InternationalTop News

ਟੋਰਾਂਟੋ ‘ਚ ਪਾਵਰ ਟੂਲ ਚੋਰੀ ਕਰਨ ਦੇ ਦੋਸ਼ ਹੇਠ 4 ਪੰਜਾਬੀ ਗ੍ਰਿਫ਼ਤਾਰ; ਇੱਕ ਫ਼ਰਾਰ

 ਕੈਨੇਡਾ ਦੇ ਸ਼ਹਿਰ ਟੋਰਾਂਟੋ ਨੇੜੇ ਮਾਰਖਮ ਵਿਚ ਇੱਕ ਰਿਟੇਲ ਸਟੋਰ ਤੋਂ ਮਹਿੰਗੇ ਬਿਜਲੀ ਦੇ ਸੰਦ (ਪਾਵਰ ਟੂਲਜ਼) ਚੋਰੀ ਕਰਨ ਦੇ ਦੋਸ਼ ਹੇਠ ਯੌਰਕ ਰਿਜਨਲ ਪੁਲਿਸ ਨੇ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦਕਿ ਇੱਕ ਹੋਰ ਮੁਲਜ਼ਮ ਦੀ ਭਾਲ ਜਾਰੀ ਹੈ। ਪੁਲਿਸ ਅਨੁਸਾਰ ਇਹ ਘਟਨਾ 19 ਜੁਲਾਈ ਨੂੰ ਸ਼ਾਮ ਕਰੀਬ 7:45 ਵਜੇ ਫੇਅਰਬਰਨ ਡਰਾਈਵ ਅਤੇ ਹਾਈਵੇਅ 7 ਨੇੜੇ ਸਥਿਤ ਇੱਕ ਰਿਟੇਲ ਸਟੋਰ ਵਿਚ ਵਾਪਰੀ।
ਸਟੋਰ ਦੇ ਨੁਕਸਾਨ ਦੀ ਰੋਕਥਾਮ ਅਮਲੇ ਨੇ ਪੰਜ ਸ਼ੱਕੀ ਵਿਅਕਤੀਆਂ ਨੂੰ ਸ਼ਾਪਿੰਗ ਕਾਰਟਾਂ ਵਿਚ ਮਹਿੰਗੇ ਪਾਵਰ ਟੂਲ ਪਾਉਂਦਿਆਂ ਦੇਖਿਆ। ਸੁਰੱਖਿਆ ਕਰਮਚਾਰੀਆਂ ਨੇ ਦੱਸਿਆ ਕਿ ਇਹ ਵਿਅਕਤੀ ਪਹਿਲਾਂ ਹੋਈਆਂ ਚੋਰੀਆਂ ਦੇ ਮਾਮਲਿਆਂ ਨਾਲ ਵੀ ਜੁੜੇ ਹੋਏ ਸਨ। ਨਿਗਰਾਨੀ ਦੌਰਾਨ ਪਤਾ ਲੱਗਿਆ ਕਿ ਉਹ ਬਿਨਾਂ ਭੁਗਤਾਨ ਕੀਤੇ ਸਮਾਨ ਲੈ ਕੇ ਸਟੋਰ ਤੋਂ ਬਾਹਰ ਨਿਕਲ ਗਏ।
ਸਟੋਰ ਕਰਮਚਾਰੀਆਂ ਨੇ ਬਾਹਰ ਜਾ ਕੇ ਦੇਖਿਆ ਕਿ ਮੁਲਜ਼ਮ ਚੋਰੀ ਕੀਤਾ ਸਮਾਨ ਇੱਕ ਵਾਹਨ ਵਿਚ ਰੱਖ ਰਹੇ ਸਨ, ਜਿਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ। ਮੌਕੇ ‘ਤੇ ਪਹੁੰਚੀ ਪੁਲਿਸ ਨੂੰ ਦੇਖ ਕੇ ਮੁਲਜ਼ਮਾਂ ਨੇ ਫ਼ਰਾਰ ਹੋਣ ਦੀ ਕੋਸ਼ਿਸ਼ ਕੀਤੀ ਅਤੇ ਆਪਣਾ ਵਾਹਨ ਪੁਲਿਸ ਦੀ ਗੱਡੀ ਨਾਲ ਟਕਰਾ ਦਿੱਤਾ। ਇਸ ਉਪਰੰਤ ਸਾਰੇ ਮੁਲਜ਼ਮ ਪੈਦਲ ਭੱਜਣ ਲੱਗੇ। ਪੁਲਿਸ ਅਧਿਕਾਰੀਆਂ ਨੇ ਪਿੱਛਾ ਕਰਕੇ ਚਾਰ ਵਿਅਕਤੀਆਂ ਨੂੰ ਕਾਬੂ ਕਰ ਲਿਆ, ਜਦੋਂਕਿ ਪੰਜਵਾਂ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲਿਸ ਮੁਤਾਬਕ ਗ੍ਰਿਫ਼ਤਾਰ ਕੀਤੇ ਗਏ ਚਾਰੇ ਵਿਅਕਤੀ ਘਟਨਾ ਸਮੇਂ ਪਹਿਲਾਂ ਤੋਂ ਹੀ ਜ਼ਮਾਨਤ ਜਾਂ ਰਿਹਾਈ ਦੀਆਂ ਸ਼ਰਤਾਂ ਹੇਠ ਸਨ।
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿਚ ਮੋਹਿਤ ਸ਼ਰਮਾ (36), ਜਿਸ ਦਾ ਕੋਈ ਪੱਕਾ ਪਤਾ ਦਰਜ ਨਹੀਂ; ਮਨਪ੍ਰੀਤ ਸਿੰਘ (30), ਬਰੈਂਪਟਨ; ਵਿਸ਼ਵਜੀਤ ਸਿੰਘ (22), ਮਿਸੀਸਾਗਾ ਅਤੇ ਸੁਖਜਿੰਦਰ ਰੱਖੜਾ (43), ਕਿਚਨਰ ਸ਼ਾਮਲ ਹਨ।
ਪੁਲਿਸ ਅਨੁਸਾਰ ਮੋਹਿਤ ਸ਼ਰਮਾ ਖ਼ਿਲਾਫ਼ 5,000 ਡਾਲਰ ਤੋਂ ਵੱਧ ਦੀ ਚੋਰੀ, ਚੋਰੀ ਦਾ ਮਾਲ ਰੱਖਣ, ਸੰਨ੍ਹ ਮਾਰੀ ਦੇ ਔਜ਼ਾਰ ਰੱਖਣ, ਪੁਲਿਸ ਕਾਰਵਾਈ ਵਿਚ ਰੁਕਾਵਟ ਪਾਉਣ, ਨਸ਼ੀਲੇ ਪਦਾਰਥ ਰੱਖਣ ਅਤੇ ਅਦਾਲਤੀ ਸ਼ਰਤਾਂ ਦੀ ਉਲੰਘਣਾ ਦੇ ਦੋਸ਼ ਲਗਾਏ ਗਏ ਹਨ। ਮਨਪ੍ਰੀਤ ਸਿੰਘ ‘ਤੇ 5,000 ਡਾਲਰ ਤੋਂ ਵੱਧ ਦੀ ਚੋਰੀ, ਚੋਰੀ ਦਾ ਮਾਲ ਰੱਖਣ, ਸੰਨ੍ਹ ਮਾਰੀ ਦੇ ਔਜ਼ਾਰ ਰੱਖਣ, ਪੁਲਿਸ ਕਾਰਵਾਈ ਵਿਚ ਰੁਕਾਵਟ ਪਾਉਣ, ਰਿਹਾਈ ਹੁਕਮਾਂ ਦੀ ਉਲੰਘਣਾ ਅਤੇ ਪ੍ਰੋਬੇਸ਼ਨ ਦੀ ਉਲੰਘਣਾ ਦੇ ਦੋਸ਼ ਦਰਜ ਕੀਤੇ ਗਏ ਹਨ।
ਇਸੇ ਤਰ੍ਹਾਂ ਵਿਸ਼ਵਜੀਤ ਸਿੰਘ ਖ਼ਿਲਾਫ਼ 5,000 ਡਾਲਰ ਤੋਂ ਵੱਧ ਦੀ ਚੋਰੀ, ਚੋਰੀ ਦਾ ਮਾਲ ਰੱਖਣ, ਸੰਨ੍ਹ ਮਾਰੀ ਦੇ ਔਜ਼ਾਰ ਰੱਖਣ, ਪੁਲਿਸ ਕਾਰਵਾਈ ਵਿਚ ਰੁਕਾਵਟ ਪਾਉਣ ਅਤੇ ਰਿਹਾਈ ਤੇ ਅਦਾਲਤੀ ਸ਼ਰਤਾਂ ਦੀ ਉਲੰਘਣਾ ਦੇ ਦੋਸ਼ ਲਗਾਏ ਗਏ ਹਨ, ਜਦਕਿ ਸੁਖਜਿੰਦਰ ਰੱਖੜਾ ‘ਤੇ 5,000 ਡਾਲਰ ਤੋਂ ਵੱਧ ਦੀ ਚੋਰੀ, ਚੋਰੀ ਦਾ ਮਾਲ ਰੱਖਣ, ਸੰਨ੍ਹ ਮਾਰੀ ਦੇ ਔਜ਼ਾਰ ਰੱਖਣ ਅਤੇ ਪੁਲਿਸ ਤੋਂ ਭੱਜਣ ਦੇ ਦੋਸ਼ ਆਇਦ ਕੀਤੇ ਗਏ ਹਨ। ਯੌਰਕ ਰਿਜਨਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਫ਼ਰਾਰ ਪੰਜਵੇਂ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button