Opinion

ਪਰਵਾਸੀ ਪੰਜਾਬੀ : ਜਿਨ੍ਹਾ ‘ਤੇ ਮਾਣ ਪੰਜਾਬੀਆਂ ਨੂੰ ਪੁਸਤਕ: ਇਤਿਹਾਸਿਕ ਦਸਤਾਵੇਜ਼

ਉਜਾਗਰ ਸਿੰਘ

ਸਮੁੱਚੇ ਸੰਸਾਰ ਵਿੱਚ ਪੰਜਾਬੀ, ਉਦਮੀ, ਮਿਹਨਤੀ, ਦਲੇਰ ਅਤੇ ਸਰਬ ਸਾਂਝੀਵਾਲਤਾ ਦੇ ਪ੍ਰਤੀਕ ਦੇ ਤੌਰ ਤੇ ਜਾਣੇ ਜਾਂਦੇ ਹਨ। ਸੰਸਾਰ ਦਾ ਕੋਈ ਅਜਿਹਾ ਦੇਸ਼ ਨਹੀਂ ਜਿਥੇ ਪਹੁੰਚ ਕੇ ਪੰਜਾਬੀਆਂ ਨੇ ਮੱਲਾਂ ਨਾ ਮਾਰੀਆਂ ਹੋਣ। ਪ੍ਰੰਤੂ ਉਨ੍ਹਾਂ ਦੇ ਯੋਗਦਾਨ ਬਾਰੇ ਅਜੇ ਤੱਕ ਕਿਸੇ ਵੀ ਲੇਖਕ ਨੇ ਪੰਜਾਬੀ ਵਿੱਚ ਕਿਸੇ ਇਕ ਪੁਸਤਕ ਵਿੱਚ ਵਿਸਤਾਰ ਪੂਰਬਕ ਜਾਣਕਾਰੀ ਦੇਣ ਦੀ ਕੋਸ਼ਿਸ਼ ਨਹੀਂ ਕੀਤੀ। ਇਸ ਤੋਂ ਪਹਿਲਾਂ ਅੰਤਰਰਾਸ਼ਟਰੀ ਪੱਤਰਕਾਰ ਨਰਪਾਲ ਸਿੰਘ ਸ਼ੇਰਗਿੱਲ ਹਰ ਸਾਲ ਆਪਣੀ ਇਕ ਪੁਸਤਕ ‘ ਇੰਡੀਅਨ ਅਬਰਾਡ ਐਂਡ ਪੰਜਾਬ ਇਮਪੈਕਟ’ ਪੁਸਤਕ ਪ੍ਰਕਾਸ਼ਤ ਕਰਦੇ ਹਨ। ਉਸ ਪੁਸਤਕ ਵਿੱਚ ਅੰਗਰੇਜ਼ੀ ਵਿੱਚ ਸੰਖੇਪ ਜਾਣਕਾਰੀ ਹੁੰਦੀ ਹੈ।

ਗੁਰਮੀਤ ਸਿੰਘ ਪਲਾਹੀ ਨੇ ਸੰਸਾਰ ਵਿੱਚੋਂ 97 ਅਜਿਹੇ ਨਾਮਵਰ ਵਿਅਕਤੀਆਂ ਦੀ ਚੋਣ ਕਰਕੇ ‘ ਪਰਵਾਸੀ ਪੰਜਾਬੀ : ਜਿਨ੍ਹਾਂ ‘ਤੇ ਮਾਣ ਪੰਜਾਬੀਆਂ ਨੂੰ’ ਪੁਸਤਕ ਲਿਖੀ ਹੈ। ਗੁਰਮੀਤ ਸਿੰਘ ਪਲਾਹੀ ਨੇ ਇਸ ਪੁਸਤਕ ਵਿੱਚ ਉਨ੍ਹਾਂ ਵਿਅਕਤੀਆਂ ਬਾਰੇ ਲਿਖਿਆ ਹੈ, ਜਿਨ੍ਹਾਂ ਨੇ ਆਪੋ ਆਪਣੇ ਖੇਤਰਾਂ ਵਿੱਚ ਮਾਹਰਕੇ ਮਾਰਕੇ ਨਾਮਣਾ ਖੱਟਿਆ ਹੈ। ਉਨ੍ਹਾਂ ਦੀ ਕਾਰਗੁਜ਼ਾਰੀ ਨਾਲ ਜਿਸ ਦੇਸ਼ ਵਿੱਚ ਉਹ ਵਸ ਰਹੇ ਹਨ, ਉਸ ਦੇਸ਼ ਦੀ ਆਰਥਿਕਤਾ ਵਿੱਚ ਵਰਨਣਯੋਗ ਤਾਂ ਹਿੱਸਾ ਪਾਇਆ ਹੀ ਹੈ, ਉਥੇ ਹੀ ਉਨ੍ਹਾਂ ਪੰਜਾਬ ਦਾ ਨਾਮ ਵੀ ਰੌਸ਼ਨ ਕੀਤਾ ਹੈ। ਪੰਜਾਬੀਆਂ ਦੀ ਆਉਣ ਵਾਲੀ ਪੀੜ੍ਹੀ, ਜਿਹੜੀ ਆਪਣੀ ਵਿਰਾਸਤ ਨਾਲੋਂ ਟੁੱਟਦੀ ਜਾ ਰਹੀ ਹੈ ਅਤੇ ਰੋਜ਼ਗਾਰ ਦੀ ਤਲਾਸ਼ ਵਿੱਚ ਭਟਕ ਰਹੀ ਹੈ, ਉਨ੍ਹਾਂ ਲਈ ਇਹ ਪੁਸਤਕ ਮਾਰਗ ਦਰਸ਼ਕ ਦਾ ਕੰਮ ਕਰੇਗੀ।

ਇਸ ਪੁਸਤਕ ਵਿੱਚ ਸ਼ਾਮਲ ਨਾਮਵਰ ਵਿਅਕਤੀਆਂ ਦੀ ਬੁਲੰਦੀਆਂ ‘ਤੇ ਪਹੁੰਚਣ ਲਈ ਕੀਤੀ ਜਦੋਜਹਿਦ ਦਾ ਵਰਨਣ ਵੀ ਕੀਤਾ ਗਿਆ ਹੈ। ਸਰਕਾਰੀ ਨੌਕਰੀਆਂ ਦੇ ਪਿਛੇ ਭੱਜਣ ਦੀ ਥਾਂ ਪ੍ਰਾਈਵੇਟ ਨੌਕਰੀਆਂ ਨੂੰ ਤਰਜੀਹ ਦਿੰਦੀ ਹੋਈ, ਜੇਕਰ ਸਾਡੀ ਅਗਲੀ ਪੀੜ੍ਹੀ ਪਰਵਾਸੀ ਪੰਜਾਬੀਆਂ ਦੀ ਤਰ੍ਹਾਂ ਹੱਡ ਤੋੜਵੀਂ ਮਿਹਨਤ ਕਰੇਗੀ ਤਾਂ ਇਕ ਨਾ ਇਕ ਦਿਨ ਸਫਲਤਾ ਦੀਆਂ ਪੌੜੀਆਂ ਚੜ੍ਹਨ ਵਿੱਚ ਜ਼ਰੂਰ ਸਫਲ ਹੋਵੇਗੀ। ਇਸ ਪੁਸਤਕ ਵਿੱਚ ਜਿਹੜੇ 97 ਨਾਮਵਰ ਪਰਵਾਸੀ ਵਿਅਕਤੀਆਂ ਨੂੰ ਸ਼ਾਮਲ ਕੀਤਾ ਗਿਆ ਹੈ, ਉਨ੍ਹਾਂ ਵਿੱਚ 14 ਕਾਰੋਬਾਰੀ, 5 ਡਾਕਟਰ, 25 ਸਾਇੰਸਦਾਨ, ਲੇਖਕ, 19 ਮਰਦ ਅਤੇ 10 ਇਸਤਰੀ ਸਿਆਸਤਦਾਨ, 7 ਖੇਤੀ ਬਾਦਸ਼ਾਹ, 8 ਵਕੀਲ, 5 ਹੋਟਲੀਅਰ, 2 ਫ਼ੌਜੀ ਪੱਤਰਕਾਰ, ਵਿਦਵਾਨ ਅਤੇ ਸਮਾਜ ਸੇਵਕ ਅਤੇ ਇਕ ਗੁਰਬਾਣੀ ਵਿਆਖਿਆਕਾਰ ਹਨ।

ਜਿਨ੍ਹਾਂ ਨੇ ਹੱਡ ਤੋੜਵੀਂ ਮਿਹਨਤ ਕਰਕੇ ਆਪਣੀ ਪਹਿਚਾਣ ਬਣਾਈ ਹੈ। ਇਸ ਲੇਖ ਵਿੱਚ 97 ਵਿਅਕਤੀਆਂ ਬਾਰੇ ਮੇਰੇ ਲਈ ਲਿਖਣਾ ਮੁਸ਼ਕਲ ਹੋ ਰਿਹਾ ਹੈ ਅਤੇ ਉਨ੍ਹਾਂ ਵਿੱਚੋਂ ਚੋਣ ਕਰਨੀ ਵੀ ਅਸੰਭਵ ਲਗਦੀ ਹੈ। ਪ੍ਰੰਤੂ ਫਿਰ ਵੀ ਮੈਂ ਹਰ ਖੇਤਰ ਦੇ ਚੋਣਵੇਂ ਵਿਅਕਤੀਆਂ ਦੀ ਜਦੋਜਹਿਦ ਤੋਂ ਬਾਅਦ ਬੁਲੰਦੀਆਂ ‘ਤੇ ਪਹੁੰਚਣ ਬਾਰੇ ਗੁਰਮੀਤ ਪਲਾਹੀ ਵੱਲੋਂ ਲੇਖਾਂ ਵਿੱਚੋਂ ਕੁਝ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗਾ। ਲਾਰਡ ਸਵਰਾਜ ਪਾਲ ਦੀ ਕੰਪਨੀ ‘ਕਪਾਰੋ ਗਰੁਪ’ ਸੰਸਾਰ ਦੇ 80 ਥਾਵਾਂ ‘ਤੇ ਕਾਰੋਬਾਰ ਕਰ ਰਹੀ ਹੈ। ਅੱਜ ਉਹ ਬਰਤਾਨੀਆ ਦੇ ਸਭ ਤੋਂ ਅਮੀਰ ਵਿਅਕਤੀਆਂ ਦੀ ਸੂਚੀ ਵਿੱਚ ਸ਼ਾਮਲ ਹੈ। ਸੰਸਾਰ ਦੀਆਂ 15 ਯੂਨੀਵਰਸਿਟੀਆਂ ਨੇ ਉਨ੍ਹਾਂ ਨੂੰ ਆਨਰੇਰੀ ਡਿਗਰੀਆਂ ਦਿੱਤੀਆਂ ਹੋਈਆਂ ਹਨ। ਦੇਵ ਬਾਠ ਦੀਆਂ 100 ਕੰਪਨੀਆਂ ਭਾਰਤ ਅਤੇ ਬਰਤਾਨੀਆਂ ਵਿੱਚ ਕਾਰੋਬਾਰ ਕਰ ਰਹੀਆਂ ਹਨ।

ਉਨ੍ਹਾਂ ਵੱਲੋਂ ਬਣਾਏ ਗਏ ਮੈਰਿਜ ਪੈਲਸ ਬਿਹਤਰੀਨ ਇਮਾਰਤ ਕਲਾ ਦੇ ਤੌਰ ਤੇ ਜਾਣੇ ਜਾਂਦੇ ਹਨ। ਡਾਕਟਰਾਂ ਵਿੱਚੋਂ ਅਮਰਜੀਤ ਸਿੰਘ ਮਰਵਾਹਾ ਸਰਵੋਤਮ ਡੈਂਟਿਸਟ ਦੇ ਤੌਰ ‘ਤੇ ਅਮਰੀਕਾ ਵਿੱਚ ਜਾਣੇ ਜਾਂਦੇ ਹਨ, ਉਨ੍ਹਾਂ ਦੀ ਸਮਾਜ ਸੇਵਕ ਤੌਰ ਤੇ ਪਛਾਣ ਬਣੀ ਹੋਈ ਹੈ। ਪੰਜਾਬ ਵਿੱਚ ਡੀ ਡੀ ਐਸ ਸਕਾਲਰਸ਼ਿਪ ਚਾਲੂ ਕਰਕੇ ਮੈਡੀਕਲ ਦੇ ਵਿਦਿਆਰਥੀਆਂ ਦੀ ਪੰਜ ਸਾਲਾਂ ਦੀ ਪੂਰੀ ਫੀਸ ਦਿੰਦੇ ਹਨ। ਸਾਇੰਸਦਾਨਾ ਵਿੱਚ ਨਰਿੰਦਰ ਕੰਪਾਨੀ ਦਾ ਨਾਮ ਸੰਸਾਰ ਵਿੱਚ ਮਾਣ ਨਾਲ ਲਿਆ ਜਾਂਦਾ ਹੈ, ਜਿਨ੍ਹਾਂ ਨੇ ਆਪਟਿਕ ਫਾਈਬਰ ਦੀ ਕਾਢ ਕੱਢਕੇ ਇੰਟਰਨੈਟ ਦੀ ਸੁਵਿਧਾ ਪ੍ਰਦਾਨ ਕੀਤੀ। ਹੁਣ ਤੱਕ ਉਨ੍ਹਾਂ ਨੂੰ 100 ਪੇਟੈਂਟ ਦਰਜ ਕਰਵਾਉਣ ਦਾ ਮਾਣ ਪ੍ਰਾਪਤ ਹੈ। ਮੋਤਾ ਸਿੰਘ ਸਰਾਏ ਬਰਤਾਨੀਆਂ ਵਿੱਚ ਫ਼ਾਈਨਾਂਸ਼ੀਅਲ ਅਡਵਾਈਜ਼ਰ ਹਨ। ਪੰਜਾਬੀਅਤ ਦਾ ਮੁਦਈ ਪੰਜਾਬੀ ਸੱਥ ਲਾਂਬੜਾਂ ਦੇ ਮੁਫ਼ਤ ਪੁਸਤਕਾਂ ਪ੍ਰਕਾਸ਼ਨ ਦੇ ਕੰਮ ਨੂੰ ਯੂਰਪ ਵਿੱਚ ਆਪਣੇ ਹੱਥ ਵਿੱਚ ਲੈ ਕੇ ‘ਪੰਜਾਬੀ ਯੂਰਪੀ ਸੱਥ ਵਾਲਸਾਲ’ ਦੇ ਬੈਨਰ ਹੇਠ ਨਿਭਾਆ ਰਿਹਾ ਹੈ।

ਅੰਤਰਰਾਸ਼ਟਰੀ ਪੱਤਰਕਾਰ ਨਰਪਾਲ ਸਿੰਘ ਸ਼ੇਰਗਿੱਲ ਬੇਬਾਕ ਪੱਤਰਕਾਰ ਦੇ ਤੌਰ ਤੇ ਨਾਮਣਾ ਖੱਟ ਰਿਹਾ ਹੈ। ਆਸ਼ਾ ਸਰਮਾ ਦੀ ਦਮਦਾਰ ਆਵਾਜ਼ ਸੰਸਾਰ ਵਿੱਚ ਐਂਕਰਿੰਗ ਨਾਲ ਧੁੰਮਾ ਪਾ ਰਹੀ ਹੈ। ਪਿ੍ਰੰਸੀਪਲ ਸਰਵਣ ਸਿੰਘ ਦੀ ਖੇਡ ਜਗਤ ਵਿੱਚ ਖਿਡਾਰੀਆਂ ਦੇ ਯੋਗਦਾਨ ਨੂੰ ਲੋਕਾਂ ਸਾਹਮਣੇ ਲਿਆਉਣ ਵਿੱਚ ਵੱਖਰੀ ਪਛਾਣ ਹੈ। ਇਸੇ ਤਰ੍ਹਾਂ ਸੁਜਿੰਦਰ ਸਿੰਘ ਸੰਘਾ ਬਰਤਾਨੀਆਂ ਵਿੱਚ ਨਾਮਵਰ ਸਿਖਿਆ ਸ਼ਾਸਤਰੀ ਦੇ ਤੌਰ ਤੇ ਸਥਾਪਤ ਹੋ ਚੁੱਕੇ ਹਨ। ਸਿਆਸਤਦਾਨਾ ਵਿੱਚ ਕੈਨੇਡਾ ਦੇ ਬਿ੍ਰਟਿਸ਼ ਕਲੰਬੀਆ ਰਾਜ ਦੇ ਪਹਿਲੇ ਸਿੱਖ ਪੀ੍ਰਮੀਅਰ ਉਜਲਦੇਵ ਸਿੰਘ ਦੋਸਾਂਝ ਬਣੇ। ਉਹ 10 ਸਾਲ ਬੀ. ਸੀ. ਅਸੈਬਲੀ ਦੇ ਮੈਂਬਰ ਰਹੇ। ਇਸ ਤੋਂ ਇਲਾਵਾ ਫੈਡਰਲ ਸਰਕਾਰ ਦੇ ਮੰਤਰੀ ਵੀ ਬਣੇ ਸਨ। ਵਰਿੰਦਰ ਸ਼ਰਮਾ ਪੰਜ ਵਾਰ ਬਰਤਾਨੀਆਂ ਦੀ ਸੰਸਦ ਦਾ ਮੈਂਬਰ ਚੁਣਿਆਂ ਗਿਆ। ਸਮਾਜ ਸੇਵਕ ਅਤੇ ਪੰਜਾਬੀ ਭਾਈਚਾਰੇ ਵਿੱਚ ਵਿਸ਼ੇਸ਼ ਸਥਾਨ ਰੱਖਦੇ ਹਨ। ਜਗਮੀਤ ਸਿੰਘ ਨੂੰ ਮਾਣ ਜਾਂਦਾ ਹੈ ਕਿ ਉਹ ਕੈਨੇਡਾ ਦੀ  ਨਿਊ ਡੈਮੋਕਰੈਟਿਕ ਪਾਰਟੀ ਦਾ ਮੁੱਖੀ ਹੈ।

ਪੇਸ਼ੇ ਵਜੋਂ ਵਕੀਲ ਹੈ। ਪੰਜਾਬ ਵਿੱਚ ਸੇਵਾ ਸਿੰਘ ਠੀਕਰੀਵਾਲਾ ਦੇ ਪਰਿਵਾਰ ਨਾਲ ਸੰਬੰਧਤ ਹੈ। ਗੁਰਬਖ਼ਸ਼ ਸਿੰਘ ਮੱਲੀ ਪਹਿਲਾ ਸਿੱਖ ਐਮ ਪੀ ਅਤੇ ਪਹਿਲਾ ਪਾਲੀਮੈਂਟਰੀ ਸਕੱਤਰ ਸੀ। ਨਿੱਕੀ ਰੰਧਾਵਾ ਉਰਫ ਨਿਮਰਤ ਕੌਰ ਅਮਰੀਕਾ ਦੇ ਕਾਰੋਲੀਨਾ ਦੀ ਗਵਰਨਰ ਸਿਆਸਤਦਾਨ । ਉਹ ਸਭ ਤੋਂ ਛੋਟੀ ਉਮਰ ਦੀ ਗਵਰਨਰ ਬਣੀ ਸੀ। ਨੀਨਾ ਗਰੇਵਾਲ ਅਤੇ ਰੂਬੀ ਢਾਲਾ ਵੀ ਸੰਸਦ ਦੀਆ ਮੈਂਬਰ ਰਹੀਆਂ ਅਤੇ ਮਾਅਰਕੇ ਦੇ ਕੰਮ ਕੀਤੇ।  ਬਰਦੀਸ਼ ਚੱਗਰ ਛੋਟੀ ਉਮਰ ਦੀ ਕੈਨੇਡਾ ਵਿੱਚ ਹਾਊਸ ਆਫ਼ ਕਾਮਨ ਦੇ ਮੁੱਖੀ ਦਾ ਅਹੁਦਾ ਸੰਭਾਲਣ ਵਾਲੀ ਪਹਿਲੀ ਇਸਤਰੀ ਹੈ। ਦੀਦਾਰ ਸਿੰਘ ਬੈਂਸ ਨੇ ਕਈ ਸਾਲ ਮਿਹਨਤ ਮਜ਼ਦੂਰੀ ਕੀਤੀ। ਆਪਣੀ ਮਿਹਨਤ ਨਾਲ ਉਨ੍ਹਾਂ 1200 ਏਕੜ ਦਾ ਆੜੂਆਂ ਦਾ ਫਾਰਮ ਕੈਲੇਫੋਰਨੀਆਂ ਵਿੱਚ ਬਣਾਇਆ। ਇਸ ਸਮੇਂ ਆੜੂਆਂ ਦੇ ਬਾਦਸ਼ਾਹ ਦੇ ਤੌਰ ਤੇ ਜਾਣਿਆਂ ਜਾਂਦਾ ਹੈ। ਇਸੇ ਤਰ੍ਹਾਂ ਚਰਨਜੀਤ ਸਿੰਘ ਬਾਠ ਨੂੰ ਸੌਗੀ ਦੇ ਬਾਦਸ਼ਾਹ ਦੇ ਤੌਰ ਜਾਣਿਆਂ ਜਾਂਦਾ ਹੈ। ਇਸ ਸਮੇਂ ਉਹ 30,000 ਹਜ਼ਾਰ ਏਕੜ ਦੇ ਫਾਰਮ ਵਿੱਚ ਖੇਤੀ ਕਰਦੇ ਹਨ।

ਟੁੱਟ ਬ੍ਰਦਰਜ਼ ਬਦਾਮਾ ਦੇ ਬਾਦਸ਼ਾਹ ਹਨ। 2800 ਏਕੜ ਵਿੱਚ ਆਪਣਾ ਕਾਰੋਬਾਰ ਕਰ ਰਹੇ ਹਨ। ਭੰਡਾਲ ਬ੍ਰਦਰਜ਼ ਨੂੰ ਟਰੱਕਿੰਗ ਕਿੰਗ ਕਿਹਾ ਜਾਂਦਾ ਹੈ। ਉਨ੍ਹਾਂ ਦਾ ਕਾਰੋਬਾਰ ਵੀ ਸਿਖ਼ਰਾਂ ਤੇ ਹੈ। ਵਕੀਲਾਂ ਵਿੱਚੋਂ ਸਰ ਮੋਤਾ ਸਿੰਘ ਕੁਈਨਜ਼ ਕੌਂਸਲ 1982 ਵਿੱਚ ਬਰਤਾਨੀਆਂ ਦੇ ਪਹਿਲੇ ਸਿੱਖ ਜੱਜ ਬਣੇ, 2012 ਵਿੱਚ ਉਨ੍ਹਾਂ ਨੂੰ ਮਹਾਰਾਣੀ ਨੇ ਬਰਤਾਨੀਆਂ ਦੀ ਜੁਡੀਸ਼ਰੀ ਅਤੇ ਸਮਾਜ ਭਲਾਈ ਸੇਵਾਵਾਂ ਕਰਕੇ ਬਰਤਾਨੀਆਂ ਦਾ ਸਭ ਤੋਂ ਵੱਡਾ ਸਨਮਾਨ ‘ਕੁਈਨਜ਼ ਕੌਂਸਲ’ ਦਿੱਤਾ ਗਿਆ। ਨਵਜੋਤ ਸਿੰਘ ਸਿੱਧੂ ਨੂੰ ਵੀ ਉਨ੍ਹਾਂ ਦੀਆਂ ਸੇਵਾਵਾਂ ਬਦਲੇ  ‘ਕੁਈਨਜ਼ ਕੌਂਸਲ’ ਸਨਮਾਨ ਦਿੱਤਾ ਗਿਆ। ਉਹ ਅਪ੍ਰਾਧਿਕ ਮਾਮਲਿਆਂ ਦੇ ਚੋਟੀ ਦੇ ਵਕੀਲ ਹਨ। ਹੈਰੀ ਮਾਨ ਅਪ੍ਰਾਧਿਕ ਮਾਮਲਿਆਂ, ਚਾਰਟਿਡ ਬੈਂਕਾਂ ਦੇ ਮਾਹਿਰ ਵਕੀਲ ਹਨ।  ਬਰਤਾਨੀਆਂ ਦੀ ਮਹਾਰਾਣੀ ਵੱਲੋਂ  ਗਵਰਨਰ ਜਨਰਲ ਆਫ਼ ਕੈਨੇਡਾ ਨੇ ਕਮਿਊਨਿਟੀ ਸੇਵਾ ਲਈ ‘ਗੋਲਡਨ ਜੁਬਲੀ ਮੈਡਲ’ ਦੇ ਕੇ ਸਨਮਾਨਤ ਕੀਤਾ। ਹੋਟਲ ਕਾਰੋਬਾਰੀਆਂ ਵਿੱਚ ਸੰਤ ਸਿੰਘ ਛਤਵਾਲ, ਜੋਗਿੰਦਰ ਸਾਂਗਰ ਅਤੇ ਜਸਮਿੰਦਰ ਸਿੰਘ ਜਾਣੇ ਪਛਾਣੇ ਨਾਮ ਹਨ। ਜਸਮਿੰਦਰ ਸਿੰਘ ਰੈਡੀਸਨ ਅਵਾਰਡੀਅਨ ਹੋਟਲਾਂ ਦਾ ਚੇਅਰਮੈਨ ਹੈ।

ਫ਼ੌਜੀ ਅਧਿਕਾਰੀਆਂ ਵਿੱਚੋਂ ਅਰਜਿੰਦਰਪਾਲ ਸਿੰਘ ਸੇਖ਼ੋਂ ਪਹਿਲਾ ਸਿੱਖ ਡਾਕਟਰ, ਜਿਹੜਾ ਕਰਨਲ ਦੇ ਰੈਂਕ ਤੱਕ ਪਹੁੰਚਿਆ। ਨੌਕਰੀ ਦੌਰਾਨ ਉਨ੍ਹਾਂ ਨੂੰ ਕਈ ਮਾਨ ਸਨਮਾਨ ਮਿਲੇ ਹਨ। ਇਸੇ ਤਰ੍ਹਾਂ ਡਾ ਤੇਜਦੀਪ ਰਤਨ ਡੈਂਟਿਸਟ ਹਨ, ਜਿਹੜੇ ਇਸ ਸਮੇਂ ਅਮਰੀਕਾ ਦੀ ਫ਼ੌਜ ਵਿੱਚ ਲੈਫ਼ਟੀਨੈਂਟ ਕਰਨਲ ਹਨ। ਗੁਰਬਾਣੀ ਦੇ ਪ੍ਰਸਿੱਧ ਵਿਆਖਿਆਕਾਰ ਡਾ ਦੇਵਿੰਦਰ ਸਿੰਘ ਸੇਖ਼ੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਦੀ ਸਰਲ ਭਾਸ਼ਾ ਵਿੱਚ ਵਿਆਖਿਆ ਕਰਨ ਵਾਲੇ  ਬਿਹਤਰੀਨ ਵਿਅਕਤੀ ਹਨ। ਗੁਰਮੀਤ ਸਿੰਘ ਪਲਾਹੀ ਨੇ ਇਕ ਸੰਸਥਾ ਜਿਤਨਾ ਕੰਮ ਕਰਕੇ ਪੰਜਾਬੀ ਭਾਸ਼ਾ ਦੀ ਸੇਵਾ ਕੀਤੀ ਹੈ। ਗੁਰਮੀਤ ਸਿੰਘ ਪਲਾਹੀ ਦੀ ਇਹ ਪੁਸਤਕ ਪੰਜਾਬੀਆਂ ਦੀ ਨਵੀਂ ਪੀੜ੍ਹੀ ਲਈ ਮਿਹਨਤ ਕਰਕੇ ਬੁਲੰਦੀਆਂ ‘ਤੇ ਪਹੁੰਚਣ ਲਈ ਮਾਰਗ ਦਰਸ਼ਕ ਦਾ ਕੰਮ ਕਰੇਗੀ। 168 ਪੰਨਿਆਂ, 300 ਰੁਪਏ/5 ਪੌਂਡ/10 ਡਾਲਰ ਕੀਮਤ ਵਾਲੀ ਇਹ ਪੁਸਤਕ ਪੰਜਾਬੀ ਵਿਰਸਾ ਟਰੱਸਟ (ਰਜਿ) ਫਗਵਾੜਾ (ਕਪੂਰਥਲਾ) ਨੇ ਪ੍ਰਕਾਸ਼ਤ ਕੀਤੀ ਹੈ।

 ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ 

 ਮੋਬਾਈਲ-94178 13072

 ujagarsingh48@yahoo.com

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button