Opinion

ਸੰਕਟ ਦੇ ਦੌਰ ਵਿਚ ਵਿੱਦਿਆ ਨਗਰੀ ਵਿਚ ਵੱਸਦੀ ਪੰਜਾਬੀ ਯੂਨੀਵਰਸਿਟੀ, ਪਟਿਆਲਾ

ਡਾ. ਪਰਮਵੀਰ ਸਿੰਘ

ਪਟਿਆਲਾ ਸ਼ਹਿਰ ਪੰਜਾਬ ਵਿਚ ਵਿੱਦਿਆ ਦੀ ਨਗਰੀ ਵੱਜੋਂ ਆਪਣੀ ਪਛਾਣ ਕਾਇਮ ਕਰ ਚੁੱਕਾ ਹੈ। ਲਗ-ਪਗ ਹਰ ਤਰ੍ਹਾਂ ਦੀ ਦੁਨਿਆਵੀ ਵਿੱਦਿਆ ਦੇ ਕੇਂਦਰ ਇਸ ਨਗਰ ਵਿਖੇ ਮੌਜੂਦ ਹਨ ਜਿਨ੍ਹਾਂ ਵਿਚੋਂ ਵਿੱਦਿਆ ਪ੍ਰਾਪਤ ਕਰਕੇ ਵਿਦਿਆਰਥੀ ਦੇਸ਼-ਵਿਦੇਸ਼ ਵਿਚ ਆਪਣਾ ਅਤੇ ਇਸ ਨਗਰ ਦਾ ਨਾਂ ਰੌਸ਼ਨ ਕਰ ਰਹੇ ਹਨ। ਪਟਿਆਲਾ ਵਿਖੇ ਬਹੁ-ਪੱਖੀ ਵਿੱਦਿਆ ਦੇ ਵਿਭਿੰਨ ਕੇਂਦਰ ਹੋਣ ਦਾ ਕਾਰਨ ਇੱਥੋਂ ਦੇ ਲੋਕਾਂ ਵਿਚ ਵਿੱਦਿਆ ਪ੍ਰਾਪਤ ਕਰਨ ਦੀ ਰੁਚੀ ਨੂੰ ਮੰਨਿਆ ਜਾ ਸਕਦਾ ਹੈ ਜਿਹੜੀ ਕਿ ਪਟਿਆਲਾ ਦੇ ਹਾਕਮਾਂ ਦੀਆਂ ਸੂਝਵਾਨ ਨੀਤੀਆਂ ਦਾ ਸਿੱਟਾ ਮੰਨੀ ਜਾ ਸਕਦੀ ਹਨ। ਪਟਿਆਲਾ ਦੇ ਮਹਾਰਾਜਾ ਨਰਿੰਦਰ ਸਿੰਘ ਦੀ ਪਹਿਲ ’ਤੇ 1862 ਵਿਚ ਇਸ ਨਗਰ ਵਿਖੇ ਨਿਰਮਲ ਸੰਪ੍ਰਦਾਇ ਦਾ ਅਖ਼ਾੜਾ ‘ਧਰਮਧੁਜਾ ਡੇਰਾ’ ਕਾਇਮ ਹੋਇਆ ਸੀ। ਪੰਜਾਬ ਦੀ ਪਰੰਪਰਾ ਅਤੇ ਅਧਿਐਨ ਨਾਲ ਜੁੜੇ ਹੋਏ ਸਮੂਹ ਖੋਜਾਰਥੀ, ਵਿਦਿਆਰਥੀ ਅਤੇ ਜਿਗਿਆਸੂ ਇਹ ਜਾਣਦੇ ਹਨ ਕਿ ਨਿਰਮਲ ਸੰਪ੍ਰਦਾਇ ਸਿੱਖਾਂ ਵਿਚ ਵਿੱਦਿਆ ਦੀਆਂ ਵਿਸ਼ੇਸ਼ ਪ੍ਰਾਪਤੀਆਂ ਕਰਕੇ ਜਾਣੀ ਜਾਂਦੀ ਹੈ।

Patiala Maharaja Narendra Singh

 

ਇਸ ਅਖਾੜੇ ਨਾਲ ਜੁੜੇ ਹੋਏ ਵਿਦਵਾਨਾਂ ਨੇ ਧਰਮ ਅਧਿਐਨ ਅਤੇ ਸਿੱਖ ਧਰਮ ਅਧਿਐਨ ਦੇ ਅਜਿਹੇ ਟੀਕੇ, ਕੋਸ਼, ਗੁਰ ਤੀਰਥ ਸੰਗ੍ਰਹਿ ਅਤੇ ਵਿਆਖਿਆਵਾਂ ਤਿਆਰ ਕੀਤੀਆਂ ਹਨ ਜਿਨ੍ਹਾਂ ਦੀ ਸਹਾਇਤਾ ਤੋਂ ਬਿਨਾਂ ਪੰਜਾਬ ਦੀ ਧਾਰਮਿਕ ਅਤੇ ਇਤਿਹਾਸਕ ਪਰੰਪਰਾ ਨੂੰ ਸਮਝਣਾ ਔਖਾ ਹੈ। ਇਸੇ ਅਖਾੜੇ ਨਾਲ ਜੁੜੇ ਰਹੇ ਪ੍ਰਸਿੱਧ ਸਿੱਖ ਵਿਦਵਾਨ ਗਿਆਨੀ ਗਿਆਨ ਸਿੰਘ ਨੇ ‘ਪੰਥ ਪ੍ਰਕਾਸ਼’ ਅਤੇ ‘ਤਵਾਰੀਖ਼ ਗੁਰੂ ਖ਼ਾਲਸਾ’ ਜਿਹੇ ਗ੍ਰੰਥ ਤਿਆਰ ਕੀਤੇ ਹਨ ਜਿਹੜੇ ਕਿ ਸਮੂਹ ਗੁਰੂ ਸਾਹਿਬਾਨ ਦੇ ਪਿਛੋਕੜ ਅਤੇ ਪਰੰਪਰਾ ਨੂੰ ਸਮਝਣ ਵਿਚ ਸਹਾਈ ਹੁੰਦੇ ਹਨ। ਪਰ ਮੌਜੂਦਾ ਸਮੇਂ ਵਿਚ ਇਸ ਡੇਰੇ ਦਾ ਕੇਵਲ ਸਥਾਨ ਹੀ ਬਚਿਆ ਹੈ, ਅਧਿਐਨ ਕਾਰਜ ਪੱਖੋਂ ਇਹ ਸੱਖਣਾ ਹੋ ਚੁੱਕਾ ਹੈ ਜਿਸ ਦੀ ਤੁਲਨਾ ਅੰਬ ਦੇ ਉਸ ਰੁੱਖ ਨਾਲ ਕੀਤੀ ਜਾ ਸਕਦੀ ਹੈ ਜਿਹੜਾ ਅੰਦਰੋਂ ਖੋਖਲਾ ਹੋ ਚੁੱਕਾ ਹੈ।

Maharaja Mahendra Singh of Patiala

ਪਟਿਆਲੇ ਦੇ ਮਹਾਰਾਜਾ ਮਹਿੰਦਰ ਸਿੰਘ ਦੇ ਯਤਨਾਂ ਸਦਕਾ 1875 ਵਿਚ ਮਹਿੰਦਰਾ ਕਾਲਜ ਪਟਿਆਲਾ ਦੀ ਸਥਾਪਨਾ ਹੋਈ। ਸ਼ੁਰੂ ਵਿਚ ਕਲਕੱਤਾ ਯੂਨੀਵਰਸਿਟੀ ਨਾਲ ਸੰਬੰਧਿਤ ਇਸ ਕਾਲਜ ਨੇ ਵੀ ਮਾਲਵੇ ਦੇ ਲੋਕਾਂ ਨੂੰ ਵਿੱਦਿਆ ਪ੍ਰਦਾਨ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ, ਜਿਹੜੀ ਕਿ ਨਿਰੰਤਰ ਜਾਰੀ ਹੈ।

ਵੱਡੀ ਗਿਣਤੀ ਵਿਚ ਮੌਜੂਦ ਸਕੂਲਾਂ ਅਤੇ ਕਾਲਜਾਂ ਤੋਂ ਇਲਾਵਾ ਇਸ ਨਗਰ ਵਿਖੇ ਸਥਾਪਤ ਪੰਜਾਬੀ ਯੂਨੀਵਰਸਿਟੀ, ਲਾਅ ਯੂਨੀਵਰਸਿਟੀ, ਥਾਪਰ ਯੂਨੀਵਰਸਿਟੀ, ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ, ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਆਦਿ ਉੱਚ ਸਿੱਖਿਆ ਪ੍ਰਦਾਨ ਕਰਨ ਵਾਲੀਆਂ ਵਿੱਦਿਅਕ ਸੰਸਥਾਵਾਂ ਵਿੱਦਿਆ ਦੇ ਖ਼ੇਤਰ ਵਿਚ ਆਪਣਾ ਯੋਗਦਾਨ ਪਾ ਰਹੀਆਂ ਹਨ। ਭਾਵੇਂ ਕਿ ਆਮ ਲੋਕਾਂ ਵਿਚ ਮੁੱਢਲੀ ਵਿੱਦਿਆ ਪ੍ਰਾਪਤ ਕਰਕੇ ਜਾਂ ਤਕਨੀਕੀ ਵਿੱਦਿਆ ਦੇ ਕੋਰਸ ਕਰਕੇ ਬਾਹਰਲੇ ਮੁਲਕਾਂ ਵਿਚ ਪ੍ਰਵਾਸ ਕਰ ਜਾਣ ਦਾ ਰੁਝਾਨ ਵੱਧਦਾ ਜਾ ਰਿਹਾ ਹੈ ਪਰ ਫਿਰ ਵੀ ਆਪਣੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਪ੍ਰਤੀ ਰੁਝਾਨ ਕਾਰਨ ਵਿਦਿਆਰਥੀ ਇਹਨਾਂ ਵਿਸ਼ਿਆਂ ਨਾਲ ਸੰਬੰਧਿਤ ਕੋਰਸਾਂ ਵਿਚ ਵੀ ਦਾਖ਼ਲਾ ਲੈਣ ਦੀ ਰੁਚੀ ਦਿਖਾ ਰਹੇ ਹਨ।

 

ਪਟਿਆਲਾ ਵਿਖੇ ਪੰਜਾਬੀ ਯੂਨੀਵਰਸਿਟੀ ਇਸ ਦਿਸ਼ਾ ਵਿਚ ਮਹੱਤਵਪੂਰਨ ਕਾਰਜ ਕਰ ਰਹੀ ਹੈ ਜਿਸ ਨਾਲ ਮਾਲਵੇ ਦੇ ਵੱਡੇ ਇਲਾਕੇ ਨੂੰ ਵਿੱਦਿਆ ਪ੍ਰਦਾਨ ਕਰਨ ਦੇ ਨਾਲ-ਨਾਲ ਪੰਜਾਬੀ ਭਾਸ਼ਾ, ਸੱਭਿਆਚਾਰ ਅਤੇ ਵਿਰਾਸਤ ਪ੍ਰਤੀ ਮਾਣ ਪੈਦਾ ਕਰਨ ਨੂੰ ਬਲ ਮਿਲ ਰਿਹਾ ਹੈ।

ਪੰਜਾਬੀ ਯੂਨੀਵਰਸਿਟੀ ਵੀ ਪਟਿਆਲਾ ਦੀ ਵਿੱਦਿਆ ਨਗਰੀ ਵਿਖੇ ਸਥਿਤ ਹੈ। ਇਹ ਯੂਨੀਵਰਸਿਟੀ ਉਸ ਸਮੇਂ ਸਥਾਪਿਤ ਕੀਤੀ ਗਈ ਸੀ ਜਦੋਂ ਮਾਲਵੇ ਵਿਚ ਕੋਈ ਬਹੁਤ ਵੱਡਾ ਵਿੱਦਿਅਕ ਅਦਾਰਾ ਮੌਜੂਦ ਨਹੀਂ ਸੀ। ਇਸ ਯੂਨੀਵਰਸਿਟੀ ਨੇ ਵਿਦਵਾਨਾਂ, ਸੂਝਵਾਨਾਂ, ਰਾਜਨੀਤੀਵਾਨਾਂ ਅਤੇ ਆਮ ਲੋਕਾਂ ਦੀ ਇਸ ਆਸ ਨੂੰ ਭਾਰੀ ਫਲ ਪ੍ਰਦਾਨ ਕੀਤਾ ਹੈ ਕਿ ਇਹ ਯੂਨੀਵਰਸਿਟੀ ਮਾਲਵੇ ਵਿਚ ਵਿੱਦਿਆ ਦਾ ਪ੍ਰਚਾਰ ਅਤੇ ਪ੍ਰਸਾਰ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਏਗੀ। ਇਸ ਯੂਨੀਵਰਸਿਟੀ ਨੂੰ ਪੰਜਾਬੀ ਦੇ ਵਿਕਾਸ ਦਾ ਉਦੇਸ਼ ਪ੍ਰਦਾਨ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਕੁਰਕਸ਼ੇਤਰ ਯੂਨੀਵਰਸਿਟੀ ਹਿੰਦੀ ਭਾਸ਼ਾ ਦੇ ਵਿਕਾਸ ਲਈ ਸਥਾਪਿਤ ਕੀਤੀ ਗਈ ਸੀ ਅਤੇ ਪੰਜਾਬ ਦੇ ਲੋਕ ਇਹ ਚਾਹੁੰਦੇ ਸਨ ਕਿ ਪੰਜਾਬੀ ਦੇ ਵਿਕਾਸ ਲਈ ਵੀ ਕੋਈ ਯੂਨੀਵਰਸਿਟੀ ਹੋਣੀ ਚਾਹੀਦੀ ਹੈ। ਲੋਕਾਂ ਦੀਆਂ ਭਾਵਨਾਵਾਂ ਦੀ ਪੂਰਤੀ ਕਰਨ ਲਈ ਪੰਜਾਬ ਸਰਕਾਰ ਨੇ ਕਮਿਸ਼ਨ ਬਣਾਇਆ ਤਾਂ ਪਟਿਆਲੇ ਦੇ ਮਹਾਰਾਜਾ ਯਾਦਵਿੰਦਰ ਸਿੰਘ ਨੂੰ ਇਸ ਦਾ ਚੇਅਰਮੈਨ ਅਤੇ ਪ੍ਰੋਫ਼ੈਸਰ ਹਰਬੰਸ ਸਿੰਘ ਨੂੰ ਮੈਂਬਰ ਸੈਕਟਰੀ ਨਿਯੁਕਤ ਕੀਤਾ ਗਿਆ ਸੀ। ਪੰਜਾਬੀ ਦੇ ਵਿਕਾਸ ਲਈ ਇਹ ਯੂਨੀਵਰਸਿਟੀ ਪੰਜਾਬ ਵਿਚ ਕਿਤੇ ਵੀ ਖੋਲੀ ਜਾ ਸਕਦੀ ਸੀ ਪਰ ਮਹਾਰਾਜਾ ਯਾਦਵਿੰਦਰ ਸਿੰਘ ਦੇ ਯਤਨਾਂ ਸਦਕਾ ਇਹ ਮਾਣ ਪਟਿਆਲਾ ਨੂੰ ਪ੍ਰਾਪਤ ਹੋਇਆ।

ਪੰਜਾਬੀ ਯੂਨੀਵਰਸਿਟੀ ਨੇ ਪੰਜਾਬੀ ਭਾਸ਼ਾ, ਸਾਹਿਤ, ਸੱਭਿਆਚਾਰ ਅਤੇ ਸਿੱਖ ਅਧਿਐਨ ਦੇ ਖੇਤਰ ਵਿਚ ਮਹੱਤਵਪੂਰਨ ਕਾਰਜ ਕੀਤਾ ਹੈ। ਇਸ ਖ਼ੇਤਰ ਨਾਲ ਸੰਬੰਧਿਤ ਸਭ ਤੋਂ ਵਧੇਰੇ ਪੁਸਤਕਾਂ ਪੰਜਾਬੀ ਯੂਨੀਵਰਸਿਟੀ ਨੇ ਛਾਪੀਆਂ ਹਨ। ਮੌਜੂਦਾ ਸਮੇਂ ਵਿਚ ਵੀ ਇਹ ਕਾਰਜ ਚੱਲ ਰਿਹਾ ਹੈ ਪਰ ਇਸ ਦੀ ਗਤੀ ਬਹੁਤ ਸਹਿਜ ਵਾਲੀ ਹੋ ਗਈ ਹੈ। ਇਸ ਦਾ ਵੱਡਾ ਕਾਰਨ ਯੂਨੀਵਰਸਿਟੀ ਦਾ ਵਿੱਤੀ ਸੰਕਟ ਵਿਚ ਫਸ ਜਾਣ ਨੂੰ ਮੰਨਿਆ ਜਾ ਰਿਹਾ ਹੈ ਜਿਸ ਕਾਰਨ ਨਾ ਤਾਂ ਕੋਈ ਨਵੀਂ ਭਰਤੀ ਹੋ ਰਹੀ ਹੈ ਅਤੇ ਨਾ ਹੀ ਵਿੱਦਿਅਕ ਕਾਰਜਾਂ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਉਪਰਾਲੇ ਹੋ ਰਹੇ ਹਨ। ਜਿਹੜੇ ਵਿਭਾਗਾਂ ਕਰਕੇ ਇਹ ਯੂਨੀਵਰਸਿਟੀ ਸੰਸਾਰ ਵਿਚ ਆਪਣਾ ਸਥਾਨ ਬਣਾਉਣ ਦੇ ਯੋਗ ਹੋਈ ਸੀ, ਉਹ ਲਗ-ਪਗ ਬੰਦ ਹੋਣ ਦੇ ਕਿਨਾਰੇ ਪਹੁੰਚ ਗਏ ਹਨ। ਕੇਵਲ ਵਿਭਾਗਾਂ ਨੂੰ ਚਲਾਉਣ ਲਈ ਕੁੱਝ ਇਕ ਅਧਿਆਪਕ ਬਾਕੀ ਰਹਿ ਗਏ ਹਨ। ਕੁੱਝ ਸਾਲਾਂ ਬਾਅਦ ਜਦੋਂ ਇਹ ਅਧਿਆਪਕ ਵੀ ਸੇਵਾ-ਮੁਕਤ ਹੋ ਗਏ ਤਾਂ ਇਹਨਾਂ ਵਿਭਾਗਾਂ ਨੂੰ ਜਾਂ ਤਾਂ ਤਾਲੇ ਲੱਗ ਸਕਦੇ ਹਨ, ਜਾਂ ਫਿਰ ਇਹਨਾਂ ਨੂੰ ਦੂਜੇ ਵਿਭਾਗਾਂ ਵਿਚ ਮਿਲਾ ਦਿੱਤਾ ਜਾਵੇਗਾ ਅਤੇ ਜਾਂ ਫਿਰ ਇਕ ਦੋ ਨਵੇਂ ਅਧਿਆਪਕ ਰੱਖ ਕੇ ਇਹਨਾਂ ਦੇ ਬੋਰਡ ਕਾਇਮ ਰੱਖੇ ਜਾ ਸਕਦੇ ਹਨ। ਨਵੇਂ ਅਧਿਆਪਕਾਂ ਨੂੰ ਪੁਰਾਣੇ ਅਧਿਅਪਾਕਾਂ ਨਾਲ ਕੰਮ ਕਰਨ ਦਾ ਮੌਕਾ ਮਿਲੇ ਤਾਂ ਹੀ ਉਹ ਵਿਭਾਗਾਂ ਦੇ ਉਦੇਸ਼ ਨੂੰ ਸੁਚਾਰੂ ਰੂਪ ਵਿਚ ਅੱਗੇ ਲਿਜਾਣ ਲਈ ਯਤਨਸ਼ੀਲ ਹੋ ਸਕਦੇ ਹਨ।

ਪੰਜਾਬੀ ਯੂਨੀਵਰਸਿਟੀ ਦੇ ਮੌਜੂਦਾ ਵਾਈਸ ਚਾਂਸਲਰ ਇਹ ਮਹਿਸੂਸ ਕਰਦੇ ਹਨ ਕਿ ਪੰਜਾਬ ਵਿਚ ਵਿਦਵਤਾ ਦੀ ਗੁਣਵੱਤਾ ਵਿਚ ਭਾਰੀ ਕਮੀ ਆਈ ਹੈ ਅਤੇ ਮੌਜੂਦਾ ਸਮੇਂ ਵਿਚ ਪਹਿਲਾਂ ਵਾਲੇ ਵਿਦਵਾਨ ਦਿਖਾਈ ਨਹੀਂ ਦਿੰਦੇ। ਭਾਵੇਂ ਕਿ ਵਾਈਸ ਚਾਂਸਲਰ ਦਾ ਇਹ ਖ਼ਦਸ਼ਾ ਕੇਵਲ ਪੰਜਾਬੀ ਯੂਨੀਵਰਸਿਟੀ ਤੱਕ ਹੀ ਸੀਮਿਤ ਨਹੀਂ ਸੀ ਪਰ ਫਿਰ ਵੀ ਯੂਨੀਵਰਸਿਟੀ ਨੂੰ ਇਹ ਕਮੀ ਪੂਰੀ ਕਰਨ ਲਈ ਯਤਨ ਕਰਨ ਦੀ ਲੋੜ ਹੈ। ਇਸ ਦਿਸ਼ਾ ਵਿਚ ਹੋਰ ਕਿਹੜੇ ਕਾਰਜ ਕੀਤੇ ਜਾ ਸਕਦੇ ਹਨ ਜਿਨ੍ਹਾਂ ਨਾਲ ਅਕਾਦਮਿਕ ਪੱਧਰ ਨੂੰ ਉੱਚਾ ਚੁਕਿਆ ਜਾ ਸਕਦਾ ਹੈ, ਉਹਨਾਂ ਪ੍ਰਤੀ ਚਿੰਤਾ, ਚਿੰਤਨ ਅਤੇ ਚੇਤਨਾ ਪ੍ਰਗਟ ਕਰਨ ਦੀ ਵਧੇਰੇ ਲੋੜ ਹੈ। 1989 ਵਿਚ ਜਦੋਂ ਯੂਨੀਵਰਸਿਟੀ ਵਿਖੇ ਦਾਖ਼ਲਾ ਲਿਆ ਸੀ ਤਾਂ ਉਸ ਸਮੇਂ ਅਤੇ ਮੌਜੂਦਾ ਸਮੇਂ ਦੇ ਅਕਾਦਮਿਕ ਮਾਹੌਲ ਵਿਚ ਬਹੁਤ ਫ਼ਰਕ ਦੇਖਣ ਨੂੰ ਮਿਲ ਰਿਹਾ ਹੈ। ਯੂਨੀਵਰਸਿਟੀਆਂ ਨੂੰ ਆਤਮ-ਨਿਰਭਰ ਹੋਣ ਦੇ ਆਦੇਸ਼ਾਂ ਨੇ ਇਹਨਾਂ ਦੇ ਅਕਾਦਮਿਕ ਮਾਹੌਲ ਨੂੰ ਨਿਰੰਤਰ ਨਿਘਾਰ ਦੀ ਦਿਸ਼ਾ ਪ੍ਰਦਾਨ ਕੀਤੀ ਹੈ ਕਿਉਂਕਿ ਯੂਨੀਵਰਸਿਟੀ ਕੋਲ ਕੋਈ ਅਜਿਹੇ ਵਿਸ਼ੇਸ਼ ਸਾਧਨ ਨਹੀਂ ਹੁੰਦੇ ਜਿਨ੍ਹਾਂ ਨਾਲ ਉਹ ਆਪਣੇ ਵਿੱਤੀ ਸਰੋਤਾਂ ਵਿਚ ਵਾਧਾ ਕਰ ਸਕੇ।

ਵਿਦਿਆਰਥੀਆਂ ਦੀਅ ਫੀਸਾਂ ਹੀ ਇਕੋ-ਇਕ ਸਰੋਤ ਹਨ ਜਿਨ੍ਹਾਂ ਦੇ ਵੱਧਣ ਨਾਲ ਸਿੱਖਿਆ ਹੋਰ ਵਧੇਰੇ ਮਹਿੰਗੀ ਹੁੰਦੀ ਜਾ ਰਹੀ ਹੈ। ਇਹ ਸਰੋਤ ਯੂਨੀਵਰਸਿਟੀ ਦੀਆਂ ਕੁੱਝ ਕੁ ਲੋੜਾਂ ਤਾਂ ਪੂਰੀਆਂ ਕਰ ਸਕਦੇ ਹਨ ਪਰ ਇਹਨਾਂ ਨਾਲ ਅਕਾਦਮਿਕ ਪੱਧਰ ਉੱਚਾ ਨਹੀਂ ਚੁੱਕਿਆ ਜਾ ਸਕਦਾ। ਪੇਂਡੂ ਅਤੇ ਗਰੀਬ ਵਿਦਿਆਰਥੀਆਂ ਲਈ ਪੰਜਾਬੀ ਯੂਨੀਵਰਸਿਟੀ ਹੀ ਅਜਿਹਾ ਸਹਾਰਾ ਹੈ ਜਿਹੜੀ ਬਹੁਤ ਘੱਟ ਪੈਸੇ ਨਾਲ ਉੱਚ ਵਿੱਦਿਆ ਪ੍ਰਦਾਨ ਕਰਨ ਵਿਚ ਯੋਗਦਾਨ ਪਾ ਰਹੀ ਹੈ ਅਤੇ ਇਸ ਦਾ ਵੱਡਾ ਕਾਰਨ ਇਹ ਹੈ ਕਿ ਪੰਜਾਬ ਸਰਕਾਰ ਇਸ ਯੂਨੀਵਰਸਿਟੀ ਦੀਆਂ ਵਿੱਤੀ ਲੋੜਾਂ ਨੂੰ ਪੂਰਾ ਕਰਨ ਕੁਝ ਨਾ ਕੁਝ ਯਤਨ ਕਰਦੀ ਰਹਿੰਦੀ ਹੈ ਜਿਹੜਾ ਕਿ ਸਮੇਂ ਦੀਆਂ ਲੋੜਾਂ ਨੂੰ ਪੂਰਾ ਕਰਨ ਵਿਚ ਬਹੁਤ ਘੱਟ ਨਜ਼ਰ ਆਉਂਦਾ ਹੈ। ਯੂਨੀਵਰਸਿਟੀ ਸਿਰ ਚੜ੍ਹੇ ਕਰਜ਼ੇ ਨੂੰ ਮਾਫ਼ ਕਰਨ ਅਤੇ ਇਸ ਨੂੰ ਵਿੱਤੀ ਸੰਕਟ ਵਿਚੋਂ ਬਾਹਰ ਕੱਢਣ ਵਾਲੇ ਬਿਆਨ ਤਾਂ ਆਏ ਹਨ ਪਰ ਉਹਨਾਂ ’ਤੇ ਅਮਲ ਦਿਖਾਈ ਨਹੀਂ ਦਿੰਦਾ।

ਪੰਜਾਬ ਸਰਕਾਰ ਵੱਲੋਂ ਮਿਲਣ ਵਾਲੀ ਵਿੱਤੀ ਸਹਾਇਤਾ ਵਿਚ ਦੇਰੀ ਕਾਰਨ ਅਧਿਆਪਨ ਅਤੇ ਗ਼ੈਰ-ਅਧਿਆਪਨ ਵਿਭਾਗਾਂ ਵਿਖੇ ਕੰਮ ਕਰਦੇ ਅਧਿਆਪਕਾਂ ਅਤੇ ਕਰਮਚਾਰੀਆਂ ਦੀਆਂ ਤਨਖਾਹਾਂ ਵਿਚ ਦੇਰੀ ਹੋ ਜਾਂਦੀ ਹੈ ਤਾਂ ਯੂਨੀਵਰਸਿਟੀ ਵਿਖੇ ਹੜਤਾਲਾਂ ਅਤੇ ਮੁਜ਼ਾਹਰਿਆਂ ਦਾ ਦੌਰ ਸ਼ੁਰੂ ਹੋ ਜਾਂਦਾ ਹੈ ਜਿਸ ਨਾਲ ਅਕਾਦਮਿਕਤਾ ਵਾਲੇ ਮਾਹੌਲ ਨੂੰ ਢਾਹ ਲੱਗਦੀ ਹੈ। ਇਸੇ ਗੱਲ ਨੂੰ ਵਿਸ਼ੇਸ਼ ਰੂਪ ਵਿਚ ਉਭਾਰਿਆ ਜਾਂਦਾ ਹੈ ਕਿ ਯੂਨੀਵਰਸਿਟੀ ਕਰਮਚਾਰੀ ਕੇਵਲ ਤਨਖ਼ਾਹਾਂ ਅਤੇ ਤਰੱਕੀਆਂ ਨੂੰ ਲੈ ਕੇ ਹੀ ਚਿੰਤਤ ਹਨ। ਮਸਲਾ ਤਨਖਾਹਾਂ ਅਤੇ ਤਰੱਕੀਆਂ ਦਾ ਕਿਸੇ ਹੱਦ ਤੱਕ ਸਹੀ ਹੋ ਸਕਦਾ ਹੈ ਪਰ ਵੱਡਾ ਮਸਲਾ ਵਿੱਤੀ ਸਥਿਰਤਾ ਹੈ ਜਿਸ ਨੇ ਯੂਨੀਵਰਸਿਟੀ ਦੇ ਅਕਾਦਮਿਕ ਮਾਹੌਲ ਅਤੇ ਪੱਧਰ ਨੂੰ ਉੱਚਾ ਲੈ ਕੇ ਜਾਣਾ ਹੈ।

ਉਹਨਾਂ ਵਿਭਾਗਾਂ ਨੂੰ ਮਜ਼ਬੂਤੀ ਪ੍ਰਦਾਨ ਕਰਨ ਦੀ ਵਧੇਰੇ ਲੋੜ ਹੈ ਜਿਹੜੇ ਇਸ ਯੂਨੀਵਰਸਿਟੀ ਦੇ ਉਦੇਸ਼ ਨਾਲ ਜੁੜੇ ਹੋਏ ਹਨ। ਯੂਨੀਵਰਸਿਟੀ ਵਿਖੇ ਆਯੋਜਿਤ ਹੋਣ ਵਾਲੇ ਸੈਮੀਨਾਰ, ਕਾਨਫ਼ਰੰਸਾਂ, ਗੋਸ਼ਟੀਆਂ ਬਾਹਰੀ ਵਿੱਤੀ ਸਹਾਇਤਾ ਨਾਲ ਜੁੜਦੀਆਂ ਜਾ ਰਹੀਆਂ ਹਨ ਅਤੇ ਇਹਨਾਂ ਵਿਚ ਸ਼ਾਮਲ ਹੋਣ ਵਾਲੇ ਵਕਤੇ ਪੈਸੇ ਦੇ ਕੇ ਪਰਚੇ ਪੜ੍ਹਦੇ ਹਨ ਜਿਸ ਨਾਲ ਯੂਨੀਵਰਸਿਟੀਆਂ ਦੇ ਅਕਾਦਮਿਕ ਮਾਹੌਲ ’ਤੇ ਪ੍ਰਭਾਵ ਪੈ ਰਿਹਾ ਹੈ। ਜਿਹੜੇ ਅਧਿਆਪਕ ਬਾਹਰੋਂ ਸਹਾਇਤਾ ਪ੍ਰਾਪਤ ਕਰਕੇ ਸੈਮੀਨਾਰ ਜਾਂ ਗੋਸ਼ਟੀਆਂ ਆਦਿ ਨਹੀਂ ਕਰਵਾ ਸਕਦੇ ਉਹਨਾਂ ਦੀ ਮਾਨਸਿਕਤਾ ਅਤੇ ਭਵਿੱਖ ’ਤੇ ਕਿਹੋ ਜਿਹਾ ਅਸਰ ਪੈ ਸਕਦਾ ਹੈ, ਇਸ ਨੂੰ ਵੀ ਧਿਆਨ ਵਿਚ ਰੱਖਿਆ ਜਾਣਾ ਚਾਹੀਦਾ ਹੈ। ਇਸ ਗੱਲ ਵੱਲ ਵੀ ਧਿਆਨ ਦੇਣ ਦੀ ਲੋੜ ਹੈ ਕਿ ਬਾਹਰੀ ਸਹਾਇਤਾ ਪ੍ਰਦਾਨ ਕਰਨ ਵਾਲਿਆਂ ਦੇ ਨਾਲ-ਨਾਲ ਉਹਨਾਂ ਦੀ ਵਿਚਾਰਧਾਰਾ ਵੀ ਕਿਤੇ ਯੂਨੀਵਰਸਿਟੀ ਵਿਚ ਪ੍ਰਵੇਸ਼ ਨਾ ਕਰ ਜਾਵੇ।

ਇਸ ਸਮੇਂ ਯੂਨੀਵਰਸਿਟੀ ਦੀ ਹੋਂਦ ਨੂੰ ਬਚਾਉਣ ਅਤੇ ਇਸ ਦੀ ਪਛਾਣ ਨੂੰ ਪੁਰਾਣੀਆਂ ਲੀਹਾਂ ’ਤੇ ਲਿਜਾਣ ਦਾ ਮੁੱਦਾ ਵਧੇਰੇ ਧਿਆਨ ਮੰਗਦਾ ਹੈ ਅਤੇ ਜੇਕਰ ਯੂਨੀਵਰਸਿਟੀ ਦੇ ਅਧਿਕਾਰੀ ਅਤੇ ਕਰਮਚਾਰੀ ਵਿੱਤੀ ਸਥਿਰਤਾ ਨੂੰ ਲੈ ਕੇ ਹੀ ਚਿੰਤਤ ਰਹਿੰਦੇ ਹਨ ਤਾਂ ਇਸਦੇ ਉਦੇਸ਼ ਨੂੰ ਕਾਇਮ ਰੱਖਣ ’ਤੇ ਵੀ ਪ੍ਰਸ਼ਨ-ਚਿੰਨ੍ਹ ਲੱਗ ਸਕਦਾ ਹੈ। ਇਹ ਕਾਰਜ ਔਖਾ ਜ਼ਰੂਰ ਹੋ ਸਕਦਾ ਹੈ ਪਰ ਅਸੰਭਵ ਨਹੀਂ। ਪੰਜਾਬੀ ਯੂਨੀਵਰਸਿਟੀ ਤੋਂ ਪੜ੍ਹ ਕੇ ਪੰਜਾਬ ਦੀ ਅਸੈਂਬਲੀ ਤੱਕ ਪੁੱਜੇ ਰਾਜਨੀਤੀਵਾਨ ਆਪਣੀ ਸਰਕਾਰ ਨੂੰ ਇਸ ਦਿਸ਼ਾ ਵੱਲ ਚੇਤੰਨ ਕਰਨ ਤਾਂ ਇਹ ਮਸਲੇ ਸੌਖਿਆਂ ਹੀ ਹੱਲ ਕੀਤੇ ਜਾ ਸਕਦੇ ਹਨ ਅਤੇ ਯੂਨੀਵਰਸਿਟੀ ਆਪਣੀਆਂ ਪੁਰਾਣੀਆਂ ਲੀਹਾਂ ’ਤੇ ਵਾਪਸ ਆ ਸਕਦੀ ਹੈ ਨਹੀਂ ਤਾਂ ਕਿਤੇ ਅਜਿਹਾ ਨਾ ਹੋਵੇ ਕਿ ਯੂਨੀਵਰਸਿਟੀ ਦੀ ਹਾਲਤ ਵੀ ‘ਧਰਮਧੁਜਾ ਡੇਰੇ’ ਵਾਲੀ ਹੋ ਜਾਵੇ।

ਡਾ. ਪਰਮਵੀਰ ਸਿੰਘ
ਸਿੱਖ ਵਿਸ਼ਵਕੋਸ਼ ਵਿਭਾਗ
ਪੰਜਾਬੀ ਯੂਨੀਵਰਸਿਟੀ, ਪਟਿਆਲਾ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button