Opinion

ਗੁਰਭਜਨ ਗਿੱਲ ਦਾ ਗ਼ਜ਼ਲ ਸੰਗ੍ਰਹਿ ਸੁਰਤਾਲ : ਪੰਜਾਬੀ ਵਿਰਾਸਤ ਦਾ ਸ਼ੀਸ਼ਾ

(ਉਜਾਗਰ ਸਿੰਘ) : ਗੁਰਭਜਨ ਗਿੱਲ ਪੰਜਾਬੀ ਦਾ ਸਥਾਪਤ ਗ਼ਜ਼ਲਗ਼ੋ ਹੈ। ਉਨ੍ਹਾਂ ਦੀਆਂ ਹੁਣ ਤੱਕ 21 ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ, ਜਿਨ੍ਹਾਂ ਵਿਚੋਂ 17 ਉਨ੍ਹਾਂ ਦੀਆਂ ਮੌਲਿਕ ਪੁਸਤਕਾਂ ਹਨ। 4 ਪੁਸਤਕਾਂ ਉਨ੍ਹਾਂ ਬਾਰੇ ਹੋਰ ਲੇਖਕਾਂ ਨੇ ਪ੍ਰਕਾਸ਼ਤ ਕੀਤੀਆਂ ਹਨ।  ਉਨ੍ਹਾਂ ਪੁਸਤਕਾ ਵਿਚੋਂ  8 ਕਾਵਿ ਸੰਗ੍ਰਹਿ, 4 ਗ਼ਜ਼ਲ ਸੰਗ੍ਰਹਿ, ਇਕ ਗੀਤ ਸੰਗ੍ਰਹਿ, ਇਕ ਰੁਬਾਈਆਂ ਦਾ ਸੰਗ੍ਰਹਿ, 2 ਸੁਚਿਤਰ ਵਾਰਤਕ ਸੰਗ੍ਰਹਿ ਅਤੇ ਪੜਚੋਲ ਅਧੀਨ ਇਹ ਸੁਰਤਾਲ ਗ਼ਜ਼ਲ ਸੰਗ੍ਰਹਿ ਸ਼ਾਮਲ ਹੈ। ਉਨ੍ਹਾਂ ਦੀਆਂ ਕਵਿਤਾਵਾਂ ਅਤੇ ਗ਼ਜ਼ਲਾਂ ਦੇ ਹੋਰ ਵਿਦਵਾਨਾ ਨੇ ਇਕ ਕਾਵਿ ਸੰਗ੍ਰਹਿ ਅਤੇ 3 ਗ਼ਜ਼ਲ ਸੰਗ੍ਰਹਿ ਸੰਪਾਦਤ ਕੀਤੇ ਹਨ। ਗੁਰਭਜਨ ਗਿੱਲ ਸਹੀ ਅਰਥਾਂ ਵਿਚ ਪੰਜਾਬ ਦੀ ਧਰਤੀ ਦਾ ਪੁੱਤਰ ਹੈ, ਜਿਹੜਾ ਆਪਣੀ ਵਿਰਾਸਤ ਦੀ ਧਰਤੀ ਨਾਲ ਬਾਖ਼ੂਬੀ ਜੁੜਿਆ ਹੋਇਆ ਹੈ। ਉਹ ਪੰਜਾਬ ਦੇ ਸਭਿਆਚਾਰਕ ਵਿਰਸੇ ਅਤੇ ਵਿਰਾਸਤ ਨੂੰ ਭਲੀ ਭਾਂਤ ਜਾਣਦਾ ਹੀ ਨਹੀਂ, ਸਗੋਂ ਵਿਰਾਸਤ ਨੂੰ ਆਪਣੇ ਮੋਢਿਆਂ ਤੇ ਚੁੱਕੀ ਫਿਰਦਾ ਹੈ ਤਾਂ ਜੋ ਨੌਜਵਾਨ ਪੀੜ੍ਹੀ ਆਪਣੀ ਵਿਰਾਸਤ ਤੋਂ ਮੁੱਖ ਨਾ ਮੋੜ ਸਕੇ।

ਉਹ ਨੌਜਵਾਨ ਪੀੜ੍ਹੀ ਦੇ ਕਵੀਆਂ, ਕਵਿਤਰੀਆਂ ਅਤੇ ਗ਼ਜ਼ਲਗ਼ੋਆਂ ਲਈ ਪ੍ਰਰਨਾ ਸਰੋਤ ਹਨ। ਉਹ ਆਮ ਜਨ ਜੀਵਨ ਅਤੇ ਸਾਹਿਤਕ ਸਮਾਜ ਵਿਚ ਵੀ ਵਿਰਾਸਤੀ ਸਭਿਅਚਾਰ ਵਿਚ ਬੋਲੀ ਜਾਣ ਵਾਲੀ ਸ਼ਬਦਾਵਲੀ ਰਾਹੀਂ ਵਿਚਰਦੇ ਹਨ। ਉਨ੍ਹਾਂ ਦੀਆਂ ਗ਼ਜ਼ਲਾਂ ਪਾਠਕ ਲਈ ਭਾਰੂ ਨਹੀਂ ਬਣਦੀਆਂ, ਸਗੋਂ ਹਰ ਪਾਠਕ ਦੀ ਸਮਝ ਵਿਚ ਸੌਖਿਆਂ ਹੀ ਆ ਜਾਂਦੀਆਂ ਹਨ ਕਿਉਂਕਿ ਉਨ੍ਰ੍ਹਾਂ ਦੀ ਸ਼ਬਦਾਵਲੀ ਪੰਜਾਬੀ ਵਿਰਾਸਤ ਵਿਚੋਂ ਲੈ ਕੇ ਵਰਤੀ ਗਈ ਹੈ। ਹਰ ਘਰ ਖਾਸ ਤੌਰ ਤੇ ਦਿਹਾਤੀ ਪੰਜਾਬ ਵਿਚ ਬੋਲੀ ਜਾਣ ਵਾਲੀ ਸ਼ਬਦਾਵਲੀ, ਉਨ੍ਹਾਂ ਦੀਆਂ ਗ਼ਜ਼ਲਾਂ ਦਾ ਸ਼ਿੰਗਾਰ ਬਣਦੀ ਹੈ। ਖਾਸ ਤੌਰ ਤੇ ਸਾਡੇ ਪੁਰਖਿਆਂ ਵੱਲੋਂ ਬੋਲੀ ਜਾਂਦੀ ਸ਼ਬਦਾਵਲੀ ਨੂੰ ਉਹ ਤਰਜ਼ੀਹ ਦਿੰਦੇ ਹਨ। ਕਹਿਣ ਤੋਂ ਭਾਵ ਉਹ ਆਪਣੀ ਵਿਰਾਸਤ ਦੇ ਪਹਿਰੇਦਾਰ ਬਣਕੇ ਵਰਤਮਾਨ ਅਖੌਤੀ ਵਿਦਵਾਨੀ ਸਮਾਜ ਵਿਚ ਵਿਚਰਦੇ ਹਨ। ਜਿਹੜੇ ਔਖੀ ਤੋਂ ਔਖੀ ਸ਼ਬਦਾਵਲੀ ਵਰਤਕੇ ਆਪਣੀ ਵਿਦਵਾਨੀ ਦਾ ਰੋਹਬ ਪਾ ਕੇ ਵਿਖਾਵਾ ਕਰਦੇ ਹਨ। ਇਸ ਕਰਕੇ ਉਨ੍ਹਾਂ ਦੀਆਂ ਗ਼ਜ਼ਲਾਂ ਦੀ ਖ਼ੁਸ਼ਬੂ ਹਰ ਪਾਠਕ ਦੀ ਮਾਨਸਿਕਤਾ ਨੂੰ ਸੁਗੰਧਤ ਕਰਦੀ ਰਹਿੰਦੀ ਹੈ। ਉਨ੍ਹਾਂ ਦੀਆਂ ਗ਼ਜ਼ਲਾਂ ਦਿ੍ਰਸ਼ਟਾਂਤਕ ਹਨ।

ਗ਼ਜ਼ਲ ਪੜ੍ਹਕੇ ਪਾਠਕ ਦੇ ਸਾਹਮਣੇ ਦਿਹਾਤੀ ਪੰਜਾਬ ਦਾ ਸੀਨ ਅੱਖਾਂ ਅੱਗੇ ਭੰਬੂ ਤਾਰੇ ਵਾਂਗੂੰ ਨੱਚਣ ਲੱਗ ਜਾਂਦਾ ਹੈ। ਭਾਵ ਗਰਭਜਨ ਗਿੱਲ ਪਾਠਕ ਨੂੰ ਆਪਣੇ ਨਾਲ ਤੋਰ ਲੈਂਦਾ ਹੈ।  ਉਨ੍ਹਾਂ ਦੀਆਂ ਗ਼ਜ਼ਲਾਂ ਪੜ੍ਹਕੇ ਪਾਠਕ ਆਪਣੇ ਆਪ ਹੀ ਸੁਰਤਾਲ ਵਿਚ ਵਿਚਰਣ ਲੱਗ ਜਾਂਦਾ ਹੈ। ਪੰਜਾਬ ਦੀ ਵਿਰਾਸਤ ਵਿਚੋਂ ਅਲੋਪ ਹੋ ਰਹੇ ਸ਼ਬਦਾਂ ਨੂੰ ਜੀਵਤ ਰੱਖਣ ਵਿਚ ਉਨ੍ਹਾਂ ਦਾ ਵਡਮੁਲਾ ਯੋਗਦਾਨ ਆਉਣ ਵਾਲੇ ਸਮੇਂ ਲਈ ਬਹੁਤ ਹੀ ਲਾਭਦਾਇਕ ਸਾਬਤ ਹੋਵੇਗਾ। ਜਿਹੜਾ ਕੰਮ ਯੂੂਨੀਵਰਸਿਟੀਆਂ ਦੇ ਭਾਸ਼ਾ ਵਿਗਿਆਨ ਵਿਭਾਗਾਂ ਨੂੰ ਕਰਨਾ ਚਾਹੀਦਾ ਹੈ, ਉਹ ਕੰਮ ਗੁਰਭਜਨ ਗਿੱਲ ਆਪਣੀਆਂ ਗ਼ਜ਼ਲਾਂ ਵਿਚ ਉਨ੍ਹਾਂ ਸ਼ਬਦਾਂ ਨੂੰ ਵਰਤਕੇ ਕਰ ਰਿਹਾ ਹੈ, ਜਿਹੜੇ ਅਲੋਪ ਹੋ ਰਹੇ ਹਨ। ਇਕ ਕਿਸਮ ਨਾਲ ਗੁਰਭਜਨ ਗਿੱਲ ਦੀਆਂ ਗ਼ਜ਼ਲਾਂ ਅਤੇ ਕਵਿਤਾਵਾਂ ਦੀਆਂ ਪੁਸਤਕਾਂ ਪੰਜਾਬੀ ਸ਼ਬਦਾਵਲੀ ਦੇ ਸ਼ਬਦ ਕੋਸ਼ਾਂ ਦਾ ਕੰਮ ਕਰ ਰਹੀਆਂ ਹਨ। ਕੋਈ ਸਾਹਿਤਕਾਰ ਆਪਣੀ ਵਿਰਾਸਤ ਤੋਂ ਆਧੁਨਿਕਤਾ ਦੇ ਨਾਮ ਤੇ ਮੁੱਖ ਮੋੜਕੇ ਹਰਮਨ ਪਿਆਰਾ ਨਹੀਂ ਹੋ ਸਕਦਾ ਕਿਉਂਕਿ ਬੋਲੀ ਲੋਕਾਂ ਦੇ ਬੁਲਾਂ ਤੇ ਜਿਉਂਦੀ ਹੈ। ਹਰਮ ਪਿਆਰਤਾ ਅਤ ਫ਼ੋਕੀ ਵਾਹਵਾ ਸ਼ਾਹਵਾ ਸਾਹਿਤਕਾਰ ਦੀ ਸਾਹਿਤਕ ਦੇਣ ਨੂੰ ਮਾਪਣ ਦਾ ਕੋਈ ਮਾਪ ਦੰਡ ਨਹੀਂ ਹੁੰਦਾ।

ਪੁਸਤਕਾਂ ਵਿਚ ਸਾਂਭੀ ਔਖੀ ਬੋਲੀ ਲਾਇਬਰੇਰੀਆਂ ਦਾ ਸ਼ਿੰਗਾਰ ਤਾਂ ਬਣ ਜਾਂਦੀ ਹੈ ਪ੍ਰੰਤੂ ਲੋਕਾਂ ਦੀ ਜ਼ੁਬਾਨ ‘ਚੋਂ ਲਹਿ ਜਾਂਦੀ ਹੈ। ਜਿਤਨੀ ਸੌਖੀ ਸ਼ਬਦਾਵਲੀ ਵਰਤੀ ਜਾਵੇਗੀ ਉਤਨੀ ਹੀ ਉਹ ਪੁਸਤਕ ਪੜ੍ਹੀ ਜਾਵੇਗੀ। ਵਿਦਵਾਨ ਗੂੜ੍ਹੀ ਅਤੇ ਔਖੀ ਸ਼ਬਦਾਵਲੀ ਲਿਖਣ ਵਾਲਾ ਨਹੀਂ ਹੁੰਦਾ। ਵਿਦਵਾਨ ਉਹ ਹੁੰਦਾ ਹੈ, ਜਿਨ੍ਹਾਂ ਦੀ ਰਚਨਾ ਨੂੰ ਪੜ੍ਹਕੇ ਪਾਠਕ ਆਨੰਦਤ ਹੋ ਜਾਵੇ। ਜਿਹੜੇ ਵਿਦਵਾਨਾ ਦੀ ਰਚਨਾ ਸ਼ਬਦਕੋਸ਼ ਦੀ ਮਦਦ ਨਾਲ ਸਮਝਣੀ ਪਵੇ ਤਾਂ ਲੇਖਕ ਦੀ ਸਫਲਤਾ ਨਹੀਂ ਸਗੋਂ ਅਸਫਲਤਾ ਹੁੰਦੀ ਹੈ। ਗੁਰਭਜਨ ਗਿੱਲ ਭਾਵੇਂ ਮਾਝੇ ਦਾ ਜੰਮਪਲ ਹੈ ਪ੍ਰੰਤੂ ਮਾਲਵੇ ਦੇ ਲੁਧਿਆਣਾ ਸ਼ਹਿਰ ਵਿਚ ਪੜ੍ਹਨ ਅਤੇ ਵਿਚਰਣ ਕਰਕੇ ਠੇਠ ਪੰਜਾਬੀ ਦਾ ਸ਼ਾਹ ਅਸਵਾਰ ਬਣ ਗਿਆ ਹੈ। ਉਨ੍ਹਾਂ ਦੀਆਂ ਗ਼ਜ਼ਲਾਂ ਰੰਗ ਵਿਰੰਗੀਆਂ ਹਨ। ਜੀਵਨ ਦੇ ਹਰ ਰੰਗ ਨੂੰ ਉਨ੍ਹਾਂ ਦੀਆਂ ਗ਼ਜ਼ਲਾਂ ਵਿਚ ਦਰਸਾਇਆ ਗਿਆ ਹੈ। ਪ੍ਰੰਤੂ ਉਨ੍ਹਾਂ ਦੀਆਂ ਗ਼ਜ਼ਲਾਂ ਮੁੱਖ ਤੌਰ ਤੇ ਸਮਾਜਿਕ ਸਰੋਕਾਰਾਂ ਅਤੇ ਰੁਮਾਂਸਵਾਦ ਦੀ ਗੱਲ ਕਰਦੀਆਂ ਹਨ। ਸੁਰਤਾਲ ਪੜ੍ਹਕੇ ਇਹ ਮੁਸ਼ਕਲ ਹੋ ਗਿਆ ਹੈ ਕਿ ਪੁਸਕਤ ਦੀ ਕਿਹੜੀ ਗ਼ਜ਼ਲ ਦੇ ਕਿਹੜੇ ਸ਼ੇਅਰ ਨੂੰ ਪਾਠਕਾਂ ਦੀ ਕਚਹਿਰੀ ਵਿਚ ਰੱਖਣ ਲਈ ਚੋਣ ਕਰਾਂ। ਫ਼ਿਰ ਵੀ ਕੁਝ ਸ਼ੇਅਰਾਂ ਰਾਹੀਂ ਗੁਰਭਜਨ ਗਿੱਲ ਦਾ ਸਮਾਜਿਕ ਸਰੋਕਾਰਾਂ ਦੀ ਬਾਤ ਪਾਉਣ ਬਾਰੇ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗਾ। ਪੰਜਾਬ ਦੀ ਕਿਰਸਾਨੀ ਦੀ ਦੁਰਦਸ਼ਾ ਅਤੇ ਕਿਰਸਾਨੀ ਵੱਲੋਂ ਬੋਲੀ ਜਾਂਦੀ ਸ਼ਬਦਾਵਲੀ ਦੇ ਅਲੋਪ ਹੋਣ ਬਾਰੇ ਗ਼ਜ਼ਲਾਂ ਦੇ ਸ਼ੇਅਰ ਹਨ-

ਘੁੰਗਰੂ ਤੇ ਘੁੰਗਰਾਲਾਂ ਗੁੰਮੀਆਂ ਬਲਦ ਗੁਆਚੇ ਚੁੱਪ ਨੇ ਟੱਲੀਆਂ।

ਕਰਜ਼ਾ ਧੌਣ ਮਰੋੜ ਰਿਹਾ ਏ ਕਣਕਾਂ ਝੂਰਨ ਸਿਰ ਬੱਲੀਆਂ।

ਮਰਦਾ ਕਿੱਧਰ ਜਾਵੇ ਯਾਰੋ ਵੈਦ ਹਕੀਮ ਟਿਚਕਰਾਂ ਕਰਦੇ,

ਵੇਖ ਮਕਾਣੇ ਆਈਆਂ ਪੀੜਾਂ, ਮੱਕੀ ਟਾਂਡੇ ਢਾਕ ਤੇ ਛੱਲੀਆਂ।

ਭਰ ਟਿੰਡਾਂ ਜਿਥੋਂ ਮਾਲ੍ਹ ਲਿਆਉਂਦੀ ਸੀ ਬਈ ਪਾਣੀ,

ਵੇਖੋ ਸਾਡੇ ਵੇਖਦਿਆਂ ਹੁਣ ਖਾਲੀ ਹੋ ਗਏ ਖੂਹ।

ਘੋੜ ਸਵਾਰ ਹਕੂਮਤ ਕਰਦੇ, ਵਾਰੋ ਵਾਰੀ ਵਕਤ ਸਵਾਰੀ,

ਉਹੀ ਰੰਬੀ, ਉਹੀ ਪੱਲੀ, ਘਾਹੀਆਂ ਦੇ ਪੁੱਤ ਅੱਜ ਵੀ ਘਾਹੀ।

ਕਿਰਸਾਨੀ ਅੰਦੋਲਨ ਬਾਰੇ ਗੰਭੀਰਤਾ ਨਾ ਵਿਖਾਉਣ ਅਤੇ ਇਸ ਅੰਦੋਲ

ਨ ਨੂੰ ਫੇਲ੍ਹ ਕਰਨ ਲਈ ਬੇਅਰਥੇ ਦੋਸ਼ ਲਾਉਣ ਵਾਲੀ ਕੇਂਦਰ ਸਰਕਾਰ ਬਾਰੇ ਇਕ ਸ਼ੇਅਰ ਵਿਚ ਕਹਿੰਦੇ ਹਨ-

ਦਿੱਲੀ ਵਿੱਚ ਦਰਬਾਰੀ ਦੇਖੋ ਦੁੱਧ ਵਿੱਚ ਕਾਂਜੀ  ਘੋਲ ਰਹੇ ਨੇ,

ਹੋਸ਼ ਹਵਾਸ ਗਵਾ ਬੈਠੇ ਨੇ ਜੋ ਜੀ ਆਇਆ ਬੋਲ ਰਹੇ ਨੇ।

ਉਪਰੋਕਤ ਸ਼ੇਅਰ ਪੜ੍ਹਕੇ ਪਾਠਕ ਲਾ ਚਾਹੁੰਦੇ ਹੋਏ ਵੀ ਖੇਤਾਂ ਦੀ ਗੇੜੀ ਮਾਰ ਆਉਂਦਾ ਹੈ।  ਕਿਸਾਨ ਅੰਦੋਲਨ ਵਾਲਾ ਸ਼ਅਰ ਅੰਦੋਲਨ ਦਾ ਗੇੜਾ ਮਰਵਾ ਦਿੰਦਾ ਹੈ। ਇਹੋ ਗ਼ਜ਼ਲਗ਼ੋ ਦੀ ਕਾਬਲੀਅਤ ਹੈ ਕਿ ਉਹ ਪਾਠਕ ਨੂੰ ਜਾਗਰੂਕ ਕਰਨ ਵਿਚ ਸਫਲ ਹੋ ਜਾਂਦੇ ਹਨ।

ਪੰਜਾਬ ਵਿਚ ਨਸ਼ਿਆਂ ਦੇ ਚਲ ਰਹੇ ਦਰਿਆ ਬਾਰੇ ਬਹੁਤ ਸਾਰੇ ਸ਼ਾਇਰਾਂ ਨੇ ਕਵਿਤਾਵਾਂ ਅਤੇ ਗ਼ਜ਼ਲਾਂ ਰਾਹੀਂ ਆਪੋ ਆਪਣੇ ਦਰਦ ਦਾ ਇਜ਼ਹਾਰ ਕੀਤਾ ਹੈ। ਗੁਰਭਜਨ ਗਿੱਲ ਨੇ ਇਸ ਸਮਾਜਿਕ ਬਿਮਾਰੀ ਨੂੰ ਪੰਜਾਬੀਆਂ ਦੇ ਸੁਭਾਅ ਨਾਲ ਜੋੜਕੇ ਲਿਖਿਆ ਹੈ ਕਿ ਉਨ੍ਹਾਂ ਵਿਚ ਹੋਰ ਬਹੁਤ ਸਾਰੇ ਐਬ ਹਨ। ਨਸ਼ਿਆਂ ਦਾ ਐਬ ਵੀ ਇਕ ਹੋਰ ਐਬ ਵੀ ਉਨ੍ਹਾਂ ਵਿਚ ਸ਼ਾਮਲ ਹੋ ਗਿਆ ਹੈ-

ਨਸ਼ਿਆਂ ਸਮੇਤ ਕਿੰਨੇ ਵੈਲਾਂ ਤੈਨੂੰ ਮਾਰਿਆ,

ਐਵੇਂ ਤਾਂ ਨਹੀਂ ਪਹੀਆ ਪਟੜੀ ਤੋਂ ਲਹਿ ਗਿਆ।

ਪਰਵਾਸ ਵਿਚ ਜਾਣਾ ਪੰਜਾਬੀ ਨੌਜਵਾਨ ਲੜਕੇ ਅਤੇ ਲੜਕੀਆਂ ਦਾ ਜਾਣਾ ਮਜ਼ਬੂਰੀ ਬਣ ਗਿਆ ਹੈ ਕਿਉਂਕਿ ਪੰਜਾਬ ਵਿਚ ਰੋਜ਼ਗਾਰ ਦੇ ਸਾਧਨ ਖ਼ਤਮ ਹੋਣ ਦੇ ਬਰਾਬਰ ਹਨ। ਪ੍ਰਵਾਸ ਦੀ ਤ੍ਰਾਸਦੀ ਬਾਰੇ ਪਰਵਾਸ ਵਿਚ ਧੜਾ ਧੜ ਰੋਜ਼ੀ ਰੋਟੀ ਲਈ ਨੌਜਵਾਨਾ ਦੇ ਜਾਣ ਸੰਬੰਧੀ ਲਿਖੇ ਸ਼ੇਅਰ ਦੀ ਸ਼ਬਦਾਵਲੀ ਦਿਲ ਨੂੰ ਛੂਹ ਜਾਣ ਵਾਲੀ ਹੈ-

ਦਾਣਾ ਦੁਣਕਾ ਕਿਣਕਾ ਕਿਣਕਾ , ਕਰਨ ਇਕੱਠਾ ਚਿੜੀਆਂ ਵੇਖੋ,

ਤੋਰੀ ਫਿਰਦੀ ਦੇਸ ਦੇਸ਼ੰਤਰ, ਸਭ ਨੂੰ ਸੱਖਣੀ ਪੋਟ ਮੁਬਾਰਕ।

ਧਰਮ ਨਿੱਜੀ ਅਤੇ ਪਵਿਤਰ ਵਿਸਵਾਸ਼ ਹੈ। ਦੇਸ਼ ਵਿਚ ਧਰਮ ਦੇ ਨਾਮ ਤੇ ਸਿਆਸਤ ਕਰਨ ਵਾਲੇ ਲੋਕ ਅਤੇ ਧਰਮ ਦੇ ਠੇਕਦਾਰ ਇਸਦੀ ਦੁਰਵਰਤੋਂ ਕਰਕੇ ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਾਉਂਦੇ ਹੋਏ ਆਪਣਾ ਉਲੂ ਸਿੱਧਾ ਕਰਦੇ ਹਨ। ਉਨ੍ਹਾਂ ਬਾਰੇ ਗੁਰਭਜਨ ਗਿੱਲ ਦੇ ਸ਼ੇਅਰ ਹਨ-

ਹੁਣ ਫਿਰਨ ਬਾਘੀਆਂ ਪਾਉਂਦੇ, ਧਰਮ ਕਰਮ ਦੇ ਪਰਦੇ ਲਾਹੀ,

ਹੋਰ ਕਹਾਂ ਕੀ ਬੇਅਕਲਾਂ ਨੂੰ, ਸ਼ਰਮ ਹਯਾ ਦੀ ਤੋਟ ਮੁਬਾਰਕ।

ਧਰਮਾ ਦੀ ਮੰਡੀ ਵੀ, ਨੀਲਾਮ-ਘਰ ਹੋ ਗਈ,

ਵੇਚਦਾ ਬਾਜ਼ਾਰ ਹੁਣ ਗਧਿਆਂ ਨੂੰ ਪੀਰੀਆਂ।

ਮੁਹੱਬਤ ਬਾਰੇ ਸ਼ਾਇਰ ਦਾ ਦਿ੍ਰਸ਼ਟੀਕੋਣ ਵੱਖਰਾ ਹੀ ਹੈ। ਉਨ੍ਹਾਂ ਦੀਆਂ ਗ਼ਜ਼ਲਾਂ ਮੁਹੱਬਤ ਦੇ ਨਾਮ ਤੇ ਪਿਆਰ ਦਾ ਰੋਣਾ ਧੋਣਾ ਜਾਂ ਬਿਰਹਾ ਦੀ ਦੁਹਾਈ ਨਹੀਂ ਪਾਉਂਦੀਆਂ, ਸਗੋਂ ਬਹੁਤ ਹੀ ਸਲੀਕੇ ਅਤੇ ਸੰਜੀਦਗੀ ਨਾਲ ਭਾਵਨਾਵਾਂ ਦਾ ਪ੍ਰਗਟਾਵਾ ਕਰਦੀਆਂ ਹਨ-

ਪਿਆਰ ਦਾ ਬੂਟਾ ਰੂਹ ਵਿਚ ਲਾਇਆ ਜਾਂਦਾ ਹੈ।

ਖ਼ੂਨ ਜਿਗਰ ਦਾ ਹਰ ਪਲ ਪਾਇਆ ਜਾਂਦਾ ਹੈ।

ਹੋਵੇ ਨਾ ਦਿਲਦਾਰ ਸੁਣਨ ਲਈ, ਕੋਲ ਜਦੋਂ,

ਸ਼ਬਦਾਂ ਨੂੰ ਹੀ ਦਰਦ ਸੁਣਾਇਆ ਜਾਂਦਾ ਹੈ।

ਦੇਸ਼ ਦੀ ਵੰਡ ਦਾ ਦਰਦ ਭਾਵੇਂ ਸਾਰੇ ਪੰਜਾਬੀਆਂ ਨੇ ਆਪਣੇ ਪਿੰਡੇ ਤੇ ਹੰਢਾਇਆ ਹੈ ਪ੍ਰੰਤੂ ਸਾਹਿਤਕਾਰਾਂ ਨੇ ਆਪੋ ਆਪਣੇ ਢੰਗ ਨਾਲ ਇਸ ਦਰਦ ਦਾ ਸੂਖ਼ਮਤਾ ਨਾਲ ਆਪੋ ਆਪਣੀਆਂ ਰਚਨਾਵਾਂ ਵਿਚ ਪ੍ਰਗਟਾਵਾ ਕੀਤਾ ਹੈ। ਗੁਰਭਜਨ ਗਿੱਲ ਦਾ ਇਕ ਸ਼ੇਅਰ ਉਸ ਦਰਦ ਦਾ ਬਹੁਤ ਹੀ ਸੰਵੇਦਨਾਸ਼ੀਲਤਾ ਨਾਲ ਪ੍ਰਗਟਾਵਾ ਕਰਦਾ ਹੈ-

ਸਾਡੇ ਵਲ ਭੇਜ ਹੋਰ ਸੰਦਲੀ ਸਵੇਰ,

ਅਸਾਂ ਤੈਨੂੰ ਰਾਵੀ ਤੇ ਚਨਾਬ ਭੇਜਿਆ।

ਇਸੇ ਤਰ੍ਹਾਂ ਸਿਆਸਤਦਾਨਾ ਅਤੇ ਆਮ ਲੋਕਾਂ ਦੀਆਂ ਕਾਰਗੁਜ਼ਾਰੀਆਂ ਅਤੇ ਉਨ੍ਹਾਂ ਦੇ ਨਤੀਜਿਆਂ ਬਾਰੇ ਸ਼ਾਇਰ ਨੇ ਇਕ ਸ਼ੇੇਅਰ ਵਿਚ ਹੀ ਪਰਦਾ ਫ਼ਾਸ਼ ਕਰ ਦਿੰਤਾ ਹੈ ਕਿ ਆਮ ਲੋਕ ਭਾਵੇਂ ਕਿਤਨੀ ਹੀ ਮਿਹਨਤ , ਸਾਦਗੀ, ਸਿਆਣਪ ਅਤੇ ਸੰਜੀਦਗੀ ਨਾਲ ਕੰਮ ਕਰਦੇ ਰਹਿਣ ਅਖ਼ੀਰ ਉਹ ਸਿਆਸਤਦਾਨਾ ਦੀਆਂ ਚਾਲਾਂ ਅਤੇ ਚੁਸਤੀਆਂ ਚਲਾਕੀਆਂ ਸਾਹਮਣੇ ਬੇਬਸ ਹੋ ਕੇ ਬੌਣੇ ਹੋ ਜਾਂਦੇ ਹਨ।

ਕਿਹੜੇ ਕੰਮ ਆਈਆਂ ਸਾਡੇ ਦੋਸਤੋ ਫ਼ਕੀਰੀਆਂ,

ਪਹਿਲੀ ਹੀ ਕਤਾਰ ਮਲ ਬਹਿੰਦੀਆਂ ਵਜ਼ੀਰੀਆਂ।

ਪੁਛਦੇ ਨੇ ਲੋਕ ਜੀ ਹਨ੍ਹੇਰਾ ਕਦੋਂ ਮੁਕਣਾ,

ਪਾਪ ਵਾਲੀ ਜੰਝ ਏਥੋਂ ਡੇਰਾ ਕਦੋਂ ਚੁੱਕਣਾ।

ਅਖ਼ੀਰ ਵਿਚ ਕਿਹਾ ਜਾ ਸਕਦਾ ਹੈ ਕਿ ਗੁਰਭਜਨ ਗਿੱਲ ਦਾ ਸੁਰਤਾਲ ਗ਼ਜ਼ਲ ਸੰਗ੍ਰਹਿ ਪੰਜਾਬ ਦੀ ਵਿਰਾਸਤ, ਵਿਰਸਾ ਅਤੇ ਸਭਿਆਚਾਰ ਦਾ ਸ਼ੀਸ਼ਾ ਹੈ ਜਿਸ ਵਿਚ ਸਾਡੀ ਵਿਰਾਸਤ ਦੇ ਹਰ ਰੰਗ ਦੀ ਮਹਿਕ ਦਾ ਆਨੰਦ ਮਾਣਿਆਂ ਜਾ ਸਕਦਾ ਹੈ। ਗੁਰਭਜਨ ਗਿੱਲ ਲਗਾਤਾਰ ਲਿਖਣ ਵਾਲਾ ਗ਼ਜ਼ਲਗ਼ੋ ਹੈ, ਜਿਹੜਾ ਸਮਾਜ ਵਿਚ ਵਾਪਰ ਰਹੀ ਹਰ ਘਟਨਾ ਨੂੰ ਆਪਣੀਆਂ ਗ਼ਜ਼ਲਾਂ ਅਤੇ ਕਵਿਤਾਵਾਂ ਵਿਚ ਸ਼ਿੰਗਾਰ ਕੇ ਸਮਾਜ ਅੱਗੇ ਸੋਚਣ ਲਈ ਰੱਖ ਦਿੰਦਾ ਹੈ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

ਮੋਬਾਈਲ-94178 13072

ujagarsingh48@yahoo.com

Untitled DCADC

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button