D5 specialOpinion

ਜਦੋਂ ਭਾਵਨਾਵਾਂ ਭੜਕਾਈਆਂ ਜਾਣ…!

ਬੁੱਧ ਸਿੰਘ ਨੀਲੋਂ
ਇਹ ਸੱਚ ਹੈ ਕਿ ਭਾਵਨਾਵਾਂ ਭੜਕਦੀਆਂ ਨਹੀਂ, ਸਗੋਂ ਇਹ ਭੜਕਾਈਆਂ ਜਾਂਦੀਆਂ ਹਨ। ਅੱਗ ਆਪਣੇ ਆਪ ਕਦੇ ਵੀ ਨਹੀਂ ਲੱਗਦੀ, ਸਗੋਂ ਲਾਈ ਜਾਂਦੀ ਹੈ। ਗੱਲ ਜੇ ਸਮਝ ਨਾ ਲੱਗੇ ਤਾਂ ਕਈ ਢੰਗ ਤਰੀਕਿਆਂ ਨਾਲ ਸਮਝਾਈ ਜਾਂਦੀ ਹੈ। ਤਰੀਕਾ ਨਰਮ ਤੇ ਗਰਮ ਕੋਈ ਵੀ ਹੋ ਸਕਦਾ ਹੈ। ਪਰ ਗੱਲ ਤਾਂ ਸਮਝ ਤੇ ਸਮਝਾਉਣ ਦੀ ਹੈ। ਹੁਣ ਇਹ ਪਤਾ ਨਹੀਂ ਕਿਸ ਵਾਸਤੇ ਇਹ ਹੈ ਪਰ ਗੱਲ ਕਮਾਲ ਦੀ ਹੈ…
” ਅਕਲਾਂ ਬਾਂਝੋ ਖੂਹ ਖਾਲੀ.!”
ਹੁਣ ਖੂਹ ਤੇ ਰਹੇ ਪਰ ਮਸਲੇ ਵੱਡੇ ਹੋ ਗਏ ਹਨ। ਵੱਡੇ ਸਿਰ ਦੀ ਵੱਡੀ ਪੀੜ੍ਹ।
“ਜੇ ਗਧੇ ਨੂੰ ਖੂਹ ਵਿੱਚ ਸਿੱਟਣਾ ਹੋਵੇ ..ਉਹ ਕੰਨਾਂ ਤੋਂ ਫੜਕੇ ਮੂਹਰੇ ਖਿੱਚੀ ਦਾ ਹੈ!” ਇਹ ਗੱਲਾਂ ਬੇਬੇ ਪੰਜਾਬੋ ਆਖਿਆ ਕਰਦੀ ਸੀ..
“”.ਲਾਈਲੱਗ ਨਾ ਹੋਵੇ ਘਰਵਾਲਾ ਤੇ ਚੰਦਰਾ ਗੁਆਂਢ ਬੁਰਾ।””
ਮਾੜਾ ਸਲਾਹਕਾਰ ਵੀ ਬੰਦੇ ਨੂੰ ਮਾਰ ਲੈਦਾ ਹੈ…!” ਕਿਸੇ ਦੀ ਦਿੱਤੀ ਪੁੱਠੀ ਸਲਾਹ ਵੀ ਖੂਹ ਵਿੱਚ ਲੈ ਡਿੱਗ ਦੀ ਹੈ!

ਕਈ ਵਾਰ ਲੱਗਦਾ ਕਿ ਸਾਡੀਆਂ ਭਾਵਨਾਵਾਂ ਏਨੀਆਂ ਕਮਜ਼ੋਰ ਹਨ ? ਜਿਹੜੀਆਂ ਨਿੱਕੀਆਂ ਗੱਲਾਂ ਉਤੇ ਤਾਂ ਵੰਲੂਦਰੀਆਂ ਹਨ ਤੇ ਭੜਕ ਪੈਦੀਆਂ ਹਨ। ਪਰ ਸੱਚ ਕੁੱਝ ਹੋਰ ਹੈ ਤੇ ਹੁੰਦਾ ।
ਸਾਨੂੰ ਕਿਉਂ ਨਹੀਂ ਅਕਲ ਆਉਂਦੀ ?
ਅਸੀਂ ਅਤੀਤ ਤੋਂ ਹੁਣ ਤੱਕ ਕਿਉਂ ਨਹੀਂ ਕੁੱਝ ਸਿੱਖਿਆ ?
ਅਸੀਂ ਸੂਰਜ ਵੱਲ ਪਿੱਠ ਕਿਉਂ ਕਰੀ ਖੜੇ ਹਾਂ ? ਅਸੀਂ ਅੱਗੇ ਜਾਣਦੀ ਵਜਾਏ ਪਿੱਛੇ ਵੱਲ ਕਿਉਂ ਦੌੜ ਰਹੇ ਹਾਂ ? ਸਾਡਾ ਗਿਆਨ ਦਾ ਨੇਤਰ ਕਿਉਂ ਬੰਦ ਹੋਇਆ ਪਿਆ ਹੈ। ਹੁਣ ਤੇ ਪੰਜਾਬ ਕੈਪਟਨ ਦੀ ਕਿਰਪਾ ਨਾਲ ” ਸਿੱਖਿਆ ਦੇ ਪੱਖੋ ਦੇਸ ਵਿੱਚ ਪਹਿਲੇ ਨੰਬਰ ਉਤੇ ਹੈ।” ਸਾਡੇ ਅੰਦਰਲੇ ਮਨੁੱਖ ਨਾਲੋਂ ਬਾਹਰਲੇ ਮਨੁੱਖ ਸ਼ੈਤਾਨ ਹਨ…ਜਿਹੜੇ ਸਾਨੂੰ ਹਰ ਮੌਸਮ ਦੇ ਬੇਮੌਸਮੀ ਸਬਜੀ ਵਾਂਗੂੰ ਵੇਚ ਜਾਂਦੇ ਹਨ। ਅਸੀਂ ਮੰਡੀ ਦੀਆਂ ਵਸਤੂਆਂ ਵਾਂਗੂੰ ਸਿਰਫ ਵਿਕਣ ਵਾਸਤੇ ਹੀ ਹਾਂ ? ਹੁਣ ਤੱਕ ਸੁਣਦੇ ਆਏ ਹਾਂ ਕਿ ਮੰਡੀ ਵਿੱਚ ਫਸਲਾਂ ਵਿਕਦੀਆਂ ਹਨ….ਪਰ ਹੁਣ ਤੇ ਅਕਲਾਂ, ਸ਼ਕਲਾਂ ਤੇ ਨਸਲਾਂ ਵਿਕ ਰਹੀਆਂ ਹਨ। ਮੰਡੀ ਦੇ ਦਲਾਲ ਸਾਨੂੰ ਵੇਚ ਕੇ ਆਪਣੀ ਦਲਾਲੀ ਖਰੀ ਕਰਦੇ ਹਨ। ਅਸੀਂ ਬਾਰਦਾਨਿਆਂ ਵਿੱਚ ਪੈ ਕੇ ਗੋਦਾਮਾਂ ਵਿੱਚ ਪੁਜ ਜਾਂਦੇ ਹਾਂ। ਇਹਨਾਂ ਗੋਦਾਮਾਂ ਦੇ ਵਿੱਚੋ ਸਮੇਂ ਸਮੇਂ ਰੁੱਤ ਮੁਤਾਬਿਕ ਵਪਾਰੀ ਸਾਨੂੰ ਫੇਰ ਮੰਡੀ ਵਿੱਚ ਵੇਚਦੇ ਹਨ ਤੇ ਮੁਨਾਫ਼ਾ ਖੱਟ ਦੇ ਹਨ।

ਮਨੁੱਖ ਭਾਵਨਾਵਾਂ ਵਿੱਚ ਵਗਣ ਵਾਲਾ ਦਰਿਆ ਹੁੰਦਾ । ਜਿਹੜਾ ਹੜ੍ਹ ਦੇ ਨਾਲ ਆਪਣੀ ਦਿਸ਼ਾ ਬਦਲ ਲੈਦਾ ? ਅਸੀਂ ਹਰ ਵਾਰ ਦਿਸ਼ਾਹੀਣ ਕਿਉ ਹੁੰਦੇ ਹਾਂ। ਅਸੀਂ ਮਨੁੱਖ ਤੋਂ ਕਠਪੁਤਲੀਆਂ ਵਿੱਚ ਕਿਉਂ ਬਦਲ ਜਾਂਦੇ ਹਾਂ ? ਇਨ੍ਹਾਂ ਗੱਲਾਂ ਦਾ ਜਿਹਨਾਂ ਦੇ ਕੋਲ ਜਵਾਬ ਹੈ…ਉਹ ਚੁੱਪ ਹਨ। ਅਸੀਂ ਉਦੋਂ ਤੱਕ ਵਰਤੇ ਜਾਂਦੇ ਰਹਾਂਗੇ ? ਜਦ ਤੱਕ ਆਪਣੀ ਅਕਲ ਤੋਂ ਕੰਮ ਨਹੀਂ ਲੈਦੇ! ਅਸੀਂ ਸਦਾ ਹੀ ਭਾਵਨਾਵਾਂ ਦੇ ਵਹਿਣ ਵਿੱਚ ਵਗਣ ਵਾਲੇ ਹਨ.ਨਫਾ ਨੁਕਸਾਨ ਦਾ ਕਦੇ ਫਿਕਰ ਨਹੀਂ ਕਰਦੇ …ਜਿਧਰ ਨੂੰ ਤੁਰੇ ਹੜ੍ਹ ਬਣ ਜਾਂਦੇ ਹਨ ਪਰ ਫੇਰ ਘਾਟਾ ਹੋਵੇ ਜਾ ਫਿਰ ਮੌਤ ! ਕੋਈ ਫਰਕ ਨਹੀਂ ਦੇਖਦੇ…ਇਹ ਜੱਟ ਦੇ ਗੰਨਾ ਨੀ ਪੱਟਣ ਦੇਦੇ ਭੇਲੀ ਦੇ ਦੇਦੇ ਆ..
ਹਰੀ ਕ੍ਰਾਂਤੀ ਲਿਆਉਣ ਵਾਲਿਆਂ ਨੇ ਸੋਚਿਆ ਵੀ ਨਹੀਂ ਕਿ ਅਸੀਂ ਆਪਣੀਆਂ ਨਸਲਾਂ ਤੇ ਫਸਲਾਂ ਦੇ ਕਾਤਲ ਬਣ ਜਾਵਾਂਗੇ ? ਸਾਡੇ ਪੌਣ ,ਪਾਣੀ, ਧਰਤੀ ਤੇ ਕੁੱਖ ਦੇ ਕਾਤਲ ਬਣ ਜਾਵਾਂਗੇ?

ਸਾਨੂੰ ਮੁਨਾਫ਼ੇ, ਲਾਲਸਾ ਤੇ ਲਾਲਚ ਨੇ ਮਾਰਿਆ ਜਾਂ ਮਰਵਾਇਆ ਹੈ।ਸਰਕਾਰ ਦੇ ਦਲਾਲਾਂ ਨੇ ਸਾਨੂੰ ਫਸਾਇਆ। ਅਗਲਿਆਂ ਵੱਧ ਝਾੜ ਦੇ ਵਿੱਚ
ਰਾੜ ਦਿੱਤੇ, ਫੇਰ ਵੰਝ ਉਤੇ ਚਾੜ ਦਿੱਤੇ…
ਹੁਣ ਘੁੰਮਦੇ ਹਾਂ ਦੋ ਫਸਲਾਂ ਤੇ ਦੋ ਸਿਆਸੀ ਪਾਰਟੀਆਂ ਦੇ ਚੱਕਰ ਵਿੱਚ
…ਦੇਸੀ ਜੱਟ ਤੇ ਘੁਲਾੜੀ ਪੱਟ..
ਲੱਗੇ ਖੋਲਣ ਡੱਟ…
ਕੌਣ ਕਿਸੇ ਤੋਂ ਘੱਟ …
ਅਗਲਿਆਂ ਕੱਢ ਤੇ ਵੱਟ….!

ਜਿਹਨਾਂ ਨੂੰ ਪਤਾ ਸੀ…ਉਹਨਾਂ ਦੀ ਹਾਲਤ ਦੀਦਾਰ ਸੰਧੂ ਦੇ ਗੀਤ ਵਰਗੀ ਸੀ -” ਖੱਟੀ ਖੱਟ ਗਏ ਮੁਰੱਬਿਆਂ ਤੇ ਅਸੀਂ ਰਹਿ ਗਏ ਭਾਅ ਪੁੱਛਦੇ…!”….
ਉਹ ਸੀ ਸਿਆਸਤਦਾਨ …ਇਹ ਬਣੇ ਰਹੇ ਵੋਟਰ..ਸਪੋਰਟ …ਪ੍ਰਮੋਟਰ…!
ਹੁਣ ਦੱਸੋ ਕਿਹੜਾ ਪਾਸਾ ਅਸੀਂ ਛੱਡਿਆ ਹੈ ਸਮਾਜ ਦਾ?
ਜਿਧਰ ਦੇਖੋ ਤਬਾਹੀ ਲਿਆ ਦਿੱਤੀ ..ਤੇ ਸਾਡੀ ਸੋਚ, ਸਮਝ ਪਹਿਰਾਵਾ,ਖਾਣ ਪੀਣ.ਜੀਣ ਥੀਣ. ਮਰਨਾ ਜੰਮਣਾ.ਗੀਤ ਸੰਗੀਤ, ਸਾਹਿਤ, ਸਿੱਖਿਆ , ਸੱਭਿਆਚਾਰ, ਬੋਲ ਚਾਲ, ਆਦਿ!
ਸਭ ਕੁੱਝ ਤਬਾਹ ਕਰ ਦਿੱਤਾ ਹੈ! ਹੁਣ ਅਸੀਂ ਕੀਰਨੇ ਪਾ ਰਹੇ ਤੇ ਹਰੀ ਕ੍ਰਾਂਤੀ ਨੂੰ ਕੋਸ ਰਹੇ ਹਾਂ !
ਕਾਤਲ ਬੇਗਾਨੇ ਨਹੀਂ ਸਾਡੇ ਹੀ ਖੂਨ ਤੇ ਅਖੂਨ ਦੇ ਰਿਸ਼ਤੇਦਾਰ ਹਨ। ਜਿਹਨਾਂ ਨੇ ਅੱਜ ਇਸ ਮੋੜ ਤੇ ਲਿਆ ਕੇ ਖੜ੍ਹਾ ਦਿੱਤੇ ਨਾ ਅੱਗੇ ਜਾਣ ਜੋਗੇ ਤੇ ਪਿੱਛੇ ਮੁੜਣ ਜੋਗੇ ਛੱਡੇ ਆ!

ਅਸੀਂ ਦੋਸ਼ ਇੱਕ ਦੂਜੇ ਤੇ ਲਾ ਕੇ ਪਾਸਾ ਵੱਟਦੇ ਰਹੇ..ਪਰ ਸਹੀ ਗ਼ਲਤ ਨੂੰ ਕਹਿਣ ਦਾ ਦਮ ਖਤਮ ਕਰਦੇ ਗਏ , ਨਤੀਜੇ ਸਾਹਮਣੇ ਆ ਗਏ! ਸਾਨੂੰ ਅਕਲ ਨਹੀਂ ਆਉਂਦੀ। ਕਿਆ ਬਾਤ ਹੈ ਕਿ ਸਮਾਜ ਗੰਦਲਾ ਕਰਨ ਵਾਲੇ ਵੀ ਤੇ ਸਾਫ ਕਰਨ ਵਾਲੇ ਵੀ ਅਸੀਂ ਆਪ ਹੀ ਹਾਂ ਪਰ ਸਾਡੀ ਗੱਡੀ ਦੀ ਚਾਬੀ ਤੇ ਜੀਵਨ ਦੀ ਡੋਰ ਕਿਸੇ ਹੋਰ ਦੇ ਹੱਥ ਵਿੱਚ ਸੀ..ਪਤਾ ਸਾਨੂੰ ਵੀ ਕਿ ਅਸੀਂ ਵਰਤੇ ਜਾ ਰਹੇ ਹਾਂ ਪਰ ਅਸੀਂ ਲਾਲਸਾ ਤੇ ਵਸ ਪੈ ਗਏ ਜਾ ਪਾ ਦਿੱਤੇ..ਗੱਲ ਇੱਕੋ ਹੈ! ਅਸੀਂ ਗਿਆਨੀ ਤੇ ਧਿਆਨੀ ਹਾਂ।
ਪਰ ਅਸੀਂ ਇੱਕਮੁੱਠ ਨਾ ਹੋਏ ! ਸਿਆਸੀ , ਕਿਸਾਨ, ਮਜ਼ਦੂਰ , ਮੁਲਾਜ਼ਮ ,ਸਮਾਜਕ, ਧਾਰਮਿਕ ਜੱਥੇਬੰਦੀਆਂ ਬਣੀਆਂ। ਪਾੜੋ ਤੇ ਰਾਜ ਕਰੋ..ਦੀ ਨੀਤੀ ਹਰ ਥਾਂ ਭਾਰੂ ਰਹੀ.ਹਰ ਖੇਤਰ ਵਿੱਚ ਹਾਲਤ ” ਨੌ ਪੂਰਬੀਏ ਅਠਾਰਾਂ ਚੁੱਲੇ ” ਵਾਲੀ ਗੱਲ ਬਣ ਗਈ..ਨਤੀਜੇ ਜ਼ੀਰੋ ਤੇ ਆਗੂ ਤੇ ਸ਼ੈਤਾਨ ਹਨ।

“ਕੂੜੇ ਦੇ ਢੇਰ” ਵਧ ਦੇ ਗਏ!
ਰਾਜ ਦੇ ਗਦਾਰ ਰਾਜ ਗੱਦੀ ਤੱਕ ਪੁਜ ਗਏ ਤੇ
ਦੇਸ਼ ਭਗਤ ਬੁਰਕੀ ਬੁਰਕੀ ਤਰਸਣ ਲੱਗ ਪਏ!
ਅਸੀਂ ਵਿਰਸੇ ਤੇ ਵਿਰਾਸਤ ਦਾ ਮਾਣ ਕਰਦੇ ਹਾਂ ਪਰ ਵਰਤਮਾਨ ਵਿੱਚ ਲੋਕਾਂ ਦੀ ਭਾਵਨਾਵਾਂ ਹੀ ਨਹੀਂ ਸਗੋਂ ਉਨ੍ਹਾਂ ਦੀ ਕਿਰਤ ਤੇ ਇੱਜ਼ਤ ਲੁੱਟ ਦੇ ਰਹੇ…! ਲੁੱਟਣ ਤੇ ਕੁੱਟਣ ਵਾਲੇ
ਨੰਗ ਭੁੱਖ ਤੇ ਬੀਮਾਰੀ ਨਾਲ ਮਰਨ ਵਾਲੇ ਵੀ ਆਪਾਂ ਹੀ!
ਚੋਰ, ਗਦਾਰ ਵਧਿਆ ਤੇ ਲੋਕਾਂ ਦੀ ਆਵਾਜ਼ ਬਣ ਜਾਣ ਵਾਲੇ ਹਾਸ਼ੀਏ ਤੇ ਚਲੇ ਗਏ !
ਸਿਖਿਆ ਤੇ ਸਿਹਤ ਦੇ ਅਦਾਰੇ ਵਪਾਰੀ ਬਣ ਗਏ !
ਅਸੀਂ ਗਿਆਨ ਤੇ ਅਕਲ ਵਿਹੂਣੇ ਹੋ ਗਏ ਹਾਂ !

ਇਹਨਾਂ ਦੇ ਮਾਲਕ, ਅਧਿਕਾਰੀ ਤੇ ਕਰਮਚਾਰੀ ਬੁਚੜ ਬਣ ਗਏ ! ਆਪਣਿਆਂ ਦਾ ਸਰੀਰਕ , ਮਾਨਸਿਕ ਤੇ ਆਰਥਿਕ ਸੋਸ਼ਣ ਕਰਨ ਲੱਗੇ!
ਨੈਤਿਕਤਾ ਖੰਭ ਲਾ ਕੇ ਉਡ ਗਈ ਜਾ ਸ਼ਰਮ ਲਾ ਕੇ ਜੇਬ ਚ ਪਾ ਲਈ !
ਇਕ ਦੂਜੇ ਨੂੰ ਮਾਰ ਕੇ ਅੱਗੇ ਵਧਣ ਦੀ ਪਰਵਿਰਤੀ ਵਧੀ…! ਨਿੱਜੀ ਅਦਾਰੇ ਅਸਮਾਨ ਵੱਲ ਤੇ ਜਨਤਕ ਅਦਾਰੇ ਪਤਾਲ ਵੱਲ ਵਧਣ ਲੱਗੇ!
ਹੁਣ ਤੇ ਹਾਲਾਤ ਹੀ ਭੁੱਖ ਤੇ ਦੁੱਖ ਨਾਲ ਮਰਨ ਵਾਲੇ ਹਨ!
ਘਰਾਂ ਦੇ ਵਿੱਚੋਂ ‘ ਘਰ ” ਖਤਮ ਹੋ ਕੇ ਮਕਾਨ ਤੇ ਦੁਕਾਨਾਂ ਵਿੱਚ ਬਦਲ ਗਏ !
ਘਰ ਪੱਕੇ ਹੋ ਗਏ ਤੇ ਮਨ ਕੱਚੇ ਹੋ ਗਏ..ਕੋਈ ਪਹਿਰਾਵਾ ਬਦਲ ਕੇ ” ਪੱਕੇ” ਹੋ ਗਏ!
ਜਿੰਨ੍ਹਾਂ ਦੀ ਚਿੱਟੀ ਦਾਹੜੀ ਸੀ ਤੇ ਚਿੱਟੇ ਵਸਤਰ ਸੀ ਤੇ ਸ਼ਸਤਰ ਸੀ ਉਹ ਹਰ ਪਾਸੇ ਕਾਬਜ਼ ਹੋ ਗਏ , ਧਰਮ ਦੇ ਨਾਮ ਤੇ ਵਪਾਰ.ਵਪਾਰ ਦੇ ਨਾਮ ਤੇ ਧਰਮ…ਕਿਰਤ ਖੋਹੀ ਕਿਰਤੀ ਖੋਹ ਕੇ ” ਮੁਫਤ ਦਾ ਲੰਗਰ ਛਕਣ ਵਾਲੇ ਭਿਖਾਰੀ ਬਣਾ ਦਿੱਤੇ! ਲੋਕਾਂ ਨੂੰ ਖਵਾ ਕੇ ਰੱਬ ਸ਼ੁਕਰ ਕਰਨ ਵਾਲਿਆਂ ਦੇ ਹੱਥ ਠੂਠੇ ਫੜਾ ਦਿੱਤੇ…ਗਿਆਨ ਵਿਹੂਣੇ ਆਗਿਆਨੀ ਸਿੱਖਿਆ ਸਾਸ਼ਤਰੀ ਬਣ ਬੈਠੇ ..ਸਿੱਖਿਆ ਦੇ ਮੰਦਰ ਬੁੱਚੜਖਾਨਿਆਂ ਵਿੱਚ ਬਦਲ ਗਏ !

ਘਰਾਂ ਵਿੱਚੋਂ ਪੰਜਾਬੀ ਤੇ ਬਜ਼ੁਰਗ ਗਾਇਬ ਕਰ ਦਿੱਤੇ.
“ਲੁੱਚਾ ਲਫੰਗਾ ਚੌਧਰੀ ਤੇ ਗੁੰਡੀ ਰੰਨ ਪ੍ਰਧਾਨ “ਦਾ ਬੋਲਬਾਲਾ ਹੈ! ਅਸੀਂ ਵਸਤੂਆਂ ਵਾਂਗੂੰ ਹਰ ਥਾਂ ਵਰਤੇ ਜਾਂਦੇ ਹਾਂ।
ਹੁਣ ਜਦੋਂ ਸਭ ਕੁੱਝ ਗਵਾ ਲਿਆ ਹੈ..ਸਮਾਜ ਨਰਕ ਬਣਾ ਲਿਆ ਹੈ..ਹੁਣ “” ਮੈਂ ਪੰਜਾਬੀ ” ਹੋਣ ਦਾ ਮਾਣ ਮਹਿਸੂਸ ਤਾਂ ਫੇਸਬੁਕ ਕੀਤਾ ਜਾ ਸਕਦਾ ਪਰ ” “ਆਪਣੀ ਪੀੜ੍ਹੀ ਹੇਠਾਂ ਸੋਟਾ ਕੌਣ ਫੇਰੂ?”
ਕੌਣ ਜੁੰਮੇਵਾਰੀ ਓਟੇਗਾ? ਕੋਈ ਵੀ ਨਹੀਂ !
ਕਿਉਂ ਕਿ ਇਸ ਹਮਾਮ ਦੇ ਵਿੱਚ ਸਭ ਨੰਗੇ ਹਨ ਤੇ ਕੁੱਝ ਚੰਗੇ ਵੀ ਪਰ ਘੱਟ ਹਨ ਪਰ ਕਦੋਂ ਤੱਕ ਅਸੀਂ ਸਹੀ ਤੇ ਸੱਚ ਨੂੰ ਨਜ਼ਰ ਅੰਦਾਜ਼ ਕਰਦੇ ਰਹਾਂਗੇ ?

ਕਦੋਂ ਆਪੋ ਆਪਣੀਆਂ ਪੀੜ੍ਹੀਆਂ ਹੇਠਾਂ ਸੋਟਾ ਫੇਰਾਂਗੇ?
ਹੁਣ ਪੰਜਾਬ ਸਿਓੁ ਨੂੰ ਫੇਰ….ਪਿੱਛੇ ਵੱਲ ਨੂੰ ਧੱਕਿਆ ਜਾ ਰਿਹਾ ਹੈ।
ਕਿਸਾਨਾਂ ਤੇ ਮਜ਼ਦੂਰਾਂ ਦੀ ਜਿੱਤ ਜਰੀ ਨਹੀਂ ਜਾਂਦੀ।
ਚੋਰ-ਕੁੱਤਾ ਤੇ ਰਾਜਾ ਰਲ ਗਏ ਹਨ।
ਪੁਜਾਰੀ, ਵਪਾਰੀ , ਅਧਿਕਾਰੀ ਤੇ ਲਿਖਾਰੀ ਦਾ ਚੌਕੜ ਹੈ। ਸਮਾਜ ਦੀ ਲਾਸ਼ ਚੁੱਕੀ ਜਾਂਦੇ ਹਨ ।
ਜਦ ਅਕਲ, ਸ਼ਕਲ, ਨਸਲ ਤੇ ਫਸਲ ਇੱਕ ਹੋ ਜਾਣ ਤਾਂ ਮੰਡੀ ਦੇ ਭਾਅ ਡਿੱਗਦੇ ਹਨ। ਫੇਰ ਸਭ ਕੁੱਝ ਘੱਟ ਰੇਟ ਉਤੇ ਵਿਕਦਾ ਹੈ। ਹੁਣ ਭਾਵਨਾਵਾਂ ਵੇਚਣ ਤੇ ਵਿਕਣ ਵਾਲੇ ਕਿਤੇ ਵੀ ਕਿਸੇ ਵੀ ਰੂਪ ਵਿੱਚ ਵਿਕਦੇ ਸਕਦੇ ਹਨ।
ਗੱਲ ਜਿਉਣ ਦੀ ਹੈ। ਸਾਡੀਆਂ ਭਾਵਨਾਵਾਂ ਕਿਉਂ ਕਮਜ਼ੋਰ ਤੇ ਹੋਲੀਆਂ ਹਨ। ਜੋ ਨਿੱਕੀਆਂ ਗੱਲਾਂ ਉਤੇ ਭੜਕਾ ਕਿ ਵਰਤੀਆਂ ਜਾਂਦੀਆਂ ਹਨ !
ਕਦੋਂ ਤੱਕ ਭੜਕਾਈਆਂ ਜਾਂਦੀਆਂ ਰਹਿਣਗੀਆਂ ?
ਅਕਲਾਂ ਵਾਲਿਓ….ਸ਼ਕਲਾਂ ਵਾਲਿਓ…..ਕੋਈ ਦਿਓ ਜਵਾਬ ?

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button