IndiaTop News

ਦਿੱਲੀ ਪੁਲਿਸ ਨੇ AISA ਪ੍ਰਧਾਨ ਨੇਹਾ ਬੋਰਾ ਨੂੰ ਕੀਤਾ ਰਿਹਾਅ, ਅਭਿਜੀਤ ਦੀਪਕੇ ਗ੍ਰਿਫ਼ਤਾਰ; ਅੱਜ ਅਦਾਲਤ ਚ ਪੇਸ਼ੀ

ਦਿੱਲੀ ਵਿੱਚ ਸ਼ੁੱਕਰਵਾਰ ਸ਼ਾਮ ਨੂੰ ਕੱਢੇ ਜਾਣ ਵਾਲੇ ਲਹਿਰਾ ਦੋ ਤਿਰੰਗਾ ਮਾਰਚ ਨੂੰ ਲੈ ਕੇ ਪੈਦਾ ਹੋਇਆ ਵਿਵਾਦ ਹੋਰ ਗੰਭੀਰ ਹੋ ਗਿਆ ਹੈ। ਦਿੱਲੀ ਪੁਲਿਸ ਨੇ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਦੀ ਪ੍ਰਧਾਨ ਨੇਹਾ ਬੋਰਾ ਨੂੰ ਕਈ ਘੰਟਿਆਂ ਦੀ ਹਿਰਾਸਤ ਮਗਰੋਂ ਰਿਹਾਅ ਕਰ ਦਿੱਤਾ ਹੈ। ਨੇਹਾ ਬੋਰਾ ਨੂੰ ਸ਼ੁੱਕਰਵਾਰ ਸ਼ਾਮ ਉਸ ਸਮੇਂ ਹਿਰਾਸਤ ਵਿੱਚ ਲਿਆ ਗਿਆ ਸੀ ਜਦੋਂ ਉਹ ਮਾਰਚ ਵਿੱਚ ਸ਼ਾਮਲ ਹੋਣ ਜਾ ਰਹੀ ਸੀ। ਦੂਜੇ ਪਾਸੇ, ਕਾਕਰੋਚ ਜਨਤਾ ਪਾਰਟੀ (ਸੀਜੇਪੀ) ਦੇ ਬਾਨੀ ਅਭਿਜੀਤ ਦੀਪਕੇ ਨੂੰ ਪੁਲਿਸ ਨੇ ਰਸਮੀ ਤੌਰ ‘ਤੇ ਗ੍ਰਿਫ਼ਤਾਰ ਕਰ ਲਿਆ ਹੈ। ਅੱਜ ਸ਼ਨੀਵਾਰ ਨੂੰ ਉਨ੍ਹਾਂ ਨੂੰ ਵਿਸ਼ੇਸ਼ ਕਾਰਜਕਾਰੀ ਮੈਜਿਸਟਰੇਟ (SEM) ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਦੀਪਕੇ ਨੂੰ ਪੁਲਿਸ ਵੱਲੋਂ ਉਸ ਵੇਲੇ ਕਾਬੂ ਕੀਤਾ ਗਿਆ ਜਦੋਂ ਉਹ ਤਿਰੰਗਾ ਮਾਰਚ ਵਿੱਚ ਸ਼ਿਰਕਤ ਕਰਨ ਲਈ ਰਵਾਨਾ ਹੋ ਰਹੇ ਸਨ।
ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ ਸੀਜੇਪੀ ਵੱਲੋਂ ਚਿੰਤਾ ਜ਼ਾਹਰ ਕੀਤੀ ਗਈ ਸੀ ਕਿ ਉਨ੍ਹਾਂ ਦੇ ਮੁਖੀ ਅਭਿਜੀਤ ਦੀਪਕੇ ਦਾ ਕੋਈ ਥਹੁ-ਪਤਾ ਨਹੀਂ ਲੱਗ ਰਿਹਾ। ਇਸ ਤੋਂ ਪਹਿਲਾਂ ਆਇਸਾ ਨੇ ਵੀ ਦੋਸ਼ ਲਾਇਆ ਸੀ ਕਿ ਕਈ ਘੰਟਿਆਂ ਦੀ ਬੇਯਕੀਨੀ ਤੋਂ ਬਾਅਦ ਉਨ੍ਹਾਂ ਦੀ ਪ੍ਰਧਾਨ ਨੇਹਾ ਬੋਰਾ ਆਰ.ਕੇ. ਪੁਰਮ ਪੁਲਿਸ ਥਾਣੇ ਵਿੱਚ ਮਿਲੀ। ਪੁਲਿਸ ਸੂਤਰਾਂ ਅਨੁਸਾਰ ਅਭਿਜੀਤ ਦੀਪਕੇ ਨੂੰ ਝੰਡੇਵਾਲਾਨ ਅਤੇ ਨੇਹਾ ਬੋਰਾ ਨੂੰ ਮੰਡੀ ਹਾਊਸ ਨੇੜਿਓਂ ਹਿਰਾਸਤ ਵਿੱਚ ਲਿਆ ਗਿਆ ਸੀ।
ਥਾਣੇ ਵਿੱਚੋਂ ਰਿਹਾਅ ਹੋਣ ਮਗਰੋਂ ਨੇਹਾ ਬੋਰਾ ਨੇ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ‘ਤੇ ਸਖ਼ਤ ਸ਼ਬਦੀ ਹਮਲਾ ਬੋਲਿਆ। ਉਨ੍ਹਾਂ ਦੋਸ਼ ਲਾਇਆ ਕਿ ਦੇਸ਼ ਅੰਦਰ ਕਾਨੂੰਨ-ਵਿਵਸਥਾ ਦੀ ਹਰ ਪੱਧਰ ‘ਤੇ ਉਲੰਘਣਾ ਕੀਤੀ ਜਾ ਰਹੀ ਹੈ ਅਤੇ ਆਮ ਨਾਗਰਿਕਾਂ ਨਾਲ ਖ਼ਤਰਨਾਕ ਅਪਰਾਧੀਆਂ ਵਰਗਾ ਸਲੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਸਵਾਲ ਚੁੱਕਿਆ ਕਿ ਕਿਸ ਕਾਨੂੰਨ ਜਾਂ ਅਧਿਕਾਰ ਤਹਿਤ ਪ੍ਰਦਰਸ਼ਨਕਾਰੀਆਂ ਨੂੰ ਪੂਰੀ ਰਾਤ ਥਾਣਿਆਂ ਵਿੱਚ ਨਜ਼ਰਬੰਦ ਰੱਖਣਾ ਜਾਇਜ਼ ਠਹਿਰਾਇਆ ਜਾ ਸਕਦਾ ਹੈ।
ਨੇਹਾ ਨੇ ਕਿਹਾ ਕਿ ਕਾਨੂੰਨੀ ਨਿਯਮਾਂ ਅਨੁਸਾਰ ਖ਼ਾਸ ਤੌਰ ‘ਤੇ ਔਰਤਾਂ ਨੂੰ ਸੂਰਜ ਛਿਪਣ ਤੋਂ ਬਾਅਦ ਹਿਰਾਸਤ ਵਿੱਚ ਨਹੀਂ ਰੱਖਿਆ ਜਾ ਸਕਦਾ, ਪਰ ਦਿੱਲੀ ਪੁਲਿਸ ਸ਼ਰੇਆਮ ਨਿਯਮਾਂ ਦੀ ਉਲੰਘਣਾ ਕਰ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਸ਼ਹਿਰ ਵਿੱਚ ਬੇਚੈਨੀ ਅਤੇ ਅਰਾਜਕਤਾ ਪ੍ਰਸ਼ਾਸਨ ਨੇ ਖ਼ੁਦ ਫੈਲਾਈ ਹੋਈ ਹੈ ਕਿਉਂਕਿ ਸੈਂਟਰਲ ਦਿੱਲੀ ਦੇ ਸਾਰੇ ਰਸਤੇ ਬੰਦ ਕਰਕੇ ਆਮ ਲੋਕਾਂ ਦਾ ਜਿਊਣਾ ਦੁੱਭਰ ਕਰ ਦਿੱਤਾ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ‘ਤੇ ਮਹਾਦੋਸ਼ ਚਲਾਇਆ ਜਾਵੇ ਅਤੇ ਚੋਣ ਸੁਧਾਰਾਂ ਸਬੰਧੀ ਪ੍ਰਕਿਰਿਆਵਾਂ ‘ਤੇ ਰੋਕ ਲਗਾਈ ਜਾਵੇ ਤਾਂ ਜੋ ਲੋਕਾਂ ਦੇ ਵੋਟ ਅਧਿਕਾਰ ਸੁਰੱਖਿਅਤ ਰਹਿ ਸਕਣ। ਉਨ੍ਹਾਂ ਇਹ ਵੀ ਦੱਸਿਆ ਕਿ ਹਿਰਾਸਤ ਦੌਰਾਨ ਉਨ੍ਹਾਂ ਨੂੰ ਵਕੀਲਾਂ ਨਾਲ ਗੱਲਬਾਤ ਨਹੀਂ ਕਰਨ ਦਿੱਤੀ ਗਈ ਅਤੇ ਕਈ ਘੰਟਿਆਂ ਦੀ ਜੱਦੋ-ਜਹਿਦ ਤੋਂ ਬਾਅਦ ਹੀ ਕਾਨੂੰਨੀ ਮਦਦ ਮਿਲ ਸਕੀ।
ਆਇਸਾ ਨੇ ਸੋਸ਼ਲ ਮੀਡੀਆ ‘ਤੇ ਸਵਾਲ ਦਾਗ਼ਿਆ ਕਿ ਇਕ ਮਹਿਲਾ ਵਿਦਿਆਰਥੀ ਆਗੂ ਨੂੰ ਅੱਧੀ ਰਾਤ ਤੱਕ ਥਾਣੇ ਵਿੱਚ ਬਿਠਾ ਕੇ ਰੱਖਣ ਦਾ ਕੀ ਮਕਸਦ ਸੀ। ਇਸੇ ਦੌਰਾਨ ਸੀਜੇਪੀ ਨੇ ਪੁਲਿਸ ਕਾਰਵਾਈ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਹੱਕ ਮੰਗ ਰਹੇ ਨੌਜਵਾਨਾਂ ਨਾਲ ਅੱਤਵਾਦੀਆਂ ਵਰਗਾ ਵਿਵਹਾਰ ਕੀਤਾ ਜਾ ਰਿਹਾ ਹੈ। ਪਾਰਟੀ ਨੇ ਪੁੱਛਿਆ ਕਿ ਹੱਥ ਵਿੱਚ ਕੌਮੀ ਝੰਡਾ ਤਿਰੰਗਾ ਲੈ ਕੇ ਸੜਕ ‘ਤੇ ਨਿਕਲਣਾ ਕਿਹੜੇ ਕਾਨੂੰਨ ਤਹਿਤ ਜੁਰਮ ਮੰਨਿਆ ਜਾ ਸਕਦਾ ਹੈ।
ਸੀਜੇਪੀ ਵੱਲੋਂ ਜਾਰੀ ਬਿਆਨ ਵਿੱਚ ਚਿਤਾਵਨੀ ਦਿੱਤੀ ਗਈ ਕਿ ਜੇਕਰ ਸਰਕਾਰ ਇਕ ਅਭਿਜੀਤ ਦੀਪਕੇ, ਸੌਰਵ ਦਾਸ ਜਾਂ ਆਸ਼ੂਤੋਸ਼ ਰਾਂਕਾ ਨੂੰ ਜੇਲ੍ਹ ਭੇਜੇਗੀ ਤਾਂ ਉਨ੍ਹਾਂ ਦੀ ਥਾਂ ਹਜ਼ਾਰਾਂ ਨੌਜਵਾਨ ਸੜਕਾਂ ‘ਤੇ ਉਤਰ ਕੇ ਸੰਘਰਸ਼ ਨੂੰ ਅੱਗੇ ਵਧਾਉਣਗੇ। ਤਿਰੰਗਾ ਦੇਸ਼ ਦਾ ਮਾਣ ਹੈ ਅਤੇ ਇਸ ਲਹਿਰ ਨੂੰ ਦਬਾਇਆ ਨਹੀਂ ਜਾ ਸਕਦਾ।
ਆਇਸਾ ਦੇ ਸਾਬਕਾ ਪ੍ਰਧਾਨ ਐੱਨ. ਸਾਈ ਬਾਲਾਜੀ ਨੇ ਦਿੱਲੀ ਪੁਲਿਸ ਦੀ ਕਾਰਵਾਈ ‘ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਸਾਦੇ ਕੱਪੜਿਆਂ ਵਿੱਚ ਆਏ ਪੁਲਿਸ ਮੁਲਾਜ਼ਮਾਂ ਨੇ ਨੇਹਾ ਬੋਰਾ ਨੂੰ ਬੱਸ ਵਿੱਚੋਂ ਇਕੱਲਿਆਂ ਕਿਉਂ ਹਿਰਾਸਤ ਵਿੱਚ ਲਿਆ। ਉਨ੍ਹਾਂ ਦੋਸ਼ ਲਾਇਆ ਕਿ ਸ਼ੁਰੂ ਵਿੱਚ ਮੰਗੋਲਪੁਰੀ ਸਥਿਤ ਵਿੰਗ ਵਿੱਚ ਰੱਖਣ ਦੀ ਗੱਲ ਕਹੀ ਗਈ ਪਰ ਬਾਅਦ ਵਿੱਚ ਥਾਣੇ ਵੱਲੋਂ ਇਨਕਾਰ ਕੀਤਾ ਜਾਂਦਾ ਰਿਹਾ।
ਸੀਪੀਆਈ (ਐੱਮ) ਦੇ ਰਾਜਸਭਾ ਮੈਂਬਰ ਜੌਹਨ ਬ੍ਰਿਟਾਸ ਨੇ ਵੀ ਇਸ ਮਾਮਲੇ ‘ਤੇ ਪ੍ਰਤੀਕਰਮ ਦਿੰਦਿਆਂ ਦੱਸਿਆ ਕਿ ਨੇਹਾ ਬੋਰਾ ਜਦੋਂ ਸ਼ਾਂਤਮਈ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਜਾ ਰਹੀ ਸੀ ਤਾਂ ਉਸ ਨੂੰ ਬਿਨਾਂ ਮੋਬਾਈਲ ਫ਼ੋਨ ਦੇ ਇਕੱਲਿਆਂ ਹਿਰਾਸਤ ਵਿੱਚ ਲਿਆ ਗਿਆ, ਜੋ ਕਿ ਬੇਹੱਦ ਚਿੰਤਾਜਨਕ ਕਦਮ ਹੈ। ਸੀਜੇਪੀ ਦੀ ਲੀਗਲ ਟੀਮ ਦੀ ਮੁਖੀ ਰਤਨਾ ਸਿੰਘ ਨੇ ਵੀ ਦੋਵਾਂ ਆਗੂਆਂ ਦੀ ਸੁਰੱਖਿਆ ਨੂੰ ਲੈ ਕੇ ਪ੍ਰਸ਼ਾਸਨ ਕੋਲੋਂ ਜਵਾਬਦੇਹੀ ਦੀ ਮੰਗ ਕੀਤੀ ਹੈ। ਦੱਸਣਯੋਗ ਹੈ ਕਿ ਅੱਜ ਅਭਿਜੀਤ ਦੀਪਕੇ ਦੀ ਅਦਾਲਤ ਵਿੱਚ ਪੇਸ਼ੀ ਨੂੰ ਲੈ ਕੇ ਸੁਰੱਖਿਆ ਪ੍ਰਬੰਧ ਹੋਰ ਸਖ਼ਤ ਕਰ ਦਿੱਤੇ ਗਏ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button