EDITORIAL

ਕੇਜਰੀਵਾਲ ਦੀ ਬੀਜੇਪੀ ਨੂੰ ਨਵੀਂ ਵੰਗਾਰ

ਰੱਸਗੁਲਿਆਂ ਵਾਲ਼ੇ ਵੋਟਰ, ਹਰ ਰੋਜ਼ 3 ਧਾਰਮਿਕ ਫ਼ਸਾਦ

ਅਮਰਜੀਤ ਸਿੰਘ ਵੜੈਚ (94178-01988) 

ਦਿੱਲੀ ਦੇ ਮੁੱਖ-ਮੰਤਰੀ ਅਰਵਿੰਦ ਕੇਜਰੀਵਾਲ਼ ਨੇ ਜੋ ਭਾਰਤੀ  ਕਰੰਸੀ ਦੇ ਨੋਟਾਂ ਉਪਰ ‘ਮਾਂ ਲਕਸ਼ਮੀ’ ਤੇ ‘ ਗਣੇਸ਼’ ਜੀ ਦੀਆਂ ਤਸਵੀਰਾਂ ਛਾਪਣ ਵਾਲ਼ਾ ਸੁਝਾਅ ਕੇਂਦਰ ਸਰਕਾਰ ਨੂੰ ਦਿਤਾ ਹੈ  ਉਸ ਨੇ ਦੇਸ਼ ਵਿੱਚ ਇਕ ਨਵੀਂ ਬਹਿਸ ਛੇੜ ਦਿਤੀ ਹੈ  । ਇਹ ਸੁਝਾ ਜਿਸ ਸਮੇਂ ਤੇ ਦਿਤਾ ਗਿਆ ਹੈ ਉਸ ਦੇ ਕਈ ਵਿਸਤਾਰ ਹਨ :  ਕੇਜਰੀਵਾਲ਼ ਦਾ ਇਹ ਬਿਆਨ  ਗੁਜਰਾਤ  ਤੇ ਹਿਮਾਚਲ ਪ੍ਰਦੇਸ਼ ਦੀਆਂ ਚੋਣਾਂ ਤੋਂ ਪਹਿਲਾਂ ਆਇਆ ਹੈ । ਕੇਜਰੀਵਾਲ ਨੇ ਆਪਣੇ ਸ਼ਬਦਾਂ ‘ਚ 130 ਕਰੋੜ ਦੇਸ਼ ਵਾਸੀ ਸ਼ਬਦ ਨੂੰ ਵਿਸ਼ੇਸ਼ ਤੌਰ ਤੇ ਵਰਤਿਆ ਹੈ ਕਿਉਂਕਿ ਪ੍ਰਧਾਨ-ਮੰਤਰੀ ਮੋਦੀ ਅਕਸਰ ਆਪਣੇ  ਸੰਬੋਧਨਾਂ ‘ਚ 140 ਕਰੋੜ ਵਰਤਦੇ ਹਨ । ਸਪੱਸ਼ਟ ਹੈ ਕਿ ਕੇਜਰੀਵਾਲ ਹੁਣ  ਆਪਣੀ ਵੱਖਰੀ ਰਾਸ਼ਟਰੀ ਪਹਿਚਾਣ ਨਾਲ਼ ਆਪਣੇ ਸੰਬੋਧਨ ਵਿੱਚ ਪੂਰੇ ਰਾਸ਼ਟਰ ਨੂੰ ਸੰਬੋਧਨ ਕਰ ਰਹੇ ਹਨ । 2024  ਦੀ ਤਿਆਰੀ !

ਪਿਛਲੇ 20 ਸਾਲਾਂ ਦੌਰਾਨ ਭਾਰਤ ਦੀ ਰਾਜਨੀਤੀ ‘ਚ ਜੋ ਵੱਡੀ ਤਬਦੀਲੀ ਦੇਖੀ ਗਈ ਹੈ  ਕਿ ਸਾਰੀਆਂ ਹੀ ਰਾਜਸੀ ਪਾਰਟੀਆਂ ਧਰਮ ਦੀ ਧੂੜ ਵੋਟਰਾਂ ਦੀਆਂ ਅੱਖਾਂ ‘ਚ ਪਾ ਕੇ ਸੱਤ੍ਹਾ ਹਾਸਿਲ ਕਰਨ ਕਈ ਚਾਲਾਂ ਘੜਦੀਆਂ ਆ ਰਹੀਆਂ ਹਨ । ਇਹ ਰੁਝਾਨ ਸੱਭ ਤੋਂ ਪਹਿਲਾਂ ਪ੍ਰਤੱਖ ਰੂਪ ‘ਚ ਬੀਜੇਪੀ ਨੇ ਸਿਤੰਬਰ 1990 ‘ਚ ਪਾਰਟੀ ਪ੍ਰਧਾਨ ,ਲਾਲ ਕਰਿਸ਼ਨ ਅਡਵਾਨੀ ਦੀ ਅਗਵਾਈ ‘ਚ ਸ਼ੁਰੂ ਕੀਤੀ ‘ਰੱਥ ਯਾਤਰਾ’ ਨਾਲ਼ ਅਰੰਭਿਆ ਸੀ । ਇਹ ਰੱਥ ਯਾਤਰਾ 1990 ਚ’ ਵੀਪੀ ਸਿੰਘ ਦੀ ਸਰਕਾਰ ਵੱਲੋਂ ‘ਮੰਡਲ ਕਮਿਸ਼ਨ’ ਦੀ ਰਿਪੋਰਟ ਲਾਗੂ ਕਰਨ ਦਾ ਸਿੱਟਾ ਸੀ ਜਿਸ ਨੇ ਬੀਜੇਪੀ ਦੀ ਰਾਜਨੀਤੀ ਨੂੰ ਵੱਢੀ ਚੁਣੌਤੀ ਦਿਤੀ ਸੀ । ਬੀਜੇਪੀ ਹਮੇਸ਼ਾ ‘ਉੱਚ ਵਰਗ’ ਦੇ ਵੋਟਰਾਂ ਤੱਕ ਸੀਮਤ ਰਹੀ ਸੀ ਪਰ ‘ਰੱਥ ਯਾਤਰਾ’ ਨੇ ਹੇਠਲੇ ਵਰਗ ਵਾਲ਼ੇ ਲੋਕਾਂ ਦੇ ਧਰਮ ਦੇ ਤਾਰ ਨੂੰ ਤੁਣਕਾ ਦੇਕੇ ਬੀਜੇਪੀ ਨਾਲ਼ ਜੋੜਨ ਦਾ ਕੰਮ ਕੀਤਾ  ।

ਵੈਸੇ ਕਾਂਗਰਸ ਪਾਰਟੀ ਪਹਿਲਾਂ ਪੰਜਾਬ ਵਿਚ 1972 ਤੋਂ 1985 ਤੱਕ ਧਰਮ ਦਾ ਪੱਤਾ ਚਲਾ ਚੁੱਕੀ ਹੈ । ਬੀਬੀਸੀ ਦੇ ਮਸ਼ਹੂਰ ਪੱਤਰਕਾਰ ਮਾਰਕਟੁਲੀ ਤੇ ਸਤੀਸ਼ ਜੈਕਬ ਆਪਣੀ ਕਿਤਾਬ ‘AMRITSAR: Mrs Gandhi’s Last Battle’ ‘ਚ ਚੈਪਟਰ ਚਾਰ ‘ਚ ਬੜਾ ਸਪੱਸ਼ਟ ਲਿਖਦੇ ਹਨ ਕਿ ਪੰਜਾਬ ਚ’ ਅਕਾਲੀਆਂ ਨੂੰ ਚਿੱਤ ਕਰਨ ਲਈ ਕਾਂਗਰਸ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ‘ਥਾਪੜਾ’ ਦਿਤਾ ਸੀ ਜਿਸ ਦਾ ਭਿੰਡਰਾਂਵਾਲਿਆਂ  ਨੂੰ ਵੀ ਪਤਾ ਨਹੀਂ ਲੱਗਿਆ । ਇਹ ਤੱਤਕਾਲੀ ਮੁੱਖ-ਮੰਤਰੀ ਗਿਆਨੀ ਜ਼ੈਲ ਸਿੰਘ ਤੇ ਸੰਜੇ ਗਾਂਧੀ ਦੀ ਸਕੀਮ ਦਾ ਹਿੱਸਾ ਸੀ ।

ਇਧਰ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਵੀ 1997 ਤੱਕ ਧਰਮ ਯਾਨੀ ‘ਪੰਥ’ ਦੇ ਨਾਂ ‘ਤੇ ਰਾਜਨੀਤੀ ਕੀਤੀ । ਮੌਕਾ ਮੇਲ਼ ਈ ਸੀ  ਕਿ ਪਾਰਟੀ ਨੂੰ ਚੋਣ ਨਿਸ਼ਾਨ ਵੀ ਤੱਕੜੀ ਮਿਲ਼ਿਆ ਹੋਇਆ  ਹੈ  । ਇਸਦੇ ਲੀਡਰਾਂ ਨੇ ਹਮੇਸ਼ਾ ਤੱਕੜੀ ਨੂੰ ਬਾਬੇ ਨਾਨਕ ਦੀ ਤੱਕੜੀ ਨਾਲ਼ ਜੋੜਕੇ ਵੋਟਾਂ ਮੰਗੀਆਂ ਹਨ ।  ਸਾਲ 1997 ਤੋਂ ਪਾਰਟੀ ਨੇ ‘ਪੰਜਾਬੀ’ ਪੱਤਾ ਖੇਡਿਆ ਕਿਉਂਕਿ ਬੀਜੇਪੀ ਇਸਦੀ ਪੰਜਾਬ ‘ਚ ਸਾਝੀਦਾਰ ਬਣ ਗਈ ਸੀ । ਅਕਾਲੀ ਦਲ ਨੇ ਤਾਂ ਆਪਣੇ ਆਖਰੀ ਸੱਤ੍ਹਾ ਦੇ 2007 ਤੋਂ 2017 ਤੱਕ ‘ਤੀਰਥ ਯਾਤਰਾ’ ਵੀ ਸਾਰੇ ਧਰਮਾਂ ਦੇ ਵੋਟਰਾਂ ਨੂੰ ਖੁਸ਼ ਕਰਨ ਵਾਸਤੇ ਸ਼ੁਰੂ ਕੀਤੀ ਸੀ । ਹੁਣ ਜਦੋਂ ਪਾਰਟੀ ਰਾਜਨੀਤਿਕ ਤੌਰ ‘ਤੇ ਰੁੱਲ਼ ਗਈ ਹੈ ਤੇ ਬੀਜੇਪੀ ਨੇ ਵੀ ਅੱਖਾਂ ਵਿਖਾ ਦਿਤੀਆਂ ਹਨ ਤਾਂ ਹੁਣ ਅਕਾਲੀ ਲੀਡਰਸ਼ਿਪ ਨੂੰ ਫਿਰ ਸਿਖ ਧਰਮ ਦੇ ਮੁੱਦੇ ਯਾਦ ਆ ਗਏ ਹਨ ਜਿਸ ‘ਤੇ ਲੋਕ ਸਵਾਲ ਕਰ ਰਹੇ ਹਨ ਪਰ ਪਾਰਟੀ ਕੋਲ਼ ਜਵਾਬ ਨਹੀਂ ।

ਕੇਜਰੀਵਾਲ਼ ਵੱਲੋਂ ਧਰਮ ਦੀ ਆੜ ਲੈਣ ਦਾ ਇਹ ਕੋਈ ਪਹਿਲਾ ਮੌਕਾ ਨਹੀਂ :  ਇਸ ਤੋਂ ਪਹਿਲਾਂ ਵੀ ਕੇਜਰੀਵਾਲ਼ ਨੇ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਕੀਤੀਆਂ ਹਨ । ਲੋਕ ਭਲਾਈ ਦੇ ਨਾਂ ‘ਤੇ ਦਿੱਲੀ ਸਰਕਾਰ ਦਿੱਲੀ ਵਾਸੀਆਂ ਨੂੰ ਆਯੋਧਿਆ ਤੱਕ ਰਾਮ ਮੰਦਰ ਦੇ ਦਰਸ਼ਨਾਂ ਲਈ ਮੁਫ਼ਤ ਯਾਤਰਾ ਕਰਵਾ ਰਹੀ ਹੈ । ਦਿੱਲੀ ਵਿਧਾਨ ਸਭਾ ਦੀਆਂ  2020-ਚੋਣਾਂ ਦੌਰਾਨ ਇਕ ਟੀਵੀ ਚੈਨਲ ‘ਤੇ ਕੇਜਰੀਵਾਲ ਨੇ ਹਨੂਮਾਨ ਚਾਲੀਸਾ ਪੜ੍ਹ ਕੇ ਸਣਾ ਦਿਤਾ । ਹੁਣ ਗੁਜਰਾਤ ਦੇ ਲੋਕਾਂ ਨਾਲ਼ ਵੀ ਦਿੱਲੀ ਦੇ ਮੁੱਖ-ਮੰਤਰੀ ਨੇ ‘ਆਪ’ ਦੀ ਸਰਕਾਰ ਬਣਨ ‘ਤੇ ਬਜ਼ੁਰਗਾਂ ਲਈ ਆਯੋਧਿਆ ਦੀ ਮੁਫ਼ਤ ਯਾਤਰਾ ਕਰਵਾਉਣ ਦਾ ਵਾਅਦਾ ਕੀਤਾ ਹੈ । ਸੋ ‘ਆਪ’ ਵੀ  ਬਾਕੀ ਪਾਰਟੀਆਂ ਦੇ ਰਾਹ ‘ਤੇ ਹੀ ਚੱਲ ਰਹੀ ਹੈ ।

ਕੇਜਰੀਵਾਲ ਦੇ ਨੋਟਾਂ ਵਾਲ਼ੇ ਬਿਆਨ ਨੇ ਬੀਜੇਪੀ ਨੂੰ ਜ਼ਰੂਰ ਸੁਚੇਤ ਕਰ ਦਿਤਾ ਹੈ ਕਿ ਕੇਜਰੀਵਾਲ ਬੀਜੇਪੀ ਕੋਲ਼ੋਂ ਰਾਸ਼ਟਰਵਾਦ ਤੇ ਹਿੰਦੂਤਵ ਦਾ ਮੁੱਦਾ ਖੋਹਣ ਦੀ ਤਿਆਰੀ ‘ਚ  ਹੈ । ਕੇਜਰੀਵਾਲ਼  ਨੇ ਤਰਕ ਦਿਤਾ ਹੈ ਕਿ ਮੁਸਲਿਮ ਬਹੁ-ਗਿਣਤੀ ਵਾਲ਼ੇ ਦੇਸ਼ ਇੰਡੋਨੇਸ਼ੀਆ ‘ਚ  ਕਰੰਸੀ ਉਪਰ ਹਿੰਦੂ ਦੇਵਤੇ ‘ਗਣੇਸ਼’ ਜੀ ਦੀ ਤਸਵੀਰ ਛਪਦੀ ਹੈ  ਤਾਂ ਭਾਰਤ ‘ਚ ਕਿਉਂ ਨਹੀਂ ? ਕੱਲ੍ਹ ਜਿਥੇ ਕੇਜਰੀਵਾਲ਼ ਨੇ ਹਿੰਦੂ ਵੋਟਰਾਂ ਨੂੰ ਖੁਸ਼ ਕਰਨ ਲਈ ਦੇਵੀ ਦੇਵਤਿਆਂ ਦੀਆਂ ਤਸਵੀਰਾਂ ਨੋਟਾਂ ਉਪਰ ਲਾਕੇ ਦੇਸ਼ ਦੇ ‘130’ ਕਰੋੜ ਲੋਕਾਂ ਨੂੰ ਅਸ਼ੀਰਵਾਦ  ਮਿਲਣ ਦੀ ਗੱਲ ਕੀਤੀ ਹੈ ਉਥੇ ਉਸਨੇ ਮੋਦੀ ਦੇ ਬਰਾਬਰ ਰਾਸ਼ਟਰੀ ਪਹਿਚਾਣ ਬਣਾਉਣ ਲਈ ‘140’ ਕਰੋੜ ਦੀ ਥਾਂ  ‘130’ ਕਰੋੜ ਦਾ ਅੰਕੜਾ ਵਰਤਿਆ ਹੈ । ਇਸ ਦਾ ਮਤਲਬ ਇਹ ਹੈ ਕਿ ਕੇਜਰੀਵਾਲ਼  ਹੁਣ ਬੀਜੇਪੀ ਨੂੰ ਰਾਸ਼ਟਰੀ ਪੱਧਰ ‘ਤੇ  2024 ਦੀਆਂ ਆਮ ਚੋਣਾਂ ‘ਚ ਚੁਣੌਤੀ ਦੇਣ ਲਈ ਵੰਗਾਰ ਰਿਹਾ ਹੈ ;  ਗੁਜਰਾਤ ਦੀਆਂ ਚੋਣਾਂ 2024 ਲਈ ਇਕ ਨਮੂਨੇ ਦਾ ਕੰਮ ਕਰਨਗੀਆਂ ।

ਪਾਰਟੀਆਂ ਸੱਤ੍ਹਾ ਦੀ ਪ੍ਰਾਪਤੀ ਲਈ ਕਿਸੇ ਹੱਦ ਤੱਕ ਵੀ ਜਾ ਸਕਦੀਆਂ ਹਨ : ਧਰਮ ਨੂੰ ਉਤਸ਼ਾਹਿਤ ਕਰਨਾ ਬਿਲਕੁਲ ਗ਼ਲਤ ਨਹੀਂ ਪਰ ‘ਰਾਜਸੀ ਸ਼ਕਤੀ’ ਲੈਣ ਲਈ ਧਰਮ ਦਾ ਸਹਾਰਾ ਲੈਣਾ ਧਰਮ ਦੀ ਦੁਰ-ਵਰਤੋਂ ਦੇ ਦਾਇਰੇ ‘ਚ ਆਉਂਦਾ ਹੈ । ਸਾਡੇ ਦੇਸ਼ ਵਿਚ ਸੱਭ ਨਾਲੋਂ ਵੱਧ ਦੰਗੇ ਧਰਮ ਦੇ ਨਾਂ ‘ਤੇ ਹੀ ਹੁੰਦੇ ਹਨ । ਰਾਜਸੀ ਲਡਿਰ ਇਸੇ ਨੁਕਤੇ ਨੂੰ ਹੀ ਫੜ੍ਹਕੇ ਧਰਮ ਦੇ ਨਾਂ ‘ਤੇ ਵੋਟਾਂ ਮੰਗਣ ਆ ਜਾਂਦੇ ਹਨ ।

ਭਾਰਤੀ ਸੰਵਿਧਾਨ ਦੀਾਂ ਧਾਰਾਵਾਂ 25 ਤੋਂ 28 ਤੱਕ ਇਹ ਦੱਸਦੀਆਂ ਹਨ  ਕਿ ਭਾਰਤ ਇਕ ਧਰਮ ਨਿਰਪੱਖ ਦੇਸ਼ ਹੈ ਜਿਥੇ ਕੁਝ ਸ਼ਰਤਾਂ ਤਹਿਤ ਹਰ  ਨਾਗਰਿਕ ਨੂੰ ਕੋਈ ਵੀ ਧਰਮ  ਮੰਨਣ/ਬਦਲਣ ਦੀ  ਪੂਰਨ ਆਜ਼ਾਦੀ ਹੈ । ਅਮਰੀਕਾ ਦੇ ‘ਪਿਊ ਰਿਸੱਰਚ ਸੈਂਟਰ’ ਅਨੁਸਾਰ ਦੁਨੀਆਂ ‘ਚ  ਧਰਮ ਦੇ ਨਾਂ ‘ਤੇ ਵੱਧ ਦੰਗੇ ਹੋਣ ਵਾਲ਼ੇ ਮੁਲਕਾਂ ‘ਚ ਭਾਰਤ ਦਾ ਨਾਮ ਚੌਥੇ ਨੰਬਰ ‘ਤੇ ਆਉਂਦਾ ਹੈ । ਭਾਰਤ ਤੋਂ ਪਹਿਲਾਂ ਸੀਰੀਆਂ, ਨਾਇਜੀਰੀਆ ਤੇ ਇਰਾਕ ਦੇ ਹੀ ਨੰਬਰ ਆਂਉਂਦੇ ਹਨ । ਸਾਲ 2020 ‘ਚ ਬਜਟ ਸੈਸ਼ਨ ਦੌਰਾਨ ਲੋਕਸਭਾ ‘ਚ ਇਹ ਦੱਸਿਆ ਗਿਆ ਸੀ ਕਿ 2016 ਤੋਂ 2020 ਤੱਕ ਭਾਰਤ ‘ਚ 4000 ਧਾਰਮਿਕ ਦੰਗੇ ਹੋਏ ਸਨ ਭਾਵ ਹਰ ਰੋਜ਼ ਤਕਰੀਬਨ ਤਿੰਨ ਧਾਰਮਿਕ ਫ਼ਸਾਦ !

ਅੱਜ ਅਖ਼ਬਾਰਾਂ ‘ਚ ਇਕ ਖ਼ਬਰ ਛਾਇਆ ਹੋਈ ਹੈ ਕਿ ਆਗਰੇ ‘ਚ ਇਕ ਵਿਆਹ ‘ਚ ਰੱਸਗੁਲੇ ਥੁੜ ਜਾਣ ਕਰਕੇ ਬਾਰਾਤੀਆਂ ਤੇ ਲੜਕੀ ਵਾਲ਼ਿਆਂ ‘ਚ ਲੜਾਈ ਦੌਰਾਨ ਇਕ ਨੌਜਵਾਨ ਦੀ ਚਾਕੂ ਮਾਰਕੇ  ਹੱਤਿਆ ਕਰ ਦਿੱਤੀ ਗਈ । ਜਿਸ ਦੇਸ਼ ਦੇ ਨਾਗਰਿਕ ਰੱਸਗੁਲਿਆਂ ਪਿਛੇ ਕਤਲ ਕਰ ਦੇਣ ਉਸ ਦੇਸ਼ ਦੇ ਵੋਟਰ ਕਦੋਂ ਲੋਕਤੰਤਰ ਦੇ ਅਰਥ ਸਮਝਣਗੇ  ?  ਤੇ ਲੋਕ ਕਦੋਂ ਧਰਮ ਦੇ ਨਾਂ ‘ਤੇ ਵੋਟਾਂ ਮੰਗਣ ਵਾਲਿਆਂ ਨੂੰ ਦੁਰਕਾਰਨਗੇ ? ਇਹ ਇਕ ਬਹੁਤ ਚਿੰਤਾ ਵਾਲ਼ਾ ਸਵਾਲ ਹੈ ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button