Breaking NewsD5 specialNewsPunjab

ਕੈਪਟਨ ਵੱਲੋਂ ਬਾਦਲਾਂ ਖਿਲਾਫ਼ ਸਾਧੀ ਚੁੱਪੀ ਦਾ ਜਾਣੋ ਅਸਲ ਸੱਚ

ਜਿਸਨੂੰ ਜਾਣ ਕੇ ਸਾਰੇ ਰਹਿ ਜਾਉਗੇ ਹੈਰਾਨ!

– ਕੁਲਵੰਤ ਸਿੰਘ

ਪਟਿਆਲਾ : ਜਿਸ ਦਿਨ ਤੋਂ ਪੰਜਾਬ ਅੰਦਰ ਕੈਪਟਨ ਅਮਰਿੰਦਰ ਸਿੰਘ ਦੀ ਮੌਜੂਦਾ ਸਰਕਾਰ ਹੋਂਦ ਵਿੱਚ ਆਈ ਹੈ ਉਸ ਦਿਨ ਤੋਂ ਨਸ਼ਿਆਂ ਨਾਲ ਬਰਬਾਦ ਹੋਏ ਪਰਿਵਾਰਾਂ ਦੇ ਲੋਕ ਅਤੇ ਬੇਅਦਬੀ ਕਾਂਡ ਤੋਂ ਇਲਾਵਾ ਉਸ ਤੋਂ ਬਾਅਦ ਪੁਲਿਸ ਫਾਇਰਿੰਗ ਵਿਚ ਮਾਰੇ ਗਏ ਲੋਕਾਂ ਲਈ ਇਨਸਾਫ਼ ਦੀ ਮੰਗ ਕਰਦੀਆਂ ਜੱਥੇਬੰਦੀਆਂ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੇ ਜਾਣ ਦੀ ਟੇਕ ਸੂਬੇ ਦੇ ਮੁੱਖਮੰਤਰੀ ਤੇ ਲਾਈ ਬੈਠੀਆਂ ਹਨ। ਵਾਅਦੇ ਅਨੁਸਾਰ ਸਰਕਾਰ ਨੇ ਕੁਝ ਕਦਮ ਚੁੱਕ ਕੇ ਬੇਅਦਬੀ ਕਾਂਡ ਅਤੇ ਪੁਲਿਸ ਦੀ ਗੋਲੀ ਨਾਲ ਮਾਰੇ ਗਏ ਲੋਕਾਂ ਨੂੰ ਇਨਸਾਫ਼ ਦੇਣ ਲਈ ਰਾਹ ਪੱਧਰਾ ਵੀ ਕੀਤਾ ਪਰ ਜਦੋਂ ਲੋਕਾਂ ਨੂੰ ਉਮੀਦ ਜਾਗਣ ਲੱਗੀ ਕਿ ਹੁਣ ਕੈਪਟਨ ਅਮਰਿੰਦਰ ਸਿੰਘ ਕੋਈ ਵੱਡਾ ਫੈਸਲਾ ਲੈਣਗੇ ਤਾਂ ਇਹ ਦੇਖ ਕੇ ਸਾਰਿਆਂ ਦੀ ਹੈਰਾਨੀ ਅਤੇ ਪਰੇਸ਼ਾਨੀ ਹੋਰ ਵੀ ਵੱਧ ਗਈ ਕਿ ਉਹ ਕੈਪਟਨ ਅਮਰਿੰਦਰ ਸਿੰਘ ਦੀ ਬੜਕ ਅੱਜ ਕਿਧਰੇ ਗੁਆਚ ਗਈ ਹੈ ਜਿਨ੍ਹਾਂ ਨੇ ਸਾਲ 2002 ਵਿੱਚ ਭ੍ਰਿਸ਼ਟਾਚਾਰ ਦੇ ਮੁੱਦੇ ਤੇ ਬਾਦਲਾਂ ਨੂੰ ਫੜ ਕੇ ਜੇਲ੍ਹ ਭੇਜ ਦਿੱਤਾ ਸੀ। ਦੋਸ਼ੀ ਕੌਣ ਹੈ ਭਾਵੇਂ ਕਿ ਇਹ ਸਭ ਅਦਾਲਤ ਨੇ ਸਾਬਿਤ ਕਰਨਾ ਹੈ ਪਰ ਜਿਸ ਤਰ੍ਹਾਂ ਦੇ ਹਾਲਾਤ ਬਣੇ ਹਨ, ਸਮੇਂ ਦੀ ਇਹ ਮੰਗ ਸੀ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਰਿਪੋਰਟ ਤੇ ਬਹਿਸ ਤੋਂ ਬਾਅਦ ਕਸੂਰਵਾਰ ਲੋਕਾਂ ਦੇ ਖਿਲਾਫ਼ ਕਾਰਵਾਈ ਕੀਤੀ ਜਾਂਦੀ। ਪਰ ਵਿਧਾਨ ਸਭਾ ਅੰਦਰ ਲੋਕਾਂ ਦੀਆਂ ਝੋਲੀਆਂ ਅੱਡੀਆਂ ਦੀਆਂ ਅੱਡੀਆਂ ਰਹਿ ਗਈਆਂ, ਮੰਗ ਕਰਦਿਆਂ ਕਰਦਿਆਂ ਦੇ ਸੰਗ ਬੈਠ ਗਏ ਤੇ ਗਾਲ੍ਹਮ ਗਾਲ੍ਹੀ ਹੋ ਕੇ ਕਈ ਆਗੂਆਂ ਨੇ ਆਪਣੀਆਂ ਭਵਿੱਖ ਦੀਆਂ ਦੁਸ਼ਮਣੀਆਂ ਪਾਲ ਲਈਆਂ ਪਰ ਕੈਪਟਨ ਅਮਰਿੰਦਰ ਸਿੰਘ ਟਸ ਤੋਂ ਮਸ ਨਹੀਂ ਹੋਏ। ਇਨ੍ਹਾਂ ਸਾਰੇ ਹਾਲਾਤਾਂ ਨੂੰ ਦੇਖਦਿਆਂ ਸੂਝਵਾਨ, ਬੁੱਧੀਮਾਨ ਅਤੇ ਘਾਗ ਸਿਆਸੀ ਮਾਹਿਰ ਆਪੋ ਆਪਣੀਆਂ ਪੋਥੀਆਂ ਖੋਲ ਕੇ ਇਹ ਪੜਚੋਲ ਕਰਨ ਵਿੱਚ ਲੱਗੇ ਹੋਏ ਹਨ ਕਿ ਆਖਿਰ ਕੈਪਟਨ ਅਮਰਿੰਦਰ ਸਿੰਘ ਨੂੰ ਅਜਿਹਾ ਕੀ ਹੋਇਆ ਹੈ ਜਿਸ ਨਾਲ ਉਨ੍ਹਾਂ ਦੇ ਕੰਮ ਕਰਨ ਦਾ ਪੰਜਵਾਂ ਗੇੜ ਅੱਜਕੱਲ੍ਹ ਨਿਊਟਲ ਵਿੱਚ ਚੱਲ ਰਿਹਾ ਹੈ।

ਇਸ ਸਾਰੇ ਮਾਮਲੇ ਤੋਂ ਪਰਤ ਦਰ ਪਰਤ ਪਰਦਾ ਚੁੱਕਣ ਲਈ ਸਾਨੂੰ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਕੁਝ ਚਿਰ ਪਹਿਲਾਂ ਦੇ ਸਮੇਂ ਵਿੱਚ ਜਾਣਾ ਪਵੇਗਾ, ਜਿਸ ਦੌਰਾਨ ਪੰਜਾਬ ਦੇ ਲੋਕ ਚਾਰੇ ਪਾਸੇ ਨਸ਼ਿਆਂ ਤੋਂ ਤ੍ਰਾਹੀ ਤਾ੍ਰਹੀ ਕਰ ਰਹੇ ਸਨ, ਬੇਅਦਬੀ ਕਾਂਡ ਦੀਆਂ ਘਟਨਾਵਾਂ ਅਤੇ ਪੁਲਿਸ ਹੱਥੋਂ ਮਾਰੇ ਗਏ ਸਿੱਖ ਨੌਜਵਾਨਾਂ ਦਾ ਮੁੱਦਾ ਸ਼੍ਰੋਮਣੀ ਅਕਾਲੀ ਦਲ ਨੂੰ ਕਿਸੇ ਹਊਏ ਵਾਂਗ ਡਰਾ ਰਿਹਾ ਸੀ ਤੇ ਕਾਂਗਰਸ ਸਮੇਤ ਆਮ ਆਦਮੀ ਪਾਰਟੀ ਇਨ੍ਹਾਂ ਮੁੱਦਿਆਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਅਤੇ ਖਾਸ ਕਰ ਬਾਦਲਾਂ ਸਣੇ ਬਿਕਰਮ ਸਿੰਘ ਮਜੀਠੀਆ ਨੂੰ ਸ਼ਬਦਾਂ ਰਾਹੀਂ ਖਾਣ ਨੂੰ ਪੈ ਰਹੀਆਂ ਸਨ। ਅਜਿਹੇ ਹਾਲਾਤਾਂ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਆਪੋ ਆਪਣੇ ਚੋਣ ਮਨੋਰਥ ਪੱਤਰ ਜਾਰੀ ਕੀਤੇ ਜਿਸ ਵਿਚ ਆਮ ਆਦਮੀ ਪਾਰਟੀ ਨੇ ਜਿੱਥੇ ਸੂਬੇ ਵਿਚ ਨਸ਼ਿਆਂ ਨੂੰ ਠੱਲ੍ਹ ਪਾਉਣ ਦੀ ਗੱਲ ਆਖੀ ਉੱਥੇ ਸਿਆਸੀ ਸਟੇਜਾਂ ਤੋਂ ਤੈਸ਼ ਵਿਚ ਆ ਕੇ ਬੋਲਦਿਆਂ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਤਾਂ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਬਾਦਲ ਪਰਿਵਾਰ ਦੇ ਮੈਂਬਰ ਬਣ ਚੁੱਕੇ ਬਿਕਰਮ ਸਿੰਘ ਮਜੀਠੀਆ ਨੂੰ ਨਸ਼ਿਆਂ ਲਈ ਜਿੰਮੇਵਾਰ ਠਹਿਰਾਉਂਦਿਆਂ ਸਰਕਾਰ ਬਣਦਿਆਂ ਸਾਰ ਜੇਲ੍ਹ ਵਿਚ ਤੁੰਨ ਦੇਣ ਦਾ ਐਲਾਨ ਕੀਤਾ ਸੀ।

Read Also ਕਰਤਾਰਪੁਰ ਲਾਂਘੇ ‘ਤੇ ਗਿ. ਗੁਰਬਚਨ ਸਿੰਘ ਨੇ ਤੋੜੀ ਚੁੱਪੀ

ਇੱਥੇ ਦੱਸ ਦੇਈਏ ਕਿ ਆਮ ਆਦਮੀ ਪਾਰਟੀ ਉਸ ਵੇਲੇ ਇੰਨਾ ਹਮਲਾਵਰ ਰੁੱਖ ਇਸ ਲਈ ਬਣਾਈ ਬੈਠੀ ਸੀ ਕਿਉਂਕਿ ਵੱਖ ਵੱਖ ਮੀਡੀਆ ਅਤੇ ਸੂਹੀਆ ਏਜੰਸੀਆਂ ਦੀਆਂ ਰਿਪੋਰਟਾਂ ਅਨੁਸਾਰ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ 100 ਸੀਟਾਂ ਨਾਲ ਸਰਕਾਰ ਬਣਾਉਣ ਜਾ ਰਹੀ ਸੀ ਅਜਿਹੇ ਵਿੱਚ ਜਿੱਥੇ ਸ਼੍ਰੋਮਣੀ ਅਕਾਲੀ ਦਲ ਤੇ ਖਾਸ ਕਰ ਬਾਦਲਾਂ ਦੇ ਨਾਲ ਨਾਲ ਬਿਕਰਮ ਸਿੰਘ ਮਜੀਠੀਆ ਨੂੰ ‘ਆਪ’ ਵਾਲਿਆਂ ਦੇ ਤੇਵਰ ਦੇਖ ਕੇ ਚਿੰਤਾ ਹੋਣੀ ਲਾਜ਼ਮੀ ਸੀ ਉੱਥੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਪਾਰਟੀ ਵੀ ਹਰ ਹਾਲ ਵਿਚ ਆਪ ਨੂੰ ਪਛਾੜ ਕੇ ਸੱਤਾ ਦੇ ਕਾਬਜ਼ ਹੋਣਾ ਚਾਹੁੰਦੀ ਸੀ। ਇੱਥੇ ਹੀ ਆ ਕੇ ਸਾਰੀ ਗੇਮ ਪਲਟ ਗਈ। ਸਿਆਸੀ ਮਾਹਿਰਾਂ ਅਨੁਸਾਰ ਉਸ ਵੇਲੇ ਸੂਬਾ ਕਾਂਗਰਸ ਪਾਰਟੀ ਦੇ ਨੀਤੀ ਘਾੜਿਆਂ ਨੇ ਲੋਕਾਂ ਦੀਆਂ ਵੋਟਾਂ ਹਾਸਿਲ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਕਈ ਅਜਿਹੇ ਅਜਿਹੇ ਵਾਅਦੇ ਲਿਖ ਲਿਖ ਕੇ ਦਿੱਤੇ ਜਿਸ ਨੂੰ ਜਨਤਾ ਦੀ ਕਚਹਿਰੀ ਵਿਚ ਰੱਖ ਕੇ ਕੈਪਟਨ ਨੇ ਲੋਕਾਂ ਨੂੰ ਉਹ ਕੁਝ ਸੋਚਣ ਲਈ ਮਜਬੂਰ ਕਰ ਦਿੱਤਾ ਜੋ ਕੈਪਟਨ ਅਮਰਿੰਦਰ ਸਿੰਘ ਦੇ ਨੀਤੀਘਾੜੇ ਚਾਹੁੰਦੇ ਸਨ। ਇੰਝ ਕੁਝ ਹੀ ਦਿਨਾਂ ਵਿਚ ਸਿਆਸਤ ਨੇ ਅਜਿਹਾ ਪਲਟਾ ਖਾਧਾ ਕਿ ਜਿਸ ਆਮ ਆਦਮੀ ਪਾਰਟੀ ਨੂੰ 100 ਸੀਟਾਂ ਆਉਣ ਦੇ ਦਾਅਵੇ ਕੀਤੇ ਜਾ ਰਹੇ ਸਨ ਉਹ 20 ਤੇ ਸਿਮਟ ਕੇ ਰਹਿ ਗਈ ਤੇ ਕਾਂਗਰਸ ਪਾਰਟੀ ਪੰਜਾਬ ਦੀ ਸੱਤਾ ’ਤੇ ਕਾਬਜ਼ ਹੋ ਗਈ।

ਇਲਜ਼ਾਮ ਤਾਂ ਇੱਥੋਂ ਤੱਕ ਲੱਗ ਰਹੇ ਹਨ ਕਿ ਇਹ ਸਭ ਕੁਝ ਇੰਨੀ ਆਸਾਨੀ ਨਾਲ ਨਹੀਂ ਹੋਇਆ ਕਿਉਂਕਿ ਜੋ ਹਾਲਾਤ ਆਮ ਆਦਮੀ ਪਾਰਟੀ ਦੇ ਹੱਥ ਸੱਤਾ ਸੌਂਪਣ ਦੇ ਦਾਅਵੇ ਕਰ ਰਹੇ ਸਨ ਤੇ ਜਿਹੜੇ ਤੇਵਰ ‘ਆਪ’ ਆਗੂ ਅਕਾਲੀ ਦਲ ਦੇ ਵਿਰੁੱਧ ਦਿਖਾ ਰਹੇ ਸਨ ਉਸਨੂੰ ਦੇਖਦਿਆਂ ਕਾਂਗਰਸ ਅਤੇ ਅਕਾਲੀਆਂ ਨੇ ਆਪਸ ਵਿਚ ਅੰਦਰਖਾਤੇ ਹੱਥ ਮਿਲਾ ਲਏ ਤੇ ਚੋਣਾਂ ਦੌਰਾਨ ਅਜਿਹੀਆਂ ਰਣਨੀਤੀਆਂ ਅਪਣਾਈਆਂ ਗਈਆਂ ਕਿ ਵੋਟਾਂ ਅਕਾਲੀਆਂ ਨੂੰ ਭਾਵੇਂ ਨਾ ਪੈਣ ਪਰ ਆਮ ਆਦਮੀ ਪਾਰਟੀ ਨੂੰ ਕਿਸੇ ਹਾਲਤ ਵਿਚ ਸੱਤਾ ਵਿੱਚ ਨਹੀਂ ਆਉਣ ਦੇਣਾ। ਦੋਸ਼ਾ ਅਨੁਸਾਰ ਕਿਉਂਕਿ ਜੇਕਰ ਇਹ ਪਾਰਟੀ ਸੱਤਾ ਵਿਚ ਆਉਂਦੀ ਹੈ ਤਾਂ ਪਹਿਲੀ ਵਾਰ ਸੱਤਾ ਹਾਸਲ ਕਰਨ ਜਾ ਰਹੀ ਇਸ ਪਾਰਟੀ ਨੂੰ ਆਪਣੇ ਵਾਅਦੇ ਪੂਰੇ ਕਰਨ ਲਈ ਬਾਦਲਾਂ ਅਤੇ ਬਿਕਰਮ ਮਜੀਠੀਆ ਤੇ ਕਾਰਵਾਈ ਕਰਨੀ ਪੈਣੀ ਸੀ ਉਨ੍ਹਾਂ ਹਾਲਾਤਾਂ ਵਿਚ ਉਕਤ ਮੁੱਦਿਆਂ ਦੀ ਬਿੱਲੀ ਥੈਲੇ ਵਿਚੋਂ ਬਾਹਰ ਆ ਕੇ ਕੀ ਹੁੜਦੰਗ ਮਚਾਉਂਦੀ ਇਹ ਕਿਸੇ ਨੂੰ ਕੁਝ ਪਤਾ ਨਹੀਂ ਸੀ। ਇਸ ਤੋਂ ਇਲਾਵਾ ਦੋਸ਼ ਇਹ ਵੀ ਹਨ ਕਿ ਅਕਾਲੀਆਂ ਨੂੰ ‘ਆਪ’ ਵਾਲਿਆਂ ਤੋਂ ਜ਼ਿਆਦਾ ਭਰੋਸਾ ਕਾਂਗਰਸੀਆਂ ਤੇ ਸੀ ਕਿਉਂਕਿ ਅਕਾਲੀ ਤੇ ਕਾਂਗਰਸੀ ਆਜ਼ਾਦੀ ਤੋਂ ਬਾਅਦ ਦੋਵੇਂ ਪਾਰਟੀਆਂ ਬਦਲ ਬਦਲ ਕੇ ਰਾਜ ਕਰਦੀਆਂ ਆ ਰਹੀਆਂ ਸਨ ਇਸ ਲਈ ਅਕਾਲੀਆਂ ਨੂੰ ਇਹ ਭਰੋਸਾ ਸੀ ਕਿ ਜੇਕਰ ਉਨ੍ਹਾਂ ਨੇ ਕਾਂਗਰਸੀਆਂ ਦੀ ਮਦਦ ਕਰਨ ਦਾ ਦਾਅ ਖੇਡ ਵੀ ਲਿਆ ਤਾਂ ਇਹ ਪਾਰਟੀ ਭਵਿੱਖ ਵਿਚ ਉਨ੍ਹਾਂ ਦਾ ਉੰਨਾ ਨੁਕਸਾਨ ਨਹੀਂ ਕਰੇਗੀ ਜਿੰਨਾ ਕਿ ਆਮ ਆਦਮੀ ਪਾਰਟੀ ਕਰ ਸਕਦੀ ਸੀ। ਲਿਹਾਜ਼ਾ ਅੰਦਰਖਾਤੇ ਰਲ ਕੇ ਚੋਣਾਂ ਲੜੀਆਂ ਗਈਆਂ ਤੇ ਕਾਂਗਰਸੀਆਂ ਨੂੰ ਸੱਤਾ ਮਿਲ ਗਈ ਤੇ ਅਕਾਲੀਆਂ ਨੂੰ ‘ਆਪ’ ਵਾਲਿਆਂ ਦੇ ਭੈਅ ਤੋਂ ਛੁਟਕਾਰਾ।

ਇਹ ਤਾਂ ਸਨ ਉਹ ਦੋਸ਼ ਜਿਹੜੇ ਕਿ ਸਿਰਫ਼ ਦੋਸ਼ ਹਨ ਤੇ ਜਿਨ੍ਹਾਂ ਨੂੰ ਨਾ ਤਾਂ ਕਾਂਗਰਸ ਅਤੇ ਅਕਾਲੀ ਮੰਨਣ ਨੂੰ ਤਿਆਰ ਹੋਣਗੇ ਤੇ ਨਾ ਹੀ ਇਸਨੂੰ ਸਾਬਤ ਕਰਨ ਦੀ ਦੌੜ ਵਿੱਚ ਕੋਈ ਸਰਕਾਰ ਨਾਲ ਮੱਥਾ ਲਾਵੇਗਾ। ਹੁਣ ਆਈਏ ਉਨ੍ਹਾਂ ਮੁੱਦਿਆਂ ਵੱਲ ਜਿਨ੍ਹਾਂ ਦੇ ਸਹਾਰੇ ਚੋਣ ਜਿੱਤ ਕੇ ਕਾਂਗਰਸ ਪਾਰਟੀ ਸੱਤਾ ਵਿੱਚ ਆਈ। ਇਨ੍ਹਾਂ ਵਿੱਚੋਂ ਜੇਕਰ ਸਬਜ਼ਬਾਗਾਂ ਵਾਲੇ ਮੁੱਦਿਆਂ ਨੂੰ ਪਿੱਛੇ ਛੱਡ ਦੇਈਏ ਤਾਂ ਪੰਜਾਬ ਦੀ ਜਨਤਾ ਦੇ ਅਸਲ ਮੁੱਦੇ ਸਨ ਸੂਬੇ ਅੰਦਰ ਲਗਾਤਾਰ ਵੱਡੇ ਹੋ ਰਹੇ ਨਸ਼ੇ ਦੇ ਦੈਂਤ ਨੂੰ ਕਾਬੂ ਪਾਉਣਾ, ਇਸ ਦੈਂਤ ਨੂੰ ਪਾਲ ਕੇ ਵੱਡਾ ਕਰਨ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣਾ ਤੇ ਬੇਅਦਬੀ ਕਾਂਡ ਦੀਆਂ ਘਟਨਾਵਾਂ ਤੋਂ ਬਾਅਦ ਮਾਰੇ ਗਏ ਸਿੱਖਾਂ ਦੇ ਮਾਮਲਿਆਂ ਵਿੱਚ ਪੀੜਤਾਂ ਨੂੰ ਇਨਸਾਫ਼ ਦਿਵਾਉਂਦਿਆਂ ਦੋਸ਼ੀਆਂ ਨੂੰ ਸਜ਼ਾਵਾਂ ਦੇਣਾ। ਇਨ੍ਹਾਂ ਦੋਵਾਂ ਹੀ ਮੁੱਦਿਆਂ ਦੀ ਜੇਕਰ ਸੂਖਮ ਯੰਤਰ ਨਾਲ ਪੜਚੋਲ ਕਰੀਏ ਤਾਂ ਘੁੰਮ ਘੁਮਾ ਕੇ ਸਾਰਾ ਦੋਸ਼ ਬਾਦਲਾਂ ਅਤੇ ਅਕਾਲੀ-ਭਾਜਪਾ ਸਰਕਾਰ ’ਤੇ ਆਉਂਦਾ ਸੀ ਲਿਹਾਜ਼ਾ ਕੈਪਟਨ ਸਰਕਾਰ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦਾ ਗਠਨ ਕੀਤਾ, ਉਸਦੀ ਰਿਪੋਰਟ ਵੀ ਆ ਗਈ, ਰਿਪੋਰਟ ਵਿਚ ਬਾਦਲਾਂ ਸਣੇ ਕਈ ਪੁਲਿਸ ਅਧਿਕਾਰੀਆਂ ਨੂੰ ਦੋਸ਼ੀ ਠਹਿਰਾਏ ਜਾਣ ਦਾ ਰੌਲਾ ਵੀ ਪੈ ਗਿਆ ਤੇ ਮਾਹਿਰਾਂ ਅਨੁਸਾਰ ਪੂਰਾ ਦਾ ਪੂਰਾ ਇੱਕ ਵਿਧਾਨ ਸਭਾ ਸੈਸ਼ਨ ਇਸ ਮੁੱਦੇ ਨੂੰ ਲੈ ਕੇ ਬਰਬਾਦ ਵੀ ਕਰ ਦਿੱਤਾ ਗਿਆ ਪਰ ਕੁੱਲ ਮਿਲਾ ਕੇ ਨਤੀਜਾ ਅੱਜ ਵੀ ਸਿਫਰ ਹੈ।

25 ਅਗਸਤ 2018 ਨੂੰ ਇਹ ਰਿਪੋਰਟ ਪੇਸ਼ ਕੀਤੇ ਜਾਣ ਤੋਂ ਬਾਅਦ 28 ਅਗਸਤ ਨੂੰ ਹੋਈ ਬਹਿਸ ਦੇ ਅੰਤ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਸੀਬੀਆਈ ਤੋਂ ਸਾਰੇ ਮਾਮਲੇ ਵਾਪਸ ਲੈ ਕੇ ਐਸਆਈਟੀ ਬਣਾਉਣ ਤੋਂ ਬਾਅਦ ਤਿੰਨ ਮਹੀਨਿਆਂ ਦੇ ਵਿੱਚ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੇ ਜਾਣ ਦਾ ਐਲਾਨ ਵੀ ਕਰ ਦਿੱਤਾ ਸੀ ਪਰ ਅਫਸੋਸ ਇਸ ਗੱਲ ਦਾ ਹੈ ਕਿ ਅੱਜ 1 ਮਹੀਨਾ 11 ਦਿਨ ਬੀਤ ਜਾਣ ਦੇ ਬਾਵਜੂਦ ਪੰਜਾਬ ਸਰਕਾਰ ਨੇ ਇਸ ਮਾਮਲੇ ਦੇ ਦੋਸ਼ੀ ਮੰਨੇ ਜਾ ਰਹੇ ਕਿਸੇ ਵੀ ਵਿਅਕਤੀ ਨੂੰ ਬੁਲਾ ਕੇ ਪੁੱਛਤਾਛ ਕਰਨ ਦੀ ਹਿੰਮਤ ਤੱਕ ਨਹੀਂ ਕੀਤੀ। ਜਿਸਨੂੰ ਦੇਖਦਿਆਂ ਇਹ ਕਿਹਾ ਜਾ ਸਕਦਾ ਹੈ ਪੰਜਾਬ ਸਰਕਾਰ ਵਿਧਾਨ ਸਭਾ ਵਿੱਚ ਕੀਤੇ ਗਏ ਆਪਣੇ ਵਾਅਦੇ ਦੇ ਸਬੰਧ ਵਿਚ ਗੰਭੀਰ ਨਹੀਂ ਹੈ। ਸਵਾਲ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਇਸ ਮਾਮਲੇ ਵਿੱਚ ਗੰਭੀਰ ਕਿਉਂ ਨਹੀਂ ਹਨ?ਕੀ ਉਨ੍ਹਾਂ ਲੋਕਾਂ ਦੇ ਦੋਸ਼ ਸਹੀ ਹਨ ਜੋ ਇਹ ਕਹਿ ਰਹੇ ਹਨ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਕਾਂਗਰਸੀਆਂ ਤੇ ਅਕਾਲੀਆਂ ਨੇ ਮਿਲ ਕੇ ਲੜੀਆਂ ਹਨ ਤੇ ਕਾਂਗਰਸ ਨੂੰ ਸੱਤਾ ਹਾਸਲ ਕਰਾਉਣ ਵਿੱਚ ਅਕਾਲੀਆਂ ਨੇ ਪੂਰੀ ਮਦਦ ਕੀਤੀ ਹੈ ਜਿਸਦਾ ਸਿਲ੍ਹਾ ਹੁਣ ਕੈਪਟਨ ਅਮਰਿੰਦਰ ਸਿੰਘ ਅਕਾਲੀਆਂ ’ਤੇ ਕਾਰਵਾਈ ਨਾ ਕਰਕੇ ਦੇ ਰਹੇ ਹਨ? ਜਾਂ ਮਾਮਲਾ ਇਸ ਤੋਂ ਵੀ ਅੱਗੇ ਦਾ ਹੈ?

ਅਜਿਹੇ ਮਾਮਲਿਆਂ ਦੀ ਆਪਣੇ ਹੀ ਢੰਗ ਨਾਲ ਪੜਚੋਲ ਕਰਨ ਵਾਲੇ ਲੋਕ ਸਾਰਿਆਂ ਦਾ ਧਿਆਨ ਕੈਪਟਨ ਅਮਰਿੰਦਰ ਸਿੰਘ ਦੇ ਉਸ ਬਿਆਨ ਵੱਲ ਦਿਵਾਉਂਦੇ ਹਨ ਜਿਸ ਵਿਚ ਅਮਰਿੰਦਰ ਸਿੰਘ ਨੇ ਚੋਣਾਂ ਤੋਂ ਪਹਿਲਾਂ ਇਹ ਐਲਾਨ ਕੀਤਾ ਸੀ ਕਿ ਇਸ ਵਾਰ ਦੀਆਂ ਚੋਣਾਂ ਉਨ੍ਹਾਂ ਦੇ ਸਿਆਸੀ ਕੈਰੀਅਰ ਦੀਆਂ ਆਖਰੀ ਚੋਣਾਂ ਹੋਣਗੀਆਂ। ਪੜਚੋਲ ਕਰਨ ਵਾਲੇ ਇਸੇ ਬਿਆਨ ਨੂੰ ਉਧੇੜ ਕੇ ਇਹ ਨਤੀਜਾ ਕੱਢਦੇ ਹਨ ਕਿ ਇਸਦਾ ਮਤਲਬ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਹੁਣ ਭਵਿੱਖ ਵਿਚ ਕਦੇ ਵੀ ਸੱਤਾ ਤੇ ਕਾਬਜ਼ ਨਹੀਂ ਹੋਣਗੇ। ਮਾਹਿਰਾਂ ਅਨੁਸਾਰ ਜੇਕਰ ਪਿਛਲੀਆਂ ਕੁਝ ਘਟਨਾਵਾਂ ਤੇ ਨਿਗ੍ਹਾ ਮਾਰੀ ਜਾਵੇ ਤਾਂ ਸਾਲ 2002 ਦੌਰਾਨ ਜੇ ਕੈਪਟਨ ਨੇ ਬਾਦਲਾਂ ਨੂੰ ਭ੍ਰਿਸ਼ਟਾਚਾਰ ਦੇ ਦੋਸ਼ ਵਿਚ ਜੇਲ੍ਹ ਭੇਜਿਆ ਤੇ ਉਨ੍ਹਾਂ ਤੇ ਆਮਦਨ ਨਾਲੋਂ ਵੱਧ ਜਾਇਦਾਦ ਦਾ ਕੇਸ ਪਾਇਆ ਤਾਂ ਸੱਤਾ ਬਦਲਦਿਆਂ ਹੀ ਨਾ ਸਿਰਫ਼ ਬਾਦਲ ਉਸ ਕੇਸ ਵਿਚੋਂ ਬਰੀ ਹੋ ਗਏ ਬਲਕਿ ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਲੁਧਿਆਣੇ ਵਿਚ ਹੋਏ ਸਿਟੀ ਸੈਂਟਰ ਘੁਟਾਲੇ ਤੋਂ ਇਲਾਵਾ ਹੋਰ ਕਈ ਕੇਸਾਂ ਵਿੱਚ ਉਲਝਾ ਲਿਆ। ਇੰਝ ਜਦੋਂ ਸੱਤਾ ਬਦਲੀ ਤੇ ਕੈਪਟਨ ਅਮਰਿੰਦਰ ਸਿੰਘ ਮੁੜ ਪੰਜਾਬ ਦੇ ਮੁੱਖ ਮੰਤਰੀ ਬਣੇ ਤਾਂ ਉਹ ਆਪਣੇ ਵਾਲੇ ਮਾਮਲੇ ਵਿਚੋਂ ਬਰੀ ਹੋ ਗਏ। ਇੱਥੇ ਹੀ ਧਿਆਨਦੇਣ ਯੋਗ ਗੱਲ ਹੈ ਕਿ ਹੁਣ ਕੈਪਟਨ ਅਮਰਿੰਦਰ ਸਿੰਘ ਨੇ ਅੱਗੇ ਚੋਣ ਨਹੀਂ ਲੜਨੀ ਇਸ ਲਈ ਸੱਤਾ ਉਨ੍ਹਾਂ ਨੂੰ ਦੁਬਾਰਾ ਨਸੀਬ ਨਹੀਂ ਹੋਵੇਗੀ ਲਿਹਾਜ਼ਾ ਜੇਕਰ ਉਹ ਬਾਦਲਾਂ ਨੂੰ ਬੇਅਦਬੀ ਦੀਆਂ ਘਟਨਾਵਾਂ ਦੇ ਮਾਮਲੇ ਵਿਚ ਜੇਲ੍ਹ ਭੇਜਦੇ ਹਨ ਤਾਂ ਪਿਛਲਾ ਇਤਿਹਾਸ ਗਵਾਹ ਹੈ ਕਿ ਸੱਤਾ ਬਦਲਦਿਆਂ ਹੀ ਸਾਰੇ ਮਾਮਲੇ ਖਤਮ ਹੋ ਜਾਂਦੇ ਹਨ। ਪਰ ਜੇਕਰ ਬਾਦਲਾਂ ਨੇ ਮੁੜ ਸੱਤਾ ਵਿਚ ਆ ਕੇ ਕੈਪਟਨ ਅਮਰਿੰਦਰ ਸਿੰਘ ਤੇ ਕੋਈ ਕੇਸ ਪਾ ਦਿੱਤਾ ਤਾਂ ਸਿਆਸਤ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਚੁੱਕੇ ਅਮਰਿੰਦਰ ਸਿੰਘ ਕੋਲ ਸੱਤਾ ਦਾ ਅਜਿਹਾ ਕੋਈ ਹਊਆ ਨਹੀਂ ਹੋਵੇਗਾ ਜਿਸ ਤੋਂ ਡਰ ਕੇ ਉਨ੍ਹਾਂ ਉਤਲਾ ਪਿਆ ਹੋਇਆ ਕੇਸ ਆਪਣੇ ਆਪ ਭੱਜ ਜਾਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button