InternationalTop News

 ਫਰਾਂਸ ’ਚ ਮਹਿੰਗਾਈ ਤੇ ਸਕੂਲਾਂ ਦੇ ਮਾੜੇ ਹਾਲਾਤਾਂ ਦੇ ਵਿਰੋਧ ’ਚ ਹਿੰਸਕ ਪ੍ਰਦਰਸ਼ਨ

 ਫਰਾਂਸ ’ਚ ਮਹਿੰਗਾਈ ਤੇ ਸਕੂਲਾਂ ਦੇ ਮਾੜੇ ਹਾਲਾਤਾਂ ਦੇ ਵਿਰੋਧ ਵਿਚ ਦੇਸ਼ ਭਰ ’ਚ ਵੱਡੇ ਪੱਧਰ ’ਤੇ ਹੋ ਰਹੇ ਪ੍ਰਦਰਸ਼ਨਾਂ ਦੌਰਾਨ ਕੁਝ ਲੋਕਾਂ ਨੇ ਹਿੰਸਾ ਕੀਤੀ, ਪੁਲਿਸ ਨਾਲ ਝੜਪਾਂ ਹੋਈਆਂ ਤੇ ਦੁਕਾਨਾਂ ’ਚ ਲੁੱਟਮਾਰ ਕੀਤੀ। ਪੁਲਿਸ ਨੇ ਇਸ ਸੰਬੰਧ ’ਚ ਦੇਸ਼ ਭਰ ’ਚ ਘੱਟੋ-ਘੱਟ 1,800 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਮੁਤਾਬਕ, ਸ਼ਨਿਚਰਵਾਰ ਨੂੰ ਮੂੰਹ ਢੱਕ ਕੇ ਆਏ ਕੁੱਝ ਲੋਕਾਂ ਨੇ ਕਈ ਸ਼ਹਿਰਾਂ ’ਚ ਅੱਗ ਲਗਾਈ ਤੇ ਸਰਕਾਰੀ ਇਮਾਰਤਾਂ ’ਤੇ ਹਮਲੇ ਕੀਤੇ।

ਮੱਧ ਫਰਾਂਸ ਦੇ ਸ਼ਹਿਰ ਲਿਮੋਜ ’ਚ ਸਿਟੀ ਹਾਲ ਨੂੰ ਅੱਗ ਲੱਗ ਗਈ। ਇਹ ਇਮਾਰਤ 19ਵੀਂ ਸਦੀ ਦੀ ਸੀ। ਅੱਗ ਇੰਨੀ ਭਿਆਨਕ ਸੀ ਕਿ ਇਮਾਰਤ ਦੀ ਛੱਤ ਡਿੱਗ ਗਈ। ਇਲਾਕੇ ਦੇ ਅਧਿਕਾਰੀ ਮੌਰਿਸ ਬਾਰਾਤੇ ਨੇ ਦੱਸਿਆ ਕਿ ਅੱਗ ਜਾਣਬੁੱਝ ਕੇ ਲਗਾਈ ਗਈ ਸੀ ਤੇ ਇਮਾਰਤ ਲਗਭਗ ਪੂਰੀ ਤਰ੍ਹਾਂ ਤਬਾਹ ਹੋ ਗਈ। ਹਾਲਾਂਕਿ, ਕਾਫ਼ੀ ਮੁਸ਼ਕਤ ਤੋਂ ਬਾਅਦ ਅੱਗ ’ਤੇ ਕਾਬੂ ਪਾ ਲਿਆ ਗਿਆ। ਫਰਾਂਸ ਦੇ ਗ੍ਰਹਿ ਮੰਤਰੀ ਲੌਰਾਂ ਨੂਨੇਜ਼ ਨੇ ਕਿਹਾ ਕਿ ਪ੍ਰਦਰਸ਼ਨ ਕਰਨਾ ਹਰ ਨਾਗਰਿਕ ਦਾ ਬੁਨਿਆਦੀ ਹੱਕ ਹੈ, ਪਰ ਜਾਣਬੁੱਝ ਕੇ ਹਿੰਸਾ ਫੈਲਾਉਣਾ ਤੇ ਲੋਕਾਂ ਦਾ ਨੁਕਸਾਨ ਕਰਨਾ ਗਲਤ ਹੈ।

ਉਨ੍ਹਾਂ ਦੱਸਿਆ ਕਿ ਪੈਰਿਸ, ਮਾਰਸੇਈ, ਲਿਓਂ, ਬੋਰਦੋ, ਰੇਨੇਸ, ਸਟ੍ਰਾਸਬੁਰਗ, ਗ੍ਰੇਨੋਬਲ, ਨੀਸ ਅਤੇ ਹੋਰ ਸ਼ਹਿਰਾਂ ’ਚ ਸੈਂਕੜੇ ਦੁਕਾਨਾਂ ਦੀ ਲੁੱਟਮਾਰ ਕੀਤੀ ਗਈ। ਗ੍ਰਹਿ ਮੰਤਰੀ ਤੇ ਪ੍ਰਧਾਨ ਮੰਤਰੀ ਸੇਬਾਸਤਿਆਂ ਲੇਕੋਰਨੂ ਨੇ ਹਿੰਸਾ ਲਈ ਕੁਝ ਕੱਟੜ ਖੱਬੇ ਪੱਖੀ ਗਰੁੱਪਾਂ ਨੂੰ ਜ਼ਿੰਮੇਵਾਰ ਦੱਸਿਆ। ਉਨ੍ਹਾਂ ਕਿਹਾ ਕਿ ਬਾਅਦ ’ਚ ਕੁਝ ਹੋਰ ਲੋਕ ਵੀ ਲੁੱਟਮਾਰ ਕਰਨ ਲਈ ਇਨ੍ਹਾਂ ਨਾਲ ਸ਼ਾਮਲ ਹੋ ਗਏ। ਪੈਰਿਸ ਪੁਲਿਸ ਮੁਤਾਬਕ, ਸਿਰਫ਼ ਰਾਜਧਾਨੀ ਪੈਰਿਸ ਤੇ ਇਸ ਦੇ ਆਲੇ-ਦੁਆਲੇ ਦੇ ਇਲਾਕਿਆਂ ’ਚ ਹੀ ਐਤਵਾਰ ਤਕ 855 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਅਧਿਕਾਰੀਆਂ ਦੇ ਅਨੁਸਾਰ ਦੇਸ਼ ਭਰ ’ਚ ਲਗਭਗ 5.5 ਲੱਖ ਲੋਕਾਂ ਨੇ ਪ੍ਰਦਰਸ਼ਨਾਂ ’ਚ ਹਿੱਸਾ ਲਿਆ, ਜਦਕਿ ਪ੍ਰਦਰਸ਼ਨ ਕਰਵਾਉਣ ਵਾਲੇ ਪ੍ਰਬੰਧਕਾਂ ਨੇ ਇਹ ਗਿਣਤੀ ਲਗਭਗ 8 ਲੱਖ ਦੱਸੀ। ਗ੍ਰਹਿ ਮੰਤਰੀ ਅਨੁਸਾਰ, 500 ਤੋਂ ਵੱਧ ਪੁਲਿਸ ਮੁਲਾਜ਼ਮ, ਜੈਂਡਰਮ ਤੇ ਫਾਇਰ ਬ੍ਰਿਗੇਡ ਦੇ ਕਰਮਚਾਰੀ ਜ਼ਖ਼ਮੀ ਹੋਏ। ਪੈਰਿਸ ਪੁਲਿਸ ਨੇ ਦੱਸਿਆ ਕਿ ਇਕ ਵਿਅਕਤੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਹਾਲਾਂਕਿ, ਇਸ ਬਾਰੇ ਹੋਰ ਜਾਣਕਾਰੀ ਨਹੀਂ ਦਿੱਤੀ ਗਈ। ਸਰਕਾਰੀ ਵਕੀਲ ਦੇ ਦਫ਼ਤਰ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button