
ਲਗਭਗ 500 ਕਰੋੜ ਰੁਪਏ ਦੇ ਕਥਿਤ ਕ੍ਰਿਪਟੋ ਕਰੰਸੀ ਘਪਲੇ ’ਚ ਈ. ਡੀ. ਨੇ ਵੱਡੀ ਕਾਰਵਾਈ ਕੀਤੀ ਹੈ। ਜਾਂਚ ਏਜੰਸੀ ਨੇ ਚੰਡੀਗੜ੍ਹ, ਮੋਹਾਲੀ ਅਤੇ ਜ਼ੀਰਕਪੁਰ ਸਮੇਤ ਕਈ ਟਿਕਾਣਿਆਂ ’ਤੇ ਛਾਪੇਮਾਰੀ ਕਰ ਕੇ 72 ਲੱਖ ਰੁਪਏ ਨਕਦ ਜ਼ਬਤ ਕੀਤੇ ਹਨ। ਇਹ ਕਾਰਵਾਈ ਨਿਵੇਸ਼ਕਾਂ ਨਾਲ ਕਥਿਤ ਧੋਖਾਦੇਹੀ ਅਤੇ ਪੋਂਜ਼ੀ ਸਕੀਮ ਰਾਹੀਂ ਕਰੋੜਾਂ ਰੁਪਏ ਇਕੱਠੇ ਕਰਨ ਦੇ ਮਾਮਲੇ ’ਚ ਕੀਤੀ ਗਈ ਹੈ। ਈ. ਡੀ. ਨੇ ਇਸ ਮਾਮਲੇ ’ਚ ਮੁੱਖ ਦੋਸ਼ੀ ਸੁਭਾਸ਼ ਸ਼ਰਮਾ ਦੇ ਕਰੀਬੀ ਸਹਿਯੋਗੀ ਅਤੁਲ ਸੂਦ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਉਸ ਨੂੰ ਸ਼ਿਮਲਾ ਸਥਿਤ ਵਿਸ਼ੇਸ਼ ਪੀ. ਐੱਮ. ਐੱਲ. ਏ. ਅਦਾਲਤ ’ਚ ਪੇਸ਼ ਕੀਤਾ ਗਿਆ ਸੀ। ਅਦਾਲਤ ਨੇ ਦੋਸ਼ੀ ਨੂੰ 5 ਨਵੰਬਰ ਤੱਕ ਈ. ਡੀ. ਦੇ ਰਿਮਾਂਡ ’ਤੇ ਭੇਜ ਦਿੱਤਾ ਹੈ। ਏਜੰਸੀ ਉਸ ਤੋਂ ਪੁੱਛਗਿੱਛ ਕਰ ਕੇ ਘਪਲੇ ਨਾਲ ਜੁੜੇ ਵਿੱਤੀ ਲੈਣ-ਦੇਣ, ਹੋਰ ਸਹਿਯੋਗੀਆਂ ਅਤੇ ਨਿਵੇਸ਼ਕਾਂ ਤੋਂ ਇਕੱਠੀ ਕੀਤੀ ਗਈ ਰਕਮ ਬਾਰੇ ਜਾਣਕਾਰੀ ਹਾਸਲ ਕਰ ਰਹੀ ਹੈ।
ਈ. ਡੀ. ਮੁਤਾਬਕ ਇਸ ਕਥਿਤ ਕ੍ਰਿਪਟੋ ਪੋਂਜ਼ੀ ਸਕੀਮ ਕਾਰਨ 2.48 ਲੱਖ ਤੋਂ ਵੱਧ ਨਿਵੇਸ਼ਕ ਪ੍ਰਭਾਵਿਤ ਹੋਏ ਹਨ। ਹੁਣ ਤੱਕ ਸਾਹਮਣੇ ਆਏ ਲੈਣ-ਦੇਣ ਦਾ ਅੰਕੜਾ 219 ਮਿਲੀਅਨ ਡਾਲਰ ਤੋਂ ਵੱਧ ਦੱਸਿਆ ਜਾ ਰਿਹਾ ਹੈ, ਜਦਕਿ ਨਿਵੇਸ਼ਕਾਂ ਨੂੰ ਲਗਭਗ 500 ਕਰੋੜ ਰੁਪਏ ਦਾ ਨੁਕਸਾਨ ਹੋਣ ਦਾ ਅੰਦਾਜ਼ਾ ਹੈ। ਦੋਸ਼ ਹੈ ਕਿ ਨਿਵੇਸ਼ਕਾਂ ਨੂੰ ਕ੍ਰਿਪਟੋ ਕਰੰਸੀ ’ਚ ਨਿਵੇਸ਼ ਦੇ ਨਾਂ ’ਤੇ ਆਕਰਸ਼ਕ ਰਿਟਰਨ ਦਾ ਲਾਲਚ ਦਿੱਤਾ ਗਿਆ ਅਤੇ ਇਸੇ ਜ਼ਰੀਏ ਵੱਡੀ ਰਕਮ ਇਕੱਠੀ ਕੀਤੀ ਗਈ। ਇਸ ਪੂਰੇ ਨੈੱਟਵਰਕ ਦਾ ਕਥਿਤ ਮੁੱਖ ਸਰਗਨਾ ਸੁਭਾਸ਼ ਸ਼ਰਮਾ ਦੱਸਿਆ ਜਾ ਰਿਹਾ ਹੈ, ਜਿਸ ਦੇ ਨਿਵੇਸ਼ਕਾਂ ਨਾਲ ਠੱਗੀ ਤੋਂ ਬਾਅਦ ਦੁਬਈ ਭੱਜ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ। ਈ. ਡੀ. ਹੁਣ ਉਸ ਦੇ ਵਿੱਤੀ ਨੈੱਟਵਰਕ ਅਤੇ ਹੋਰ ਸਹਿਯੋਗੀਆਂ ਦੀ ਭੂਮਿਕਾ ਦੀ ਜਾਂਚ ਕਰ ਰਹੀ ਹੈ। ਗੌਰਤਲਬ ਹੈ ਕਿ ਇਸ ਮਾਮਲੇ ’ਚ ਇਸ ਤੋਂ ਪਹਿਲਾਂ ਮਾਸੂਮ ਜੁਨੇਜਾ, ਹੇਮ ਰਾਜ, ਸੁਖਦੇਵ ਠਾਕੁਰ, ਅਭਿਸ਼ੇਕ ਸ਼ਰਮਾ ਅਤੇ ਮਿਲਨ ਗਰਗ ਸਮੇਤ ਕਈ ਲੋਕਾਂ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




