EDITORIAL

ਇਯਾਲੀ ਦਾ ‘ਬਗ਼ਾਵਤੀ ਬਿਗਲ’

'ਫ਼ਾਰਮੂਲਾ ਬਾਦਲ' ਫਿਰ ਲਾਗੂ ਹੋਵੇਗਾ!

ਅਮਰਜੀਤ ਸਿੰਘ ਵੜੈਚ (94178-01988)

ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ‘ਚ ਕੱਲ੍ਹ ਦਾ ਦਿਨ ਭਵਿੱਖ ‘ਚ ‘ਇਯਾਲੀ ਪ੍ਰਭਾਵ’ ਕਰਕੇ ਯਾਦ ਕੀਤਾ ਜਾਇਆ ਕਰੇਗਾ : ਸ਼੍ਰੋਮਣੀ ਅਕਾਲੀ ਦਲ ਨੇ 16ਵੇਂ ਰਾਸ਼ਟਰਪਤੀ ਦੀ ਚੋਣ ‘ਚ, ‘ਬਹਾਨੇ ਨਾਲ’, ਭਾਜਪਾ ਦੀ ਉਮੀਦਵਾਰ ਦਰੋਪਦੀ ਮੁਰਮੂ ਦੀ ਹਮਾਇਤ ਕਰਕੇ ਆਪਣੇ-ਆਪ ਨੂੰ ਭਾਜਪਾ ਦੀ ‘ਵਫ਼ਾਦਾਰ ਪਾਰਟੀ’ ਹੋਣ ਦਾ ਸੰਕੇਤ ਦੇਣਾ ਪਾਰਟੀ ਨੂੰ ‘ਇਤਿਹਾਸਿਕ ਬਗਾਵਤ’ ਦੇ ਰੂਪ ਵਿੱਚ ਭੁਗਤਣਾ ਪੈ ਗਿਆ ਹੈ। ਦਾਖਾ ਤੋਂ ਪਾਰਟੀ ਦੇ ਨੌਜਵਾਨ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਰਾਸ਼ਟਰਪਤੀ ਦੇ ਉਮੀਦਵਾਰ ਦੀ ਵੋਟਿੰਗ ਵਿੱਚ ਪਾਰਟੀ ਦੇ ‘ਹੁਕਮ’ ਦੇ ਉਲਟ ਵੋਟਿੰਗ ‘ਚੋਂ ਗ਼ੈਰ-ਹਾਜ਼ਿਰ ਰਹਿ ਕੇ ਪਾਰਟੀ ਦੀ ਲੀਡਰਸਿਪ ‘ਬਾਦਲ ਪਰਿਵਾਰ’ ਨੂੰ ਠੁੱਠ ਵਿਖਾ ਦਿੱਤਾ ਹੈ ਜੋ ਇਹ ਸਮਝਦੀ ਸੀ ਕਿ ਅਕਾਲੀ ਪਾਰਟੀ ‘ਚ ਕਦੇ ਕੋਈ ਅੱਖ-ਚੁੱਕ ਕੇ ਨਹੀਂ ਵੇਖ ਸਕਦਾ।

ਪਾਰਟੀ ‘ਚ ਨਵੀਂ ਲੀਡਰਸ਼ਿਪ ਨੂੰ ਥਾਂ ਨਾ ਦੇਣੀ ਅਤੇ ਥਾਂ ਮੰਗਣ ਵਾਲਿਆਂ ਨੂੰ ਲਾਂਭੇ ਕਰ ਦੇਣਾ ‘ਫਾਰਮੂਲਾ ਬਾਦਲ’ ਕਰਕੇ ਜਾਣਿਆ ਜਾਂਦਾ ਹੈ ; ਸਭ ਤੋਂ ਪਹਿਲਾਂ ਆਪਣੀ ਥਾਂ ਬਣਾਉਣ ਦੀ ਕੋਸ਼ਿਸ਼ ਕਰਨ ਵਾਲੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ‘ਖਾਲਸਾ ਪੰਥ ਸਾਜਨਾ’ ਦੀ ਤੀਜੀ ਸਦੀ ਮਨਾਉਣ ਦੇ ਸਮੇਂ 1999 ‘ਚ ਪਾਰਟੀ ਚੋਂ ਕੱਢ ਦਿੱਤਾ ਗਿਆ ਅਤੇ ਨਾਲ ਉਨ੍ਹਾਂ ਦੇ ਵਫ਼ਾਦਾਰਾਂ, ਚੰਮਦੂਮਾਜਰਾ ਸਮੇਤ ਨੂੰ ਵੀ ਪਾਰਟੀ ਦੇ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ। ਇਸ ਮਗਰੋਂ ਕੈਪਟਨ ਕੰਵਲਜੀਤ ਸਿੰਘ ਹੀ ਪਾਰਟੀ ਦੀ ਟੌਪ ਦ‌ੀ ਲੀਡਰਸ਼ਿਪ ਨੂੰ ਕਦੇ ਚਿਤਾਵਨੀ ਦੇ ਸਕਦੇ ਸਨ। ਕੈਪਟਨ ਦੀ ਅਚਾਨਕ ਇਕ ‘ਸੜਕ ਹਾਦਸੇ’ ਵਿੱਚ ਬੇ-ਮੌਕਾ ਮੌਤ ਨਾਲ ਅਕਾਲੀ ਪਾਰਟੀ ਚੋਂ ਧੜੱਲੇਦਾਰ ਲੀਡਰਾਂ ਦੀ ਸਮਾਪਤ‌ੀ ਹੀ ਹੋ ਗਈ।

ਬਾਦਲ ਪਰਿਵਾਰ ਦੇ ਹਰ ਵਜ਼ਾਰਤ ਵਿੱਚ ਕਈ ਮੰਤਰੀ ਹੁੰਦੇ ਸਨ ਜਿਸ ਕਰਕੇ ਪਾਰਟੀ ਦੇ ਦੂਜੇ ਲੀਡਰ ਆਪਣੇ ਹਲਕਿਆ ‘ਚ ਛਿਥਾ ਮਹਿਸੂਸ ਕਰਦੇ ਸਨ। ਇਥੇ ਹੀ ਬੱਸ ਨਹੀਂ ਜਿਹੜੇ ਇਕ ਵਾਰ ਪਾਰਟੀ ਦੀਆਂ ਉਪਰਲੀਆਂ ਸਫਾਂ ‘ਚ ਜਾ ਬੈਠਦੇ ਸਨ ਫਿਰ ਉਹ ਆਪਣੇ ਕੁਨਬੇ ਦੀ ਹੀ ਪੁਸ਼ਤ ਪਨਾਹੀ ਕਰਦੇ ਸਨ ਜਿਸ ਤਰ੍ਹਾਂ ਬਾਦਲ ਪਰਿਵਾਰ ਕਰਦਾ ਰਿਹਾ ਹੈ। ਪਾਰਟੀ ਹੁਣ ਤੱਕ ਛੇ ਵਾਰ ਪੰਜਾਬ ‘ਤੇ ਰਾਜ ਕਰ ਚੁੱਕੀ ਹੈ ਅਤੇ ਇਹ ਪਾਰਟੀ ਹਰ ਵਾਰੀ ‘ਸਿੱਖ ਪੰਥ ਨੂੰ ਖ਼ਤਰਾ’ ਕਹਿ ਕੇ ਸੱਤ੍ਹਾ ਵਿੱਚ ਆਂਉਦੀ ਰਹੀ ਹੈ ਪਰ ਹੁਣ 2022 ‘ਚ ਸਿੱਖਾਂ ਨੇ ਇਸ ਪਾਰਟੀ ਨੂੰ ਮੁਕੱਮਲ ਤੋਰ ‘ਤੇ ਹੀ ਇਨਕਾਰ ਦਿੱਤਾ ਹੈ। ਪਾਰਟੀ ਦੀ ਨਮੋਸ਼ੀ ਭਰੀ ਹਾਰ ਨੇ ਕਈ ਲੀਡਰਾਂ ਦੇ ਮੰਤਰੀ ਬਣਨ ਦੇ ਸੁਪਨੇ ਚੂਰੋ-ਚੂਰ ਕਰ ਦਿੱਤੇ ਹਨ ਜੋ ਹੁਣ 2027 ਤੱਕ ‘ਡੀਐਕਟਿਵ’ ਕਰ ਹੋ ਗਏ ਹਨ।

ਇਕ ਗੱਲ ਤਾਂ ਸਪੱਸ਼ਟ ਹੋ ਗਈ ਹੈ ਕਿ ਵੱਡੇ ਬਾਦਲ ਸਾਹਿਬ ਤੋਂ ਬਿਨ੍ਹਾਂ ਸੁਖਬੀਰ ਬਾਦਲ ਪਾਰਟੀ ਨੂੰ ਇਕੱਠਿਆਂ ਰੱਖਣ ‘ਚ ਫੇਲ ਹੋ ਗਏ ਹਨ ; ਇਹ ਵੀ ਗੱਲ ਨਿਕਲੀ ਹੈ ਕਿ ਸੁਖਬੀਰ ਬਾਦਲ ਹੁਰੀਂ ਤਾਂ ਪਾਰਟੀ ਦੀ ਕੋਰ ਕਮੇਟੀ ਵਿੱਚ ਕਿਸੇ ਦੀ ਸੁਣਦੇ ਹੀ ਨਹੀਂ ਅਤੇ ਕਿਸੇ ‘ਘਾਗ’ ਲੀਡਰ ਦੀ ਏਨੀ ਹਿੰਮਤ ਵੀ ਨਹੀਂ ਸ‌ੀ ਕਿ ਉਹ ਉੱਠਕੇ ਸੁਖਬੀਰ ਬਾਦਲ ਨੂੰ ਕੋਈ ਸਵਾਲ ਵੀ ਕਰ ਸਕੇ ; ਇਸ ਦਾ ਮਤਲਬ ਹੈ ਕਿ ਪਾਰਟੀ ਦੇ ਅੰਦਰ ਸਭ ਕੁਝ ਠੀਕ ਨਹੀਂ ਚੱਲ ਰਿਹਾ ਸੀ ਜੋ ਇਯਾਲੀ ਦੇ ‘ਬਗ਼ਾਵਤੀ ਬਿਗੁਲ’ ਨੇ ਸਿੱਧ ਕਰ ਦਿੱਤਾ ਹੈ ਕਿ ਕੋਈ ਵੱਡਾ ਤੂਫ਼ਾਨ ਆ ਰਿਹਾ ਹੈ ; ਹਾਲੇ ਤਾਂ ਸ਼ੁ੍ਰੂਆਤ ਹੈ  ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਇਯਾਲੀ ਪਾਰਟੀ ਪ੍ਰਧਾਨ ਦੇ ਬਹੁਤ ਨੇੜੇ ਸੀ।

ਦੂਜਾ ਜਿਹੜਾ ਮੁੱਦਾ ਸਾਹਮਣੇ ਆਇਆ ਹੈ ਕਿ ਸਿੱਖ ਪੰਥ ਦੇ ਮੁੱਦਿਆਂ ‘ਤੇ ਜਿਹੜੇ ਫ਼ੈਸਲੇ ਅਕਾਲੀ ਦਲ ਕਰਦਾ ਰਿਹਾ ਹੈ ਉਨ੍ਹਾਂ ਲਈ ਸਮੁੱਚੇ ਸਿੱਖ ਪੰਥ ਦੀ ਕਦੇ ਰਾਏ ਨਹੀਂ ਲਈ ਜਾਂਦੀ ਸੀ ਜਿਸ ਤਰ੍ਹਾਂ ਇਯਾਲੀ ਨੇ ਸਪੱਸ਼ਟ ਕਰ ਦਿੱਤਾ ਕਿ ਭਾਜਪਾ ਦੇ ਰਾਸ਼ਟਰਪਤੀ ਦੇ ਉਮੀਦਵਾਰ ਨੂੰ ਸਮਰਥਨ ਦੇਣ ਲਈ ਪਾਰਟੀ ਨਾਲ ਕੋਈ ਸਲਾਹ ਨਹੀਂ ਕੀਤੀ ਗਈ ਅਤੇ ਨਾ ਹੀ ਸਿੱਖ ਹਲਕਿਆਂ ‘ਚ ਇਸ ਬਾਰੇ ਗੱਲ ਕੀਤੀ ਗਈ । ਅਸੀ ਇਕ ਵਾਰ ਪਹਿਲਾਂ ਲਿਖਿਆ ਸੀ ਕਿ ਆਕਾਲੀ ਪਾਰਟੀ ਨੂੰ ਸਿੱਖਾਂ ਦ‌ੀ ਪ੍ਰਤੀਨਿਧ ਪਾਰਟੀ ਹੋਣ ਦਾ ਹੱਕ ਕਿਸ ਨੇ ਦਿਤਾ ਹੈ ਇਸ ਤਰ੍ਹਾਂ ਦਾ ਕੋਈ ਤੱਥ ਪਾਰਟੀ ਕੋਲ ਨਹੀਂ ਹੈ ; ਸਿੱਖ ਤਾਂ ਕਾਂਗਰਸ, ਭਾਜਪਾ, ਆਪ, ਤੇ ਕਮਿਊਨਿਸਟ ਪਾਰਟੀਆਂ ‘ਚ ਵੀ ਹਨ।

ਇਯਾਲੀ ਵੱਲੋਂ ਬਗ਼ਾਵਤ ਦਾ ਝੰਡਾ ਚੁੱਕਣ ਦਾ ਮਤਲਬ ਹੈ ਕਿ ਇਕ ਤਾਂ ਸੁਖਬੀਰ ਬਾਦਲ ਲਈ ਚੁਣੌਤੀ ਤੇ ਦੂਜਾ ਇਹ ਵ‌ੀ ਪੱਕਾ ਹੈ ਕਿ ਇਯਾਲੀ ਇਕੱਲਾ ਨਹੀਂ ਹੈ ਉਸ ਨੂੰ ਪਾਰਟੀ ਦੇ ਅੰਦਰੋਂ ਲੁਕਵਾਂ ਸਮੱਰਥਨ ਵੀ ਹੈ ; ਇਸ ਦਾ ਮਤਲਬ ਇਹ ਹੈ ਕਿ ਪਾਰਟੀ ਦੀ ਕੋਰ ਕਮੇਟੀ ਵੱਲੋਂ ’22 ਦੀ ਹਾਰ’ ਦੇ ਕਾਰਨ ਲੱਭਣ ਤੇ ਸੁਝਾ ਦੇਣ ਵਾਲ਼ੀ ‘ਝੂੰਦਾ ਕਮੇਟੀ’ ਦੀ ‘ਲੀਡਰਸ਼ਿਪ ਬਦਲਣ’ ਦੀ ਸਲਾਹ ਨੂੰ ਟੌਪ ਲ਼ਡਿਰਸ਼ਿਪ ਨੇ ਸਵੀਕਾਰ ਨਹੀਂ ਕੀਤਾ ਜਿਸ ਕਾਰਨ ਪਾਰਟੀ ‘ਚ ਹੱਲਚਲ ਹੋਈ ਹੈ ; ਪਾਰਟੀ ਦੇ ਘਾਗ ਲੀਡਰ ਕਰਕੇ ਜਾਣੇ ਜਾਂਦੇ  ਚੰਦੂਮਾਜਰਾ, ਚੀਮਾ, ਭੂੰਦੜ ਤੇ ਮਜੀਠੀਆ (ਮਜੀਠੀਆ ਅਦਾਲਤੀ ਹਿਰਾਸਤ ‘ਚ ਹਨ) ਸਰਵ-ਉੱਚ ਲੀਡਰਸ਼ਿਪ ਨੂੰ ਸਲਾਹ ਦੇਣ ਯੋਗੇ ਵੀ ਨਹੀਂ ਲੱਗਦੇ ਜਿਸ ਦਾ ਸਿੱਟਾ ਨੌਜਵਾਨ ਲ਼ੀਡਰਸ਼ਿਪ ਨੇ ਹੁਣ ਆਪਣੀ ਥਾਂ ਆਪ ਬਣਾਉਣ ਲਈ ਪਰਚੰਮ ਬੁਲੰਦ ਕਰ ਦਿੱਤਾ ਹੈ। ਇੰਜ ਹੁਣ ਇਨ੍ਹਾਂ ‘ਘਾਗ ਲੀਡਰਾਂ’ ਨੇ ਪਾਰਟੀ ਨੂੰ ਅਗਵਾਈ ਦੇ ਦਾ ਸੁਨਿਹਰੀ ਮੌਕਾ ਵੀ ਗਵਾ ਲਿਆ ਹੈ ।

ਅਸੀਂ ਆਪਣੇ 29 ਜੂਨ 022 ਦੇ ਸੰਪਾਦਕੀ ‘ਚ ਪਾਰਟੀ ਨੂੰ ਚਿਤਾਵਨੀ ਦਿਤੀ ਸੀ ਕਿ ਪਾਰਟੀ ਨੂੰ ਵੱਡਾ ਸੰਕਟ ਪੈਦਾ ਹੋ ਰਿਹਾ ਹੈ ਜੋ ਇਯਾਲੀ ਨੇ ਸੱਚ ਕਰ ਦਿੱਤੀ ਹੈ ;”ਭਵਿਖ ਵਿੱਚ ਪਾਰਟੀ ਲੀਡਰਸ਼ਿਪ ਬਦਲਣਾ ਪੱਕਾ ਹੋ ਚੁੱਕਿਆ ਹੈ ਪਰ ਬਾਦਲ ਪਰਿਵਾਰ ਵੱਲੋਂ ਆਖਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪ੍ਰਧਾਨਗੀ ਬਚਾ ਲਈ ਜਾਵੇ ਭਾਵੇਂ ਪਾਰਟੀ ਦਾ ਭਾਜਪਾ ਨਾਲ਼ੋਂ ਨਾਤਾ ਟੁੱਟ ਚੁੱਕਿਆ  ਹੈ ਪਰ ਇਹ ਵੀ ਕਣਸੋਆਂ ਹਨ ਕਿ ਭਾਜਾਪਾ ਭਵਿਖ ਵਿੱਚ ਆਕਾਲੀ ਲੀਡਰਸ਼ਿਪ ਬਦਲਣ ਮਗਰੋਂ ਪਾਰਟੀ  ਨਾਲ਼ ਹੱਥ ਮਿਲ਼ਾ ਸਕਦੀ ਹੈ  ਭਾਜਪਾ ਪੰਜਾਬ ਅਕਾਲੀ ਪਾਰਟੀ ਨੂੰ ਰਾਜ ਸੱਤ੍ਹਾ ਦੇਕੇ  ਪੰਜਾਬ ਵਿੱਚਲੀਆਂ ਸੰਸਦੀ ਸੀਟਾਂਤੇ ਕਬਜ਼ਾ ਕਰਨ ਲਈ  ਭਵਿਖ ਵਿੱਚ ਕਦੇ ਵੀ ਪੈਂਤੜਾ ਬਦਲ ਸਕਦੀ ਹੈ ਇਹ ਤਾਂ ਪੱਕਾ ਹੈ ਕਿ ਲੋਕ ਅਤੇ ਪਾਰਟੀ ਦੇ ਵਰਕਰ ਆਕਾਲੀ ਪਾਰਟੀ ਨੂੰ ਤਾਂ ਚਾਹੁੰਦੇ ਨੇ ਪਰ ਮੋਜੂਦਾ ਲਡਿਰਸ਼ਿਪ ਨਹੀਂ ਹੁਣ ਸਿਰਫ਼ ਇੰਤਜ਼ਾਰ ਹੈ ਕਿ ਬਿੱਲੀ ਦੇ ਗਲ਼ ਟੱਲੀ ਕੌਣ ਬੰਨ੍ਹਦਾ ਹੈ

ਕਿਸੇ  ਵਕਤ  ਵਿਧਾਨ ਸਭਾ 73-1985, 75-1997, 49+19 ਭਾਜਪਾ -2007 ਅਤੇ 56+12 -2012 ਸੀਟਾਂ ਜਿਤਣ ਵਾਲ਼ੀ ਪਾਰਟੀ 2017 ਵਿੱਚ 15 ਅਤੇ 2022 ‘ ਸਿਰਫ਼ 3 ਸੀਟਾਂ ਤੇ ਸੁੰਗੜ ਗਈ ਹੁਣ ਸੰਗਰੁਰ ਲੋਕਸਭਾ ਸੀਟਤੇ ਵੀ ਪਾਰਟੀ ਨੂੰ ਵੱਡੀ ਨਮੋਸ਼ੀ ਝੱਲਣੀ ਪੈ ਰਹੀ ਹੈ  “

ਜੇਕਰ ਹਾਲੇ ਵੀ ਪਾਰਟੀ ਦੇ ਸੁਪਰੀਮੋ ਕਿਸੇ ਭਰਮ ਵਿੱਚ ਹਨ ਤਾਂ ਫਿਰ ਰੱਬ ਰਾਖਾ ! ਇਯਾਲੀ ਨੇ ਜੋ ਮੁੱਦੇ ਉਠਾਏ ਹਨ ਉਨ੍ਹਾਂ ‘ਚ ਸਿੱਖ-ਪੰਥ ਦੇ ਮਸਲੇ, ਪਾਣੀਆਂ ਦੀ ਵੰਡ, ਹਰਿਆਣੇ ਲਈ ਨਵੀਂ ਵਿਧਾਨ ਸਭਾ ਲਈ ਜ਼ਮੀਨ, ਚੰਡੀਗੜ੍ਹ, ਪੰਜਾਬ ਯੂਨੀਵਰਸਿਟੀ,ਬੀਬੀਐੱਮਬੀ ਆਦਿ ਹਨ ਤੇ  ਇਨ੍ਹਾਂ ‘ਚ  ਦਮ ਵੀ ਹੈ। ਇਨ੍ਹਾਂ ਸਾਰੀਆਂ ਚਿੰਤਾਵਾਂ ਦਾ ਕੋਈ ਹੱਲ ਕੱਢਣ ‘ਚ ਇਹ ਪਾਰਟੀ ਪੱਛੜ ਗਈ ਹੈ। ਇਹ ਹੁਣ ਸਮਾਂ ਹੀ ਦੱਸੇਗਾ ਕਿ ਕੀ ਆਕਾਲੀ ਲੀਡਰਸ਼ਿਪ ਅਤੀਤ ਦੀਆਂ ਗ਼ਲਤੀਆਂ ਸੁਧਾਰਨ ਵੱਲ ਤੁਰਦੀ ਹੈ ਕਿ ਡਿਕਟੇਟਰਸ਼ਿਪ ਵੱਲ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button