ਬਰੈਂਪਟਨ ‘ਚ ਫਿਰੌਤੀ ਮੰਗਣ ਅਤੇ ਕਾਰੋਬਾਰੀ ਅਦਾਰੇ ਨੂੰ ਅੱਗ ਲਾਉਣ ਦੇ ਦੋਸ਼ ਹੇਠ ਪੰਜਾਬੀ ਨੌਜਵਾਨ ਗ੍ਰਿਫ਼ਤਾਰ

ਪੀਲ ਪੁਲਿਸ ਨੇ ਬਰੈਂਪਟਨ ਵਿਚ ਕਾਰੋਬਾਰੀਆਂ ਤੋਂ ਫਿਰੌਤੀਆਂ ਮੰਗਣ, ਧਮਕੀਆਂ ਦੇਣ ਅਤੇ ਇੱਕ ਕਾਰੋਬਾਰੀ ਅਦਾਰੇ ਨੂੰ ਅੱਗ ਲਾਉਣ ਦੇ ਮਾਮਲੇ ਵਿਚ ਪੰਜਾਬੀ ਮੁਲ ਦੇ ਨੌਜਵਾਨ ਨੂੰ ਗ੍ਰਿਫਤਾਰ ਕਰਕੇ ਉਸ ਵਿਰੁੱਧ ਦੋਸ਼ ਆਇਦ ਕੀਤੇ ਹਨ।
ਬਰੈਂਪਟਨ ਦੇ ਵਸਨੀਕ ਜਸਜੀਤ ਸਿੰਘ ਵਜੋਂ ਪਛਾਣੇ ਗਏ ਮੁਲਜ਼ਮ ਨੂੰ ਪੁਲਿਸ ਦੀ ਮੇਜਰ ਕ੍ਰਾਈਮਜ਼ ਯੂਨਿਟ (ਐੱਮ.ਸੀ.ਯੂ.) ਵੱਲੋਂ 9 ਅਕਤੂਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਜਾਂਚਕਰਤਾਵਾਂ ਅਨੁਸਾਰ, ਪੀੜਤ ਨੂੰ ਅਪ੍ਰੈਲ ਤੋਂ ਹੀ ਪੈਸਿਆਂ ਦੀ ਲਗਾਤਾਰ ਮੰਗ ਕੀਤੀ ਜਾ ਰਹੀ ਸੀ, ਜਿਸ ਦੇ ਨਾਲ ਹੀ ਉਸ ਦੇ ਪਰਿਵਾਰ, ਘਰ, ਕਾਰੋਬਾਰ ਅਤੇ ਨਿੱਜੀ ਜਾਇਦਾਦ ਵਿਰੁੱਧ ਹਿੰਸਾ ਦੀਆਂ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਸਨ। ਮੁਲਜ਼ਮ ਨੇ ਜਬਰੀ ਵਸੂਲੀ ਦੀਆਂ ਮੰਗਾਂ ਕਰਨ ਤੋਂ ਬਾਅਦ ਪੀੜਤ ਨੂੰ ਡਰਾਉਣ ਲਈ ਕਥਿਤ ਤੌਰ ‘ਤੇ ਅੱਗਜ਼ਨੀ ਦਾ ਸਹਾਰਾ ਲਿਆ।
ਅਜਿਹੀ ਹੀ ਇੱਕ ਘਟਨਾ ਵਿਚ ਅਧਿਕਾਰੀਆਂ ਨੇ 5 ਸਤੰਬਰ ਨੂੰ ਤੜਕੇ ਕਰੀਬ 4.45 ਵਜੇ ਪੀੜਤ ਦੇ ਕਾਰੋਬਾਰੀ ਅਦਾਰੇ ‘ਤੇ ਲੱਗੀ ਅੱਗ ਦਾ ਜਾਇਜ਼ਾ ਲਿਆ। ਉਪਲਬਧ ਵੇਰਵਿਆਂ ਅਨੁਸਾਰ, ਇੱਕ ਵਿਅਕਤੀ ਅਦਾਰੇ ‘ਤੇ ਆਇਆ, ਉਸ ਨੇ ਗੈਰੇਜ ਦੇ ਦਰਵਾਜ਼ੇ ਨੇੜੇ ਕੋਈ ਜਲਣਸ਼ੀਲ ਤਰਲ ਪਦਾਰਥ ਛਿੜਕਿਆ, ਜੋ ਕਿ ਗੈਸੋਲੀਨ ਮੰਨਿਆ ਜਾ ਰਿਹਾ ਹੈ ਅਤੇ ਉਸ ਨੂੰ ਅੱਗ ਲਾ ਦਿੱਤੀ।
ਇਸ ਅੱਗ ਕਾਰਨ ਕਾਰੋਬਾਰੀ ਅਦਾਰੇ ਅਤੇ ਨੇੜੇ ਖੜ੍ਹੇ ਵਾਹਨਾਂ ਦਾ ਲਗਭਗ 1,00,000 ਡਾਲਰ ਦਾ ਅੰਦਾਜ਼ਨ ਨੁਕਸਾਨ ਹੋਇਆ।
ਜਾਂਚ ਤੋਂ ਬਾਅਦ ਪੁਲਿਸ ਨੇ ਜਸਜੀਤ ਸਿੰਘ ਦਾ ਪਤਾ ਲਗਾਇਆ ਅਤੇ ਉਸ ਨੂੰ 9 ਅਕਤੂਬਰ ਨੂੰ ਗ੍ਰਿਫ਼ਤਾਰ ਕਰ ਲਿਆ। ਉਸ ‘ਤੇ ਜਬਰੀ ਵਸੂਲੀ ਦੇ ਦੋਸ਼ ਆਇਦ ਕੀਤੇ ਗਏ ਅਤੇ ਬਾਅਦ ਵਿਚ ਬਰੈਂਪਟਨ ਸਥਿਤ ਓਨਟਾਰੀਓ ਕੋਰਟ ਆਫ਼ ਜਸਟਿਸ ਵਿਚ ਪੇਸ਼ ਕਰਨ ਤੋਂ ਪਹਿਲਾਂ ਜ਼ਮਾਨਤ ਦੀ ਸੁਣਵਾਈ ਲਈ ਹਿਰਾਸਤ ਵਿਚ ਰੱਖਿਆ ਗਿਆ।
ਜਾਂਚ ਅਜੇ ਵੀ ਜਾਰੀ ਹੈ ਅਤੇ ਪੁਲਿਸ ਨੂੰ ਸ਼ੱਕ ਹੈ ਕਿ ਇਸ ਮਾਮਲੇ ਨਾਲ ਹੋਰ ਵਿਅਕਤੀ ਵੀ ਜੁੜੇ ਹੋ ਸਕਦੇ ਹਨ।
ਪੀਲ ਰੀਜਨਲ ਪੁਲਿਸ ਨੇ ਇਸ ਘਟਨਾ ਨਾਲ ਜੁੜੇ ਕਿਸੇ ਵੀ ਵਿਅਕਤੀ ਦੀ ਪਛਾਣ ਕਰਨ ਅਤੇ ਉਸ ਦਾ ਪਤਾ ਲਗਾਉਣ ਲਈ ਲੋਕਾਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ। ਜਿਸ ਕਿਸੇ ਕੋਲ ਵੀ ਕੋਈ ਜਾਣਕਾਰੀ ਹੋਵੇ, ਉਸ ਨੂੰ ਮੇਜਰ ਕ੍ਰਾਈਮਜ਼ ਯੂਨਿਟ ਨਾਲ ਸੰਪਰਕ ਕਰਨ ਲਈ ਕਿਹਾ ਗਿਆ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




