EDITORIAL

ਚੀਨ ਕਦੇ ਵੀ ਹਮਲਾ ਕਰ ਸਕਦਾ ਹੈ

ਚੀਨ ਵਿਸ਼ਵ ਦੀ ਵੱਡੀ ਫੌਜੀ ਸ਼ਕਤੀ

ਅਮਰਜੀਤ ਸਿੰਘ ਵੜੈਚ (94178-01988) 

ਯੂਕਰੇਨ ਮੀਡੀਆ ‘ਚ ਹੁਣ ਤੀਜੇ ਚੌਥੇ ਨੰਬਰ ‘ਤੇ ਪਹੁੰਚ ਗਿਆ ਹੈ। ਹਰ ਜੰਗ ਦਾ ਨਤੀਜਾ ਮਨੁੱਖੀ ਅਤੇ ਅਰਥਚਾਰੇ ਦੀ ਬਰਬਾਦੀ ਹੁੰਦੀ ਹੈ। ਹਰ ਜੰਗ ਦਾ ਮਤਲਬ ਹੁੰਦਾ ਹੈ ਅੰਤ ਵਿੱਚ ਸਮਝੌਤਾ ਅਤੇ ਸ਼ਾਂਤੀ। ਯੁੱਧ ਮਗਰੋਂ ਪਰਤੀ ਸ਼ਾਂਤੀ ਲਹੂ-ਲੁਹਾਣ ਹੋਈ ਹੁੰਦੀ ਹੈ ਜਿਸ ਦੇ ਜ਼ਖ਼ਮ ਕਦੇ ਵੀ ਨਹੀਂ ਆਠਰਦੇ। ਯੂਕਰੇਨ ‘ਤੇ ਰੂਸ ਦੇ ਵਹਿਸ਼ੀਆਨਾਂ ਹਮਲੇ ਨੇ ਹੁਣ ਤੱਕ ਯੂਕਰੇਨ ਦੇ 22 ਹਜ਼ਾਰ ਤੋਂ ਵੱਧ ਸੈਨਿਕ ਸ਼ਹੀਦ ਕਰ ਦਿੱਤੇ ਹਨ। ਬੀਬੀਸੀ ਅਨੁਸਾਰ ਇਸ ਲੜਾਈ ਵਿੱਚ ਯੂਕਰੇਨ ਦੇ ਹਰ ਰੋਜ਼ 200 ਸੈਨਿਕ ਜਾਨਾਂ ਗਵਾ ਰਹੇ ਹਨ ; ਅੱਜ ਇਸ ਜੰਗ ਦਾ 111 ਵਾਂ ਦਿਨ ਹੈ ਅਤੇ ਇਸ ਸਮੇਂ ‘ਚ ਯੂਕਰੇਨ ਦੇ 75 ਲੱਖ ਨਾਗਰਿਕ ਦੇਸ਼ ਛੱਡਕੇ ਪੋਲੈਂਡ, ਹੰਗਰੀ ਅਤੇ ਸਲੋਵੀਨੀਆਂ ਵਿੱਚ ਜਾਕੇ ਸ਼ਰਨਾਰਥੀ ਕੈਂਪਾਂ ਵਿੱਚ ਰਹਿਣ ਲਈ ਮਜ਼ਬੂਰ ਹਨ। ਰੂਸ ਦੇ ਰਾਸ਼ਟਰਪਤੀ ਪੁਤਿਨ ਨੇ ਸੁਪਨੇ ਵਿੱਚ ਵੀ ਨਹੀਂ ਸੀ ਸੋਚਿਆ ਹੋਣਾ ਕਿ ਉਸ ਦੀਆਂ ਫ਼ੌਜਾਂ ਯੂਕਰੇਨ ਵਿੱਚ ਬੁਰੀ ਤਰ੍ਹਾਂ ਫਸ ਜਾਣਗੀਆਂ ।

ਯੂਕਰੇਨ ਦਾ ਅਰਥਚਾਰਾ 45 ਫ਼ੀਸਦ ਤਬਾਹ ਹੋ ਗਿਆ ਹੈ ਅਤੇ ਰੂਸ ਦੀ ਵਿੱਤੀ ਸਥਿਤੀ ਵੀ 17 ਫ਼ੀਸਦ ਲਟਕ ਗਈ ਹੈ। ਯੂਕਰੇਨ(ਉਕਰੇਨ) ਲਈ ਹੁਣ ਇਸ ਤਬਾਹੀ ‘ਚੋਂ ਉਭਰਨਾਂ ਬਹੁਤ ਮੁਸ਼ਕਿਲ ਹੋਵੇਗਾ ਕਿਉਂਕਿ ਰੂਸ ਦੇ ਹਮਲੇ ਹਾਲੇ ਵੀ ਜਾਰੀ ਹਨ ਅਤੇ ਜੰਗ ਦੇ ਰੁਕਣ ਦੇ ਆਸਾਰ ਨੇੜੇ ਤੇੜੇ ਨਹੀਂ ਹਨ। ਰੂਸ ਵੱਲੋਂ ਜਿਸ ਤਰ੍ਹਾਂ ਮਨੁਖਤਾ ਦਾ ਘਾਣ ਕੀਤਾ ਗਿਆ ਹੈ ਉਸ ਤੋਂ ਸਿੱਧ ਹੋ ਗਿਆ ਹੈ ਕਿ ਪੁਤਿਨ ਲਈ ਮਨੁੱਖੀ ਅਧਿਕਾਰਾਂ ਦੀ ਕੋਈ ਕੀਮਤ ਨਹੀਂ। ਰੂਸ ਨੇ ‘ਸੰਯੁਕਤ ਰਾਸ਼ਟਰ’ ਦੇ ‘ਮਨੁੱਖੀ ਅਧਿਕਾਰ ਚਾਰਟਰ’ 1948 ਉੱਤੇ ਹਸਤਾਖ਼ਰ ਨਹੀਂ ਕੀਤੇ ਸਨ ਅਤੇ ਫਿਰ 1975 ਵਿੱਚ ਰੂਸ ਹੈਲਸਿੰਕੀ ਦੇ ਮਤੇ ‘ਤੇ ਦਸਤਖ਼ਤ ਕਰਨ ਕਈ ਤਿਆਰ ਹੋ ਗਿਆ ਸੀ।

ਬੜੇ ਅਫ਼ਸੋਸ ਦੀ ਗੱਲ ਹੈ ਕਿ ‘ਸੰਯੁਕਤ ਰਾਸ਼ਟਰ’ ਜਿਸ ਨੂੰ ਦੁਨੀਆਂ ਦੀ ਇਕ ਸਿਰਮੌਰ ਸੰਸਥਾ ਮੰਨਿਆ ਜਾਂਦਾ ਹੈ ਉਸ ਦੇ ਸਣੇ ਪੂਰੇ ਵਿਸ਼ਵ ਦੇ ਮੁਲਕਾਂ ਨੇ ਯੂਕਰੇਨ ਵਿੱਚ ਰੂਸ ਦੇ ਦੈਂਤ ਨੂੰ ਤਬਾਹੀ ਕਰਨ ਲਈ ਖੁੱਲ੍ਹਾ ਛੱਡਿਆ ਹੋਇਆ ਹੈ। ਰੂਸ ਨੇ ਤਾਂ ਅਮਰੀਕਾ ਨੂੰ ਵੀ ਅੱਖਾਂ ਵਿਖਾ ਦਿੱਤੀਆਂ ਹਨ। ਇਸ ਸਥਿਤੀ ਤੋਂ ਇਹ ਸ਼ੱਕ ਪੈਦਾ ਹੁੰਦਾ ਹੈ ਕਿ ਕੁਝ ਦੇਸ਼ ਰੂਸ ਨਾਲ ਅੰਦਰ-ਖਾਤੇ ਆਪੋ-ਆਪਣੇ ਮੁਫ਼ਾਦਾਂ ਕਰਕੇ ਚੁੱਪ ਹਨ ਅਤੇ ਯੂਕਰੇਨ ਵਿੱਚ ਮਨੁੱਖਤਾ ਦੀ ਤਬਾਹੀ ਹੋ ਰਹੀ ਹੈ। ਭਾਵੇਂ ‘ਸੰਯੁਕਤ ਰਾਸ਼ਟਰ’ ਨੇ ਰੂਸ ਨੂੰ ਜੰਗ ਦੌਰਾਨ ‘war criminal’ ਕਰਾਰ ਦੇ ਦਿੱਤਾ ਹੈ ਤਾਂ ਵੀ ਜੰਗ ਦੇ ਰੁਕਣ ਦੇ ਆਸਾਰ ਨਜ਼ਰ ਨਹੀਂ ਆ ਰਹੇ। ਭਾਰਤ ਦੇ 25 ਹਜ਼ਾਰ ਮੈਡੀਕਲ ਦੇ ਵਿਦਿਆਰਥੀਆਂ ਦਾ ਭਵਿੱਖ ਖਲਾ ਵਿੱਚ ਲਟਕਿਆ ਪਿਆ ਹੈ।

ਰੂਸ ਦੇ ਫ਼ੌਜੀ ਬੇ-ਨਾਮੀ ਅਦਾਲਤਾਂ ਲਾਕੇ ਯੂਕਰੇਨ ਦੇ ਲੋਕਾਂ ਨੂੰ ਫ਼ਾਂਸੀਆਂ ਲਾ ਰਹੇ ਹਨ; ਬੀਬੀਸੀ ਅਨੁਸਾਰ ਪਤੀਆਂ ਅਤੇ ਬੱਚਿਆਂ ਦੇ ਸਾਹਮਣੇ ਸੜਕਾਂ ਅਤੇ ਘਰਾਂ ਵਿੱਚ ਔਰਤਾਂ ਦੇ ਬਲਾਤਕਾਰ ਹੋ ਰਹੇ ਹਨ। ਰੂਸੀ ਫ਼ੌਜੀ ਨਾਗਰਿਕਾਂ ਨੂੰ ਇਕੱਠਿਆਂ ਕਰਕੇ ਗ਼ੈਰ-ਮਨੁੱਖੀ ਤਸੀਹੇ ਦੇ ਕੇ ਮਾਰ ਰਹੇ ਹਨ। ਘਰਾਂ ਦੇ ਘਰ ਅੱਗ ਲਾਕੇ ਸਾੜ ਦਿੱਤੇ ਗਏ ਹਨ, ਫੈਕਟਰੀਆਂ, ਸਕੂਲ, ਹਸਪਤਾਲ, ਸੜਕਾਂ, ਪੁਲ, ਰੇਲਵੇ ਸਟੇਸ਼ਨ, ਖੁਰਾਕ ਭੰਡਾਰ, ਦੁਕਾਨਾਂ, ਬਿਜਲੀ ਘਰ, ਬਾਜ਼ਾਰ ਆਦਿ ਤਬਾਹ ਕਰ ਦਿੱਤੇ ਗਏ ਹਨ। ਇਥੋਂ ਤੱਕ ਕਿ ਰੂਸੀ ਫ਼ੌਜ ਯੂਕਰੇਨ ਦੀ ਬਹੁਤ ਵੱਡੀ ਗਿਣਤੀ ਬੱਚਿਆਂ ਨੂੰ ਰੂਸ ਲੈ ਗਈ ਹੈ ਜਿਥੇ ਉਨ੍ਹਾਂ ਨੂੰ ਇਕ ਖ਼ਾਸ ਕਿਸਮ ਦੀ ਸਿੱਖਿਆ ਅਤੇ ਟਰੇਨਿੰਗ ਦੇ ਕਿ ਭਵਿੱਖ ਵਿੱਚ ਵਾਪਸ ਯੂਕਰੇਨ ਭੇਜਣਗੇ ਤਾਂ ਕਿ ਯੂਕਰੇਨ ‘ਚ ਰੂਸੀ ਨੀਤੀਆਂ ਅਨੁਸਾਰ ਨਾਲ ਲੀਡਰਸ਼ਿਪ ਤਿਆਰ ਕੀਤ‌ੀ ਜਾ ਸਕੇ।

ਯੂਕਰੇਨੀਅਨ ਰਾਸ਼ਟਰਪਤੀ ਯਲੈਂਸਕੀ ਵੀ ਬੁਰੀ ਤਰ੍ਹਾਂ ਫਸ ਗਿਆ ਹੈ ਭਾਵੇਂ ਕਿ ਉਸ ਨੇ ਹਾਲੇ ਤੱਕ ਹਾਰ ਨਹੀਂ ਮੰਨੀ। ਉਹ ਯੂਰਪੀਨ ਦੇਸ਼ਾਂ ਦੀ ਹੱਲਾਸ਼ੇਰੀ ਵਿੱਚ ਆਕੇ ਰੂਸ ਨਾਲ ਮੱਥਾ ਲਾ ਬੈਠਾ ਪਰ ‘ਥਾਪੜਾ’ ਦੇਣ ਵਾਲੇ ਹੁਣ ਪੈਰ ਮਲਣ ਲੱਗ ਪਏ ਹਨ ਪਰ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਆਖ਼ਰ ਕਦੋਂ ਤੱਕ ਇਹ ਕਤਲੋ-ਗ਼ਾਰਤ ਹੁੰਦੀ ਰਹੇਗੀ ? ਕੀ ਵਿਸ਼ਵ ਦੇ ਮੁਲਕਾਂ ਨੂੰ ਕੁਝ ਨਹੀਂ ਕਰਨਾ ਚਾਹੀਦਾ ਹੈ ?

ਚੀਨ ਹਮੇਸ਼ਾ ਭਾਰਤ ਨੂੰ ਅੱਖਾਂ ਵਖਾਉਂਦਾ ਰਹਿੰਦਾ ਹੈ ; ਚੀਨ ਦੇ ਮੁਕਾਬਲੇ ਭਾਰਤ ਦੀ ਜੰਗੀ ਸ਼ਕਤੀ ਬਹੁਤ ਘੱਟ ਹੈ। ਮਾਰਚ 2021 ਵਿੱਚ ‘Military Direct’ ਵੈਬਸਾਈਟ ਦੇ ਸਰਵੇਖਣ ਅਨੁਸਾਰ ਦੁਨੀਆਂ ‘ਚ ਫ਼ੌਜੀ ਸ਼ਕਤੀ ਅਨੁਸਾਰ ਚੀਨ ਨੰਬਰ ਇਕ, ਅਮਰੀਕਾ ਦੋ, ਰੂਸ ਤਿੰਨ ਅਤੇ ਭਾਰਤ ਚਾਰ ਨੰਬਰ ‘ਤੇ ਆਉਂਦਾ ਹੈ। ਕੀ ਜੇਕਰ ਕਦੇ ਚੀਨ ਭਾਰਤ ‘ਤੇ ਹਮਲਾ ਕਰ ਦਿੰਦਾ ਹੈ ਤਾਂ ਕੀ ਵਿਸ਼ਵ ਦੇ ਮੁਲਕ ਯੂਕਰੇਨ ਵਾਂਗ ਹੀ ਦੂਰੋਂ ਖੜਕੇ ਲਲਕਾਰੇ ਹੀ ਮਾਰਨਗੇ ? ਵੈਸੇ ਚੀਨ ਤਾਇਵਾਨ ਨੂੰ ਆਪਣੇ ਕਬਜ਼ੇ ਵਿੱਚ ਕਰਨ ਲਈ ਕਈ ਮਸ਼ਕਾਂ ਕਰ ਚੁੱਕਿਆ ਹੈ ਅਤੇ ਕਦੇ ਵੀ ਤਾਇਵਾਨ ਤੇ ਹਮਲਾ ਕਰ ਸਕਦਾ ਹੈ। ਅਜਿਹੀਆਂ ਸਥਿਤੀਆਂ ਤੋਂ ਭਵਿਖ ਵਿੱਚ ਨਜਿੱਠਣ ਲਈ ਵਿਸ਼ਵ ਦੇ ਮੁਲਕਾਂ ਨੂੰ ਬਹੁਤ ਜਲਦੀ ਰੂਸ ਨੂੰ ਨਕੇਲ ਪਾਉਣ ਦੀ ਲੋੜ ਹੈ ਤਾਂ ਕਿ ਇਸ ਸਥਿਤੀ ਦਾ ਕੋਈ ਹੋਰ ਮੁਲਕ ਗਲਤ ਅਰਥ ਨਾ ਸਮਝ ਲਵੇ।

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button