
ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ’ਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੇ ਕਰੀਬੀ ਰਿਸ਼ਤੇਦਾਰ ਗਜਪਤ ਸਿੰਘ ਗਰੇਵਾਲ ਨੂੰ ਮੁਹਾਲੀ ਦੀ ਅਦਾਲਤ ਤੋਂ ਅੰਤਰਿਮ ਜ਼ਮਾਨਤ ਮਿਲ ਗਈ ਹੈ। ਅਦਾਲਤ ਨੇ ਇਹ ਰਾਹਤ ਉਨ੍ਹਾਂ ਵੱਲੋਂ ਜਾਂਚ ’ਚ ਸ਼ਾਮਲ ਹੋਣ ਅਤੇ ਵਿਜੀਲੈਂਸ ਬਿਊਰੋ ਵੱਲੋਂ ਜਾਂਚ ਪੂਰੀ ਕਰਕੇ ਅਦਾਲਤ ਵਿਚ ਸਪਲੀਮੈਂਟਰੀ ਚਾਰਜਸ਼ੀਟ ਦਾਖ਼ਲ ਕੀਤੇ ਜਾਣ ਤੋਂ ਬਾਅਦ ਦਿੱਤੀ ਹੈ।
ਜਾਣਕਾਰੀ ਅਨੁਸਾਰ ਗਜਪਤ ਸਿੰਘ ਗਰੇਵਾਲ ਨੇ ਫਰਵਰੀ 2026 ਵਿਚ ਅਗਾਊਂ ਜ਼ਮਾਨਤ ਲਈ ਅਰਜ਼ੀ ਦਾਇਰ ਕੀਤੀ ਸੀ। ਇਸ ‘ਤੇ ਸੁਣਵਾਈ ਕਰਦਿਆਂ ਅਦਾਲਤ ਨੇ 10 ਅਪ੍ਰੈਲ ਨੂੰ ਉਨ੍ਹਾਂ ਨੂੰ ਜਾਂਚ ’ਚ ਸ਼ਾਮਲ ਹੋਣ ਅਤੇ ਜਾਂਚ ਏਜੰਸੀ ਨਾਲ ਸਹਿਯੋਗ ਕਰਨ ਦੇ ਨਿਰਦੇਸ਼ ਦਿੱਤੇ ਸਨ। ਇਸ ਦੇ ਨਾਲ ਹੀ ਜਾਂਚ ਅਧਿਕਾਰੀ ਦੀ ਤਸੱਲੀ ਦੇ ਆਧਾਰ ‘ਤੇ ਉਨ੍ਹਾਂ ਨੂੰ ਅੰਤਰਿਮ ਜ਼ਮਾਨਤ ‘ਤੇ ਰਿਹਾਅ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ।
ਅਦਾਲਤੀ ਨਿਰਦੇਸ਼ਾਂ ਤੋਂ ਬਾਅਦ ਗਜਪਤ ਸਿੰਘ ਗਰੇਵਾਲ 15, 20 ਅਤੇ 22 ਅਪ੍ਰੈਲ ਨੂੰ ਪੰਜਾਬ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਸਾਹਮਣੇ ਪੇਸ਼ ਹੋਏ ਸਨ। ਉਨ੍ਹਾਂ ਵੱਲੋਂ ਜਾਂਚ ਵਿਚ ਸ਼ਾਮਲ ਹੋਣ ਦੀ ਪੁਸ਼ਟੀ ਡੀਐੱਸਪੀ ਇੰਦਰਪਾਲ ਸਿੰਘ ਨੇ ਅਦਾਲਤ ’ਚ ਆਪਣੇ ਬਿਆਨ ਰਾਹੀਂ ਕੀਤੀ ਸੀ। ਹਾਲਾਂਕਿ, ਉਸ ਸਮੇਂ ਜਾਂਚ ਅਧਿਕਾਰੀ ਨੇ ਅਦਾਲਤ ਨੂੰ ਦੱਸਿਆ ਸੀ ਕਿ ਮੁਲਜ਼ਮ ਨੇ ਹਾਲੇ ਪੂਰੀ ਤਰ੍ਹਾਂ ਜਾਂਚ ’ਚ ਸਹਿਯੋਗ ਨਹੀਂ ਕੀਤਾ ਹੈ।
ਇਸ ਮਾਮਲੇ ’ਚ ਅਹਿਮ ਮੋੜ ਉਸ ਸਮੇਂ ਆਇਆ ਜਦੋਂ ਪੰਜਾਬ ਵਿਜੀਲੈਂਸ ਬਿਊਰੋ ਨੇ 28 ਅਕਤੂਬਰ ਨੂੰ ਜਾਂਚ ਪੂਰੀ ਕਰਕੇ ਅਦਾਲਤ ਵਿਚ ਸਪਲੀਮੈਂਟਰੀ ਚਾਰਜਸ਼ੀਟ ਦਾਖ਼ਲ ਕਰ ਦਿੱਤੀ। ਅਦਾਲਤ ਨੇ ਸਪਲੀਮੈਂਟਰੀ ਚਾਰਜਸ਼ੀਟ ਦੀ ਤਸਦੀਕ ਲਈ 31 ਅਕਤੂਬਰ ਦੀ ਤਾਰੀਖ਼ ਨਿਰਧਾਰਤ ਕੀਤੀ ਸੀ।
ਸੁਣਵਾਈ ਦੌਰਾਨ ਜਾਂਚ ਅਧਿਕਾਰੀ ਨੇ ਅਦਾਲਤ ਵਿਚ ਬਿਆਨ ਦਿੱਤਾ ਕਿ ਗਜਪਤ ਸਿੰਘ ਗਰੇਵਾਲ ਤੋਂ ਹੁਣ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕਰਨ ਦੀ ਕੋਈ ਲੋੜ ਨਹੀਂ ਹੈ। ਵਿਜੀਲੈਂਸ ਦੇ ਇਸ ਬਿਆਨ ਅਤੇ ਜਾਂਚ ਦੀ ਮੌਜੂਦਾ ਸਥਿਤੀ ਨੂੰ ਧਿਆਨ ’ਚ ਰੱਖਦਿਆਂ ਅਦਾਲਤ ਨੇ ਉਨ੍ਹਾਂ ਦੀ ਜ਼ਮਾਨਤ ਅਰਜ਼ੀ ‘ਤੇ ਫ਼ੈਸਲਾ ਸੁਣਾਉਂਦਿਆਂ ਅੰਤਰਿਮ ਜ਼ਮਾਨਤ ਦੀ ਰਾਹਤ ਦੇ ਦਿੱਤੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




