EDITORIAL

ਫ਼ਰੀਦ ਦੀ ਧਰਤੀ ‘ਤੇ ਫੁਕਰਾਪੰਥੀ

'ਗੁਰੂ ਕੇ ਵਜ਼ੀਰ' ਮਾੜੇ ਹਾਲੀਂ , ਆਕਾਲ ਤਖ਼ਤ ਤੋਂ ਹੁਕਮਨਾਮੇ ਦੀ ਲੋੜ

ਬਾਬਾ ਸ਼ੇਖ ਫ਼ਰੀਦ ਦੀ ਧਰਤੀ ਫ਼ਰੀਦਕੋਟ ‘ਤੇ ਕੱਲ੍ਹ ਅੱਸੂ ਦੀ ਸੰਗਰਾਂਦ ਦੇ ਪਵਿਤਰ ਦਿਨ ‘ਤੇ  ਜਰਮਨ ਕਲੋਨੀ ਦੇ  ਗੁਰਦੁਆਰਾ ਸਾਹਿਬ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ‘ਚ ਗੁਰਦੁਆਰਾ ਸਾਹਿਬ ਦੇ ਦੰਭੀ ਪ੍ਰਬੰਧਕਾਂ ਨੇ ਜੋ ‘ਕਰਤਵ’ ਵਿਖਾਏ ਹਨ ਉਹ ਸਮੁੱਚੀ ਕੌਮ ਲਈ ਬੜੇ ਦੁੱਖ ਵਾਲ਼ੀ ਘਟਨਾ ਹੈ । ਜਿਹੜੇ ਸਿਖ ਸੀਰੀਆ ‘ਚ ਇਸਲਾਮਿਕ ਜਹਾਦੀਆਂ ਦੇ ਪੀੜਤ ਲੋਕਾਂ ਨੂੰ ਪ੍ਰਸ਼ਾਦੇ ਵੰਡਦੇ ਫਿਰਦੇ ਹਨ ,ਜਿਹੜੇ ਯੂਕਰੇਨ ‘ਚ ਰਾਸ਼ਨ ਵਰਤਾਉਂਦੇ ਫਿਰਦੇ ਹਨ,ਜੋ ਕਸ਼ਮੀਰ ‘ਚ ਹੜਾਂ ਸਮੇ ਰਸਦਾਂ ਵੰਡਦੇ ਦਿਸਦੇ ਹਨ,ਕੋਰੋਨਾ ਸਮੇਂ ਆਕਸੀਜ਼ਨ ਦੇ ਲੰਗਰ ਲਾ ਦਿੰਦੇ ਹਨ,ਸੁਨਾਮੀ ‘ਚ ਸੇਵਾ ਕਰਦੇ ਹਨ… ..ਉਨ੍ਹਾਂ ਸਿਖਾਂ ‘ਚੋ ਹੀ ਕੁਝ ਲੋਕ ਗੁਰਦੁਆਰਾ ਸਾਹਿਬ ਦੇ ਪ੍ਰਬੰਧ ‘ਤੇ ਕਬਜ਼ਾ ਕਰਨ ਲਈ ਗੁਰਦੁਆਰਾ ਸਾਹਿਬ ਦੇ ਅੰਦਰ ਹੀ ਇਕ ਦੂਜੇ ‘ਤੇ ਕਿਰਪਾਨਾਂ ਚਲਾਉਣ ਲੱਗ ਜਾਣ, ਦਸਤਾਰਾਂ ਲਾਹੁਣ ਲੱਗ ਜਾਣ, ਛੋਟੇ ਛੋਟੇ ਬੱਚਿਆਂ  ਤੇ ਬੀਬੀਆਂ  ਸਾਹਵੇਂ ਹੀ ਗਾਲ਼ਾਂ ਕਢਦੇ  ਇਕ ਦੂਜੇ ਦੀ ਜਾਨ ਲੈਣ ਲਈ ਉਤਾਵਲੇ ਹੋ ਜਾਣ ਤਾਂ ਫਿਰ ਦੁਨੀਆਂ ਕੀ ਕਹੇਗੀ ? ਇਸ ਲੜਾਈ ਦੀ ਵੀਡੀਓ ਜੰਗਲ ਦੀ ਅੱਗ ਵਾਂਗ ਫੈਲ ਚੁੱਕੀ ਹੈ ।

ਇਹ ਘਟਨਾ ਤਾਂ ਹੈ ਹੀ ਨਿੰਦਣਯੌਗ ਪਰ ਇਸ ਤੋਂ  ਵੀ ਵੱਡੀ ਨਮੋਸ਼ੀ ਵਾਲ਼ੀ ਗੱਲ ਤਾਂ ਇਹ ਹੈ ਕਿ  ਇਨ੍ਹਾਂ ‘ਯੋਧਿਆਂ’ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਸਜਾਏ ਸ਼ਸਤਰ ਹੀ ਚੁੱਕ ਲਏ ਤੇ ਇਕ ਦੂਜੇ ਤੇ ਵਾਰ ਕਰਨ ਲੱਗ ਪਏ । ਔਰਤਾਂ ਦੇ ਚਪੇੜਾਂ ਮਾਰੀਆਂ ਗਈਆਂ ਤੇ ਬੱਚੇ ਵਿਲ਼ਕਦੇ ਰਹੇ ।

ਬਾਬਾ ਫ਼ਰੀਦ ਆਪਣੀ ਬਾਣੀ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 1377 ‘ਤੇ ਫ਼ੁਰਮਾਨ ਕਰਦੇ ਹਨ ।

ਫ਼ਰੀਦਾ ਜੋ ਤੈ ਮਾਰਨਿ ਮੁਕੀਆ ਤਿਨਾ ਨਾ ਮਾਰੇ ਘੁੰਮਿ ਆਪਨੜੈ  ਘਰਿ ਜਾਈਐ ਪੈਰ ਤਿਨਾ ਦੇ ਚੁੰਮਿ ।।

ਬਾਬਾ ਫ਼ਰੀਦ ਦੀ ਬਾਣੀ ਇਹ ਸੰਦੇਸ਼ ਦਿੰਦੀ ਹੈ ਕਿ  ਹੈ ਮਨੁੱਖ ਜੇਕਰ ਤੈਨੂੰ ਕੋਈ ਗੁੱਸੇ ‘ਚ ਮੁੱਕਾ ਮਾਰਦਾ ਹੈ ਤਾਂ ਤੂੰ ਉਸ ਨੂੰ ਬਦਲੇ ‘ਚ ਘਸੁੰਨ ਨਹੀਂ ਮਾਰਨਾ , ਬਲਕਿ ਆਪਣੇ ਘਰ ਜਾਣ ਤੋਂ ਪਹਿਲਾਂ ਉਸ ‘ਮੁੱਕੇ’ ਮਾਰਨ ਵਾਲ਼ੇ ਦੇ ਘਰ ਜਾਕੇ  ਪੈਰ ਚੁੰਮ ਤਾਂ ਆਪਣੇ ਘਰ ਜਾ ਭਾਵ ਗੁੱਸੇ ਗਿਲੇ ਮਿਟਾਕੇ ਜੀਓ ਤਾਂ ਹੀ ਸੁਖੀ ਰਿਹਾ ਜਾ ਸਕਦਾ ਹੈ; ਪਰ  ਫ਼ਰੀਦਕੋਟੀਆਂ ਨੇ ਤਾਂ ਬਾਬਾ ਫ਼ਰੀਦ ਨੂੰ ਠਿਠ ਜਾਣਦਿਆਂ ਨਾਲ਼ ਦੀ ਨਾਲ਼ ਹੀ ਭਾਜੀ ਮੋੜਨੀ ਠੀਕ ਸਮਝੀ । ਇਹ ਲੜਨ ਵਾਲ਼ੇ ਗੁਰਦੁਆਰੇ ਦੀ ਪ੍ਰਧਾਨਗੀ ਤੋਂ ਹੀ ਗੁੱਥਮ-ਗੁੱਥਾ ਹੋ ਗਏ ਜਦੋਂ ਕੇ ਇਹ ਸਾਰੇ  ਓਸੇ ਹੀ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕ ਕੇ ਗੁਰਦੁਆਰੇ ਗਏ ਸਨ ਜਿਸ ਗ੍ਰੰਥ ਵਿੱਚ ਬਾਬਾ ਫ਼ਰੀਦ ਦੀ ਉਪਰੋਕਤ ਬਾਣੀ ਸੁਸ਼ੋਬਤ ਹੈ ।

ਅੱਜ ਜਦੋਂ ਸਿਖ ਚਿੰਤਕ ਇਸ ਗੱਲੋਂ ਚਿੰਤਤ ਹਨ ਕਿ ਕਈ ਸਿਖ ਪਰਿਵਾਰ ਧਰਮ ਬਦਲ ਕੇ ਈਸਾਈ ਮੱਤ ਗ੍ਰਹਿਣ ਕਰ ਰਹੇ ਹਨ ਤਾਂ ਇਹੋ ਜਿਹੇ ਮੌਕੇ ਇਸ ਤਰ੍ਹਾਂ ਦੀ ਘਟਨਾ ਬਲ਼ਦੀ ‘ਤੇ ਤੇਲ ਪਾਉਣ ਦਾ ਕੰਮ ਕਰਦੀ ਹੈ । ਇਨ੍ਹਾ ਦਿਨਾਂ ‘ਚ ਇਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਚੱਲ ਰਹੀ ਹੈ ਜਿਸ ਵਿੱਚ ਇਕ ਨੌਜਵਾਨ ਐੱਸਜੀਪੀਸੀ ‘ਤੇ ਇਲਜ਼ਾਮ ਲਾਉਂਦਾ ਸੁਣਿਆ ਜਾ ਸਕਦਾ ਹੈ ਕਿ ਜੇ ਕਰ ਕਮੇਟੀ ਨੇ ਗਰੀਬਾਂ ਦੀ ਲੋੜ ਸਮੇਂ ਮਦਦ ਕੀਤੀ ਹੁੰਦੀ ਤਾਂ ਗਰੀਬ ਲੋਕ ਈਸਾਈ ਮੱਤ ਵੱਲ ਨਾ ਖਿਚੇ ਜਾਂਦੇ ।

ਫ਼ਰੀਦਕੋਟ ਵਾਲ਼ੀ ਘਟਨਾ ਕੋਈ ਪਹਿਲੀ ਘਟਨਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਕਈ ਗੁਰਦੁਆਰਿਆਂ ਦੇ ‘ਪ੍ਰਬੰਧਕਾਂ’ ਨੇ ਇਸ ਤਰ੍ਹਾਂ ਦੀਆਂ ਕਰਤੂਤਾਂ ਨਾਲ਼ ਸਿਖਾਂ ਦਾ ਜਲੂਸ ਕਢਵਾਉਣ ਦੀਆਂ ਕੋਝੀਆਂ ਕੋਸ਼ਿਸ਼ਾਂ ਕੀਤੀਆਂ ਹਨ :  ‘ਬਲਿਊ ਸਟਾਰ ਦੀ 30ਵੀ ਬਰਸੀ ਦੇ ਮੌਕੇ ‘ਤੇ ਛੇ ਜੂਨ 2014 ਨੂੰ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਹੀ ਦੋ ਗੁੱਟਾਂ ਵਿਚਾਲ਼ੇ ਕਿਰਪਾਨਾ ਚੱਲੀਆਂ ਸਨ । ਕਨੇਡਾ ਦੇ ਬਰੈਂਪਟਨ ਗੁਰਦੁਆਰਾ ਸਾਹਿਬ ‘ਚ ਅਪ੍ਰੈਲ 2020 ਨੂੰ ਗੁਰਦੁਆਰੇ ਦੇ ਪ੍ਰਬੰਧ ‘ਤੇ ਕਬਜ਼ਾ ਕਰਨ ਨੂੰ ਲੈਕੇ ਕਿਰਪਾਨਾ,ਚਾਕੂ ‘ਤੇ ਘਸੁੰਨ-ਮੁੱਕੇ ਚੱਲੇ ਸਨ । ਸਾਲ 1997 ‘ਚ ਕਨੇਡਾ ਦੇ ਸਰੀ ਸ਼ਹਿਰ ਦੇ ਗੁਰਦੁਆਰਾ ਸਾਹਿਬ  ‘ਚ  ਲੰਗਰ ਛਕਣ ਦੇ ਮਸਲੇ ‘ਤੇ ਦੋ ਗਰੁਪਾਂ ‘ਚ ਚੰਗੀ ਲੜਾਈ ਹੋਈ ਜਿਸ ‘ਚ ਇਕ ਬੰਦੇ ਦਾ ਕੰਨ ਵੱਡ ਦਿਤਾ ਗਿਆ ਤੇ ਇਕ ਦੀ ਬਾਂਹ ਵੱਡੀ ਗਈ । ਲੜਨ ਵਾਲ਼ਿਆਂ ਅੋਰਤਾਂ ਨੂੰ ਵੀ ਨਹੀਂ ਬਖਸ਼ਿਆ: ਲੜਾਈ ਸਿਰਫ਼ ਇਸ ਗੱਲ ਦੀ ਸੀ ਕਿ ਲੰਗਰ ਪੰਗਤ ‘ਚ ਛੱਕਿਆ ਜਾਵੇ ਜਾਂ ਸੰਗਤ ਨੂੰ ਕੁਰਸੀਆਂ ਉਪਰ ਬੈਠ ਕੇ ਵੀ ਛਕਣ ਦਿਤਾ ਜਾਵੇ ।

ਗੁਰਦੁਆਰਾ ਸਾਹਿਬਾਨ ‘ਚੋ ਪੈਸੇ ਚੋਰੀ ਕਰਨ ਦੀਆਂ ਕਈ ਵੀਡੀਓ ਸਾਨੂੰ ਯੂਟਿਊਬ ‘ਤੇ ਮਿਲ਼ ਜਾਣਗੀਆਂ ਤੇ ਇਸੇ ਤਰ੍ਹਾਂ ਕਈ ਥਾਵਾਂ ‘ਤੇ ਪ੍ਰਬੰਧਕਾਂ ਦਰਮਿਆਨ ਹੋਈਆਂ ਲੜਾਈਆਂ ਦੀਆਂ ਖ਼ਬਰਾਂ,ਤਸਵੀਰਾਂ ਤੇ ਵੀਡੀਓਜ਼ ਵੀ ਮਿਲ਼ ਜਾਣਗੀਆਂ । ਗੁਰਦੁਆਰਿਆਂ ‘ਚ ਹੁੰਦੀਆਂ ਲੜਾਈਆਂ ਦਾ ਮੁੱਖ ਮਸਲਾ ਤਾਂ ਗੋਲਕ ‘ਤੇ ਕਬਜ਼ਾ ਕਰਨਾ ਹੁੰਦਾ ਹੈ । ਇਹ ਲੜਾਈ ਐੱਸਜੀਪੀਸੀ ‘ਚ ਵੀ ਅੰਦਰ ਖਾਤੇ ਚਲਦੀ ਹੈ ਪਰ ਕਦੇ ਫ਼ਰੀਦਕੋਟ ਵਾਂਗ ਸਾਹਮਣੇ ਨਹੀਂ ਆਈ … ਕਦੇ ਆ ਵੀ ਸਕਦੀ ਹੈ !  ਇਸੇ ਲੜਾਈ ਸਦਕਾ ਹੀ ਹਰਿਆਣੇ ਵਿੱਚ ਵੱਖਰੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ ਸੀ ।

ਕਿਸਾਨ ਅੰਦੋਲਨ ਦੌਰਾਨ ਇਕ ਵਿਅਕਤੀ ਦਾ ਕਤਲ ਕਰਕੇ ਸ਼ਰੇਆਮ ਟੰਗ ਦੇਣਾ, ਕੋਵਿਡ ਦੌਰਾਨ ਪਟਿਆਲ਼ੇ ਚ’ ਕਥਿਤ ਨਿਹੰਗ ਸਿੰਘਾਂ ਵੱਲੋਂ ਇਕ ਪੁਲਿਸ ਵਾਲ਼ੇ ਦਾ ਗੁੱਟ ਵੱਡ ਦੇਣਾ ਤੇ ਹਾਲ ਹੀ ਵਿੱਚ ਅੰਮ੍ਰਿਤਸਰ ‘ਚ ਸ਼ਰੇਆਮ ਕਥਿਤ ਨਿਹੰਗ ਸਿੰਘਾਂ ਦੇ ਬਾਣੇ ‘ਚ ਇਕ ਵਿਅਕਤੀ ਦਾ ਕਿਰਪਾਨਾਂ ਨਾਲ਼ ਕਤਲ ਕੋਈ ਚੰਗੇ ਸੰਕੇਤ ਨਹੀਂ । ਅੱਜ ਕੱਲ੍ਹ ਇਸ ਤਰ੍ਹਾਂ ਦੀਆਂ ਵੀਡੀਓਜ਼ ਦੂਜੀਆਂ ਕੌਮਾਂ ‘ਚ ਸਿਖਾਂ ਪ੍ਰਤੀ ਘਿਰਣਾ ਵਧਾਉਂਦੀਆਂ ਹਨ । ਸਾਡੇ ਬਹੁਤ ਸਿਖ ਬਾਹਰੇ ਮੁਲਕਾਂ ‘ਚ ਕੰਮ ਕਰਦੇ ਹਨ ਸਾਨੂੰ ਉਨ੍ਹਾ ਦੀਆਂ ਮੁਸ਼ਕਿਲਾਂ ਨਹੀਂ ਵਧਾਉਣੀਆਂ ਚਾਹੀਦੀਆਂ ।

ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਇਹੋ ਜਿਹੀਆਂ ਕਰਤੂਤਾਂ ਕਰਕੇ ਅਸੀਂ ਨਵੀਂ ਪੀੜ੍ਹੀ ਨੂੰ ਕੀ ਸੁਨੇਹਾ ਦੇਣਾ ਚਾਹੁੰਦਾ ਹਾਂ । ਅੱਜ ਸਾਡੇ ਤਕਰੀਬਨ ਹਰ ਪਿੰਡ ‘ਚ ਦੋ ਦੋ ਗੁਰੂ ਘਰ ਬਣ ਗਏ ਹਨ । ਜਿਥੇ ਆਬਾਦੀ ਜ਼ਿਆਦਾ ਹੈ ਓਥੇ ਤਾਂ ਜਾਇਜ਼ ਹੈ ਪਰ ਜਿਸ ਪਿੰਡ ਦੀ ਆਬਾਦੀ ਹੀ ਦੋ ਹਜ਼ਾਰ ਹੈ ਓਥੇ ਵੀ ਦੋ ਗੁਰੂ ਘਰ । ਕਹਿਣ ਨੂੰ ਤਾਂ ਅਸੀਂ ਗ੍ਰੰਥੀ ਸਿੰਘਾਂ ਨੂੰ ਗੁਰੂ ਘਰ ਦੇ ਵਜ਼ੀਰ ਕਹਿੰਦੇ ਹਾਂ ਪਰ ਇਨ੍ਹਾਂ ਦੀ ਆਰਥਿਕ ਤੇ ਸਮਾਜਿਕ ਹਾਲਤ ਕੀ ਹੈ ਕਿਸੇ ਤੋਂ ਗੁੱਝੀ ਨਹੀਂ । ਇਨ੍ਹਾਂ ਗੁਰੂ ਘਰਾਂ ‘ਤੇ ਕੋਈ ਕੰਟਰੋਲ ਨਹੀਂ ਹੁੰਦਾ । ਇਮਤਿਹਾਨਾਂ ਦੇ ਦਿਨਾਂ ‘ਚ ਸਪੀਕਰ ਬਿਨਾ ਰੋਕ ਟੋਕ ਚੱਲਦੇ ਹਨ । ਪਿੰਡਾਂ ‘ਚ ਜ਼ਾਤ-ਪਾਤ ਦੇ ਆਧਾਰ ‘ਤੇ ਗੁਰੂ ਘਰ ਤੇ ਸ਼ਮਸਾਨ ਘਾਟ ਬਣੇ ਹੋਏ ਹਨ ਜੋ ਸਿਖ ਧਰਮ ਦੇ ਫ਼ਲਸਫ਼ੇ ਦੇ ਬਿਲਕੁਲ ਵਿਪਰੀਤ ਹੈ । ਕਨੇਡਾ ਵਿੱਚ ਤਾਂ ਲੋਕਾਂ ਨੇ ਗੁਰੂ ਘਰ ਵੀ ਆਪਣੇ ਘਰਾਂ ‘ਚ ਬਣਾਏ ਹੋਏ ਹਨ ਜਿਨ੍ਹਾਂ ਦੀ ਆਮਦਨ ਉਹ ਆਪਣੀ ਕਮਾਈ ਹੀ ਸਮਝਕੇ ਵਰਤਦੇ ਹਨ । ਇਸ ਤਰ੍ਹਾਂ ਦੇ ਹੋਰ ਵੀ ਬਹੁਤ ਨੁੱਕਤੇ ਹਨ ਜਿਨ੍ਹਾਂ ‘ਤੇ ਸ੍ਰੀ ਆਕਾਲ ਤਖ਼ਤ ਸਾਹਿਬ ‘ਤੇ ਫੌਰਨ ਵਿਚਾਰ ਕਰਨ ਦੀ ਲੋੜ ਹੈ ।

ਸ੍ਰੀ ਗੁਰੂ ਨਾਨਕ ਦੇਵ  ਤੋਂ ਗੁਰੂ ਗੋਬਿੰਦ ਸਿੰਘ ਤੱਕ ਨੂੰ ਵਿਸ਼ਵ ਬੜੀ ਹੀ ਸ਼ਰਧਾ ਨਾਲ ਵੇਖਦਾ ਹੈ , ਗੁਰੂ ਤੇਗ ਬਹਾਦੁਰ ਸਾਹਿਬ ਦੀ ਹਿੰਦੂ ਧਰਮ ਦੀ ਰੱਖਿਆ ਲਈ ਕੁਰਬਾਨੀ ਨੂੰ ਪੂਰਾ ਵਿਸ਼ਵ ਜਣਦਾ ਹੈ । ਕਨੇਡਾ ‘ਚ ਸਿਖਾਂ ਨੇ ਪਾਰਲੀਮੈਂਟ ‘ਚ ਖਾਲਸਾਈ ਝੰਡਾ ਝੁਲਾ ਦਿਤਾ ਹੈ,ਅਮਰੀਕਾ  ਆਸਟਰੇਲੀਆ ਸਿਖਾਂ ਨੂੰ ਆਪਣੀਆਂ ਫ਼ੋਰਸਾਂ ‘ਚ ਸਿਖੀ ਸਰੂਪ ਨਾਲ਼ ਭਰਤੀ ਕਰ ਰਿਹਾ ਹੈ,ਡਾ ਮਨਮੋਹਨ ਸਿੰਘ ਨੂੰ ਦੁਨੀਆਂ ਦੇ ਲੀਡਰ ਸਤਿਕਾਰ ਦਿੰਦੇ ਹਨ, ਮਿਲਖਾ ਸਿੰਘ ਨੂੰ ਪਾਕਿਸਤਾਨ ਨੇ ‘ਫਲਾਇੰਗ ਸਿਖ’ ਦਾ ਖਿਤਾਬ ਦਿਤਾ ਸੀ …ਤੇ ਅਸੀਂ ਅੱਜ ਕੀ ਕਰ ਰਹੇ ਹਾਂ !

ਐਸ ਵਕਤ ਲੋੜ ਇਸ ਗੱਲ ਦੀ ਹੈ ਕਿ ਸਮੁੱਚੇ ਸਿਖ-ਪੰਥ ਲਈ ਸ੍ਰੀ ਆਕਾਲ ਤਖਤ ਸਾਹਿਬ ਤੋਂ ਇਕ  ਮਰਿਆਦਾ ਦਾ ਮਤਾ ਪਾਸ ਕਰਕੇ ਹੁਕਮਨਾਮਾਂ ਜਾਰੀ ਹੋਣਾ ਚਾਹੀਦਾ ਹੈ ਜੋ ਸਾਰੇ ਸਿਖਾਂ ਲਈ ਜ਼ਰੂਰੀ ਹੋਣਾ ਚਾਹੀਦਾ ਹੈ । ਇਸ ਤਰ੍ਹਾਂ ਦੇ ਮਤੇ ‘ਚ ਸ਼ਾਮਿਲ ਧਾਰਾਵਾਂ ‘ਤੇ ਸਹਿਮਤੀ ਬਣਾਉਣ ਲਈ ਸਿਖ ਜਗਤ ਨਾਲ਼ ਸਬੰਧਿਤ ਧਾਰਮਿਕ ਆਗੂਆਂ ਤੇ  ਵਿਦਵਾਨਾਂ ਦੀ ਸਲਾਹ ਲੈਣੀ ਚਾਹੀਦੀ ਹੈ । ਗੁਰੂ ਘਰਾਂ ‘ਚ ਚੜ੍ਹਦਾ ਚੜ੍ਹਾਵਾ ਤੇ ਇਥੋਂ ਚੜ੍ਹਦੀ ਰਾਜਨੀਤੀ ਦੀ ਪੌੜੀ ਦਾ ਪਹਿਲਾ ਡੰਡਾ ਹੀ ਵੱਡੀ ਫ਼ਸਾਦ ਦੀ ਜੜ੍ਹ ਹੈ ਜੋ ਭਵਿਖ ਵਿੱਚ ਹੋਰ ਵੀ ਭਿਆਨਕ ਰੂਪ ਲੈ ਸਕਦੀ ਹੈ ਜੇ ਕਰ ਹੁਣੇ ਹੀ ਕੁਝ ਨਾ ਕੀਤਾ ਗਿਆ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button