
ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਸਿਸਟਮ ਵਿੱਚ ਤਕਨੀਕੀ ਖਰਾਬੀ ਕਾਰਨ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਰਿਪੋਰਟਾਂ ਮੁਤਾਬਕ ਇਮੀਗ੍ਰੇਸ਼ਨ ਸਿਸਟਮ ਵਿੱਚ ਸਮੱਸਿਆ ਕਾਰਨ ਏਅਰਪੋਰਟ ‘ਤੇ ਚੈਕਿੰਗ ਤੇ ਪ੍ਰੋਸੈਸਿੰਗ ਦਾ ਕੰਮ ਸਲੋਅ ਪੈ ਗਿਆ, ਜਿਸ ਕਰਕੇ ਯਾਤਰੀਆਂ ਦੀਆ ਲੰਮੀਆਂ-ਲੰਮੀਆਂ ਲਾਈਨਾਂ ਲੱਗ ਗਈਆਂ।
ਇਸ ਕਾਰਨ ਹਵਾਈ ਅੱਡੇ ‘ਤੇ ਹੰਗਾਮੇ ਵਾਲੀ ਸਥੀਤੀ ਬਣ ਗਈ। ਇਹ ਘਟਨਾ ਦੇਰ ਰਾਤ ਦੀ ਦੱਸੀ ਜਾ ਰਹੀ ਹੈ ਅਤੇ ਇਸਦੀ ਇੱਕ ਵੀਡੀਓ ਹੁਣ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਸਥਿਤੀ ਇੰਨੀ ਗੰਭੀਰ ਹੋ ਗਈ ਕਿ ਏਅਰਪੋਰਟ ‘ਤੇ ਕੁਝ ਸਮੇਂ ਲਈ ਹਫੜਾ-ਦਫੜੀ ਮਚ ਗਈ, ਜਿਸ ਕਾਰਨ ਯਾਤਰੀਆਂ ਨੂੰ ਘੰਟਿਆਂ ਤੱਕ ਇੰਤਜ਼ਾਰ ਕਰਨਾ ਪਿਆ। ਬਹੁਤ ਸਾਰੇ ਯਾਤਰੀਆਂ ਨੇ ਆਪਣੀਆਂ ਉਡਾਣਾਂ ਬਾਰੇ ਚਿੰਤਾ ਪ੍ਰਗਟ ਕੀਤੀ, ਜਦੋਂ ਕਿ ਕਈਆਂ ਨੂੰ ਦੇਰੀ ਕਾਰਨ ਅਸੁਵਿਧਾ ਦਾ ਸਾਹਮਣਾ ਕਰਨਾ ਪਿਆ।
ਹਾਲਾਂਕਿ, ਹਵਾਈ ਅੱਡਾ ਪ੍ਰਸ਼ਾਸਨ ਨੇ ਤੁਰੰਤ ਸਥਿਤੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਤੇ ਤਕਨੀਕੀ ਟੀਮ ਨੂੰ ਮੌਕੇ ‘ਤੇ ਬੁਲਾ ਕੇ ਸਿਸਟਮ ਨੂੰ ਦਰੁਸਤ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ। ਹੌਲੀ-ਹੌਲੀ, ਸਥਿਤੀ ਨੂੰ ਕਾਬੂ ਵਿੱਚ ਲਿਆਂਦਾ ਗਿਆ, ਅਤੇ ਯਾਤਰੀ ਪ੍ਰਕਿਰਿਆ ਆਮ ਵਾਂਗ ਸ਼ੁਰੂ ਹੋ ਗਈ।
ਏਅਰਪੋਰਟ ਡਾਇਰੈਕਟਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਇਮੀਗ੍ਰੇਸ਼ਨ ਵਿੱਚ ਤਕਨੀਕੀ ਖਰਾਬੀ ਕਾਰਨ ਕੱਲ੍ਹ ਰਾਤ ਥੋੜ੍ਹੀ ਦੇਰ ਲਈ ਹਫੜਾ-ਦਫੜੀ ਮਚ ਗਈ। ਉਨ੍ਹਾਂ ਕਿਹਾ ਕਿ ਸਮੱਸਿਆ ਰਾਤ 11:00 ਵਜੇ ਤੱਕ ਬਣੀ ਰਹੀ, ਪਰ ਉਸ ਤੋਂ ਬਾਅਦ ਸਿਸਟਮ ਪੂਰੀ ਤਰ੍ਹਾਂ ਠੀਕ ਹੋ ਗਿਆ ਅਤੇ ਸਥਿਤੀ ਆਮ ਵਾਂਗ ਹੋ ਗਈ।
ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਹਵਾਈ ਅੱਡੇ ‘ਤੇ ਸਾਰੀਆਂ ਸੇਵਾਵਾਂ ਹੁਣ ਸੁਚਾਰੂ ਢੰਗ ਨਾਲ ਚੱਲ ਰਹੀਆਂ ਹਨ ਅਤੇ ਯਾਤਰੀਆਂ ਨੂੰ ਕੋਈ ਸਮੱਸਿਆ ਨਹੀਂ ਆ ਰਹੀ ਹੈ। ਪ੍ਰਸ਼ਾਸਨ ਨੇ ਭਵਿੱਖ ਵਿੱਚ ਅਜਿਹੀ ਸਥਿਤੀ ਤੋਂ ਬਚਣ ਲਈ ਸਿਸਟਮ ਵਿੱਚ ਹੋਰ ਮਜ਼ਬੂਤ ਨਿਗਰਾਨੀ ਅਤੇ ਤਕਨੀਕੀ ਸੁਧਾਰਾਂ ਦੇ ਨਿਰਦੇਸ਼ ਜਾਰੀ ਕੀਤੇ ਹਨ। ਇਸ ਵੇਲੇ ਹਵਾਈ ਅੱਡੇ ‘ਤੇ ਸਥਿਤੀ ਆਮ ਹੈ, ਅਤੇ ਯਾਤਰੀਆਂ ਦੀ ਆਵਾਜਾਈ ਆਮ ਵਾਂਗ ਜਾਰੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




