Opinion

ਲੋਕ-ਹਿਤੈਸ਼ੀ ਪੱਤਰਕਾਰਤਾ ਸਾਹਮਣੇ ਹਨ ਵੱਡੀਆਂ ਮੁਸ਼ਕਲਾਂ

ਗੁਰਮੀਤ ਸਿੰਘ ਪਲਾਹੀ

ਦੇਸ਼ ਮਹਾਨ ਭਾਰਤ, ਵਿਸ਼ਵ ਪ੍ਰੈੱਸ ਆਜ਼ਾਦੀ ਇੰਡੈਕਸ ਅਧੀਨ 180 ਦੇਸ਼ਾਂ ਵਿਚੋਂ 142 ਰੈਂਕ ਉਤੇ ਹੈ। ਇਹ ਉਸ ਦੇਸ਼ ਵਿੱਚ ਪੱਤਰਕਾਰਾਂ ਦੀਆਂ ਆਜ਼ਾਦੀ ਦੇ ਹਾਲਾਤ ਹਨ, ਜਿਹੜਾ ਦੇਸ਼ ਦੁਨੀਆਂ ਭਰ ‘ਚ ਸਭ ਤੋਂ ਲੋਕਤੰਤਰ ਅਤੇ ਮਨੁੱਖੀ ਅਧਿਕਾਰਾਂ ਦਾ ਰਾਖਾ ਹੋਣ ਦਾ ਦਾਅਵਾ ਕਰਦਾ ਨਹੀਂ ਥੱਕਦਾ। ਇਹ ਉਹ ਦੇਸ਼ ਹੈ, ਜਿਥੇ ਹਰ ਦਿਹਾੜੇ ਵੱਡੇ, ਛੋਟੇ ਅਖ਼ਬਾਰਾਂ ਦੇ ਪੱਤਰਕਾਰਾਂ, ਸੰਪਾਦਕਾਂ, ਜ਼ਮੀਨੀ ਪੱਧਰ ‘ਤੇ ਕੰਮ ਕਰਨ ਵਾਲੇ ਅਖ਼ਬਾਰੀ ਕਾਮਿਆਂ ਉਤੇ ਹਮਲੇ ਹੁੰਦੇ ਹਨ। ਇਹ ਹਮਲੇ ਧੰਨ ਕੁਬੇਰਾਂ, ਹਾਕਮਾਂ, ਗੁੰਡਾਂ ਅਨਸਰਾਂ, ਸਿਆਸੀ ਲੋਕਾਂ ਵਲੋਂ ਮਿੱਥਕੇ ਕਰਵਾਏ ਜਾਂਦੇ ਹਨ ਤਾਂ ਕਿ ਲੋਕਾਂ ਦੇ ਹੱਕ ‘ਚ ਉੱਠਦੀ ਅਵਾਜ਼ ਦਬਾਈ ਜਾਏ ਅਤੇ ਹਾਕਮ ਅਤੇ ਲੱਠਮਾਰ ਲੋਕ ਆਪਣੀਆਂ ਮਨਆਈਆਂ ਕਰਦੇ ਰਹਿਣ।

ਸਿਤਮ ਦੀ ਗੱਲ ਵੇਖੋ ਸਾਲ 2014 ‘ਚ ਜਦੋਂ ਨਰੇਂਦਰ ਮੋਦੀ ਨੇ ਪ੍ਰਧਾਨ ਮੰਤਰੀ ਵਜੋਂ ਭਾਰਤੀ ਹਕੂਮਤ ਦੀ ਗੱਦੀ ਸੰਭਾਲੀ ਤਾਂ ਕਿਹਾ ਸੀ ਕਿ ਉਸ ਲੋਕਤੰਤਰ ਦਾ ਕੀ ਅਰਥ ਜੇਕਰ ਅਸੀਂ ਬੋਲਣ ਅਤੇ ਆਪਣੇ ਭਾਵ ਪ੍ਰਗਟ ਕਰਨ ਦੀ ਆਜ਼ਾਦੀ ਹੀ ਨਹੀਂ ਦੇ ਸਕਦੇ। ਪਰ ਮੋਦੀ ਹਕੂਮਤ ‘ਚ 7-8 ਸਾਲਾਂ ਵਿੱਚ ਜਿਵੇਂ ਲੋਕਾਂ ਦੀ ਆਜ਼ਾਦੀ ਦੀ ਸੰਘੀ ਘੁੱਟੀ ਗਈ, ਪੱਤਰਕਾਰਾਂ ਦੀਆਂ ਕਲਮਾਂ ਉਤੇ ਰੋਕ ਲਾਈ ਗਈ, ਸਮਾਜੀ ਕਾਰਕੁਨਾਂ ਉਤੇ ਤਸ਼ੱਦਦ ਹੋਇਆ ਅਤੇ ਇਥੋਂ ਤੱਕ ਕਿ ਬੋਲਣ, ਚਲਣ, ਪਹਿਨਣ ਦੇ ਵਰਤਾਰੇ ‘ਤੇ ਬੰਦਿਸ਼ਾਂ ਲਗਾਈਆਂ ਗਈਆਂ, ਉਹ ਆਪਣੇ-ਆਪ ਵਿੱਚ ਦੇਸ਼ ਵਿੱਚ ਹਕੂਮਤ ਦਾ ਇੱਕ ਨਿੰਦਣਯੋਗ ਅਤੇ ਸ਼ਰਮਨਾਕ ਵਰਤਾਰਾ ਸੀ। ਸਾਲ 2014-19 ਦੇ ਸਮੇਂ ਦੌਰਾਨ 40 ਪੱਤਰਕਾਰਾਂ ਦੇ ਕਤਲ ਹੋਏ।

ਨਵੀਂ ਦਿੱਲੀ ਦੇ ਇੱਕ ਮਹੱਤਵਪੂਰਨ ਲੋਕ-ਹੱਕਾਂ ਲਈ ਕੰਮ ਕਰਦੇ ਗਰੁੱਪ ਨੇ ਰਿਪੋਰਟ ਛਾਪੀ ਹੈ, ਜੋ ਦੱਸਦੀ ਹੈ ਕਿ 2021 ‘ਚ 6 ਪੱਤਰਕਰ ਮਾਰੇ ਗਏ, 108 ਉਤੇ ਹਮਲੇ ਹੋਏ, 13 ਮੀਡੀਆ ਘਰਾਂ ਨੂੰ ਯੋਜਨਾਬੱਧ ਨਿਸ਼ਾਨਾ ਬਣਾਇਆ ਗਿਆ। ਇਹ ਸਭ ਕੁਝ ਖ਼ਾਸ ਕਰਕੇ ਜੰਮੂ, ਕਸ਼ਮੀਰ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਤ੍ਰਿਪੁਰਾ ਰਾਜਾਂ ਵਿੱਚ ਹੋਇਆ, ਜਿਥੇ ਖ਼ਾਸ ਕਰਕੇ ਭਾਜਪਾ ਦੀਆਂ ਸੂਬਾ ਸਰਕਾਰਾਂ ਹਨ। ਸਭ ਤੋਂ ਵੱਧ 25 ਪੱਤਰਕਾਰਾਂ ਉਤੇ ਹਮਲੇ ਜੰਮੂ ਕਸ਼ਮੀਰ ‘ਚ ਹੋਏ, 16 ਪੱਤਰਕਾਰ ਮੱਧ ਪ੍ਰਦੇਸ਼, 8 ਦਿੱਲੀ ‘ਚ, 15 ਤ੍ਰਿਪੁਰਾ ‘ਚ 6 ਬਿਹਾਰ ‘ਚ, 5 ਅਸਾਮ ‘ਚ, ਚਾਰ ਹਰਿਆਣਾ ਅਤੇ ਚਾਰ ਮਹਾਂਰਾਸ਼ਟਰ, ਤਿੰਨ -ਤਿੰਨ ਗੋਆ ਅਤੇ ਮਨੀਪੁਰ, ਕਰਨਾਟਕ, ਤਾਮਿਲਨਾਡੂ, ਅਤੇ ਦੋ-ਦੋ ਪੱਛਮੀ ਬੰਗਾਲ, ਆਂਧਰਾ ਪ੍ਰਦੇਸ਼ ਅਤੇ ਛੱਤੀਸਗੜ੍ਹ ਅਤੇ ਇੱਕ ਕੇਰਲਾ ‘ਚ ਪੱਤਰਕਾਰ ਨਿਸ਼ਾਨਾ ਬਣਾਏ ਗਏ। ਇਹਨਾ ਵਿੱਚ 8 ਔਰਤ ਪੱਤਰਕਾਰਾਂ ਵੀ ਸ਼ਾਮਲ ਹਨ। ਇਹਨਾ ਪੱਤਰਕਾਰਾਂ ਉਤੇ ਐਫ.ਆਈ.ਆਰ. ਦਰਜ਼ ਹੋਈਆਂ, ਇਹਨਾ ਨੂੰ ਧਮਕੀਆਂ ਮਿਲੀਆਂ, ਲੋਕ-ਇਕੱਠਾਂ ‘ਚ ਇਹਨਾ ਦੀ ਬੇਇਜ਼ਤੀ ਕੀਤੀ ਗਈ, ਸਿਰਫ਼ ਇਸ ਕਰਕੇ ਕਿ ਉਹ ਹਾਕਮਾਂ, ਸਰਕਾਰਾਂ ਦੀਆਂ ਲੋਕ ਵਿਰੋਧੀ ਪਾਲਿਸੀਆਂ ਦਾ ਵਿਰੋਧ ਆਪਣੀਆਂ ਕਲਮਾਂ ਰਾਹੀਂ ਕਰ ਰਹੇ ਸਨ।

ਕਮੇਟੀ ਟੂ ਪ੍ਰੋਟੈਕਟ ਜਰਨਲਿਸਟ (ਸੀ.ਪੀ.ਜੇ.) ਦੀ 2021 ਦੀ ਇੱਕ ਰਿਪੋਰਟ ਕਹਿੰਦੀ ਹੈ ਕਿ ਸਾਲ 2021 ਵਿੱਚ ਚਾਰ ਪੱਤਰਕਾਰ ਭਾਰਤ ‘ਚ ਕਤਲ ਕਰ ਦਿੱਤੇ ਗਏ ਜਦਕਿ ਦੁਨੀਆ ਭਰ ਵਿੱਚ ਕਤਲ ਕੀਤੇ ਜਾਣ ਵਾਲੇ ਪੱਤਰਕਾਰਾਂ ਦੀ ਗਿਣਤੀ 24 ਸੀ। ਭਾਰਤ ਵਿੱਚ ਪੱਤਰਕਾਰੀ ਜ਼ੋਖ਼ਮ ਦਾ ਕੰਮ ਹੈ, ਤਲਵਾਰ ਦੀ ਧਾਰ ਉਤੇ ਤੁਰਨ ਵਾਂਗਰ। ਪੱਤਰਕਾਰਾਂ, ਸੰਪਾਦਕਾਂ, ਆਜ਼ਾਦ ਖਿਆਲ ਮੀਡੀਆ ‘ਚ ਕੰਮ ਕਰਨ ਵਾਲੇ ਲੋਕਾਂ ਨੂੰ ਨਿੱਤ ਦਿਹਾੜੇ ਵੱਡੀਆਂ ਔਖਿਆਈਆਂ ਵਿਚੋਂ ਗੁਜਰਨਾ ਪੈਂਦਾ ਹੈ ਅਤੇ ਇੱਕ ਮਿਸ਼ਨਰੀ ਵਜੋਂ ਸਮਾਜਕ ਜ਼ੁੰਮੇਵਾਰੀ ਨਿਭਾਉਂਦਿਆਂ ਆਪਣੇ ਫ਼ਰਜ਼ ਨਿਭਾਉਣੇ ਪੈਂਦੇ ਹਨ। ਪਰਿਵਾਰਾਂ ਦੇ ਦੁੱਖਾਂ-ਸੁੱਖਾਂ ਨੂੰ ਛਿੱਕੇ ਟੰਗ ਕੇ, ਆਪਣੇ ਨਿੱਜੀ ਸੁੱਖ ਤਿਆਗਕੇ, ਲੋਕਾਂ ਦੀ ਅਵਾਜ਼ ਬਨਣ ਲਈ ਕਲਮ ਵਾਹੁਣੀ ਪੈਂਦੀ ਹੈ। ਇਸ ਬੋਲ-ਤੋਲ ਵਿੱਚ ਵੱਡੇ ਬੰਦਿਆਂ ਦੇ ਹੁਝਕੇ, ਤਿੱਖੀਆਂ ਨਜ਼ਰਾਂ, ਹਾਕਮਾਂ ਦੀਆਂ ਘੂਰੀਆਂ ਅਤੇ ਆਰਥਿਕ ਧੌਂਸ ਉਸਦੇ ਪੱਲੇ ਪੈਂਦੀਆਂ ਹਨ ਪਰ ਦ੍ਰਿੜਤਾ ਨਾਲ ਕੰਮ ਕਰਨ ਦੀ ਧੁਨ ਉਹਨਾ ਪੱਤਰਕਾਰਾਂ ਦੀਆਂ ਕਲਮਾਂ ਨੂੰ ਨਿਖਾਰਦੀ ਹੈ,ਜਿਹੜੇ ਜ਼ਿੰਦਗੀ ਭਰ ਸੱਚ ਨੂੰ ਫਾਂਸੀ ਨਹੀਂ ਚੜ੍ਹਨ ਦਿੰਦੇ ਅਤੇ ਆਜ਼ਾਦੀ, ਹੱਕਾਂ ਲਈ ਕਲਮ ਵਾਹੀ ਤੁਰੇ ਜਾਂਦੇ ਹਨ।

ਸਮਾਜਿਕ ਸਰੋਕਾਰਾਂ ਨੂੰ ਪ੍ਰਣਾਏ ਇਹਨਾ ਯੋਧਿਆਂ ਨੂੰ ਲੋਕ ਸਲਾਮਾਂ ਕਰਦੇ ਹਨ, ਆਪਣੇ ਦਿਲਾਂ ‘ਚ ਵਸਾਉਂਦੇ ਹਨ, ਉਹਨਾ ਦੀ ਕੁਰਬਾਨੀਆਂ ਦੀਆਂ. ਦੇਸ਼-ਭਗਤੀ, ਲੋਕਪ੍ਰਸਤੀ ਦੀਆਂ ਗੱਲਾਂ ਕਰਦੇ ਹਨ ਅਤੇ ਲੋੜ ਵੇਲੇ ਉਹਨਾ ਨਾਲ ਹੱਕ, ਸੱਚ ਦੀ ਅਵਾਜ਼ ਬਣਕੇ ਖੜਦੇ ਵੀ ਹਨ, ਕਿਉਂਕਿ ਉਹ ਮਹਿਸੂਸ ਕਰਦੇ ਹਨ ਕਿ ਕੋਈ “ਬਹਾਦਰ ਕਲਮ” ਉਹਨਾ ਦੇ ਦੁੱਖਾਂ, ਤਕਲੀਫ਼ਾਂ ਨੂੰ ਬਿਆਨਦੀ ਹੈ। ਇਨ੍ਹਾਂ ਪੱਤਰਕਾਰਾਂ ਦੀਆਂ ਮੁਸ਼ਕਲਾਂ ਵੱਡੀਆਂ ਹਨ, ਜਿਹਨਾ ਨੂੰ ਸਰਕਾਰਾਂ ਹੱਲ ਨਹੀਂ ਕਰ ਸਕਦੀਆਂ, ਭਾਵੇਂ ਕਿ ਸਰਕਾਰਾਂ, ਪੱਤਰਕਾਰਾਂ ਨੂੰ ਸਹੂਲਤਾਂ ਦੇਣ ਦੇ ਦਾਅਵੇ ਕਰਦੀਆਂ ਹਨ। ਉਹਨਾ ਨੂੰ ਐਕਰੀਡੇਟਿਡ ਕਾਰਡ ਦੇ ਕੇ, ਸੀਨੀਅਰ ਪੱਤਰਕਾਰਾਂ ਨੂੰ ਮੁਫ਼ਤ ਬੀਮਾ ਸਹੂਲਤਾਂ ਦੇ ਕੇ ਜਾਂ ਫਿਰ ਬਿਮਾਰੀ ਦੀ ਹਾਲਤ ਵਿੱਚ ਕੁਝ ਰਕਮ ਇਲਾਜ ਲਈ ਦੇ ਕੇ। ਜਾਂ ਕੁਝ ਇੱਕ ਨੂੰ ਬੁਢਾਪਾ ਪੈਨਸ਼ਨ ਦੇ ਕੇ, ਜਾਂ ਫਿਰ ਪੱਤਰਕਾਰੀ ਸ਼੍ਰੋਮਣੀ ਪੱਤਰਕਾਰ ਦਾ ਸਨਮਾਨ ਬਖ਼ਸ਼ਕੇ। ਪਰ ਇਹ ਸਭ ਕੁਝ ਤਾਂ ਕੁਝ ਜੁਗਾੜੂ ਪੱਤਰਕਾਰ ਹੀ ਪ੍ਰਾਪਤ ਕਰਦੇ ਹਨ। ਅਸਲ ਪੱਤਰਕਾਰ, ਜਿਹੜੇ ਅਸਲ ਅਰਥਾਂ ‘ਚ ਲੋਕ ਆਜ਼ਾਦੀ ਘੁਲਾਟੀਏ ਹਨ, ਉਹ ਤਾਂ ਇਹਨਾ ਸਹੂਲਤਾ ਵੱਲ ਮੂੰਹ ਵੀ ਨਹੀਂ ਕਰਦੇ।

ਇੱਕ ਨਜ਼ਰ ਪੰਜਾਬੀ ਅਖ਼ਬਾਰਾਂ ਅਤੇ ਪੰਜਾਬੀ ਪੱਤਰਕਾਰੀ ਦੇ ਇਤਿਹਾਸ ਵੱਲ ਮਾਰਦਿਆਂ ਵੇਖਦੇ ਹਾਂ ਕਿ ਦੇਸ਼ ਭਗਤ, ਲੋਕ-ਪੱਖੀ ਲੋਕਾਂ ਨੇ ਆਪਣੇ ਘਰ-ਵਾਰ ਉਜਾੜਕੇ, ਜਾਨ ਜ਼ੋਖ਼ਮ ‘ਚ ਪਾਕੇ ਅਖ਼ਬਾਰਾਂ ਚਲਾਈਆਂ। ਪੱਤਰਕਾਰੀ ਕੀਤੀ, ਲੋਕ ਸੰਘਰਸ਼ਾਂ ‘ਚ ਵੱਡਾ ਯੋਗਦਾਨ ਪਾਇਆ। ਅੱਜ ਵੀ ਇਹੋ ਜਿਹੀਆਂ ਦੇਸ਼ ,ਵਿਦੇਸ਼ ‘ਚ ਕੰਮ ਕਰਦੀਆਂ ਅਖ਼ਬਾਰਾਂ, ਪੱਤਰਕਾਰਾਂ ਦੀ ਕਮੀ ਨਹੀਂ ਹੈ। ਆਮ ਤੌਰ ‘ਤੇ ਕਿਹਾ ਜਾਂਦਾ ਹੈ ਕਿ ਅਤੇ ਕੁਝ ਲੋਕ ਇਹ ਦਾਅਵਾ ਵੀ ਕਰਦੇ ਹਨ ਕਿ ਉਹ ਨਿਰਪੱਖ ਪੱਤਰਕਾਰੀ ਕਰਦੇ ਹਨ। ਅਸਲ ‘ਚ ਨਿਰਪੱਖ ਪੱਤਰਕਾਰੀ ਜਾਂ ਪੱਤਰਕਾਰ ਤਾਂ ਹੁੰਦੇ ਹੀ ਨਹੀਂ, ਉਹ ਲੋਕ-ਹਿਤੈਸ਼ੀ ਪੱਤਰਕਾਰ ਹੁੰਦੇ ਹਨ ਜਾਂ ਲੋਕ-ਵਿਰੋਧੀ ਪੱਤਰਕਾਰ! ਅੱਜ ਦਾ ਗੋਦੀ ਮੀਡੀਆ “ਲੋਕ ਵਿਰੋਧੀ ਪੱਤਰਕਾਰੀ” ਦੀ ਵੱਡੀ ਉਦਾਹਰਨ ਹੈ, ਜੋ ਸਰਕਾਰ ਦਾ ਡੰਕਾ ਵਜਾਉਂਦਾ ਹੈ, ਧੰਨ ਕੁਬੇਰਾਂ ਲਈ ਖੜਦਾ ਹੈ ਅਤੇ ਲੋਕ-ਹਿਤੈਸ਼ੀ ਪੱਤਰਕਾਰ “ਕਿਸਾਨ, ਲੋਕ ਅੰਦੋਲਨ, ਮਜ਼ਦੂਰ, ਵਿਦਿਆਰਥੀ ਅੰਦੋਲਨਾਂ ਦੀ ਅਵਾਜ਼ ਬਣਦਾ ਹੈ, ਮਹਿੰਗਾਈ, ਭ੍ਰਿਸ਼ਟਾਚਾਰ, ਕੁਨਬਾਪਰਵਰੀ ਵਿਰੁੱਧ ਲੋਕਾਂ ਨੂੰ ਲਾਮਬੰਦ ਕਰਨ ਲਈ ਅਵਾਜ਼ ਉਠਾਉਂਦਾ ਹੈ। ਇਹੋ ਜਿਹੇ ਲੋਕਾਂ ਦੀਆਂ ਮੁਸ਼ਕਲਾਂ ਤਾਂ ਅਵੱਲੀਆਂ ਹੀ ਹੋਣਗੀਆਂ।

ਪਹਿਲਾ ਆਪਣੀ ਹੋਂਦ ਬਚਾਉਣ ਦਾ ਮਸਲਾ। ਆਪ ਨੂੰ ਤੇ ਆਪਣੇ ਪਰਿਵਾਰ ਨੂੰ ਪਾਲਣ ਦਾ ਮਸਲਾ। ਆਪਣੀ ਆਜ਼ਾਦੀ ਬਰਕਰਾਰ ਰੱਖਣ ਦਾ ਮਸਲਾ। ਇਹ ਪੱਤਰਕਾਰ ਭਾਵੇਂ ਕਿਸੇ ਅਖ਼ਬਾਰ ਲਈ ਕੰਮ ਕਰਨ ਵਾਲੇ ਜ਼ਮੀਨੀ ਪੱਤਰਕਾਰ ਹੋਣ, ਸੋਸ਼ਲ ਮੀਡੀਆ ਲਈ ਕੰਮ ਕਰਨ ਵਾਲੇ ਕਾਰਕੁੰਨ ਹੋਣ, ਵੱਡੀਆਂ ਅਖ਼ਬਾਰਾਂ ਲਈ ਕੰਮ ਕਰਨ ਵਾਲੇ ਪੱਤਰਕਾਰ ਹੋਣ ਜਾਂ ਆਪਣਾ ਸਭ ਕੁਝ ਦਾਅ ‘ਤੇ ਲਾ ਕੇ ਲੋਕ ਅਵਾਜ਼ ਬੁਲੰਦ ਕਰਨ ਵਾਲੇ ਨਿੱਜੀ ਅਖ਼ਬਾਰਾਂ ਚਲਾਉਣ ਵਾਲੇ ਮੀਡੀਆ ਹਾਊਸ, ਹਫ਼ਤਾਵਾਰੀ ਅਖ਼ਬਾਰਾਂ ਹੋਣ, ਇਹਨਾ ਸਭਨਾਂ ਨੂੰ ਆਰਥਿਕ ਤੰਗੀ ਤਾਂ ਝੱਲਣੀ ਹੀ ਪੈਂਦੀ ਹੈ, ਨਾਲ ਦੀ ਨਾਲ ਸਰਕਾਰਾਂ, ਹਾਕਮਾਂ ਦਾ ਵਿਰੋਧ ਵੀ ਸਹਿਣਾ ਪੈਂਦਾ ਹੈ। ਇਹਨਾ ਅਖ਼ਬਾਰਾਂ, ਮੀਡੀਆਂ ਹਾਊਸਾਂ ਨੂੰ ਸਰਕਾਰੀ ਇਸ਼ਤਿਹਾਰ ਨਹੀਂ ਮਿਲਦੇ। ਸਰਕਾਰੀ ਸਹੂਲਤਾਂ ਨਹੀਂ ਮਿਲਦੀਆਂ। ਸਰਕਾਰੇ-ਦਰਬਾਰੇ ਮਿਲਣ ਵਾਲੇ ਕਥਿਤ ਸਨਮਾਨ ਤੋਂ ਉਹ ਵਿਰਵੇ ਰਹਿੰਦੇ ਹਨ। ਅਫ਼ਸਰਾਂ-ਹਾਕਮਾਂ ਦੀ ਕਿਉਂਕਿ ਉਹ ਜੀਅ ਹਜ਼ੂਰੀ ਨਹੀਂ ਕਰਦੇ, ਇਸ ਕਰਕੇ “ਸਰਕਾਰੀ ਖਾਨਿਆਂ” ‘ਚ ਉਹਨਾ ਦੀ ਕੋਈ ਥਾਂ ਨਹੀਂ ਹੁੰਦੀ।

ਪ੍ਰਿੰਟ ਮੀਡੀਆਂ, ਇਲੈਕਟ੍ਰੋਨਿਕ ਮੀਡੀਆ ਅਤੇ ਨੀਊਏਜ ਮੀਡੀਆ, ਜਿਸ ਵਿੱਚ ਵੈੱਬ ਸੀਰੀਜ਼ ਆਦਿ ਸ਼ਾਮਲ ਹਨ, ਵਿੱਚ ਇਨ੍ਹਾਂ ਦਿਨਾਂ ‘ਚ ‘ਪੇਡ ਨਿਊਜ਼” ਦੀ ਭਰਮਾਰ ਹੋਣ ਲੱਗੀ ਹੈ, ਜਿਸਨੇ ਲੋਕਤੰਤਰ ਦੇ ਥੰਮ ਪੱਤਰਕਾਰਾਂ ਲਈ ਨਵੇਂ ਚੈਲਿੰਜ ਪੈਦਾ ਕੀਤੇ ਹਨ। ਸਿਆਸੀ ਪਾਰਟੀਆਂ ਖ਼ਾਸ ਕਰਕੇ ਚੋਣਾਂ ‘ਚ ਆਪਣਾ ਪੱਖ ਦੱਸਣ ਲਈ ਪੇਡ ਨਿਊਜ਼ ਦੀ ਹਾਕਮ ਧਿਰ ਇਸ਼ਤਿਹਾਰਾਂ ਰਾਹੀਂ ਲੋਕਾਂ ਨੂੰ ਪ੍ਰਭਾਵਿਤ ਕਰਨ ਹਿੱਤ ਵਰਤੋਂ ਕਰਦੇ ਹਨ, ਜੋ ਅੱਜ ਦੇ ਮੀਡੀਆ ਯੁੱਗ ‘ਚ ਇੱਕ ਵੱਡਾ ਚੈਲਿੰਜ ਬਣ ਰਿਹਾ ਹੈ। ਇਸ ਤੋਂ ਵੀ ਉਪਰ ਇਹ ਗੱਲ ਵੇਖਣ ਲਈ ਮਿਲ ਰਹੀ ਹੈ ਕਿ ਧੰਨ ਕੁਬੇਰਾਂ ਦਾ ਮੀਡੀਆ ਉਤੇ ਗਲਬਾ ਪੈਂਦਾ ਜਾ ਰਿਹਾ ਹੈ,ਜਿਹੜੇ ਕਿ ਇਕੱਲੇ ਇਕਹਰੇ ਅਖ਼ਬਾਰਾਂ, ਚੈਨਲਾਂ ‘ਤੇ ਕੰਟਰੋਲ ਕਰਦੇ ਹਨ ਅਤੇ ਲੋਕ-ਹਿੱਤਾਂ ਨੂੰ ਛਿੱਕੇ ਟੰਗਕੇ ਆਪਣੇ ਹਿੱਤਾਂ ਦੀ ਪੂਰਤੀ ਵਾਲੀ ਪੱਤਰਕਾਰੀ ਨੂੰ ਉਤਸ਼ਾਹਿਤ ਕਰਦੇ ਹਨ।

ਇਹੋ ਜਿਹੀਆਂ ਹਾਲਤਾਂ ਵਿੱਚ ਪੱਤਰਕਾਰਾਂ ਦੀਆਂ ਮੁਸ਼ਕਲਾਂ ਨਿੱਤ ਦਿਹਾੜੇ ਵਧਦੀਆਂ ਜਾ ਰਹੀਆਂ ਹਨ ਅਤੇ ਇਹਨਾ ਮੁਸ਼ਕਲਾਂ ਦੇ ਚੱਲਦਿਆਂ ਪੱਤਰਕਾਰੀ ਦੇ ਪਵਿੱਤਰ ਕਾਰਜ ਨੂੰ ਨੇਪਰੇ ਚਾੜ੍ਹਨ ਵਾਲੇ ਲੋਕ-ਹਿਤੈਸ਼ੀ ਪੱਤਰਕਾਰਾਂ ਦੀ ਨਫ਼ਰੀ ਘੱਟਦੀ ਜਾ ਰਹੀ ਹੈ। ਜਦਕਿ ਸਿਆਸੀ ਸੌੜੀ ਸੋਚ, ਧੱਕੇਸ਼ਾਹੀ, ਸਰਮਾਏਦਾਰੀ ਗਲਬੇ ਦੇ ਵਧਦੇ ਪ੍ਰਭਾਵ ਕਾਰਨ ਪੈਦਾ ਹੋਏ ਹਾਲਤਾਂ ‘ਚ ਸੱਚੀ-ਸੁੱਚੀ ਪੱਤਰਕਾਰਤਾ ਦੀ ਅੱਜ ਭਾਰਤ ਮਹਾਨ ਨੂੰ ਵੱਡੀ ਲੋੜ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button