EDITORIAL

ਪੁਲਿਸ ਲੋਕਾਂ ਲਈ ਦੋਸਤ ਬਣੇ, ਪੁਲਿਸ ਲੋਕਾਂ ਲਈ ਦੋਸਤ ਬਣੇ

ਅਮਰਜੀਤ ਸਿੰਘ ਵੜੈਚ (94178-01988) 

ਅੱਜ  ਦੇਸ਼ ਵਿੱਚ ‘ਪੁਲਿਸ ਯਾਦਗਾਰ ਦਿਵਸ’ ਮਨਾਇਆ ਜਾ ਰਿਹਾ ਹੈ : ਇਹ ਦਿਨ ਉਨ੍ਹਾਂ 10 ਸੀਆਰਪੀਐੱਫ ਤੇ ਬਾਕੀ ਫੋਰਸਾਂ ਦੇ ਬਹਾਦਰ ਤੇ ਜਾਂਬਾਜ਼ ਯੋਧਿਆਂ ਦੀ ਯਾਦ ‘ਚ ਮਾਨਇਆ ਜਾਂਦਾ ਹੈ ਜੋ 21 ਅਕਤੂਬਰ 1959 ਨੂੰ ਉੱਤਰ ਵਿੱਚ ਲੱਦਾਖ ਦਾ ਨਾਲ਼ ਲੱਗਦੀ ਭਾਰਤ-ਚੀਨ ਸਰਹੱਦ ‘ਤੇ ਦੇਸ਼ ਦੀ ਨਿਗਰਾਨੀ ਕਰਦਿਆਂ ਚੀਨ ਦੀ ਪੀਐੱਲਏ (ਪੀਪਲਜ਼ ਲਿਬਰੇਸ਼ਨ ਆਰਮੀ) ਵੱਲੋਂ ਅੰਨ੍ਹੇਵਾਹ ਫਾਇਰਿੰਗ  ਕਾਰਨ  ਸ਼ਹੀਦ ਹੋ ਗਏ ਸਨ ।

ਚੀਨ ਨਾਲ਼ ਆਜ਼ਾਦੀ ਤੋਂ ਮਗਰੋਂ ਤੋਂ ਹੀ ਗਰਮੋ-ਗਰਮੀ ਹੁੰਦੀ ਆ ਰਹੀ ਹੈ । ਮਾਰਚ 1959 ‘ਚ ਚੀਨ ਨੇ ਤਿੱਬਤ ਨਾਲ਼ ਲੱਗਦੇ ਭਾਰਤ-ਚੀਨ ਬਾਰਡਰ ‘ਤੇ ਸੜਕ ਉਸਾਰੀ ਦਾ ਕੰਮ ਸ਼ੁਰੂ ਕਰ ਦਿਤਾ ਸੀ । 20 ਅਕਤੂਬਰ 1959 ਨੂੰ ਇਸ ਦੀ ਨਿਗਰਾਨੀ ਕਰਦੇ ਭਾਰਤੀ ਇੰਡੋ-ਤਿੱਬਤ ਫੋਰਸ ਦੇ ਜਵਾਨ,ਜਿਨ੍ਹਾਂ ਵਿੱਚ ਸੀਆਰਪੀਐੱਪ ਤੇ ਕੁਝ ਹੋਰ ਫੋਰਸਾਂ ਦੇ ਸਿਪਾਹੀ ਵੀ ਸਨ, ਹੌਟ ਸਪਰਿੰਗ ਖੇਤਰ ‘ਚ ਤਿੰਨ ਟੁਕੜੀਆਂ ਵਿੱਚ ਗਸ਼ਤ ਕਰਨ ਗਏ । ਸ਼ਾਮ ਨੂੰ ਦੋ ਟੁਕੜੀਆਂ ਵਾਪਸ ਆ ਗਈਆਂ ਪਰ ਇਕ ਟੁਕੜੀ ਵਾਪਸ ਨਾ ਪਹੁੰਚੀ । ਅੱਧੀ ਰਾਤ ਤੱਕ ਬਰਫ ਜੰਮੀ ਰਾਤ ‘ਚ  ਭਾਲ਼ ਕੀਤੀ ਗਈ ਪਰ ਕੋਈ ਵੀ ਸੁਰਾਗ ਨਾ ਮਿਲ਼ਿਆ ।

ਅਗਲੇ ਦਿਨ 21 ਅਕਤੂਬਰ ਨੂੰ ਗੁੰਮ ਹੋਏ ਜਵਾਨਾਂ ਦੀ ਭਾਲ਼ ‘ਚ ਬਾਕੀ ਜਵਾਨ ਉਸੇ ਥਾਂ ਪਹੁੰਚੇ : ਸਿਖਰ ਟੀਸੀਆਂ ਤੇ ਬੈਠੇ ਚੀਨੀ ਸਿਪਾਹੀਆਂ ਨੇ ਬਿਨਾ ਕਿਸੇ ਵਜਾਹ ਦੇ ਇਨ੍ਹਾਂ ਸਿਪਾਹੀਆਂ ‘ਤੇ ਅੰਨ੍ਹੇਵਾਹ ਗੋਲੀਬਾਰੀ ਕਰ ਦਿਤੀ ਜਿਸ ‘ਚ ਦਸ ਜਾਵਨ ਸ਼ਹੀਦ ਹੋ ਗਏ । ਇਸ ਸਮੇਂ ਹੀ ਚੀਨੀ ਸਿਪਾਹੀਆਂ ਨੇ ਇਸ ਖੋਜ ਪਾਰਟੀ ਦੇ ਲੀਡਰ ਕਰਮ ਸਿੰਘ ਨੂੰ ਬੰਧਕ ਬਣਾ ਕੇ ਬਹੁਤ ਤਸੀਹੇ ਦਿੱਤੇ । ਇਸ ਮਗਰੋਂ ਦੋਹਾਂ ਮੁਲਕਾਂ ‘ਚ ਚੱਲੀ ਲੰਮੀ ਗੱਲਬਾਤ ਮਗਰੋਂ ਚੀਨ  ਕਰਮ ਸਿੰਘ ਨੂੰ ਭਾਰਤ ਕੋਲ਼ ਸੌਂਪਣ ਲਈ ਤਿਆਰ ਹੋ ਗਿਆ ।  ਦਸ ਸ਼ਹੀਦਾਂ ਦੀਆਂ ਦੇਹਾਂ ਚੀਨ ਨੇ ਅਗਲੇ ਮਹੀਨੇ 28 ਨਵੰਬਰ ਨੂੰ ਵਾਪਸ ਭਾਰਤ ਨੂੰ ਸੌਂਪ ਦਿਤੀਆਂ । ਹੌਟ ਸਪਰਿੰਗ ਖੇਤਰ ਅਕਸਾਈ ਚਿੰਨ੍ਹ ਦੇ ਨੇੜੇ ਸਮੁੰਦਰ ਤੱਲ ਤੋਂ 15 ਤੋਂ 16 ਹਜ਼ਾਰ ਫੁੱਟ ਦੀ ਉਚਾਈ ‘ਤੇ ਸਥਿਤ ਹੈ ।  ਦਰਅਸਲ ਚੀਨ ਦਾ ਭਾਰਤ ਤੇ 1962 ‘ਚ ਹਮਲਾ ਇਸੇ ਘਟਨਾ ਦੀ ਹੀ ਕੜੀ ਬਣਿਆ ਸੀ । ਇਹ ਦਿਨ 1960 ਤੋਂ ਮਨਾਇਆ ਜਾ ਰਿਹਾ ਹੈ ।

ਭਾਰਤ ਦੇ ਵੱਖ-ਵੱਖ ਹਿੱਸਿਆਂ ‘ਚ ਕਈ ਮੌਕਿਆਂ ‘ਤੇ ਭਾਰਤ ਦੇ ਵੱਖ-ਵੱਖ ਰਾਜਾਂ ਦੀਆਂ ਪੁਲਿਸ ਪਾਰਟੀਆਂ ਡਿਊਟੀ ਦਿੰਦਿਆਂ ਕਈ ਵਾਰ ਬੜੀਆਂ ਗੰਭੀਰ ਸਥਿਤੀਆਂ ‘ਚ ਫਸ ਜਾਂਦੀਆਂ ਹਨ । ਹਾਲੇ ਪਿਛਲੇ ਮਹੀਨੇ ਹੀ ਕੋਲਕਾਤਾ ‘ਚ ਬੰਗਾਲ ਦੀ ਪੁਲਿਸ  ਦੇ ਸਿਪਾਹੀਆਂ ਨੂੰ ਇਕ ਰਾਜਸੀ ਪਾਰਟੀ ਦੇ ਵਰਕਰਾਂ ਨੇ ਬਹੁਤ ਬੁਰੀ ਤਰ੍ਹਾਂ ਕੁਟਿਆ ਸੀ । ਹਾਲ ਹੀ ਵਿੱਚ ਪੰਜਾਬ ਦੇ ਕਪੂਰਥਲਾ ਸ਼ਹਿਰ ‘ਚ ਕੁਝ ਲੋਕਾਂ ਨੇ ਦੋ ਪੰਜਾਬ ਪੁਲਿਸ ਦੇ ਕਰਮਚਾਰੀਆਂ ਨੂੰ ਬਹੁਤ ਬੁਰੀ ਤਰ੍ਹਾਂ ਜ਼ਖ਼ਮੀ ਕੀਤਾ ਸੀ । ਇਸਦੇ ਬਿਲਕੁਲ ਉਲਟ ਜਦੋਂ ਕਿਸਾਨ ਅੰਦੋਲਨ ਨੇ ਪੰਜਾਬ ਦੇ ਬਾਰਡਰ ਤੋਂ ਹਰਿਆਣੇ ਰਾਹੀਂ ਦਿੱਲੀ ਵੱਲ ਵਹੀਰਾਂ ਘੱਤੀਆਂ ਸਨ ਤਾਂ ਜਿਹੜੇ ਪੁਲਿਸ ਵਾਲ਼ੇ ਕਿਸਾਨ ਅੰਦੋਲਨਕਾਰੀਆਂ ‘ਤੇ ਪਾਣੀ ਦੀਆਂ ਬੌਛਾਰਾਂ ਕਰ ਰਹੇ  ਸਨ ਤੇ ਹੰਝੂਆਂ ਦੇ ਗੋਲ਼ੇ ਸੁੱਟ ਰਹੇ ਸਨ ਓਹ ਹੀ  ਪੁਲਿਸ ਵਾਲ਼ੇ ਰਾਤ ਨੂੰ  ਇਕੱਠਿਆਂ ਬੈਠ ਕੇ ਪਸ਼ਾਦੇ ਵੀ ਸ਼ਕ ਰਹੇ ਸਨ ।

ਪੰਜਾਬ ਵਿੱਚ ਖਾੜਕੂਵਾਦ/ਅੱਤਵਾਦ ਦੇ ਦਿਨਾਂ ਦੌਰਾਨ ਵੱਡੀ ਗਿਣਤੀ ‘ਚ ਪੁਲਿਸ ਵਾਲ਼ੇ ਸ਼ਹੀਦ ਹੋਏ ਸਨ । ਉਸ ਸਮੇਂ ਦੌਰਾਨ ਪੁਲਿਸ ‘ਤੇ ਇਹ ਵੀ ਦੋਸ਼ ਲੱਗਦੇ ਰਹੇ ਸਨ ਕਿ ਪੁਲਿਸ ਨੇ ਵੀ ਬਹੁਤ ਬੇਕਸੂਰ ਲੋਕਾਂ ਨੂੰ ਕਥਿਤ ਮੁਕਾਬਲੇ ਬਣਾਕੇ ਮਾਰ ਦਿਤਾ ਜਿਸ ਲਈ ਪੁਲਿਸ ਵਾਲ਼ਿਆਂ ਨੂੰ ਤਰੱਕੀਆਂ ਮਿਲ਼ਦੀਆਂ ਰਹੀਆਂ ਸਨ । ਪੱਟੀ ਦੇ ਇਲਾਕੇ ‘ਚ ਹੋਏ ਇਕ ਕਥਿਤ ਪੁਲਿਸ ਮੁਕਾਬਲੇ ਨੇ ਪੰਜਾਬ ਪੁਲਿਸ ਦਾ ਅਕਸ ਬੜਾ ਖਰਾਬ ਕੀਤਾ ਸੀ ਜਿਸ ਦਾ ਸੁਪਰੀਮ ਕੋਰਟ ਨੇ ਨੋਟਿਸ ਲੈਕੇ ਸੀਬੀਆਈ ਦੀ ਅਗਲੇ ਦਿਨ ਹੀ ਜਾਂਚ ਟੀਮ ਅੰਮ੍ਰਿਤਸਰ ਭੇਜ ਦਿਤ‌ੀ ਸੀ ।

ਇੰਜ ਹੀ ਪੁਲਿਸ ‘ਤੇ ਦੋਸ਼ ਲੱਗਦੇ ਹਨ ਕਿ ਪੁਲਿਸ ਰਾਜਸੀ ਲੋਕਾਂ ਦੇ ਦਬਾਅ ਹੇਠ ਆਕੇ ਵੀ ਗ਼ਲਤ ਕੰਮ ਕਰਨ ਲਈ ਮਜਬੂਰ ਹੁੰਦੀ ਹੈ । ‘ਦਾ ਕੁਇੰਟ. ਕੌਮ’ ਨੇ ਨੈਸ਼ਨਲ ਕਰਾਈਮ ਰਿਕਾਰਡ ਬਿਊਰੋ ਦੇ ਹਵਾਲੇ ਨਾਲ਼ 30ਅਗਸਤ ਇਸੇ ਵਰ੍ਹੇ ਦੱਸਿਆ ਸੀ ਕਿ ਭਾਰਤ ਵਿੱਚ ਸੱਭ ਤੋਂ ਵੱਧ ਪੁਲਿਸ ਹਿਰਾਸਤ ਵਿੱਚ ਮੌਤਾਂ ਬਿਮਾਰੀ ਕਾਰਨ ਤੇ ਦੂਜੇ ਨੰਬਰ ਤੇ ਖੁਦਕੁਸ਼ੀਆਂ ਕਰਕੇ ਹੁੰਦੀਆਂ ਹਨ । ਭਾਰਤ ਵਿੱਚ ਯੂਪੀ ਪੁਲਿਸ ਹਿਰਾਸਤ ‘ਚ ਮੌਤਾਂ ਕਾਰਨ ਬਦਨਾਮ ਹੈ । ਪੰਜਾਬ ‘ਚ ਵੀ ਪੁਲਿਸ ਹਿਰਾਸਤ ‘ਚ ਮੌਤਾਂ ਹੁੰਦੀਆਂ ਹਨ : ਟਾਈਮਜ਼ ਆਫ ਇੰਡੀਆ ਨੇ  27 ਜੁਲਾਈ ਇਸੇ ਵਰ੍ਹੇ ਕੇਂਦਰੀ ਮੰਤਰੀ ਨਿਤਿਆਨੰਦ ਵੱਲੋਂ ਲੋਕਸਭਾ ‘ਚ ਦਿਤੇ ਅੰਕੜਿਆਂ ਦੇ ਹਵਾਲੇ ਨਾਲ਼ ਇਕ ਖ਼ਬਰ ਛਾਇਆ ਕੀਤੀ ਸੀ ਕਿ ਪੰਜਾਬ ‘ਚ ਸਾਲ 2021 ‘ਚ 72 ਤੇ 2021-22 ‘ਚ 153 ਪੁਲਿਸ ਤੇ ਜੁਡੀਸ਼ੀਅਲ ਹਿਰਾਸਤ ‘ਚ ਮੌਤਾਂ ਹੋਈਆਂ ਸਨ ।

ਜਦੋਂ ਵੀ ਕਦੇ ਸਮਾਜ ਵਿੱਚ ਕਿਸੇ ਨੂੰ ਕੋਈ ਭੀੜ ਬਣਦੀ ਹੈ ਤਾਂ ਇਕ ਦਮ ਲੋਕ ਪੁਲਿਸ ਨੂੰ ਇਤਲਾਹ ਕਰਦੇ ਹਨ, ਕਾਰਨ ਇਹ ਕਿ ਲੋਕ ਪੁਲਿਸ ਨੂੰ ਲੋਕਾਂ ਦੇ ਰੱਖਿਅਕ ਸਮਝਦੇ ਹਨ । ਕੋਵਿਡ ਦੌਰਾਨ ਜਿਥੇ ਪੁਲਿਸ ਨੇ ਲੋਕਾਂ ਨਾਲ ਬਹੁਤ ਸਖਤਾਈ ਕੀਤੀ ਓਥੇ ਨਾਲ਼ ਦੀ ਨਾਲ਼ ਆਪਣੀਆਂ ਜਾਨਾਂ ‘ਤੇ ਖੇਡਕੇ ਲੋਕਾਂ ਨੂੰ ਵੀ ਬਚਾਇਆ । ਪਟਿਆਲ਼ੇ ਵਿੱਚ ਅਪ੍ਰੈਲ 2020 ਨੂੰ ਸਬਜ਼ੀ ਮੰਡੀ ਵਿੱਚ, ਕੋਵਿਡ  ਦੇਸ਼ ਵਿਆਪੀ ਲੌਕਡਾਊਨ ਦੌਰਾਨ, ਕੁਝ ਨਿਹੰਗ ਸਿੰਘਾਂ ਦੇ ਬਾਣੇ ‘ਚ ਲੋਕਾਂ ਨੇ ਇਕ ਪੁਲਿਸ ਵਾਲ਼ੇ ‘ਤੇ ਹਮਲਾ ਕਰਕੇ ਓਹਦਾ ਗੁੱਟ ਹੀ ਬਾਂਹ ਨਾਲ਼ੋਂ ਵੱਡ ਦਿਤਾ ।

ਟਰਾਂਸਪੇਰੈਂਸੀ ਇੰਟਨੈਸ਼ਨਲ ਅਨੁਸਾਰ ਪੁਲਿਸ ਰਿਸ਼ਵਤ ਲੈਣ ਦੇ ਮਸਲੇ ‘ਚ ਸੱਭ ਤੋਂ ਵੱਧ ਬਦਨਾਮ ਹੈ । ਹਾਲ ਹੀ ਵਿੱਚ  ਪੰਜਾਬ ਦੇ ਆਈ ਜੀ ਅਸ਼ੀਸ਼ ਕਪੂਰ ਰਿਸ਼ਵਤ ਲੈਣ ਦੇ ਮਾਮਲੇ ‘ਚ ਅੰਦਰ  ਗਏ ਹਨ । ਮਾਨਸਾ ਦਾ ਇਕ ਡੀਐੱਸਪੀ ਸਿਧੂਮੂਸੇਵਾਲ਼ ਦੇ ਕਤਲ ਕੇਸ ‘ਚ ਫਸੇ ਗੈਂਗਸਟਰ ਦੀਪਕ ਟੀਨੂੰ ਨੂੰ ਭਜਾਉਣ ਦੇ ਦੋਸ਼ ‘ਚ ਅੰਦਰ ਹੈ । ਸਾਬਕਾ ਡੀਐੱਸਪੀ ਜਗਦੀਸ਼ ਭੋਲਾ ਨਸ਼ਿਆਂ ਦੀ ਤਸਕਰੀ ਦੇ ਮਾਮਲੇ ‘ਚ ਜੇਲ੍ਹ ‘ਚ ਬੰਦ ਹੈ ।

ਪਿਛਲੇ ਕੁਝ ਸਮੇਂ ਦੌਰਾਨ ਇਹ ਵੇਖਣ ‘ਚ ਆ ਰਿਹਾ ਹੈ ਕਿ ਪੁਲਿਸ ਪ੍ਰਤੀ ਲੋਕਾਂ ਦਾ ਨਜ਼ਰੀਆ ਉਦਾਸੀਨਤਾ ਵਾਲ਼ਾ ਹੋ ਰਿਹਾ ਹੈ ਕਿਉਂਕਿ ਲੋਕ ਇਹ ਮਹਿਸੂਸ ਕਰਦੇ ਹਨ ਕਿ ਪੁਲਿਸ ਦਹਿਸ਼ਤ ਜ਼ਿਆਦਾ ਪੈਦਾ ਕਰਦੀ ਹੈ ਜਿਸ ਕਾਰਨ ਆਮ ਵਿਅਕਤੀ ਪੁਲਿਸ ਕੋਲ਼ ਆਪਣੀ ਸ਼ਿਕਾਇਤ ਕਰਨ ਤੋਂ ਪਹਿਲਾਂ ਕੋਈ ਸਿਫ਼ਾਰਿਸ਼ ਲੱਭਦਾ ਹੈ । ਪੰਜਾਬ ਦੇ  ਹੁਸ਼ਿਆਰਪੁਰ ਦੇ ਹਰਿਆਣਾ ਪੁਲਿਸ ਚੌਕੀ ‘ਚ ਇਕ ਪੁਲਿਸ ਕਰਮਚਾਰੀ ਵੱਲੋਂ ਕੀਤੀ ਕਥਿਤ ਖੁਦਕੁਸ਼ੀ ਦੀ ਘਟਨਾ ਇਹ ਡਰ ਪੈਦਾ ਕਰਦੀ ਹੈ ਕਿ ਪੁਲਿਸ ਦੇ ਅੰਦਰ ਹੀ ਪੁਲਿਸ ਦੀ ਸੁਣਵਾਈ ਨਹੀਂ  ਤਾਂ ਫਿਰ ਆਮ ਨਾਗਰਿਕ ਕੀ ਆਸ ਰੱਖੇ । ਲੋਕਾਂ ਤੇ ਨਸ਼ੇ ਦੇ ਕੇਸ ਪਾਉਣ ਦੇ ਡਰ ਨਾਲ਼ ਦਬਾਅ ਪਾਕੇ ਪੈਸੇ ਬਟੋਰਨਾ, ਗੈਂਗਸਟਰਾਂ ਦਾ ਵਧਣਾ  ਤੇ ਨਸ਼ਿਆਂ ਦਾ ਸ਼ਰੇਆਮ ਵਪਾਰ ਵੀ ਪੁਲਿਸ ਦੀ ਕਾਰਗੁਜ਼ਾਰੀ ‘ਤੇ ਗੰਭੀਰ ਸਵਾਲ ਖੜੇ ਕਰਦਾ ਹੈ । ਖ਼ੈਰ ! ਸਾਰੀਆਂ ਉਂਗਲ਼ਾ ਇਕੋ ਜਿਹੀਆਂ ਨਹੀਂ ਹੁੰਦੀਆਂ ।

ਲੋਕ ਹਮੇਸ਼ਾ ਪੁਲਿਸ ਤੋਂ ਆਸ ਰੱਖਦੇ ਹਨ ਕਿ ਪੁਲਿਸ ਉਨ੍ਹਾ ਦੀ ਦੋਸਤ ਬਣਕੇ ਕੰਮ ਕਰੇ ਪਰ ਪੁਲਿਸ ਦੀਆਂ ਆਪਣੀਆਂ ਸਥਿਤੀਆਂ ਦੀ ਜੇਕਰ ਪੜਚੋਲ ਕਰੀਏ ਤਾਂ ਪਤਾ ਲੱਗਦਾ ਹੈ ਕਿ ਇਸ ਦੇ ਹੇਠਲੇ ਦਰਜੇ ਦੇ ਕਰਮਚਾਰੀ ਬਹੁਤ ਹੀ ਕਠਿਨ ਹਾਲਾਤ ‘ਚ ਕੰਮ ਕਰਦੇ ਹਨ । ਇਨ੍ਹਾ ਨੂੰ ਕਈ ਵਾਰ ਲਗਾਤਾਰ ਡਿਊਟੀਆਂ ਕਰਨੀਆਂ ਪੈਂਦੀਆਂ ਹਨ,ਫੀਲਡ ‘ਚ ਡਿਊਟੀ ਕਰਨ ਸਮੇਂ ਇਹ ਤਿੱਖੜ ਦੁਪਿਹਰੇ ਧੁੱਪਾਂ ‘ਚ ਤੇ ਮੀਂਹਾਂ ‘ਚ ਹੀ ਡਿਊਟੀ ਕਰਦੇ ਵੇਖੇ ਜਾ ਸਕਦੇ ਹਨ । ਇਨ੍ਹਾਂ ਦੀਆਂ ਪਰਿਵਾਰਕ ਸਥਿਤੀਆਂ ਜਾਂ ਪ੍ਰੇਸ਼ਾਨੀਆਂ ਵੱਲ ਵੀ ਬਹੁਤਾ ਧਿਆਨ ਨਹੀਂ ਦਿਤਾ ਜਾਂਦਾ । ਫੋਰਸ ਦੇ ਮੁਲਾਜ਼ਿਮਾਂ ਨੇ ਦੱਸਿਆ ਕਿ ਇਹ ਸੱਚਾਈ ਹੈ ਕਿ ਪੁਲਿਸ ਦੀ ਨੌਕਰੀ ਬਹੁਤ ਔਖੀ ਹੈ । ਮੁਲਾਜ਼ਮਾਂ ਨੇ ਇਹ ਵੀ ਕਿਹਾ ਕਿ  ਏਆਰਪੀ (ਐਂਟੀ ਰਾਏਟਸ ਪੁਲਿਸ) ਲਈ ਵਰਦੀਆਂ ਬਹੁਤ ਮੋਟੀਆਂ ਹਨ ਜਿਸ ਕਾਰਨ ਇਹ ਗਰਮੀਆਂ ‘ਚ ਪੌਣੀ ਬਹੁਤ ਔਖੀ ਹੈ । ਇਹ ਗੱਲ ਭਾਵੇਂ ਛੋਟੀ ਲੱਗਦੀ ਹੋਵੇ ਪਰ ਇਹ ਸਿਰਫ਼ ਇਕ ਮਿਸਾਲ ਹੈ ।

ਇਹ ਵੀ ਸੱਚਾਈ ਹੈ ਕਿ ਪੰਜਾਬ ਪੁਲਿਸ ‘ਚ ਨਵੀਂ ਭਰਤੀ ਨੇ ਇਕ ਆਸ ਦੀ ਕਿਰਨ ਜਗਾਈ ਹੈ ਕਿਉਂਕਿ ਲੋਕ ਇਹ ਕਹਿੰਦੇ ਸੁਣੇ ਗਏ ਹਨ ਕਿ ਨਵੀਂ ਪੀੜ੍ਹੀ ਦੇ ਪੁਲਿਸ ਵਾਲੇ ਜ਼ਿਆਦਾ ਦਿਆਨਤਦਾਰੀ ਨਾਲ ਕੰਮ ਕਰ ਰਹੇ ਹਨ । ਇਸਦੇ ਬਾਵਜੂਦ ਪੰਜਾਬ ਪੁਲਿਸ ‘ਚ ਹਾਲੇ ਬਹੁਤ ਸੁਧਾਰਾਂ ਦੀ ਗੁੰਜਾਇਸ ਹੈ ਜਿਸ ਨਾਲ਼ ਪੁਲਿਸ ਦੇ ਕੰਮ ਵਿੱਚ ਚੁੱਸਤੀ ਤੇ ਫੁਰਤੀ ਤਾਂ ਆਏਗੀ ਹੀ ਨਾਲ ਦੀ ਨਾਲ਼ ਲੋਕਾਂ ਤੇ ਪੁਲਿਸ ਦਰਮਿਆਨ ਇਕ ਵਿਸ਼ਵਾਸ ਵੀ ਕਾਇਮ ਹੋਵੇਗਾ ਜੋ ਸਮੁੱਚੇ ਪੰਜਾਬ ਲਈ ਲਾਹੇਵੰਦ ਹੋਵੇਗਾ । ਪੁਲਿਸ ਨੂੰ ਲੋਕਾਂ ‘ਚ ਆਪਣੇ ਦੋਸਤ ਹੋਣ ਦਾ ਵਿਸ਼ਵਾਸ ਬਹਾਲ ਕਰਨ ਲਈ ਹਰ ਹੱਦ ਤੱਕ ਜਾਣ ਦੀ ਲੋੜ ਹੈ ।

                                                ਪੁਲਿਸ ਦੇ ਸ਼ਹੀਦਾਂ ਨੂੰ ਸਾਡੇ ਵੱਲੋਂ ਸਲਾਮ !

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button