D5 specialOpinion

ਕਸੂਰ ਲੀਡਰਾਂ ਦਾ ਨਹੀਂ, ਸਗੋਂ ਕਸੂਰ ਤਾਂ ਵੋਟਰਾਂ ਦਾ ਏ !

ਸੁਬੇਗ ਸਿੰਘ (ਸੰਗਰੂਰ)

ਪੰਜਾਬੀ ਦੀ ਇੱਕ ਬੜੀ ਹੀ ਪੁਰਾਣੀ ਤੇ ਮਸ਼ਹੂਰ ਕਹਾਵਤ ਹੈ ਕਿ
ਡਿੱਗੀ ਖੋਤੇ ਤੋਂ, ਗੁੱਸਾ ਘੁਮਿਆਰ ਤੇ !
ਜਾਂ ਫਿਰ, ਇਉਂ ਕਹਿ ਲਵੋ ਕਿ,
ਘੁਮਿਆਰ ਦਾ ਘੁਮਿਆਰੀ ਤੇ ਜੋਰ ਨਾ ਚੱਲੇ,ਗਧੇ ਦੇ ਕੰਨ ਮਰੋੜੇ!

ਇਹ ਕਹਾਵਤਾਂ, ਕਿਸੇ ਵਿਅਕਤੀ ਵਿਸ਼ੇਸ਼ ਜਾਂ ਸਮੁਦਾਏ ਨੂੰ ਨੀਵਾਂ ਵਿਖਾਉਣ ਜਾਂ ਕਿਸੇ ਦੀ ਬੇਇੱਜ਼ਤੀ ਕਰਨ ਲਈ ਨਹੀਂ ਬਣੀਆਂ ਹਨ।ਸਗੋਂ,ਅਜਿਹੀਆਂ ਕਹਾਵਤਾਂ ਤਾਂ,ਲੋਕਾਂ ਨੂੰ ਥੋੜ੍ਹੇ ਸ਼ਬਦਾਂ ਚ ਉਨ੍ਹਾਂ ਦੀ ਅਸਲੀਅਤ ਵਿਖਾਉਣ ਲਈ,ਸਮਾਜ ਵੱਲੋਂ ਘੜੀਆਂ ਜਾਂਦੀਆਂ ਸਨ,ਜੋ ਕਿ ਲੋਕਾਂ ਲਈ,ਇੱਕ ਰਾਹ ਦਸੇਰਾ ਵੀ ਸਾਬਤ ਹੁੰਦੀਆਂ ਸਨ। ਇਹ ਗੱਲ ਕਹਿਣ ਤੋਂ ਭਾਵ ਇਹ ਹੈ,ਕਿ ਜਦੋਂ ਕਸੂਰ ਤਾਂ ਕਿਸੇ ਹੋਰ ਦਾ ਹੋਵੇ,ਪਰ ਬੰਦਾ ਕਸੂਰਵਾਰ ਕਿਸੇ ਹੋਰ ਨੂੰ ਹੀ ਠਹਿਰਾਈ ਜਾਵੇ।ਸੋ ਇਹ ਗੱਲ ਤਾਂ ਵੈਸੇ ਵੀ ਮਾੜੀ ਹੈ ਅਤੇ ਦੂਜੀ ਗੱਲ ਇਹ ਤਾਂ ਜਾਗਦਿਆਂ ਨੂੰ ਪੈਂਅਦੀ ਪਾਉਣ ਵਾਲੀ ਗੱਲ ਹੁੰਦੀ ਹੈ।ਵੈਸੇ,ਵੀ ਆਪਣੀ ਗਲਤੀ ਨੂੰ ਸਵੀਕਾਰ ਕਰ ਲੈਣ ਨਾਲ,ਕੋਈ ਵਿਅਕਤੀ ਛੋਟਾ ਨਹੀਂ ਹੋ ਜਾਂਦਾ।ਸਗੋਂ ਇਹ ਤਾਂ, ਉਸ ਮਨੁੱਖ ਦਾ ਵਡੱਪਣ ਹੁੰਦਾ ਹੈ।

ਬਿਲਕੁਲ,ਇਸੇ ਤਰ੍ਹਾਂ ਦਾ ਹੀ ਵਰਤਾਰਾ,ਦੇਸ਼ ਜਾਂ ਸੂਬਿਆਂ ਦੀਆਂ ਚੋਣਾਂ ਦੇ ਵਕਤ ਹੁੰਦਾ ਹੈ।ਕਿਉਂਕਿ ਚੋਣਾਂ ਤੋਂ ਬਾਅਦ,ਜਿਹੜੀ ਵੀ ਪਾਰਟੀ ਆਪਣੀ ਸਰਕਾਰ ਬਣਾਉਂਦੀ ਹੈ,ਉਹ ਚੋਣਾਂ ਦੇ ਵਕਤ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕਰਦੀ।ਜਿਸਦੇ ਇਵਜਾਨੇ ਵਜੋਂ,ਲੋਕ ਉਸ ਰਾਜਨੀਤਕ ਪਾਰਟੀ ਜਾਂ ਉਸਦੇ ਨੁਮਾਇੰਦਿਆਂ ਨੂੰ ਦੋਸ਼ ਦੇਈ ਜਾਂਦੇ ਹਨ,ਜੋ ਕਿ ਸਰਾਸਰ ਗਲਤ ਗੱਲ ਹੁੰਦੀ ਹੈ। ਇਹ ਗੱਲ ਕਹਿਣ ਤੋਂ ਭਾਵ ਇਹ ਹੈ,ਕਿ ਚੋਣਾਂ ਦੇ ਵਕਤ ਹਰ ਰਾਜਨੀਤਕ ਪਾਰਟੀ ਨੇ ਦੂਸਰੀ ਰਾਜਨੀਤਕ ਪਾਰਟੀ ਤੋਂ ਵੱਧ ਚੜ੍ਹਕੇ ਲਾਰੇ ਤੇ ਨਾਅਰੇ ਲਾਉਣੇ ਹੁੰਦੇ ਹਨ ਅਤੇ ਲੋਕਾਂ ਨੂੰ ਸ਼ਬਜਬਾਗ ਵੀ ਵਿਖਾਉਣੇ ਹੁੰਦੇ ਹਨ।ਹੁਣ ਲੋਕਾਂ ਦਾ ਇਹ ਨਜਰੀਆ ਵੀ ਬਣ ਚੁੱਕਿਆ ਹੈ,ਕਿ ਜਿਹੜੀ ਪਾਰਟੀ,ਸਭ ਤੋਂ ਜਿਆਦਾ ਨਾਅਰੇ,ਲਾਰੇ ਤੇ ਸ਼ਬਜਬਾਗ ਵਿਖਾਏਗੀ,ਉਹੀ ਪਾਰਟੀ ਚੋਣਾਂ ਚ ਜੇਤੂ ਹੋ ਕੇ ਆਪਣੀ ਸਰਕਾਰ ਬਣਾਉਂਦੀ ਹੈ।

ਅਗਰ ਲੋਕ,ਰਾਜਨੀਤਕ ਪਾਰਟੀਆਂ ਦੀਆਂ ਇੰਨ੍ਹਾਂ ਗੱਲਾਂ ਚ ਆ ਕੇ ਉਨ੍ਹਾਂ ਨੂੰ ਵੋਟ ਪਾਉਂਦੇ ਹਨ,ਤਾਂ ਰਾਜਨੀਤਕ ਪਾਰਟੀਆਂ ਵੱਧ ਤੋਂ ਲਾਰੇ ਤੇ ਨਾਅਰੇ ਲਗਾ ਕੇ ਕਿਉਂ ਨਾ ਆਪਣੀ ਸਰਕਾਰ ਬਣਾਉਣ।ਇਹਦੇ ਵਿੱਚ ਹਰਜ ਵੀ ਕੀ ਹੁੰਦਾ ਹੈ। ਬੱਸ ਇਹੋ ਗੱਲ ਹੀ ਸੋਚਣ ਤੇ ਵਿਚਾਰਨ ਵਾਲੀ ਹੈ,ਕਿ ਜਦੋਂ ਲੋਕ ਰਾਜਨੀਤਕ ਪਾਰਟੀਆਂ ਦੀਆਂ ਮੁਫਤ ਦੀਆਂ ਸਕੀਮਾਂ,ਸਬਸਿਡੀਆਂ ਅਤੇ ਆਟਾ ਦਾਲ ਸਕੀਮਾਂ ਅਤੇ ਹੋਰ ਲੋਭ ਲੁਭਾਊ ਨਾਅਰਿਆਂ ਦੇ ਝਾਂਸੇ ਚ ਆ ਕੇ ਵੋਟ ਪਾਉਂਦੇ ਹਨ ਅਤੇ ਛੋਟੇ 2 ਲਾਲਚਾਂ ਪਿੱਛੇ,ਆਪਣੇ ਕੀਮਤੀ ਵੋਟ ਦਾ ਇਸਤੇਮਾਲ,ਇੱਕ ਕਾਗਜ ਦਾ ਮਾਮੂਲੀ ਜਿਹਾ ਟੁੱਕੜਾ ਸਮਝ ਕੇ ਕਰਦੇ ਹਨ,ਤਾਂ ਫਿਰ ਚੋਣਾਂ ਜਿੱਤਣ ਤੋਂ ਬਾਅਦ,ਰਾਜਨੀਤਕ ਪਾਰਟੀਆਂ ਵੀ ਲੋਕਾਂ ਦੀ ਪ੍ਰਵਾਹ ਕਿਉਂ ਕਰਨਗੀਆਂ।

ਇਹ ਗੱਲ ਬੜੀ ਮਾਇਨੇ ਰੱਖਦੀ ਹੈ,ਕਿ ਲੋਕਾਂ ਵੱਲੋਂ ਆਪ ਵੋਟ ਦਾ ਸਹੀ ਇਸਤੇਮਾਲ ਨਾ ਕਰਨ ਕਰਕੇ ਉਲਟਾ ਰਾਜਨੀਤਕ ਪਾਰਟੀਆਂ ਜਾਂ ਫਿਰ ਸਰਕਾਰਾਂ ਨੂੰ ਦੋਸ਼ ਦੇਈ ਜਾਣਾ ਕਿਸੇ ਵੀ ਤਰ੍ਹਾਂ ਜਾਇਜ ਨਹੀਂ ਹੈ।ਸਗੋਂ ਲੋਕਾਂ ਨੂੰ ਆਪਣੀ ਕੀਮਤੀ ਵੋਟ ਨੂੰ ਪਾਉਣ ਤੋਂ ਪਹਿਲਾਂ ਸੌ ਵਾਰ ਸੋਚ ਵਿਚਾਰ ਕਰ ਲੈਣੀ ਚਾਹੀਦੀ ਹੈ,ਤਾਂ ਕਿ ਗਲਤ ਉਮੀਦਵਾਰ ਦੀ ਚੋਣ ਕਰਕੇ,ਬਾਅਦ ਚ ਪਛਤਾਉਣਾ ਨਾ ਪਵੇ।
ਮੁੱਕਦੀ ਗੱਲ ਤਾਂ ਇਹ ਹੈ,ਕਿ ਅਗਰ ਜਨਤਾ ਸਹੀ ਨੁਮਾਇੰਦਿਆਂ ਦੀ ਚੋਣ ਕਰਨਾ ਚਾਹੁੰਦੀ ਹੈ,ਤਾਂ ਲੋਕਾਂ ਨੂੰ ਵੱਧ ਤੋਂ ਵੱਧ ਗਿਣਤੀ ਚ ਵੋਟਾਂ ਪਾਉਣੀਆਂ ਚਾਹੀਦੀਆਂ ਹਨ।ਇੱਥੋਂ ਤੱਕ,ਕਿ ਵੋਟ ਪੋਲਿੰਗ ਦੀ ਪ੍ਰਤੀਸਤਤਾ 90% ਤੋਂ ਉੱਪਰ ਹੋਣੀ ਚਾਹੀਦੀ ਹੈ।ਦੂਸਰੀ ਗੱਲ,ਵੋਟ ਪਾਉਣ ਦੀ ਪ੍ਰਕਿਰਿਆ ਵਿੱਚ ਨੌਜਵਾਨ,ਬਜੁਰਗ ਅਤੇ ਔਰਤਾਂ ਨੂੰ ਵੱਧ ਚੜ੍ਹਕੇ ਹਿੱਸਾ ਲੈਣਾ ਚਾਹੀਦਾ ਹੈ,ਤਾਂ ਹੀ ਸਹੀ ਉਮੀਦਵਾਰ ਦੀ,ਸਹੀ ਚੋਣ ਹੋ ਸਕਦੀ ਹੈ।

ਇਹੋ ਕਾਰਨ ਹੈ,ਕਿ ਵੋਟ ਦੀ ਕੀਮਤ ਨੂੰ ਦਰਸਾਉਂਦੀ ਹੋਈ ਇੱਕ ਖਬਰ ਇਹ ਵੀ ਸਾਹਮਣੇ ਆਈ ਸੀ,ਕਿ ਰਿਜਰਵ ਬੈਂਕ ਆਫ ਇੰਡੀਆ ਨੇ,ਵੋਟ ਦਾ ਇਸਤੇਮਾਲ ਨਾ ਕਰਨ ਵਾਲੇ ਵੋਟਰ ਦੇ ਖਾਤੇ ਚੋਂ 350/- ਰੁਪਏ ਕੱਟਣ ਦਾ ਫੈਸਲਾ ਵੀ ਕੀਤਾ ਸੀ।ਇਹ ਨਿਯਮ ਇੱਕ ਕਿਸਮ ਦੀ ਵੋਟ ਦੀ ਮਹੱਤਤਾ ਅਤੇ ਵੋਟ ਦੀ ਕੀਮਤ ਨੂੰ ਹੀ ਦਰਸਾਉਂਦੀ ਹੈ।ਸੋ,ਦੇਸ਼ ਦੇ ਸੂਝਵਾਨ ਵੋਟਰਾਂ ਨੂੰ, ਆਪਣੀ ਵੋਟ ਦੇ ਇਸਤੇਮਾਲ ਦੇ ਨਾਲ 2 ਸਹੀ ਉਮੀਦਵਾਰ ਦੀ ਚੋਣ ਵੀ ਜਰੂਰ ਕਰਨੀ ਚਾਹੀਦੀ ਹੈ,ਤਾਂ ਹੀ ਲੋਕਾਂ ਦਾ ਕੁੱਝ ਭਲਾ ਹੋ ਸਕਦਾ ਹੈ।ਐਵੇਂ,ਆਪਣੀ ਗਲਤੀ ਲਈ,ਰਾਜਨੀਤਕ ਲੀਡਰਾਂ ਨੂੰ ਦੋਸ਼ ਦੇਈ ਜਾਣਾ ਕਿਸੇ ਵੀ ਤਰ੍ਹਾਂ ਜਾਇਜ ਨਹੀਂ ਹੈ।

93169-10402

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button