
ਫ਼ਿਰੋਜ਼ਪੁਰ, 27 ਨਵੰਬਰ (ਬਿੰਦੂ ਸਿੰਘ)- ਜ਼ਿਲ੍ਹਾ ਫ਼ਿਰੋਜ਼ਪੁਰ ਦੇ ਜ਼ੀਰਾ ਵਿਖੇ ਇੱਕ ਹੋਣਹਾਰ ਦਲਿਤ ਸਕੂਲੀ ਵਿਦਿਆਰਥੀ ਅਤੇ ਹਾਕੀ ਖਿਡਾਰੀ ਜਸ਼ਨਦੀਪ ਦੀ ਪੁਲਿਸ ਹਿਰਾਸਤ ਦੌਰਾਨ ਤਸ਼ੱਦਦ ਕਾਰਨ ਹੋਈ ਮੌਤ ’ਤੇ ਭਾਰਤੀ ਜਨਤਾ ਪਾਰਟੀ ਨੇ ਭਗਵੰਤ ਮਾਨ ਸਰਕਾਰ ਖ਼ਿਲਾਫ਼ ਤਿੱਖਾ ਮੋਰਚਾ ਖੋਲ੍ਹ ਦਿੱਤਾ ਹੈ। ਸ਼ੀਤਲ ਅੰਗੁਰਾਲ ਪ੍ਰਧਾਨ ਭਾਜਪਾ ਐੱਸ.ਸੀ ਮੋਰਚਾ ਪੰਜਾਬ ਨੇ ਇਸ ਘਟਨਾ ਨੂੰ ਸਰਕਾਰੀ ਸਰਪ੍ਰਸਤੀ ਹੇਠ ਹੋਇਆ ਸ਼ਰਮਨਾਕ ਕਤਲ ਕਰਾਰ ਦਿੰਦਿਆਂ ਦੋਸ਼ੀ ਐੱਸਐੱਚਓ ਗੁਰਮੀਤ ਸਿੰਘ ਖ਼ਿਲਾਫ਼ ਕਤਲ (ਧਾਰਾ 103 ਬੀਐੱਨਐੱਸ) ਅਤੇ ਐੱਸਸੀ/ਐੱਸਟੀ ਐਕਟ ਤਹਿਤ ਤੁਰੰਤ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰਨ ਦੀ ਜ਼ੋਰਦਾਰ ਮੰਗ ਕੀਤੀ ਹੈ। ਅੰਗੁਰਾਲ ਨੇ ਕਿਹਾ ਕਿ ‘ਆਪ’ ਸਰਕਾਰ ਦੇ ਰਾਜ ਵਿੱਚ ਪੁਲਿਸ ਥਾਣੇ ਬੁੱਚੜਖਾਨੇ ਬਣ ਚੁੱਕੇ ਹਨ, ਜਿੱਥੇ ਗ਼ਰੀਬਾਂ ਤੇ ਦਲਿਤਾਂ ਦੀਆਂ ਜਾਨਾਂ ਬੇਰਹਿਮੀ ਨਾਲ ਲਈਆਂ ਜਾ ਰਹੀਆਂ ਹਨ।
ਘਰੋਂ ਚੁੱਕ ਕੇ ਥਾਣੇ ’ਚ ਅੰਨ੍ਹਾ ਤਸ਼ੱਦਦ; ਫੇਫੜਿਆਂ ’ਚ ਇਨਫੈਕਸ਼ਨ ਹੋਣ ਕਾਰਨ ਹਸਪਤਾਲ ’ਚ ਤੋੜਿਆ ਦਮ-
ਘਟਨਾ ਦੇ ਖ਼ੌਫ਼ਨਾਕ ਵੇਰਵੇ ਦਿੰਦਿਆਂ ਸ਼ੀਤਲ ਅੰਗੁਰਾਲ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਜਸ਼ਨਦੀਪ ਇੱਕ 12ਵੀਂ ਕਲਾਸ ਦਾ ਵਿਦਿਆਰਥੀ ਅਤੇ ਹਾਕੀ ਦਾ ਖਿਡਾਰੀ ਸੀ। ਐੱਸਐੱਚਓ ਗੁਰਮੀਤ ਸਿੰਘ ਨੇ ਉਸ ਨੂੰ ਬਿਨਾਂ ਕਿਸੇ ਕਸੂਰ ਦੇ ਘਰੋਂ ਚੁੱਕਿਆ ਅਤੇ ਥਾਣੇ ਲਿਜਾ ਕੇ ਦੋ ਦਿਨ ਅਤੇ ਇੱਕ ਰਾਤ ਲਗਾਤਾਰ ਅੰਨ੍ਹਾ ਤਸ਼ੱਦਦ ਢਾਹਿਆ। ਨੌਜਵਾਨ ਤੋਂ ਜ਼ਬਰਦਸਤੀ 100 ਡੰਡ-ਬੈਠਕਾਂ ਕਢਵਾਈਆਂ ਗਈਆਂ, ਜਿਸ ਕਾਰਨ ਉਹ ਬੇਹੋਸ਼ ਹੋ ਗਿਆ। ਤਸ਼ੱਦਦ ਦੌਰਾਨ ਮੂੰਹ ਵਿੱਚ ਪਾਇਆ ਗਿਆ ਪਦਾਰਥ ਫੇਫੜਿਆਂ ਵਿੱਚ ਜਾਣ ਕਾਰਨ ਉਸ ਨੂੰ ਗੰਭੀਰ ਇਨਫੈਕਸ਼ਨ ਹੋ ਗਈ। ਪਰਿਵਾਰ ਅਨੁਸਾਰ ਥਾਣੇਦਾਰ ਨੇ ਬਰਾਮਦ ਕੀਤਾ ਨਸ਼ਾ ਉਸ ਨਿਰਦੋਸ਼ ਮੁੰਡੇ ਦੇ ਸਿਰ ਮੜ੍ਹਨ ਦੀਆਂ ਧਮਕੀਆਂ ਵੀ ਦਿੱਤੀਆਂ। ਅੰਗੁਰਾਲ ਨੇ ਕਿਹਾ ਕਿ ‘ਮਾਵਾਂ-ਧੀਆਂ ਦੇ ਸਤਿਕਾਰ’ ਦੇ ਦਾਅਵੇ ਕਰਨ ਵਾਲੀ ‘ਆਪ’ ਸਰਕਾਰ ਦੇ ਰਾਜ ਵਿੱਚ ਮਰਹੂਮ ਨੌਜਵਾਨ ਨੂੰ ਛੁਡਵਾਉਣ ਗਈਆਂ ਘਰ ਦੀਆਂ ਔਰਤਾਂ ਨਾਲ ਵੀ ਐੱਸਐੱਚਓ ਵੱਲੋਂ ਬਦਸਲੂਕੀ ਕੀਤੀ ਗਈ। ਜਦੋਂ ਪਰਿਵਾਰ ਉਸ ਨੂੰ ਛੁਡਵਾ ਕੇ ਲਿਆਇਆ ਤਾਂ ਉਹ ਲਗਾਤਾਰ ਉਲਟੀਆਂ ਕਰ ਰਿਹਾ ਸੀ ਅਤੇ ਹਸਪਤਾਲ ਦਾਖ਼ਲ ਕਰਵਾਏ ਜਾਣ ਦੇ ਮਹਿਜ਼ ਦੋ ਦਿਨਾਂ ਅੰਦਰ ਹੀ ਉਸ ਦੀ ਮੌਤ ਹੋ ਗਈ।
‘ਭੈਰੋਂ ਆਉਣ’ ਦੇ ਹੰਕਾਰੀ ਡਾਇਲਾਗ ਮਾਰਨ ਵਾਲੇ ਦਾਗ਼ੀ ਅਫ਼ਸਰ ਨੂੰ ਕਿਸ ਦੀ ਸਰਪ੍ਰਸਤੀ: ਭਾਜਪਾ-
ਸ਼ੀਤਲ ਅੰਗੁਰਾਲ ਪ੍ਰਧਾਨ ਭਾਜਪਾ ਐੱਸ.ਸੀ ਮੋਰਚਾ ਪੰਜਾਬ ਨੇ ਕਿਹਾ ਕਿ ਐੱਸਐੱਚਓ ਗੁਰਮੀਤ ਸਿੰਘ ਖ਼ਿਲਾਫ਼ ਪਹਿਲਾਂ ਵੀ ਨੌਜਵਾਨਾਂ ਦੇ ਕੰਨਾਂ ਦੇ ਪੜਦੇ ਪਾੜਨ, ਫੇਫੜਿਆਂ ’ਚ ਪਾਣੀ ਭਰਨ ਅਤੇ ਰੀੜ੍ਹ ਦੀ ਹੱਡੀ ਤੋੜ ਕੇ ਅਪੰਗ ਬਣਾਉਣ ਦੇ ਸੰਗੀਨ ਇਲਜ਼ਾਮ ਲਗਦੇ ਰਹੇ ਹਨ। ਇਹ ਅਧਿਕਾਰੀ ਸ਼ਰੇਆਮ ਹੰਕਾਰ ਨਾਲ ਕਹਿੰਦਾ ਸੀ ਕਿ “ਮੇਰੇ ਵਿੱਚ ਭੈਰੋਂ ਆਉਂਦਾ ਹੈ ਅਤੇ ਜਦੋਂ ਆਉਂਦਾ ਹੈ ਮੈਨੂੰ ਪਤਾ ਨਹੀਂ ਲੱਗਦਾ ਕਿ ਕਿੰਨਾ ਕੁੱਟਦਾ ਹਾਂ” ਅਤੇ “ਮੈਂ ਕੁੱਟਦਾ ਵੀ ਹਾਂ, ਪੈਸੇ ਵੀ ਲੈਂਦਾ ਹਾਂ ਅਤੇ ਪਰਚਾ ਵੀ ਪਾਉਂਦਾ ਹਾਂ।” ਅੰਗੁਰਾਲ ਨੇ ਸਵਾਲ ਕੀਤਾ ਕਿ ਅਜਿਹੇ ਜ਼ਾਲਮ ਥਾਣੇਦਾਰ ਨੂੰ ਜੇਲ੍ਹ ਭੇਜਣ ਦੀ ਬਜਾਏ ਕਿਸ ਦੀ ਸ਼ਹਿ ’ਤੇ ਤਰੱਕੀਆਂ ਦਿੱਤੀਆਂ ਜਾ ਰਹੀਆਂ ਸਨ? ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਦੋਸ਼ੀ ਥਾਣੇਦਾਰ ਖ਼ਿਲਾਫ਼ ਕਤਲ ਦਾ ਮੁਕੱਦਮਾ ਦਰਜ ਕਰਕੇ ਪੀੜਤ ਪਰਿਵਾਰ ਨੂੰ ਇਨਸਾਫ਼ ਨਾ ਮਿਲਿਆ ਤਾਂ ਭਾਜਪਾ ਪੂਰੇ ਜ਼ਿਲ੍ਹੇ ਵਿੱਚ ਸੰਘਰਸ਼ ਵਿੱਢੇਗੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




