
ਮੋਹਾਲੀ -ਪੰਜਾਬ ਦੇ ਬਠਿੰਡਾ ਵਿੱਚ ਘਰ ਅੰਦਰ ਬੰਬ ਬਣਾਉਣ ਦੌਰਾਨ ਹੋਏ ਧਮਾਕੇ ਦੇ ਮਾਮਲੇ ਵਿੱਚ ਰਾਸ਼ਟਰੀ ਜਾਂਚ ਏਜੰਸੀ (NIA) ਦੀ ਜਾਂਚ ਦੌਰਾਨ ਵੱਡੇ ਖੁਲਾਸੇ ਹੋਏ ਹਨ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਧਮਾਕੇ ਵਿੱਚ ਜ਼ਖਮੀ ਹੋਇਆ ਨੌਜਵਾਨ ਗੁਰਪ੍ਰੀਤ ਸਿੰਘ ਔਨਲਾਈਨ ਮਾਧਿਅਮ ਰਾਹੀਂ ਕੱਟੜਪੰਥੀ ਬਣਿਆ ਸੀ ਅਤੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਦੇ ਭਾਸ਼ਣਾਂ ਤੋਂ ਪ੍ਰਭਾਵਿਤ ਸੀ। ਮੋਹਾਲੀ ਦੀ ਵਿਸ਼ੇਸ਼ NIA ਅਦਾਲਤ ਨੇ ਮੁਲਜ਼ਮ ਦੀ ਬਰੀ ਕਰਨ ਦੀ ਪਟੀਸ਼ਨ ਨੂੰ ਖਾਰਜ ਕਰਦਿਆਂ ਉਸ ਵਿਰੁੱਧ ਗੈਰ-ਕਾਨੂੰਨੀ ਗਤੀਵਿਧੀਆਂ ਰੋਕੂ ਐਕਟ (UAPA) ਅਤੇ ਵਿਸਫੋਟਕ ਪਦਾਰਥ ਐਕਟ ਤਹਿਤ ਦੋਸ਼ ਤੈਅ ਕਰਨ ਦੇ ਨਿਰਦੇਸ਼ ਦਿੱਤੇ ਹਨ।ਇਹ ਘਟਨਾ 11 ਸਤੰਬਰ, 2025 ਨੂੰ ਵਾਪਰੀ ਸੀ, ਜਦੋਂ ਗੁਰਪ੍ਰੀਤ ਸਿੰਘ ਆਪਣੇ ਪਿਤਾ ਜਗਤਾਰ ਸਿੰਘ ਨਾਲ ਮਿਲ ਕੇ ਘਰ ਵਿੱਚ ਵਿਸਫੋਟਕ ਸਮੱਗਰੀ ਤਿਆਰ ਕਰ ਰਿਹਾ ਸੀ। ਇਸ ਦੌਰਾਨ ਹੋਏ ਧਮਾਕੇ ‘ਚ ਪਿਓ-ਪੁੱਤ ਦੋਵੇਂ ਗੰਭੀਰ ਜ਼ਖਮੀ ਹੋ ਗਏ ਸਨ। ਸ਼ੁਰੂਆਤ ‘ਚ ਬਠਿੰਡਾ ਦੇ ਨੇਹੀਆਂਵਾਲਾ ਥਾਣੇ ‘ਚ ਮਾਮਲਾ ਦਰਜ ਕੀਤਾ ਗਿਆ ਸੀ, ਪਰ ਮਾਮਲੇ ਦੇ ਤਾਰ ਅੱਤਵਾਦੀ ਨੈੱਟਵਰਕ ਨਾਲ ਜੁੜਦੇ ਦੇਖ ਕੇ 28 ਅਕਤੂਬਰ, 2025 ਨੂੰ NIA ਨੇ ਜਾਂਚ ਆਪਣੇ ਹੱਥ ‘ਚ ਲੈ ਲਈ।NIA ਦੀ ਜਾਂਚ ਅਨੁਸਾਰ, ਗੁਰਪ੍ਰੀਤ 2023 ਤੋਂ 2025 ਦਰਮਿਆਨ ਇੰਟਰਨੈੱਟ ਰਾਹੀਂ ਕੱਟੜਪੰਥ ਦੇ ਰਾਹ ਪਿਆ। ਉਹ ਦਸੰਬਰ 2024 ਤੋਂ ਸਤੰਬਰ 2025 ਤੱਕ ਅੱਤਵਾਦੀ ਗਤੀਵਿਧੀਆਂ ਦੀ ਤਿਆਰੀ, ਸ਼ੱਕੀ ਔਨਲਾਈਨ ਗਤੀਵਿਧੀਆਂ ਅਤੇ ਫੰਡ ਇਕੱਠਾ ਕਰਨ ‘ਚ ਸ਼ਾਮਲ ਸੀ। ਏਜੰਸੀ ਨੇ 16 ਮਾਰਚ, 2026 ਨੂੰ ਅਦਾਲਤ ‘ਚ ਚਾਰਜਸ਼ੀਟ ਦਾਇਰ ਕੀਤੀ ਸੀ, ਜਿਸ ‘ਚ ਡਿਜੀਟਲ ਸਬੂਤ, ਸੀਡੀਆਰ (CDR) ਅਤੇ ਵਿੱਤੀ ਲੈਣ-ਦੇਣ ਦੇ ਵੇਰਵੇ ਸ਼ਾਮਲ ਸਨ।ਮੁਲਜ਼ਮ ਗੁਰਪ੍ਰੀਤ ਸਿੰਘ ਨੇ 1 ਜੂਨ, 2026 ਨੂੰ ਅਦਾਲਤ ‘ਚ ਅਰਜ਼ੀ ਦਾਇਰ ਕਰਕੇ ਦਾਅਵਾ ਕੀਤਾ ਸੀ ਕਿ ਉਸ ਵਿਰੁੱਧ ਕੋਈ ਸਿੱਧਾ ਜਾਂ ਠੋਸ ਸਬੂਤ ਨਹੀਂ ਹੈ, ਇਸ ਲਈ ਉਸ ਨੂੰ ਕੇਸ ਤੋਂ ਬਰੀ ਕੀਤਾ ਜਾਵੇ। ਹਾਲਾਂਕਿ, ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਪਟੀਸ਼ਨ ਰੱਦ ਕਰ ਦਿੱਤੀ। ਅਦਾਲਤ ਨੇ ਸਪੱਸ਼ਟ ਕੀਤਾ ਕਿ ਮੁਲਜ਼ਮ ਵਿਰੁੱਧ ਪਹਿਲੀ ਨਜ਼ਰੇ ਪੁਖ਼ਤਾ ਸਬੂਤ ਮੌਜੂਦ ਹਨ, ਜਿਸ ਦੇ ਆਧਾਰ ‘ਤੇ ਉਸ ‘ਤੇ UAPA ਦੀਆਂ ਧਾਰਾਵਾਂ 18, 23(1), 38 ਅਤੇ ਵਿਸਫੋਟਕ ਪਦਾਰਥ ਐਕਟ ਦੀਆਂ ਧਾਰਾਵਾਂ 4 ਅਤੇ 5 ਤਹਿਤ ਮੁਕੱਦਮਾ ਚਲਾਇਆ ਜਾਵੇਗਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




