EDITORIAL

ਪੈੱਗ 25 ਮਸ਼ਹੂਰ ਸਾਡਾ ਜ਼ਿਲ੍ਹਾ ਸੰਗਰੂਰ

ਅੰਗਰੇਜ਼ ਤੇ ਮੌਜੂਦਾ ਲੀਡਰ ਬਰੋ-ਬਰੋਬਰ

ਅਮਰਜੀਤ ਸਿੰਘ ਵੜੈਚ (94178-01988)

ਸੰਗਰੂਰ ਜੀਂਦ ਰਿਆਸਤ ਦੀ ਰਾਜਧਾਨੀ ਸੀ। ਸੰਤਾਲੀ ਦ‌ੀ ਵੰਡ ਮਗਰੋਂ ਜੀਂਦ ਰਿਆਸਤ ਭਾਰਤ ਦੀ ਪੈਪਸੂ (PEPSU-Patiala and East Punjab States Union) ਵਿੱਚ ਸ਼ਾਮਿਲ ਹੋ ਗਈ ਸੀ। ਰਿਆਸਤਾਂ ਸਮੇਂ ਰਿਆਸਤ ਦੀ ਜਨਤਾ ਰੱਬ ਆਸਰੇ ਹੀ ਹੁੰਦੀ ਸੀ। ਰਿਆਸਤਾਂ ਦੇ ਰਾਜੇ ਅੰਗਰੇਜ਼ੀ ਹਕੂਮਤ ਦੀ ਚਾਪਲੂਸੀ ਵਿੱਚ ਰਹਿੰਦੇ ਸਨ। ਜੀਂਦ ਦਾ ਵੀ ਇਹੋ ਹੀ ਹਾਲ ਸੀ।

ਰਾਜੇ ਅਤੇ ਰਾਣੀਆਂ ਬਾਰੇ ਬੇਬਾਕੀ ਨਾਲ ਦੋ ਕਿਤਾਬਾਂ ਲਿਖਣ ਵਾਲੇ ਦੀਵਾਨ ਜਰਮਨੀ ਦਾਸ ਨੇ ਰਾਜਿਆਂ ਬਾਰੇ ਬੜੀਆਂ ਹੀ ਦਿਲਚਸਪ ਅਤੇ ਦਿਲ ਕੰਬਾਊ ਸੱਚਾਈਆਂ ਲਿਖੀਆਂ ਹਨ (BOOK- MAHARAJA)। ਜੀਂਦ ਰਿਆਸਤ ਦਾ ਅਖੀਰਲਾ ਰਾਜਾ ਸਰ ਰਣਬੀਰ ਸਿੰਘ ਰਾਜਿੰਦਰ ਬਹਾਦੁਰ ਬੋਲਾ ਸੀ ਜੋ 75 ਸਾਲਾਂ ਤੱਕ ਜੀਵਿਆ।ਇਹ ਵੀ ਕਿਤੇ ਜ਼ਿਕਰ ਆਉਂਦਾ ਹੈ ਕਿ ਉਹ ਸਿਰਫ਼ ਸੱਜੇ ਕੰਨ ਤੋਂ ਬੋਲਾ ਸੀ ਪਰ ਦੂਜੇ ਕੰਨ ਚੋਂ ਨਾਂ ਸੁਣਨ ਦਾ ‘ਨਾਟਕ’ ਕਰਦਾ ਸੀ।

ਉਹ ਦੇਰ ਰਾਤ ਤੱਕ ਜਾਗਦਾ ਸੀ ਅਤੇ ਸੁਵੱਖਤੇ ਜਦੋਂ ਚਾਰ ਵਜੇ ਲੋਕ ਰੱਬ ਦਾ ਨਾਮ ਧਿਆਉਣ ਲਈ ਉੱਠ ਪੈਂਦੇ ਹਨ ਉਸ ਵਕਤ ਸਰ ਬਹਾਦੁਰ ਸੌਂ ਜਾਂਦੇ ਸਨ ਅਤੇ ਅਗਲੀ ਭਲਕ ਸ਼ਾਮ ਨੂੰ ਚਾਰ ਵਜੇ ਉੱਠਦੇ ਸਨ। ਰਾਜੇ ਦੇ ਹੁਕਮਾਂ ਅਨੁਸਾਰ ਜਿਸ ਵਕਤ ਰਾਜੇ ਦੀ ‘ਸਵੇਰ’ ( ਸ਼ਾਮ ਦੇ ਚਾਰ) ਸਮੇਂ ਉਹ ਉਠਦਾ ਸੀ ਤਾਂ ਉਸ ਦੇ ਮੱਥੇ ਸਿਰਫ਼ ਉਹ ਔਰਤਾਂ ਹੀ ਲੱਗ ਸਕਦੀਆਂ ਸਨ ਜਿਨ੍ਹਾਂ ਦੀ ਸਿਫ਼ਾਰਿਸ਼ ਜੋਤਿਸ਼ ਅਨੁਸਾਰ, ਸੰਗਰੂਰ ਦਰਬਾਰ ਦੇ ਪੰਡਿਤ ਕਰਨ ਚੰਦ ਕਰਦੇ ਸਨ। ਰਾਜਾ ਬਹੁਤ ਹੀ ਵਹਿਮੀ ਸੀ। ਜਦੋਂ ‘ਰਾਜਾ ਸਾਹਿਬ’ ਨੇ ਉੱਠਣਾ ਹੁੰਦਾ ਸੀ ਤਾਂ ਉਸ ਵਕਤ ਕੁਝ ਖਾਸ ਤਰੀਮਤਾਂ ਉਸ ਦੇ ਪੈਰ ਅਤੇ ਲੱਤਾਂ ਘੁਟਦੀਆਂ ਸਨ।

ਰਾਜਾ ਜੀ ਰਾਤ ਨੂੰ ਡਿਨਰ ਕਰਨ ਮਗਰੋਂ ਰਿਆਸਤ ਦੇ ਅਧਿਕਾਰੀਆਂ ਅਤੇ ਮਹਿਮਾਨਾਂ ਨਾਲ ਆਪਣੀਆਂ ਪਸੰਦੀਦਾ ਖੇਡਾਂ ਤਾਸ਼ ਅਤੇ ਬਿਲੀਅਰਡਜ਼ ਖੇਡਦੇ ਸਨ ਜਿਸ ਵਿੱਚ ਅਕਸਰ ਉਹ ਹਜ਼ਾਰਾਂ ਰੁਪਈਏ ਰੋਜ਼ ਹਾਰ ਜਾਂਦਾ ਸੀ। ਖੇਡਾਂ ਦੇ ਖਤਮ ਹੋਣ ਤੱਕ ‘ਸਰ ਬਹਾਦੁਰ’ 25 ਪੈੱਗ ਬਰਾਂਡੀ ਦੇ ਪੀਕੇ ‘ਬਹਾਦੁਰ’ ਹੋ ਜਾਂਦੇ ਸਨ ਅਤੇ ਫਿਰ ਅਗਲੇ 12 ਘੰਟਿਆਂ ਲਈ ਸੌਂ ਜਾਂਦੇ ਸਨ। ਰਾਜਾ ਜੀ ਸਾਲ ਦੇ 365 ਦਿਨਾਂ ‘ਚੋਂ  130 ਦਿਨ ਘੁੰਮਦੇ ਫਿਰਦੇ ਸਨ ਅਤੇ ਬਾਕੀ ਸਮਾਂ ਖੇਡਾਂ ਖੇਡ ਕੇ ਗੁਜ਼ਾਰਦੇ ਸਨ। ‘ਸਰ ਬਹਾਦੁਰ, ਕੋਈ ਵੀ ਕੰਮ ਛੱਡ ਸਕਦੇ ਸਨ ਪਰ 25 ਪੈੱਗ ਬਰਾਂਡੀ ਦੇ ਨਹੀਂ ਸੀ ਤਿਆਗ ਸਕਦੇ।

ਜਦੋਂ ‘ਸਰ ਬਹਾਦੁਰ’ ਤਿਆਰ ਹੋ ਕੇ ਦਰਬਾਰ ਹਾਲ ਵਿੱਚ ਆਉਂਦੇ ਸਨ ਤਾਂ ਜੇਕਰ ਉਹ ਆਪਣੇ ਅਧਿਕਾਰੀਆਂ ਨਾਲ ਗੱਲ ਕਰ ਲੈਂਦੇ ਸਨ ਤਾਂ ਇਸਦਾ ਮਤਲਬ ਹੁੰਦਾ ਸੀ ਕਿ ਉਹ ਰਿਆਸਤ ਦਾ ਸਰਕਾਰੀ ਕੰਮ-ਕਾਜ ਕਰਨਗੇ ਪਰ ਜੇਕਰ ਉਹ ਚੁੱਪਚਾਪ ਉਨ੍ਹਾਂ ਕੋਲੋਂ ਲੰਘ ਜਾਂਦੇ ਸਨ ਤਾਂ ਕੋਈ ਵੀ ਅਧਿਕਾਰੀ ਸਰਕਾਰੀ ਕੰਮ ਦ‌ੀ ਗੱਲ ਨਹੀਂ ਕਰ ਸਕਦੇ ਸੀ। ਇਥੋਂ ਤੱਕ ਕਿ ਰਿਆਸਤ ਦੇ ਪ੍ਰਧਾਨ-ਮੰਤਰੀ ਅਤੇ ਚੀਫ਼ ਸਕੱਤਰ ਵੀ ਹਿੰਮਤ ਨਹੀਂ ਸੀ ਕਰਦੇ। ਰਾਜਾ ਰਣਬੀਰ ਸਿੰਘ ਨਹਾਉਣ ਤੋਂ ਪਹਿਲਾਂ ਚਾਹ ਅਤੇ ਸ਼ੈਮਪੇਨ ਪੀਣ ਦੇ ਸ਼ੌਕੀਨ ਸਨ ਜੋ ਉਹ ਬਦਲਕੇ ਕਈ ਕੱਪ ਅਤੇ ਪੈੱਗ ਪੀ ਜਾਂਦੇ ਸੀ ਅਤੇ ਫਿਰ ਨਾਰੀਅਲ ਦੇ ਤੇਲ ਦੀ ਮਾਲਿਸ਼ ਕਰਵਾਕੇ ਫ੍ਰੈਂਚ ਖੂਸ਼ਬੂਦਾਰ ਇਸ਼ਨਾਨ ਕਰਦੇ ਸਨ।

ਜਰਮਨੀ ਦਾਸ ਲਿਖਦੇ ਹਨ ਕਿ ਜਦੋਂ ਇਕ ਵਾਰ ਰਾਜੇ ਨੇ ਵਾਇਸ ਰਾਏ ਦੀ ਮਨਜ਼ੂਰੀ ਨਾਲ ਇਕ ਮੁੱਖ-ਮੰਤਰੀ ਲਾਇਆ ਤਾਂ ਉਹ ਜਨਤਾ ਲਈ ਇਕ ਬਹੁਤ ਹੀ ਜ਼ਾਲਿਮ ਸਿੱਧ ਹੋਇਆ ਕਿਉਂਕਿ ਰਾਜਾ ਖ਼ੁਦ ਤਾਂ ਰਿਆਸਤ ਦੇ ਲੋਕਾਂ ‘ਚ ਦਿਲਚਸਪੀ ਨਹੀਂ ਸੀ ਲੈਂਦਾ। ਰਾਜਾ ਜਾਂ ਤਾਂ ਸ਼ਰਾਬ ਪੀਂਦਾ ਸੀ ਜਾਂ ਸੁੱਤਾ ਰਹਿੰਦਾ ਸੀ। ਉਹ ਬੋਲਾ, ਪਿਆਕੜ ਅਤੇ ਅਯਾਸ਼ ਸੀ ; ਇਸ ਦੇ ਬਾਵਜੂਦ ਅੰਗਰੇਜ਼ਾਂ ਨੇ ਉਸ ਨੂੰ ਭਾਰਤ ਦੀਆਂ ਰਿਆਸਤਾਂ ਦੇ ਰਾਜਿਆਂ ‘ਚੋ ਸੱਭ ਤੋਂ ‘ਉਤਮ’ ਟਾਇਟਲਾਂ ਨਾਲ ‘ਸਨਮਾਨਿਤ’ ਕੀਤਾ ਸੀ। ਅਜਿਹੇ ਸਨਮਾਨ ਅੰਗਰੇਜ਼ ਆਪਣੇ ਲੋਕਾਂ ਨੂੰ ਵੀ ਨਹੀਂ ਸੀ ਦਿੰਦੇ। ਇਥੇ ਬੱਸ ਨਹੀਂ ‘ਸਰ ਬਹਾਦੁਰ’ ਦਾ ਵਿਆਹ ਵੀ ਮੇਮ ਡੌਰਥੇ ਨਾਲ ਕੀਤਾ ਹੋਇਆ ਸੀ।

ਅੰਗਰੇਜ਼ ਕਿਵੇਂ ਸਿੱਧੇ-ਸਾਧੇ ਭਾਰਤੀ ਰਾਜਿਆਂ ਨੂੰ ਆਪਣੀਆਂ ਚਾਲਾਂ ਵਿੱਚ ਫਸਾਕੇ ਭਾਰਤ ਨੂੰ ਲੁੱਟਦੇ ਰਹੇ ਸੰਗਰੂਰ ਦਾ ਰਾਜਾ ਇਕ ਚੰਗੀ ਉਦਾਹਰਣ ਹੈ। ਹੁਣ ਸਾਡੇ ਮੌਜੂਦਾ ਲੀਡਰ ਲੋਕਾਂ ਨੂੰ ਭਾਵਨਾਤਮਿਕ ਢੰਗਾਂ ਨਾਲ ‘ਉਤਮ ਟਾਇਟਲ’ ਦੇ ਕੇ ਮੂਰਖ ਬਣਾਉਣ ਦੀ ਕੋਸ਼ਿਸ਼ ਵਿੱਚ ਲੱਗੇ ਰਹਿੰਦੇ ਹਨ। ਫ਼ਰਕ ਸਿਰਫ਼ ਏਨਾ ਹੀ ਹੈ ਕਿ ਪਹਿਲਾਂ ਜਨਤਾ ਨੂੰ ਬਗਾਨੇ ਲੁੱਟਦੇ ਸੀ ਹੁਣ ਘਰ ਵਾਲੇ ਹੀ ਲੁੱਟ ਰਹੇ ਹਨ। ਹੁਸ਼ਿਆਰ ਹੋ ਜਾਓ !

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button