Opinion

ਮਈ ਦਿਵਸ ‘ਤੇ ਕਿਰਤੀਆਂ ਲਈ ਵੰਗਾਰ !

ਰਾਜਿੰਦਰ ਕੌਰ ਚੋਹਕਾ

ਅੱਜ ਤੋਂ 137-ਸਾਲ ਪਹਿਲਾਂ ਅਮਰੀਕਾ ਦੇ ਸਨਅੱਤੀ ਸ਼ਹਿਰ ‘‘ਸ਼ਿਕਾਗੋ“ ਵਿਖੇ ਮਈ-1886 ਨੂੰ 8-ਘੰਟੇ ਦੀ ਡਿਊਟੀ ਨਿਸ਼ਚਿਤ ਕਰਵਾਉਣ ਲਈ ਕਿਰਤੀਆਂ ਵਲੋਂ ਮਿੱਲ ਮਾਲਕਾਂ ਵਿਰੁੱਧ ਲੜੇ ਸੰਘਰਸ਼ਾਂ ਦੌਰਾਨ ਜਾਬਰ ਹਾਕਮਾਂ ਹੱਥੋਂ ਸ਼ਹੀਦ ਹੋਏ ਮਜ਼ਦੂਰਾਂ ਅਤੇ ਉਨ੍ਹਾਂ ਦੇ ਆਗੂਆਂ ਦੀ ਯਾਦ ਵਿੱਚ ਹਰ ਵਰ੍ਹੇ, ਪਹਿਲੀ ਮਈ ‘ਤੇ ਸੰਸਾਰ ਭਰ ਦੇ ਕਿਰਤੀਆਂ ਵਲੋਂ ਇਨਕਲਾਬੀ ਸ਼ਰਧਾਂਜਲੀਆਂ ਅਰਪੱਣ ਕਰਕੇ ਇਸ ਦਿਨ ‘ਤੇ ਇਤਿਹਾਸਿਕ ਬਰਾਬਰਤਾ ਦੇ ਨਿਆ ਅਧੀਨ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਹੱਕਾਂ ਦੀ ਬਰਾਬਰਤਾ ਦੇ ਮਿਲਨ ਨੂੰ ਅਗੇ ਖੜਨ ਲਈ ਪਿਛਲੇ ਸੰਘਰਸ਼ਾਂ ਦਾ ਲੇਖਾ-ਜੋਖਾ, ਕਰਦੇ ਹੋਏ ਆਉਣ ਵਾਲੇ ਸਮੇਂ ਲਈ ਨਵੇਂ ਟਿੱਚੇ ਨਿਰਧਾਰਿਤ ਕਰਦੀ ਹੈ ਅਤੇ ਪੇਸ਼ ਚੁਣੌਤੀਆਂ ਦੇ ਮੁਕਾਬਲੇ ਲਈ ਤਿਆਰ ਕਰਦੀ ਹੈ। ਮਨੁੱਖ ਆਪਣੀ ਹੋਂਦ ਤੋਂ ਹੀ ਸਿਰਜੇ ਮਨੁੱਖੀ ਸਮਾਜ ਦੇ ਇਤਿਹਾਸ ਵਿੱਚ ਸੰਘਰਸ਼ਾਂ ਰਾਹੀਂ ਹੀ ਅੱਜ ਇੱਥੇ ਪੁੱਜਿਆ ਹੈ। ਸੰਘਰਸ਼ ਹੀ ਕਿਰਤੀ ਦੀ ਆਸਥਾ ਦਾ ਫਲ ਹੈ !

ਕਿਰਤੀ ਸ਼੍ਰੇਣੀ ਦੀ ਜੱਦੋ-ਜਹਿਦ ਦਾ ਇਕ ਬਹੁਤ ਹੀ ਲੰਬਾ ਅਤੇ ਪੁਰਾਣਾ ਇਤਿਹਾਸ ਹੈ। 1886 ਨੂੰ ਸ਼ਿਕਾਗੋ ਸ਼ਹਿਰ ਅੰਦਰ ਕਿਰਤੀਆਂ ਨੇ ਮਾਲਕਾਂ ਵਲੋਂ ਕੀਤੀ ਜਾਂਦੀ ਧੱਕੇਸ਼ਾਹੀ ਵਿਰੁੱਧ 8-ਘੰਟੇ ਡਿਊਟੀ, ਕੰਮ ਦੌਰਾਨ ਬਿਹਤਰ ਹਲਾਤਾ, ਹਫ਼ਤਾਵਾਰੀ ਛੁੱਟੀ, ਇਸਤਰੀ ਕਾਮਿਆ ਨੂੰ ਬਰਾਬਰ ਕੰਮ ਬਦਲੇ ਬਰਾਬਰ ਉਜਰਤਾ ਅਤੇ ਬਾਲ ਮਜ਼ਦੂਰੀ ਨੂੰ ਖਤਮ ਕਰਨ ਆਦਿ ਮੰਗਾਂ ਨੂੰ ਲੈਕੇ ‘ਕੇਂਦਰੀ ਲੇਬਰ ਯੂਨੀਅਨ` ਦੀ ਅਗਵਾਈ ਵਿੱਚ ਸੰਘਰਸ਼ ਆਰੰਭਿਆ ਸੀ। ਕਿਰਤੀਆਂ ਵਲੋਂ ਇਹ ਅੰਦੋਲਨ ਆਪਣੀਆਂ ਮੰਗਾਂ ਲਈ ਹੀ ਸੀ, ਪਰ ! ਹਾਕਮ ਇਸ ਨੂੰ ਇਕ ਬਹੁਤ ਹੀ ਵੱਡੀ ਚੁਣੌਤੀ ਸਮਝਦੇ ਸਨ। ਪਹਿਲੀ ਮਈ 1886 ਨੂੰ ਪਹਿਲੀ ਆਮ ਹੜਤਾਲ ਹੋਈ ਕਿਉਂਕਿ ਉਸ ਸਮੇਂ ਸਨਅਤੀ ਕੇਂਦਰਾਂ ਵਿੰਚ ਮਜ਼ਦੂਰਾਂ ਪਾਸੋਂ 14 ਤੋਂ 16 ਘੰਟੇ ਕੰਮ ਲਿਆ ਜਾਂਦਾ ਸੀ ਇਸ ਲਈ ਮਜ਼ਦੂਰਾਂ ਨੇ ਕੰਮ ਦੇ ਘੰਟਿਆਂ ਨੂੰ ਘੱਟ ਕਰਵਾਉਣ ਲਈ 19-ਵੀਂ ਸਦੀ ਦੇ ਸ਼ੁਰੂ ਵਿੱਚ ਸੂਰਜ ਚੜ੍ਹਨ ਤੋਂ ਪਹਿਲਾਂ ਤੋਂ ਲੈ ਕੇ ਸੂਰਜ ਛਿਪਣ ਤੱਕ ਕੰਮ ਕਰਨ ਦੇ ਵਿਰੋਧ ਵਿੱਚ ਆਪਣੀਆਂ ਸ਼ਿਕਾਇਤਾਂ ਦਰਜ ਕਰਵਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ। -1806 ਵਿੱਚ ਅਮਰੀਕਾ ਦੀ ਸਰਕਾਰ ਨੇ ‘‘ਫਿਲਾਡੈਲਿਫੀਆ“ ਦੇ ਹੜਤਾਲੀ ਮੋਚੀਆਂ ਦੇ ਲੀਡਰਾਂ ਵਲੋ ਇਹੋ ਜਿਹੀ ਕੀਤੀ ਸ਼ਿਕਾਇਤ ਦੇ ਵਿਰੋਧ ਵਿਚ ਸਾਜਿਸ਼ ਅਧੀਨ ਮੁਕੱਦਮਾਂ ਦਰਜ ਕਰ ਲਿਆ ਗਿਆ ਸੀ ਅਤੇ ਇਨਾਂ ਮੁਕੱਦਮਿਆਂ ਦੁਰਾਂਨ ਪਈਆਂ ਪੇਸ਼ੀਆਂ ਤੋਂ ਇਹ ਗੱਲ ਉਭਰ ਕੇ ਸਾਹਮਣੇ ਆਈ ਕਿ ਸੱਚ ਮੁੱਚ ਹੀ ਮਜ਼ਦੂਰਾਂ ਪਾਸੋਂ 16 ਤੋਂ 18 ਘੰਟੇ ਕੰਮ ਲਿਆ ਜਾ ਰਿਹਾ ਹੈ।

ਇਤਿਹਾਸ ਇਸ ਗੱਲ ਦੀ ਵੀ ਗਵਾਹੀ ਭਰਦਾ ਹੈ ਕਿ ‘‘ਮੈਕੇਨਿਕਸ ਯੂਨੀਅਨ ਆਫ ਫਿਲਾਡੈਲਿਫੀਆ“ ਜੋ ਕਿ ਸਾਰੀ ਦੁਨੀਆਂ ਦੀ ਪਹਿਲੀ ਟਰੇਡ ਯੂਨੀਅਨ ਸੀ, ਨੇ 1827 ਵਿਚ ਇਕ ਫੈਕਟਰੀ ਵਿਚ ਲਗੇ ਮਜ਼ਦੂਰਾਂ ਲਈ 10 ਘੰਟੇ ਕੰਮ ਨੂੰ ਲੈ ਕੇ ਹੜਤਾਲ ਕਰਵਾਈ ਤੇ ਇਹੋ ਜਿਹੀ ਹੀ ਇਕ ਹੜਤਾਲ ਨਿਊਯਾਰਕ ਵਿੱਚ 1834 ਨੂੰ ‘‘ਨਾਨਬਾਈਓ“ ਵਲੋਂ ਕੀਤੀ ਗਈ। ਇਸ ਹੜਤਾਲ ਦੇ ਦੌਰਾਨ ‘‘ਨਾਨਬਾਈਓ“ ਦੇ ਕੰਮ ਦੇ ਘੰਟਿਆਂ ਤੇ ਟਿੱਪਣੀ ਕਰਦਿਆਂ ‘‘ਵਰਕਿੰਗ ਸੈਨਸ ਐਡਵੋਕੇਟ ਅਖਬਾਰ“ ਨੇ ਲਿਖਿਆ ਸੀ ਕਿ, ‘‘ਪਾਵਰੋਟੀ ਉਦਯੋਗ ਵਿਚ ਲਗੇ ਕਾਰੀਗਰ ਕਾਫੀ ਸਾਲਾਂ ਤੋਂ ਮਿਸਰ ਦੇ ਗੁਲਾਮਾਂ ਤੋਂ ਵੀ ਜ਼ਿਆਦਾ ਤਕਲੀਫਾ ਝੱਲ ਰਹੇ ਹਨ। ਉਨਾਂ ਨੂੰ 24 ਘੰਟਿਆਂ ਵਿਚੋਂ 18 ਤੋਂ 20 ਘੰਟਿਆਂ ਤੱਕ ਕੰਮ ਕਰਨਾ ਪੈਂਦਾ ਹੈ।“ ਇਨਾਂ ਇਲਾਕਿਆਂ ਵਿੱਚ 10 ਘੰਟੇ ਦੀ ਮੰਗ ਨੂੰ ਲੈ ਕੇ ਜਲਦੀ ਹੀ ਇਕ ਅੰਦੋਲਨ ਸ਼ੁਰੂ ਹੋ ਗਿਆ। 1827 ਤੋਂ ਬਾਅਦ ਇਹ ਅੰਦੋਲਨ ਸਾਰੇ ਪਾਸੇ ਸ਼ੁਰੂ ਹੋ ਗਏ ਅਤੇ ਸਰਕਾਰ ਨੂੰ ਸਰਕਾਰੀ ਕਰਮਚਾਰੀਆਂ ਦੀ 10 ਘੰਟੇ ਕੰਮ ਦੀ ਡਿਊਟੀ ਕਰਨ ਦਾ ਐਲਾਨ ਕਰਨਾ ਪਿਆ। ਇਸ ਫੈਸਲੇ ਦਾ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਵਿੱਚ ਵੀ ਅਸਰ ਪਿਆ ਤੇ ਬਾਕੀ ਦੇ ਦੇਸ਼ਾਂ ਵਿੱਚ ਵੀ ਕੰਮ ਦੇ 10 ਘੰਟੇ ਕਰਨ ਦੇ ਅੰਦੋਲਨ ਸ਼ੁਰੂ ਹੋ ਗਏ। ਹੌਲੀ-ਹੌਲੀ ਇਸ ਅੰਦੋਲਨ ਨੇ ਉਥੇ ਵੀ ਪੈਰ ਪਸਾਰ ਲਏ ਜਿੱਥੇ ਪੂੰਜੀਵਾਦੀ ਵਿਵਸਥਾ ਵਿਚ ਕੰਮ ਕਰਦਿਆਂ ਮਜ਼ਦੂਰਾਂ ਦਾ ਸ਼ੋਸ਼ਣ ਹੋ ਰਿਹਾ ਸੀ।

21 ਅਪ੍ਰੈਲ 1856 ਨੂੰ ਆਸਟਰੀਆ ਦੇ ਇਕ ਕਾਰਖਾਨੇ ਵਿੱਚ ਮਜ਼ਦੂਰਾਂ ਨੇ ਇਹ ਨਾਅਰਾ ਦਿੱਤਾ ‘‘ਅੱਠ ਘੰਟੇ ਕੰਮ ! ਅੱਠ ਘੰਟੇ ਮਨੋਰੰਜਨ !! ਅਤੇ ਅੱਠ ਘੰਟੇ ਅਰਾਮ !!!“ ਅਤੇ ਉਨਾਂ ਦੀ ਇਹ ਮੰਗ 1856 ਵਿੱਚ ਹੀ ਮੰਨ ਲਈ ਗਈ ਤੇ ਇਸ ਮੰਗ ਨੂੰ ਲੈ ਕੇ ਦੂਸਰੀ ਹੜਤਾਲ ਹਿੰਦੁਸਤਾਨ ਵਿੱਚ ‘‘ਹਾਵੜਾ ਸਟੇਸ਼ਨ“ ‘ਤੇ ਪਹਿਲੀ ਮਈ 1862 ਨੂੰ ਰੇਲ ਮਜ਼ਦੂਰਾਂ ਨੇ ਕੀਤੀ।

‘‘ ਪਹਿਲੀ ਇੰਟਰਨੈਸ਼ਨਲ ਦੀ ਜਨੇਵਾ ਕਾਨਫਰੰਸ“ ਨੇ 1866 ਵਿੱਚ ਇਕ ਮਤਾ ਪਾਸ ਕਰਕੇ ਮੰਗ ਕੀਤੀ ਕਿ ‘‘ਕੰਮ ਕਰਨ ਦੇ ਦਿਨ ਦੀ ਕਾਨੂੰਨੀ ਹੱਦ ਮਿਥਣਾ ਇਕ ਮੁੱਢਲੀ ਸ਼ਰਤ ਹੈ। ਜਿਸ ਤੋਂ ਬਿਨਾਂ ਮਜ਼ਦੂਰ ਜਮਾਤ ਦੀ ਹਾਲਤ ਵਿੱਚ ਸੁਧਾਰ ਅਤੇ ਉਸ ਦੀ ਮੁਕਤੀ ਲਈ ਦੂਸਰੀਆਂ ਸਾਰੀਆਂ ਕੋਸ਼ਿਸ਼ਾਂ ਵਿਅਰਥ ਹਨ।“ ਪੂਰੇ 20 ਸਾਲਾਂ ਬਾਅਦ ਸ਼ਿਕਾਗੋ ਸ਼ਹਿਰ ਵਿੱਚ ਮਿਲਾਂ ਵਿੱਚ ਕੰਮ ਕਰਦੇ ਮਜ਼ਦੂਰਾਂ ਨੇ ਜਦੋਂ 8 ਘੰਟੇ ਦੀ ਮੰਗ ਨੂੰ ਲੈ ਕੇ ਸ਼ਾਂਤਮਈ ਹੜਤਾਲ ਕੀਤੀ ਤਾਂ ਪੂੰਜੀਵਾਦੀ ਮਾਲਕ ਪੱਖੀ ਸਰਕਾਰ ਨੇ 3 ਮਈ-1886 ਨੂੰ ਮਜ਼ਦੂਰਾਂ ਤੇ ਗੋਲੀ ਚਲਾ ਕੇ ਸੱਤ ਮਜ਼ਦੂਰਾਂ ਨੂੰ ਸ਼ਹੀਦ ਕਰ ਦਿੱਤਾ ਤੇ ਕਈਆਂ ਨੂੰ ਜ਼ਖਮੀ ਕਰ ਦਿੱਤਾ। ਇਸ ਖੂੰਨੀ ਕਾਂਡ ਵਿੱਚ ਮਜ਼ਦੂਰਾਂ ਦੇ 8 ਹਰਮਨ ਪਿਆਰੇ ਨੇਤਾ ‘‘ਅਲਬਰਟ ਪਾਰਸਨ, ਆਗਸਤ ਸਪਾਈਸ, ਸੈਮੂਏਲ ਫੀਲਡਨ, ਮਾਈਕਲ ਸ਼ਾਅਬ, ਅਡਾਲਫ ਫਿਸ਼ਰ, ਜਾਰਜ ਐਂਗਲ, ਲੂਈ ਲਿੰਗ ਤੇ ਆਸਕਰ ਨੀਬ“ ਤੇ ਮੁਕਦਮਾ ਦਰਜ ਕਰਕੇ ਫੜ ਲਿਆ ਗਿਆ। ਪਰ ਪੁਲਿਸ ਪਾਰਸਨ ਨੂੰ ਨਾ ਫੜ ਸਕੀ। ਪਰੰਤੂ ਜਦੋਂ ਪਾਰਸਨ ਨੂੰ ਪਤਾ ਚੱਲਿਆ ਕਿ ਪੁਲੀਸ ਨੇ ਉਸ ਦੇ ਸਾਥੀਆਂ ਨੂੰ ਦੋਸ਼ੀ ਕਰਾਰ ਦੇ ਕੇ ਫੜ ਲਿਆ ਹੈ ਤਾਂ ! ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਗ੍ਰਿਫਤਾਰੀ ਦਿੱਤੀ। ਇਨਾਂ ਵਿਚੋਂ ਪਹਿਲੇ ਸੱਤਾਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਤੇ ਆਸਕਰ ਨੀਬ ਨੂੰ 15 ਸਾਲ ਕੈਦ ਦੀ ਸਜ਼ਾ ਹੋਈ, ਜਦੋਂ ਕਿ ਮੌਤ ਦੀ ਸਜ਼ਾ ਵਾਲੇ ਨੇਤਾਵਾਂ ਵਿੱਚ ਕੇਵਲ ਦੋ ਹੀ ਸ਼ਿਕਾਗੋ ਦੀ ਰੈਲੀ ਵਿੱਚ ਸ਼ਾਮਿਲ ਸਨ।

ਕਾਨੂੰਨੀ ਲੜਾਈ ਵਿੱਚ ਕੇਵਲ ਫੀਲਡਨ ਤੇ ਮਾਈਕਲ ਸ਼ਾਅਬ ਨੂੰ ਹੀ ਮੌਤ ਦੀ ਸਜ਼ਾ ਉਮਰ ਕੈਦ ਵਿੱਚ ਬਦਲੀ। ਲੂਈ ਲਿੰਗ ਜੇਲ ਵਿੱਚ ਮਰ ਗਿਆ ਬਾਕੀ ਪੰਜਾਂ ਨੂੰ 11-ਨਵੰਬਰ 1887 ਨੂੰ ਫਾਂਸੀ ਦੇ ਦਿੱਤੀ ਗਈ। ਇਨਾਂ ਨੂੰ ਸ਼ਿਕਾਗੋ ਸ਼ਹਿਰ ਦੇ ‘‘ਵਾਲ ਧਾਈਮ ਕਬਰਸਿਤਾਨ“ ਵਿੱਚ ਦਫਨਾਇਆ ਗਿਆ। ਇਨਾਂ ਨੇਤਾਵਾਂ ਦੀ ਅੰਤਿਮ ਯਾਤਰਾ ਵਿੱਚ 25 ਹਜ਼ਾਰ ਤੋਂ ਵੱਧ ਮਜ਼ਦੂਰਾਂ ਨੇ ਹਿੱਸਾ ਲਿਆ। 1886 ਦੇ ਸ਼ਿਕਾਗੋ ਕਾਂਡ ਦੌਰਾਨ ਮਜ਼ਦੂਰਾਂ ਦੇ ਆਗੂਆਂ ਨੂੰ ਜਦੋਂ ਫਾਹੇ ਲਾਇਆ ਜਾ ਰਿਹਾ ਸੀ ਤਾਂ ਉਸ ਸਮੇਂ ਹਿੰਮਤੀ ਤੇ ਗੌਰਵ ਮਈ ਇਸ ਸ਼ਹਾਦਤ ਦਾ ਸਬੂਤ ਦਿੰਦੇ ਹੋਏ ਇਨਾਂ ਸ਼ਹੀਦਾਂ ਵਿਚੋਂ ਇਕ ਸ਼ਹੀਦ ਸਪਾਈਸ ਦੇ ਅੰਤਮ ਸ਼ਬਦ ਸਨ, ‘‘ਕਿ ਇਕ ਸਮਾਂ ਆਵੇਗਾ, ਜਦੋਂ ਸਾਡੀ ਚੁੱਪ ਸਾਡੇ ਸ਼ਬਦਾਂ ਨਾਲੋਂ ਜ਼ਿਆਦਾ ਬੋਲੇਗੀ ! “ ਉਨਾਂ ਅਮਰ ਸ਼ਹੀਦਾਂ ਦੀਆਂ ਵੱਡਮੁੱਲੀਆਂ ਕੁਰਬਾਨੀਆਂ ਸਦਕਾ ਹੀ ਅੱਜ ਅਸੀਂ 8 ਘੰਟੇ ਕੰਮ ਕਰਨ ਦਾ ਹੱਕ, ਹਫਤੇ ਬਾਅਦ ਛੁੱਟੀ ਤੇ ਹੋਰ ਸਹੂਲਤਾਂ ਮਾਣ ਰਹੇ ਹਾਂ।

ਪਰ -5 ਬੇਕਸੂਰ ਆਗੂ ਫਾਂਸੀ ‘ਤੇ ਚਾੜ ਦਿੱਤੇ ਗਏ ਕਿਉਂਕਿ ‘‘ਉਹ ਮੰਗ ਕਰਦੇ ਸਨ ਕਿ ਇਨਸਾਨਾਂ ਨਾਲ ਇਨਸਾਨਾਂ ਵਾਲਾ ਵਰਤਾਅ ਕੀਤਾ ਜਾਵੇ, ਭੁੱਖਿਆਂ ਲਈ ਰੋਟੀ ਬੇਕਾਰਾਂ ਲਈ ਰੁਜ਼ਗਾਰ, ਇਸਤਰੀਆਂ ਤੇ ਜ਼ੁਲਮ ਬੰਦ ਕਰਾਉਣ, ਬਰਾਬਰ ਕੰਮ ਲਈ ਬਰਾਬਰ ਦੀ ਦਿਹਾੜੀ ਅਤੇ ਬਾਲ ਮਜ਼ਦੂਰੀ ਖਤਮ ਕੀਤੀ ਜਾਵੇ।“ ਇਹ ਮਨੁੱਖੀ ਸਮਾਜ ਲੁੱਟੇਰਿਆਂ ਅਤੇ ਲੁੱਟੇ ਜਾਣ ਵਾਲੇ ਵਰਗਾਂ ਦੇ ਵਿਚਕਾਰ ਵਰਗ-ਸੰਘਰਸ਼ ਦੀ ਗਾਥਾ ਹੈ ! ਇਸ ਵਿੱਚ ਸਮਾਜਿਕ ਤਬਦੀਲੀ ਵੀ ਲਾਜ਼ਮੀ ਹੈ। 1917 ਦੇ ਮਹਾਨ ਸਮਾਜਵਾਦੀ ਅਕਤੂਬਰ ਇਨਕਲਾਬ ਦੇ ਬਾਦ, ਦੁਨੀਆਂ ਅੰਦਰ ਕਿਰਤੀ ਜਮਾਤ ਨੇ ਲੁੱਟ-ਖਸੁੱਟ ਖਤੱਮ ਕਰਨ, ਕੰਮ ਦੀਆਂ ਬੇਹਤਰ ਸੇਵਾ ਸ਼ਰਤਾਂ ਲਈ ਆਰਥਿਕ ਅਜ਼ਾਦੀ ਅਤੇ ਗੁਲਾਮ ਦੇਸ਼ਾਂ ਅੰਦਰ ਚਲੇ ਮੁਕਤੀ ਅੰਦੋਲਨਾਂ ਨੂੰ ਬਹੁਤ ਬੱਲ ਮਿਲਿਆ ਅਤੇ ਇਤਿਹਾਸਿਕ ਪ੍ਰਾਪਤੀਆਂ ਵੀ ਹੋਈਆਂ। ਅੱਜ ਦੁਨੀਆਂ ਭਰ ਵਿਚ ਜੋ ਮਾੜੀਆਂ ਮੋਟੀਆਂ ਆਰਥਿਕ ਪ੍ਰਾਪਤੀਆਂ ਹੋਈਆਂ ਹਨ, ਕਿਰਤੀ ਸ਼੍ਰੇਣੀ ਨੂੰ ਜੇਕਰ ਕੋਈ ਸਹੂਲਤ ਪ੍ਰਾਪਤ ਹੋਈ ਹੈ ਇਹ ਸਮਾਜਿਕ ਪ੍ਰੀਵਰਤਨ ਦੇ ਦਬਾਓ ਦਾ ਹੀ ਸਿੱਟਾ ਹੈ !

‘ਪਹਿਲੀ ਮਈ ਦਿਵਸ` ਕੋਈ ਰਵਾਇਤੀ ਦਿਹਾੜਾ ਨਹੀ ਹੈ ! ਇਹ ਸੰਘਰਸ਼ਾਂ ਦੀ ਗਾਥਾ ਹੈ, ਜੋ ਲੁੱਟੇ ਜਾਣ ਵਾਲਿਆਂ ਨੂੰ ਜਾਗਰੂਕ ਕਰਕੇ ਸੁਚੇਤ ਕਰਦਾ ਹੈ, ਸਹਾਰਾ ਦਿੰਦਾ ਹੈ ਅਤੇ ਹੱਕਾਂ ਲਈ ਜੂਝਣ ਵਾਸਤੇ ਅਥਾਹ ਬੱਲ ਬਖਸ਼ਦਾ ਹੈ। ਮਈ ਦਿਵਸ ਦੀ ਸਾਰਥਿਕਤਾ ਅੱਜ ਵੀ ਪੂੰਜੀਵਾਦੀਆ ਲਈ ਇਕ ਹਊਆ ਹੈ। ਮਈ ਦਿਵਸ ਦੀ ਧਾਰਨਾ ਹੈ ਕਿ ਜਿੱਤ ਕਦੀ ਆਪਣੇ ਆਪ ਨਹੀ ਪ੍ਰਾਪਤ ਹੁੰਦੀ, ਇਸ ਲਈ ਜਥੇਬੰਦ ਹੋ ਕੇ ਸੰਘਰਸ਼ ਸ਼ੀਲ ਹੋਣਾ ਪੈਂਦਾ ਹੈ ਤੇ ਕੁਰਬਾਨੀ ਕਰਨੀ ਪੈਂਦੀ ਹੈ। ਪਹਿਲੀ ਮਈ ਸਾਡੇ ਲਈ ਇਕ ਚਾਨਣ ਮੁਨਾਰਾ ਹੈ ਅਤੇ ਦੁਨੀਆਂ ਭਰ ਦੇ ਕਿਰਤੀਆਂ ਨੂੰ ਇਕ ਮੁੱਠ ਹੋਣ ਦਾ ਸੱਦਾ ਦਿੰਦਾ ਹੈ।

ਮਈ ਦਿਵਸ ਤੋਂ ਪ੍ਰੇਰਿਤ ਹੋ ਕੇ ਭਾਰਤ ਅੰਦਰ ਕਿਰਤੀਆਂ ਨੇ 1917 ਦੇ ਰੂਸੀ ਇਨਕਲਾਬ ਤੋਂ ਉਤਸ਼ਾਹਤ ਹੋ ਕੇ ਦੇਸ਼ ਅੰਦਰ ਚੱਲ ਰਹੀਆਂ ਮੁੱਕਤੀ ਲਹਿਰਾਂ ਵਿਚ ਆਪਣੀਆਂ ਆਰਥਿਕ ਮੰਗਾਂ ਦੇ ਨਾਲ ਕੌਮੀ ਅਜ਼ਾਦੀ ਲਈ ਵੀ ਪੂਰੀ ਸ਼ਿਦਤ ਨਾਲ ਬਣਦਾ ਯੋਗਦਾਨ ਪਾਇਆ ਸੀ। ਜਿਸ ਦਾ ਸਦਕਾ ਹੀ ਦੇਸ਼ ਬਰਤਾਨਵੀ ਸਾਮਰਾਜ ਤੋਂ ਅਜ਼ਾਦ ਹੋਇਆ ਸੀ। 1757 ਦੀ ‘‘ਪਲਾਸੀ ਦੀ ਲੜਾਈ“ ਦੀ ਜਿੱਤ ਦੇ ਬਾਦ ਈਸਟ-ਇੰਡੀਆਂ ਕੰਪਨੀ ਦਾ ਭਾਰਤ ‘ਤੇ ਗਲਬੇ ਦੇ ਅਰੰਭ ਹੋਣ ਦੇ ਨਾਲ ਹੀ ਈਸਟ ਇੰਡੀਆਂ ਕੰਪਨੀ ਨੇ ਬੰਗਾਲ ਅਤੇ ਦੱਖਣੀ ਭਾਰਤ ਵਿਚ ਆਪਣੀ ਪੂੰਜੀ ਦਾ ਨਿਵੇਸ਼ ਸ਼ੁਰੂ ਕੀਤਾ। ਕੱਚਾ ਮਾਲ ਖਰੀਦ ਕੇ ਭਾਰਤੀ ਉਪਜ ਅਤੇ ਅਜ਼ਾਰੇਦਾਰੀ ਦੇ ਸ਼ੁਰੂ ਹੋ ਜਾਣ ਨੇ ਉਦਯੋਗਿਕ ਪੂੰਜੀਵਾਦ ਨੂੰ ਜਨਮ ਦਿੱਤਾ। ਜਿਸ ਨਾਲ ਭਾਰਤੀ ਰਵਾਇਤੀ ਦਸਤਕਾਰੀ ਦੇ ਟੁਟ-ਭੱਜ ਹੋਣ ਕਾਰਨ ਦਸਤਕਾਰ ਤੇ ਕਿਰਤੀ ਵਿਹਲੇ ਹੋ ਗਏ ਅਤੇ ਦੇਸ਼ ਅੰਦਰ ਕਿਰਤੀ ਜਮਾਤ ਹੋਂਦ ਵਿਚ ਆਈ।

1850 ਤੱਕ ਭਾਰਤੀ ਰੇਲਾਂ, ਚਾਹ ਦੇ ਬਾਗ, ਕੋਇਲਾ ਖਾਨਾਂ, ਪੱਟਸਨ, ਸਮੁੰਦਰੀ ਜਹਾਜ਼-ਰਾਨੀ ਆਦਿ ਖੇਤਰਾਂ ਵਿਚ ਕਿਰਤੀ ਵਰਗ ਦਾ ਵੀ ਅਰੰਭ ਹੋ ਗਿਆ। 1857 ਦੀ ਪਹਿਲੀ ਜੰਗੇ ਅਜ਼ਾਦੀ ਦੇ ਫੇਲ ਹੋ ਜਾਣ ਬਾਦ ਜਿਥੇ ਦੇਸ਼ ਅੰਦਰ ਇਕ ਪਾਸੇ ਸਿਵਲ ਬਗਾਵਤਾਂ, ਕਬੀਲਾ, ਜਾਗਰਿਤੀ, ਕਿਸਾਨ ਅੰਦੋਲਨ ਸ਼ੁਰੂ ਹੋ ਗਏ ਤਾਂ ਉਸ ਵੇਲੇ ਕਿਰਤੀ ਜਮਾਤ ਅਜੇ ਅੱਖਾਂ ਹੀ ਪੁੱਟ ਰਹੀ ਸੀ। ਇਸ ਦੇ ਨਾਲ ਹੀ ਭਾਰਤ ਸਿੱਧਾ ਬਰਤਾਨਵੀ ਰਾਜ ਅਧੀਨ ਲਿਆਂਦਾ ਗਿਆ। ਦਲਾਲ ਬਰਤਾਨਵੀ ਸਰਮਾਏਦਾਰੀ ਦੇ ਮੰਡੀ ਵਿਚ ਆਉਣ ਦੇ ਨਾਲ ਭਾਰਤੀ ਸਾਮੰਤਵਾਦੀ ਢਾਚੇਂ ਵਿਚ ਵਣਜ-ਮੰਡੀ, ਸਨਅਤ ਅਤੇ ਪੂੰਜੀ ਦਾ ਵਿਕਾਸ ਵੀ ਸ਼ੁਰੂ ਹੋਇਆ। ਭਾਰਤੀ ਕਿਰਤੀਆਂ ਨੂੰ ਕੰਮ ਮਿਲਿਆ ਅਤੇ ਉਨ੍ਹਾਂ ਦੀ ਗਿਣਤੀ ਵਿਚ ਵੀ ਵਾਧਾ ਹੋਇਆ। ਨਾਲ ਹੀ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਨਵੀਆਂ-ਨਵੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ।

ਜਿੱਥੋਂ ਤੱਕ ਸੰਘਰਸ਼ਾਂ ਦਾ ਸਵਾਲ ਹੈ 1827 ਵਿਚ ਪਹਿਲੀ ਵਾਰ ‘‘ਕਲੱਕਤਾ“ ਵਿਚ ‘‘ਕੁਹਾਰਾਂ“ ਨੇ ਆਪਣੀ ਉਜਰਤ ਦੇ ਵਾਧੇ ਲਈ ਹੜਤਾਲ ਕੀਤੀ। ਇਸੇ ਤਰ੍ਹਾਂ 1862 ਨੂੰ ‘‘ਹਾਵੜਾ ਵਿਖੇ ਰੇਲ ਕਾਮਿਆਂ“ ਨੇ ਆਪਣੀਆਂ ਉਜਰਤਾਂ ਦੇ ਵਾਧੇ ਲਈ ਇਕ ਲੰਬੀ ਹੜਤਾਲ ਕੀਤੀ। 1853-70 ਤਕ ਦੇਸ਼ ਅੰਦਰ 25 ਤੋਂ ਵੱਧ ਹੜਤਾਲਾਂ ਨੋਟ ਕੀਤੀਆਂ ਗਈਆਂ। ਭਾਰਤ ਵਿਚ 1886 ਤੋਂ ਪਹਿਲਾਂ ਕਈ ਥਾਵਾਂ ਤੇ ਕਿਰਤੀਆਂ ਨੇ ਆਪਣੀਆਂ ਉਜਰਤਾਂ ਅਤੇ ਹੋਰ ਸਹੂਲਤਾਂ ਲਈ ਕਈ ਸੰਘਰਸ਼ ਲੜੇ ? ਇਨ੍ਹਾਂ ਹੜਤਾਲਾਂ ਅਤੇ ਸੰਘਰਸ਼ਾਂ ਨੇ ਹੀ ਟਰੇਡ ਯੂਨੀਅਨਾਂ ਨੂੰ ਜਨਮ ਦਿਤਾ। 1860 ਵਿਚ ਬੰਬਈ ਵਿਖੇ ਮਾਲਕ ਅਤੇ ਮਜ਼ਦੂਰ ਝਗੜਾ ਐਕਟ ਬਣਿਆ ਅਤੇ 1870 ਵਿੱਚ ‘‘ਸਾਸੀਪਾਦਾ ਬੈਨਰਜੀ“ ਦੀ ਅਗਵਾਈ ਵਿਚ ਕਲੱਕਤਾ ਵਿਖੇ ‘‘ਵਰਕਿੰਗ ਮੈਨ ਕਲਬ“ ਹੋਂਦ ਵਿੱਚ ਆਈ।ਅਜ਼ਾਦੀ ਤੋਂ ਪਹਿਲਾਂ ਦੇਸ਼ ਅੰਦਰ ਇਕ ਸ਼ਕਤੀਸ਼ਾਲੀ ਟਰੇਡ ਯੂਨੀਅਨ ਲਹਿਰ ਵੀ ਸਾਹਮਣੇ ਆਈ ਅਤੇ ਅਹਿਮ ਪ੍ਰਾਪਤੀਆਂ ਵੀ ਹੋਈਆਂ। ਪੈਨਸ਼ਨਾਂ, ਪੈਨਸ਼ਨਰੀ ਲਾਭ, ਛੁੱਟੀਆਂ, ਬਿਹਤਰ ਸੇਵਾ ਨਿਯਮ ਅਤੇ ਕਈ ਕਿਰਤ ਕਾਨੂੰਨਾਂ ਦਾ ਹੋਂਦ ਵਿੱਚ ਆਉਣਾ ਕਿਰਤੀ ਸ਼੍ਰੇਣੀ ਵਲੋਂ ਲੜੇ ਲੰਬੇ ਸੰਘਰਸ਼ਾਂ ਦਾ ਹੀ ਸਿੱਟਾ ਸੀ। ਅਜ਼ਾਦੀ ਬਾਦ ਦੇਸ਼ ਅੰਦਰ ਵਿਕਾਸ ਪਖੋਂ ਬਹੁਤ ਸਾਰੇ ਅਦਾਰੇ ਜਨਤਕ ਖੇਤਰ ਵਿਚ ਹੋਂਦ ਵਿਚ ਆਏ। ਕੇਂਦਰ ਅਤੇ ਰਾਜ ਸਰਕਾਰਾਂ ਵਲੋਂ ਵੱਖ-ਵੱਖ ਵਿਭਾਗਾਂ ਦੀ ਸਿਰਜਨਾ ਹੋਣ ਕਰਕੇ ਲਖਾਂ ਪੜੇ ਲਿਖੇ ਦੇਸ਼ ਵਾਸੀਆਂ ਨੂੰ ਰੁਜ਼ਗਾਰ ਮਿਲਿਆ ਅਤੇ ਸਰਕਾਰੀ ਅਦਾਰਿਆਂ ਵਿਚ ਕੰਮ ਕਰਨ ਵਾਲੇ ਮੁਲਾਜ਼ਮਾਂ ਦੀ ਇਕ ਤਕੜੀ ਅਤੇ ਸ਼ਕਤੀਸ਼ਾਲੀ ਜਥੇਬੰਦੀ ਵੀ ਹੋਂਦ ਵਿਚ ਆਈ।

ਮੁਲਾਜਮ ਵਰਗ ਨੇ ਮਹਿੰਗਾਈ ਕਾਰਨ ਡੀ.ਏ. ਦੇਣ, ਤਨਖਾਹਾ ਸੋਧਣ, ਤਰੱਕੀਆਂ, ਟਰੇਡ ਯੂਨੀਅਨ ਅਤੇ ਜਮਹੂਰੀ ਹੱਕਾਂ ਦੀ ਬਹਾਲੀ ਲਈ, ਸੈਂਕੜੇ ਦੇਸ਼ ਵਿਆਪੀ ਹੜਤਾਲਾਂ ਕੀਤੀਆਂ ਅਤੇ ਜਿਤਾਂ ਵੀ ਪ੍ਰਾਪਤ ਕੀਤੀਆਂ। 1990 ਵਿਚ ਸੋਵੀਅਤ ਯੂਨੀਅਨ ਦੇ ਢੈਹ-ਢੇਰੀ ਹੋਣ ਦੇ ਨਾਲ ਸਮਾਜਵਾਦੀ ਉਚਮਤਾ ਨੂੰ ਠੇਸ ਪੁੱਜੀ ਅਤੇ ਸਮਾਜਵਾਦੀ ਅਰਥ-ਚਾਰੇ ਦੀ ਚੜ੍ਹਤ ਕਾਰਨ ਜੋ ਸਹੂਲਤਾਂ ਪੂੰਜੀਵਾਦੀ ਤਰਜ ਦੀਆਂ ਸਰਕਾਰਾਂ ਨੂੰ ਮਜਬੂਰੀ ਵਸ ਦੇਣੀਆਂ ਪੈਂਦੀਆਂ ਸਨ, ਉਨ੍ਹਾਂ ਤੋਂ ਪਾਸਾ ਵੱਟ ਲਿਆ ਗਿਆ। ਸਾਮਰਾਜੀ ਅਮਰੀਕਾ ਨੇ ਹੁਣ ਆਪਣੀ ਲੁੱਟ ਨੂੰ ਹੋਰ ਤੇਜ਼ ਕਰਨ ਲਈ ਅਤੇ ਆਪਣਾ ਆਰਥਿਕ ਸੰਕਟ ਗਰੀਬ ਅਤੇ ਵਿਕਾਸਸ਼ੀਲ ਦੇਸ਼ਾਂ ਦੀਆਂ ਪੂੰਜੀਵਾਦੀ ਰਾਹ ‘ਤੇ ਚਲ ਰਹੀਆਂ ਪੂੰਜੀਵਾਦੀ ਕਾਰਪੋਰੇਟੀ ਹਾਕਮ ਜਮਾਤਾਂ ਦੀਆ ਸਰਕਾਰਾਂ ‘ਤੇ ਲੱਦਣ ਲਈ ਆਰਥਿਕ ਸਹਾਇਤਾ ਦੇ ਨਾਂ ਹੇਠਾਂ ਅਜਿਹੇ ਸਮਝੌਤੇ ਲਾਗੂ ਕਰਾਉਂਦਾ ਹੈ, ਜਿਸ ਨਾਲ ਉਥੋਂ ਦੀ ਜਨਤਾ ਨੂੰ ਢੇਰ ਸਾਰੀਆਂ ਮਜਬੂਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਭਾਰਤ ਜੋ ਪੂੰਜੀਵਾਦੀ ਕਾਰਪੋਰੇਟੀ ਨੀਤਆਂ ਵਾਲੇ ਵਿਕਾਸ ਦੇ ਰਾਹ ‘ਤੇ ਚੱਲ ਰਿਹਾ ਹੈ ਅਤੇ ਅਤਿ ਡੂੰਘੇ ਆਰਥਿਕ ਸੰਕਟ ਦਾ ਸ਼ਿਕਾਰ ਹੈ। ਹਾਕਮ ਜਮਾਤਾਂ ਦੀਆਂ ਰਾਜ ਕਰ ਰਹੀਆਂ ਪਾਰਟੀਆਂ ਵਲੋਂ ਲਿਆਂਦੀਆਂ ਜਾ ਰਹੀਆਂ ਨਵ-ਉਦਾਰੀਕਰਨ ਵਾਲੀਆਂ ਨੀਤੀਆਂ ਜਿਨਾਂ ਨੂੰ ਪਹਿਲਾਂ ਯੂ.ਪੀ.ਏ.ਕਾਂਗਰਸ ਸਰਕਾਰ ਨੇ ਲਾਗੂ ਕੀਤਾ ਸੀ, ਨੂੰ ਹੁਣ ਬੀ.ਜੇ.ਪੀ. ਜੋ ਆਰ.ਐਸ.ਐਸ. ਦੀ ਅਗਵਾਈ ਵਿੱਚ ਮੋਦੀ ਦੀ ਸਰਕਾਰ ਜਾਰੀ ਰਖ ਰਹੀ ਹੈ, ਬੇਰੁਜ਼ਗਾਰੀ ਕਾਰਨ ਕਰੋੜਾਂ ਨੌਜਵਾਨ ਸੜਕਾਂ ‘ਤੇ ਰੁੱਲ ਰਹੇ ਹਨ। ਨੰਗ-ਭੁੱਖ, ਮਹਿੰਗਾਈ ਅਤੇ ਬੇ-ਵਸੀ ਕਾਰਨ ਲੋਕਾਂ ਦੀਆਂ ਦੁਸ਼ਵਾਰੀਆਂ ‘ਚ ਬੇਵਹਾ ਵਾਧਾ ਹੋਇਆ ਹੈ। ਗਰੀਬੀ ਅਤੇ ਅਮੀਰੀ ਵਿਚ ਪਾੜਾ ਵਧਦਾ ਜਾ ਰਿਹਾ ਹੈ। ਖੇਤੀ ਅਤੇ ਸਨਅਤੀ ਸੰਕਟ ਕਾਰਨ ਅੱਜ ਦੇਸ਼ ਤਬਾਹੀ ਦੇ ਕਿਨਾਰੇ ਖੜਾ ਹੈ। ਹਾਕਮ ਸੰਕਟ ਨੂੰ ਆਰਜੀ ਦੱਸ ਕੇ ਦੇਸ਼ ਵਾਸੀਆਂ ਨੂੰ ਗੁਮਰਾਹ ਕਰ ਰਹੇ ਹਨ। ਇਸ ਸੰਕਟ ਦਾ ਹੱਲ ਵਿਦੇਸ਼ੀ ਨਿਵੇਸ਼ ਅਤੇ ਨਿਜੀਕਰਨ ਰਾਂਹੀ ਲੱਭਿਆ ਜਾ ਰਿਹਾ ਹੈ, ਜਿਸ ਕਾਰਨ ਸਰਕਾਰੀ ਅਦਾਰੇ ਕੌਡੀਆਂ ਦੇ ਭਾਅ ਵੇਚੇ ਜਾ ਰਹੇ ਹਨ। ਲੋਕਾਂ ਵਲੋਂ ਕੀਤੇ ਅਥਾਹ ਸੰਘਰਸ਼ਾਂ ਅਤੇ ਕੁਰਬਾਨੀਆਂ ਰਾਂਹੀ ਪ੍ਰਾਪਤ ਕੀਤੀਆਂ ਸਹੂਲਤਾਂ, ਸਿਖਿਆ, ਸਿਹਤ ਸੇਵਾਵਾਂ, ਪੀਣ ਵਾਲਾ ਪਾਣੀ ਅਤੇ ਹੋਰ ਸਮਾਜ ਭਲਾਈ ਅਦਾਰਿਆਂ ਦਾ ਨਿੱਜੀਕਰਨ ਕਰਕੇ ਹਾਕਮਾਂ ਨੇ ਵਿਧਾਨਕ ਅਤੇ ਨੈਤਿਕ ਜਿੰਮੇਵਾਰੀ ਤੋਂ ਪੱਲਾ ਝਾੜ ਲਿਆ ਹੈ।

ਕਿਰਤ ਕਾਨੂੰਨਾਂ ਅਤੇ ਸੇਵਾ ਨਿਯਮਾਂ ਨੂੰ ਮਾਲਕਾਂ ਪੱਖੀ ਬਣਾਇਆ ਜਾ ਰਿਹਾ ਹੈ। ਵਿਭਾਗਾਂ ਦੀ ਅਕਾਰ ਘਟਾਈ, ਕਿਰਤੀਆਂ ਦੀ ਖੂਨ ਪਸੀਨੇ ਦੀ ਮਿਹਨਤ ਦੇ ਬਚਤ ‘ਤੇ ਵਿਆਜ ਦਰ ਘਟਾਈ ਜਾ ਰਹੀ ਹੈ। ਨਵੀਂ ਭਰਤੀ ਬੰਦ ਕਰਨੀ, ਪੈਨਸ਼ਨਰੀ ਲਾਭ ਬੰਦ ਕਰਨੇ ਅਤੇ ਪੈਨਸ਼ਨ ਨੂੰ ਕੰਟਰੀਬਿਊਟਰੀ ਕਰਨਾ ਤੇ ਇਸ ਦਾ ਵੀ ਨਿੱਜੀਕਰਨ ਕਰਨਾ ਸਰਕਾਰੀ ਅਦਾਰਿਆਂ ਦਾ ਨਿੱਜੀਕਰਨ ਕਰਕੇ ਠੇਕੇਦਾਰੀ ਪ੍ਰਥਾ ਰਾਹੀ ਲੁੱਟ-ਖਸੁੱਟ ਲਈ ਰਾਹ ਖੋਲ੍ਹ ਦਿੱਤੇ ਗਏ ਹਨ। ਗੈਰ ਸੰਗਠਨ ਖੇਤਰ ਦੇ ਕਰੋੜਾਂ ਕਿਰਤੀਆਂ ਦੀ ਹਕੀਕੀ ਸਮਾਜਿਕ ਸੁਰੱਖਿਆ ਕਾਨੂੰਨ ਨਾ ਬਣਾਉਣੇ ਆਦਿ ਅਜਿਹੀਆਂ ਨੀਤੀਆਂ ਜਾਰੀ ਰੱਖ ਕੇ ਕਿਰਤੀ ਸ਼੍ਰੇਣੀ ਅਤੇ ਮੁਲਾਜ਼ਮ ਵਰਗ ਵਿਰੋਧੀ ਨੀਤੀਆਂ ਚਿੱਟੇ ਰੰਗ-ਰੂਪ ਵਿੱਚ ਅੱਜ ਵੀ ਜਾਰੀ ਹਨ।

ਦੇਸ਼ ਅੰਦਰ ਕਿਰਤੀਆਂ ਦੀ ਏਕਤਾ ਨੂੰ ਤਾਰ-ਤਾਰ ਕਰਨ ਵਾਲੀਆ ਫਿਰਕਾ ਪ੍ਰਸਤ ਸ਼ਕਤੀਆਂ ਥਾਂ-ਥਾਂ ਸਿਰ ਚੁੱਕ ਰਹੀਆਂ ਹਨ। ਅਜਿਹੀ ਸਥਿਤੀ ਵਿਚ ਸੰਸਾਰੀਕਰਨ ਦੀ ਦਖਲ-ਅੰਦਾਜੀ ਜਦੋਂ ਦੇਸ਼ ਅੰਦਰ ਧੁਰ ਤਕ ਘਰ ਕਰ ਗਈ ਹੋਵੇ ਤਾਂ ਇਸ ਦੇ ਟਾਕਰੇ ਲਈ ਸਮੁੱਚੀ ਕਿਰਤੀ ਜਮਾਤ ਅਤੇ ਮੁਲਾਜ਼ਮ ਵਰਗ ਦੀ ਜ਼ਿੰਮੇਵਾਰੀ ਹੋਰ ਵੀ ਵੱਧ ਗਈ ਹੈ। ਕਿਰਤੀਆਂ ਨੂੰ ਇਕਮੁੱਠ ਕਰਨਾ ਅਤੇ ਜਮਹੂਰੀ ਲਹਿਰਾਂ ਦੇ ਅਧੀਨ ਅਜ਼ਾਦਰਾਨਾਂ ਸੰਘਰਸ਼ ਕਰਨੇ ਪੈਣਗੇ। ਦੇਸ਼ ਦੇ ਹਾਕਮਾਂ ਵਲੋਂ ਜੋ ਫਿਰਕੂ ਤੇ ਫੁੱਟਪਾਊ ਨੀਤੀਆਂ ਅਪਣਾਈਆ ਜਾ ਰਹੀਆਂ ਹਨ ਉਨਾਂ ਨੂੰ ਮੋੜਾ ਦੇਣ ਲਈ ਅਤੇ ਆਪਣੇ ਉਜਲੇ ਭਵਿੱਖ ਲਈ ਸਾਨੂੰ ਪਹਿਲੀ ਮਈ ਦੀ ਪ੍ਰਸੰਗਕਤਾ ਵਿੱਚ ਇਸ ਦੀ ਸਾਰਥਿਕਤਾ ਨੂੰ ਸਮਝਦੇ ਹੋਏ ਹੋਰ ਸੰਘਰਸ਼ ਸ਼ੀਲ ਹੋਣਾ ਪੈਣਾ ਹੈ। ਦੇਸ਼ ਅੰਦਰ ਰਾਜ ਕਰ ਰਹੀ ਬੀ.ਜੇ.ਪੀ.-ਆਰ.ਐਸ.ਐਸ. ਗਠਜੋੜ ਦੀਆਂ ਫਿਰਕੂ ਕਾਰਪੋਰੇਟ ਪੱਖੀ ਅਤੇ ਪੂੰਜੀਵਾਦੀ ਨੀਤੀਆਂ ਨੇ ਦੇਸ਼ ਨੂੰ ਅਤਿ ਫਿਰਕੂ ਤੇ ਆਰਥਿਕ ਸੰਕਟ ‘ਚ ਸੁੱਟ ਦਿੱਤਾ ਹੈ। ਦੇਸ਼ ਨੂੰ ਬਚਾਉਣ ਲਈ ਅੱਜ! ਦੇਸ਼ ਦੀ ਸਮੁੱਚੀ ਕਿਰਤੀ ਜਮਾਤ ਨੂੰ ਦੇਸ਼ ਬਚਾਉ ! ਆਵਾਮ ਬਚਾਉ !! ਅਤੇ ਕਿਰਤੀ-ਜਮਾਤ ਬਚਾਉ !!! ਲਈ ਦੇ ਨਾਹਰੇ ਹੇਠ ਇਕ ਮੁੱਠ ਹੋਣਾ ਪਏਗਾ। ਅੱਜ ਕਿਰਤੀ ਏਕਤਾ ਹੀ ਸਾਡੀ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਹੋਵੇਗੀ।

‘‘ਪਹਿਲੀ ਮਈ ਦੇ ਸ਼ਹੀਦ ਅਮਰ ਰਹਿਣ “!

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button