ ਤੋਂ ਪਹਿਲਾਂ 2019 ਨਾਲੋਂ 4400 ਤੋਂ ਵੱਧ ਸਨ : ਤਾਜ਼ਾ ਅੰਕੜਿਆਂ ਅਨੁਸਾਰ ਹਰ ਰੋਜ਼ ਇਕ ਹਜ਼ਾਰ ਤੋਂ ਵੱਧ ਸੜਕ ਹਾਦਸੇ ਹੁੰਦੇ ਹਨ ਤੇ ਹਰ ਰੋਜ਼ 365 ਵਿਅਕਤੀ ਜਾਨਾਂ ਗੁਆ ਬੈਠਦੇ ਹਨ ਤੇ ਸਾਢੇ ਨੌਂ ਸੌ ਤੋਂ ਵੱਧ ਵਿਅਕਤੀ ਜ਼ਖ਼ਮੀ ਹੋ ਜਾਂਦੇ ਹਨ । ਇਨ੍ਹਾ ਜ਼ਖ਼ਮੀਆਂ ‘ਚੋਂ ਵੀ ਕੁਝ ਦਮ ਤੋੜ ਜਾਂਦੇ ਹੋਣਗੇ ਜਿਸ ਬਾਰੇ ਕੋਈ ਰਿਕਾਰਡ ਨਹੀਂ ਮਿਲ਼ਦਾ ।
ਜੇਕਰ ਇਨ੍ਹਾ ਅੰਕੜਿਆਂ ਦਾ ਹੋਰ ਬਾਰੀਕੀ ਨਾਲ਼ ਵਿਸ਼ਲੇਸ਼ਣ ਕੀਤਾ ਜਾਵੇ ਤਾਂ ਪਤਾ ਲਗਦਾ ਹੈ ਕਿ ਸਾਡੇ ਦੇਸ਼ ‘ਚ ਹੁੰਦੇ ਸੜਕ ਹਾਦਸਿਆਂ ਵਿੱਚ ਹਰ ਰੋਜ਼ ਇਕ ਘੰਟੇ ਮਗਰੋਂ 15 ਵਿਅਕਤੀ ਦਮ ਤੋੜ ਜਾਂਦੇ ਹਨ ਤੇ ਤਕਰੀਬ 40 ਵਿਅਕਤੀ ਜ਼ਖ਼ਮੀ ਹੋ ਜਾਂਦੇ ਹਨ । ਇਹ ਤਾਂ ਜਾਨੀ ਨੁਕਸਾਨ ਦੀ ਗੱਲ ਹੈ ਇਸ ਤੋਂ ਇਲਾਵਾ ਵਾਹਨਾਂ ਦਾ ਮਾਲੀ ਨੁਕਸਾਨ ਤੇ ਪੁਲਿਸ ਦੇ ਕਰਮਚਾਰੀਆਂ ਦਾ ਸਮਾਂ, ਸਰਕਾਰੀ ਹੱਸਪਤਾਲ਼ਾਂ ਦੀਆਂ ਐਂਬੂਲੈਂਸਾਂ ਤੇ ਡਾਕਟਰਾਂ ‘ਤੇ ਪਿਆ ਕੰਮ ਦਾ ਬੋਝ, ਨਿੱਜੀ ਖਰਚੇ ਆਦਿ ਨੁਕਸਾਨ ਵੱਖਰੇ ਹਨ ।
ਹਾਦਸੇ ਸਿਰਫ਼ ਸੜਕਾਂ ਉਪਰ ਹੀ ਨਹੀਂ ਹੁੰਦੇ ਬਲਕਿ ਮ੍ਰਿਤਕਾਂ ਦੇ ਘਰਾਂ ਵਿੱਚ ਵੀ ਹਾਦਸੇ ਹੁੰਦੇ ਹਨ : ਇਨ੍ਹਾਂ ਹਾਦਸਿਆਂ ਤੋਂ ਮਗਰੋ ਕਈ ਬੱਚੇ ਯਤੀਮ ਹੋ ਜਾਂਦੇ ਹਨ, ਔਰਤਾਂ ਵਿਧਵਾ ਤੇ ਮਾਪੇ ਬੇਸਹਾਰਾ ਵੀ ਹੁੰਦੇ ਹਨ। ਕਈ ਪੀੜਤ ਲੋਕ ਸਾਰੀ ਉਮਰ ਲਈ ਅੰਗਹੀਣ ਹੋ ਜਾਂਦੇ ਹਨ ਕਈ ਕਮਾਉਣ ਜਾਂ ਤੁਰਨ ਫਿਰਨ ਦੇ ਕਾਬਲ ਨਹੀਂ ਰਹਿੰਦੇ ਤੇ ਸਾਰੀ ਉਮਰ ਲਈ ਪਰਿਵਾਰ ਦੀ ਜ਼ਿੰਮੇਵਾਰੀ ਬਣ ਜਾਂਦੇ ਹਨ । ਇਸ ਨੂੰ ਸਮਾਜਿਕ ਨੁਕਸਾਨ ਕਿਹਾ ਜਾਂਦਾ ਹੈ ।
ਪੰਜਾਬ ਦੀ ਸਥਿਤੀ ਵੀ ਬਹੁਤ ਖਤਰਨਾਕ ਹੈ : ਪੰਜਾਬ ‘ਚ ਸਾਲ 2011 ਤੋਂ 2020 ਦੇ ਦਸਾਂ ਸਾਲਾਂ ਵਿੱਚ 46 ਹਜ਼ਾਰ 550 ਮੌਤਾਂ ਹੋਈਆਂ ਭਾਵ ਹਰ ਰੋਜ਼ 12 ਤੋਂ 13 ਵਿਅਕਤੀ ਸੜਕ ਹਾਦਸਿਆਂ ਦੀ ਭੇਂਟ ਚੜ੍ਹਦੇ ਹਨ । ਪੰਜਾਬ ਪੁਲਿਸ ਦੀ ਰਿਪੋਰਟ ਅਨੁਸਾਰ 2018 ‘ਚ ਪੰਜਾਬ ‘ਚ 6411 ਹਾਦਸਿਆਂ ‘ਚ 4725 ਮੌਤਾਂ ਹੋਈਆਂ । ਇਸ ਰਿਪੋਰਟ ਤੋਂ ਪਤਾ ਲਗਦਾ ਹੈ ਕਿ ਪੰਜਾਬ ਦੇ ਲੁਧਿਆਣਾ,ਪਟਿਆਲ਼ਾ,ਮੁਹਾਲੀ,ਜਲੰਧਰ ਤੇ ਸੰਗਰੂਰ ਵਿੱਚ ਵੱਧ ਹਾਦਸੇ ਹੁੰਦੇ ਹਨ ਤੇ ਮੌਤਾਂ ਦੀ ਗਿਣਤੀ ਵੀ ਇਨ੍ਹਾਂ ਹੀ ਜ਼ਿਲ੍ਹਿਆਂ ‘ਚ ਵੱਧ ਹੈ । ਇਨ੍ਹਾ ਜ਼ਿਲ੍ਹਿਆਂ ਵਿੱਚ ਰਾਸ਼ਟਰੀ ਤੇ ਰਾਜ ਪੱਧਰ ਦੀਆਂ ਵਧੇਰੇ ਸੜਕਾਂ ਹਨ ਜਿਸ ਕਰਕੇ ਇਥੇ ਆਵਾਜਾਈ ਵੀ ਜ਼ਿਆਦਾ ਹੈ । ਪੰਜਾਬ ਵਿੱਚ 83 ਫ਼ੀਸਦ ਹਾਦਸੇ ਪੰਜਾਬ ਦੀਆਂ 4.8 ਫ਼ੀਸਦ ਮੁੱਖ ਯਾਨੀ ਰਾਸ਼ਟਰੀ ਤੇ ਰਾਜ ਸੜਕਾਂ ‘ਤੇ ਹੀ ਵਾਪਰਦੇ ਹਨ। ਇਕ ਰਿਪੋਰਟ ਅਨੁਸਾਰ ਇਕੱਲੇ ਪੰਜਾਬ ਦਾ ਹੀ ਇਨ੍ਹਾਂ ਹਾਦਸਿਆਂ ‘ਤੇ 55000 ਕਰੋੜ ਰੁ: ਦਾ ਸਮਾਜਿਕ ਨੁਕਸਾਨ ਹੋ ਜਾਂਦਾ ਹੈ ।
ਸਾਲ 2016 ‘ਚ ਸਟੇਟ ਟਰਾਂਸਪੋਰਟ ਕਾਰਪੋਰੇਸ਼ਨ ,ਪੰਜਾਬ ਦੀ ਇਕ ‘ਸੜਕ ਸੁਰੱਖਿਆ ਯੋਜਨਾ’ ਦੇ ਨੋਟੀਫ਼ੀਕੇਸ਼ਨ ‘ਚ ਮੰਨਿਆ ਗਿਆ ਸੀ ਕਿ ਪੰਜਾਬ ਵਿੱਚ ਹਾਦਸਿਆਂ ਦੇ ਵਧਣ ਦਾ ਕਾਰਨ ਵਾਹਨਾਂ ਦਾ ਵਧਣਾ ਪਰ ਉਸ ਹਿਸਾਬ ਨਾਲ਼ ਸੜਕਾਂ ਦਾ ਵਾਧਾ ਤੇ ਸੜਕਾਂ ਦਾ ਵਿਕਾਸ ਨਾ ਹੋਣਾ ਅਤੇ ਸੜਕ ਸੁਰੱਖਿਆ ਲਈ ਆਧੁਨਿਕ ਤਰੀਕਿਆਂ ਅਤੇ ਸਾਮਾਨ ਦੀ ਘਾਟ ਹੈ । ਦੇਸ਼ ਵਿੱਚ ਇਕ ਲੱਖ ਪਿਛੇ ਮਰਨ ਵਾਲਿਆਂ ਦੀ ਦਰ 12.8 ਹੈ ਤੇ ਪੰਜਾਬ ਵਿੱਚ ਇਹ ਦਰ 12 ਹੈ ।
ਹਾਦਸਿਆਂ ਦੇ ਮੁੱਖ ਕਾਰਨਾਂ ‘ਚ ਤੇਜ਼ ਰਫ਼ਤਾਰ, ਲਾਪਰਵਾਹੀ,ਨਸ਼ਾ,ਥਕਾਵਟ,ਨਿਯਮਾਂ ਦੀ ਉਲੰਘਣਾ/ ਜਾਣਕਾਰੀ ਦੀ ਘਾਟ,ਗਿਲੀ ਸੜਕ, ਸੜਕਾਂ ਦੀ ਮਾੜੀ ਹਾਲਤ,ਮਾਨਸਿਕ ਪ੍ਰੇਸ਼ਾਨੀ, ਵਾਹਨ ਦੀ ਖਰਾਬੀ,ਜੋਸ਼,ਸਟੰਟਬਾਜ਼ੀ,ਫ਼ੁਕਰਾਪੰਥੀ,ਮੁਬਾਇਲ ਫ਼ੋਨ ਆਦਿ ਹਨ ।
ਪੰਜਾਬ ‘ਚ ਸੜਕ ਹਾਦਸਿਆਂ ਦੀ ਸਮੱਸਿਆ ਵੀ ਨਸ਼ੇ,ਗੈਂਗਸਟਰ,ਮਾਈਨਿੰਗ,ਕਿਸਾਨ ਖ਼ੁਦਕਸ਼ੀਆਂ,ਬੇਰੁਜ਼ਗਾਰੀ,ਵਿਦੇਸ਼ਾਂ ਵੱਲ ਉਡਾਰੀਆਂ ਵਾਂਗ ਬਹੁਤ ਗੰਭੀਰ ਹੈ ਜਿਸ ‘ਤੇ ਸਰਕਾਰ ਨੂੰ ਬਹੁਤ ਗੰਭੀਰਤਾ ਨਾਲ਼ ਐਕਸ਼ਨ ਪਲਾਨ ਬਣਾਕੇ ਫੌਰੀ ਅਮਲ ਕਰਨ ਦੀ ਲੋੜ ਹੈ ਤਾਂ ਕਿ ਲੋਕਾਂ ਦੇ ਘਰ ਉਜੜਣਨ ਤੋਂ ਬਚਾਏ ਜਾ ਸਕਣ । ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਸੜਕਾਂ ‘ਤੇ ਸੁਰੱਖਿਅਤ ਸਫ਼ਰ ਲਈ ਕੋਈ ਵਿਸ਼ੇਸ਼ ਯੋਜਨਾ ਜਲਦੀ ਤੋਂ ਜਲਦੀ ਬਣਾਕੇ ਲਾਗੂ ਕਰਨੀ ਚਾਹੀਦਾ ਹੈ ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.