ਅਮਰੀਕਾ ਵਿੱਚ ਉਡਾਣਾਂ ‘ਤੇ ਲੱਗੀ ਰੋਕ ਹਟਣ ਤੋਂ ਬਾਅਦ ਵੀ ਹਜ਼ਾਰਾਂ ਉਡਾਣਾਂ ਰੱਦ

ਅਮਰੀਕਾ ਵਿੱਚ ਹਵਾਈ ਆਵਾਜਾਈ ਕੰਟਰੋਲ (ਏਅਰ ਟਰੈਫਿਕ ਕੰਟਰੋਲ) ਸਿਸਟਮ ਵਿੱਚ ਖਰਾਬੀ ਆਉਣ ਕਾਰਨ ਸ਼ੁੱਕਰਵਾਰ ਨੂੰ ਦੇਸ਼ ਭਰ ਵਿੱਚ ਉਡਾਣਾਂ ‘ਤੇ ਲੱਗੀ ਰੋਕ ਹਟਾਉਣ ਦੇ ਬਾਵਜੂਦ, ਸ਼ਨਿੱਚਰਵਾਰ ਨੂੰ 2,000 ਤੋਂ ਵੱਧ ਉਡਾਣਾਂ ਨੂੰ ਰੱਦ ਕਰਨਾ ਪਿਆ। ਇਸ ਕਾਰਨ ਵੱਡੀ ਗਿਣਤੀ ਵਿੱਚ ਯਾਤਰੀ ਪ੍ਰਭਾਵਿਤ ਹੋਏ ਅਤੇ ਖੇਡ ਟੀਮਾਂ ਨੂੰ ਵੀ ਆਪਣੀ ਯਾਤਰਾ ਲਈ ਬਦਲਵੇਂ ਪ੍ਰਬੰਧ ਕਰਨੇ ਪਏ।ਪਿਛਲੇ 25 ਸਾਲਾਂ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਅਮਰੀਕਾ ਵਿੱਚ ਇੰਨੇ ਲੰਮੇ ਸਮੇਂ ਲਈ ਉਡਾਣਾਂ ਰੋਕੀਆਂ ਗਈਆਂ ਹੋਣ। ਏਅਰਲਾਈਨ ਕੰਪਨੀਆਂ ਹੁਣ ਆਪਣੀਆਂ ਸੇਵਾਵਾਂ ਨੂੰ ਮੁੜ ਆਮ ਵਾਂਗ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਅਮਰੀਕੀ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਏਅਰ ਟਰੈਫਿਕ ਕੰਟਰੋਲ ਸਿਸਟਮ ਵਿੱਚ ਨਵੀਂ ਤਕਨੀਕ ਸ਼ਾਮਲ ਕਰਨ ਨਾਲ ਪੁਰਾਣੇ ਉਪਕਰਣਾਂ ‘ਤੇ ਭਾਰੀ ਦਬਾਅ ਪਿਆ, ਜਿਸ ਕਾਰਨ ਸੰਚਾਰ ਅਤੇ ਰਾਡਾਰ ਸੇਵਾਵਾਂ ਵਿੱਚ ‘ਰੁਕ-ਰੁਕ ਕੇ’ ਵਿਘਨ ਪਿਆ ਅਤੇ ਚਾਰ ਘੰਟਿਆਂ ਤੋਂ ਵੱਧ ਸਮੇਂ ਤੱਕ ਉਡਾਣਾਂ ਨੂੰ ਰੋਕਣਾ ਪਿਆ।ਸ਼ੁੱਕਰਵਾਰ ਰਾਤ ਕਰੀਬ 8:15 ਵਜੇ (ਈਸਟਰਨ ਟਾਈਮ) ਰੋਕ ਹਟਣ ਤੋਂ ਬਾਅਦ ਸੀਮਤ ਗਿਣਤੀ ਵਿੱਚ ਘਰੇਲੂ ਉਡਾਣਾਂ ਰਵਾਨਾ ਹੋਈਆਂ। ਹਾਲਾਂਕਿ, ਅਧਿਕਾਰੀਆਂ ਨੇ ਉਮੀਦ ਜਤਾਈ ਹੈ ਕਿ ‘ਥੈਂਕਸਗਿਵਿੰਗ’ (Thanksgiving) ਮੌਕੇ ਯਾਤਰੀਆਂ ਦੀ ਭੀੜ ਵਧਣ ਤੱਕ ਸਥਿਤੀ ਆਮ ਵਾਂਗ ਹੋ ਜਾਵੇਗੀ। ‘ਫਲਾਈਟਅਵੇਅਰ’ ਵੈੱਬਸਾਈਟ ਅਨੁਸਾਰ, ਸ਼ਨਿੱਚਰਵਾਰ ਨੂੰ ਅਮਰੀਕਾ ‘ਚ 2,500 ਤੋਂ ਵੱਧ ਉਡਾਣਾਂ ਰੱਦ ਕੀਤੀਆਂ ਗਈਆਂ ਅਤੇ ਸੈਂਕੜੇ ਹੋਰ ਲੇਟ ਹੋਈਆਂ। ਕਈ ਯਾਤਰੀ ਆਪਣੀ ਮੰਜ਼ਿਲ ਤੱਕ ਪਹੁੰਚਣ ਲਈ ਬੱਸਾਂ ਅਤੇ ਟਰੇਨਾਂ ਲੱਭਦੇ ਨਜ਼ਰ ਆਏ।ਟਰਾਂਸਪੋਰਟ ਮੰਤਰੀ ਸ਼ੌਨ ਡਫੀ ਨੇ ਨਵੀਂ ਤਕਨੀਕ ਲਈ ਵਾਧੂ ਫੰਡ ਮਨਜ਼ੂਰ ਨਾ ਕਰਨ ਵਾਸਤੇ ਅਮਰੀਕੀ ਸੰਸਦ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ, “ਸਾਨੂੰ ਅਜਿਹੀ ਰੁਕਾਵਟ ਦੀ ਉਮੀਦ ਨਹੀਂ ਸੀ। ਅਸੀਂ ਖਰਾਬੀ ਦਾ ਪਤਾ ਲਗਾ ਕੇ ਸਿਸਟਮ ਨੂੰ ਮੁੜ ਚਾਲੂ ਕਰ ਲਿਆ ਹੈ, ਪਰ ਭਵਿੱਖ ਵਿੱਚ ਅਜਿਹੀਆਂ ਸਮੱਸਿਆਵਾਂ ਮੁੜ ਆ ਸਕਦੀਆਂ ਹਨ।” ਉਨ੍ਹਾਂ ਸਪਸ਼ਟ ਕੀਤਾ ਕਿ ਇਸ ਸਮੱਸਿਆ ਦਾ ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ (FAA) ਦੇ ਨਵੇਂ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਸਿਸਟਮ ਨਾਲ ਕੋਈ ਸਬੰਧ ਨਹੀਂ ਸੀ।
ਅਮਰੀਕਾ ਦੇ ਅੰਦਰੂਨੀ ਸੁਰੱਖਿਆ ਮੰਤਰੀ ਮਾਰਕਵੇਨ ਮੁਲਿਨ ਨੇ ਵ੍ਹਾਈਟ ਹਾਊਸ ਵਿਖੇ ਪੱਤਰਕਾਰਾਂ ਨੂੰ ਦੱਸਿਆ ਕਿ ਸ਼ੁੱਕਰਵਾਰ ਨੂੰ 3,000 ਤੋਂ ਵੱਧ ਜਹਾਜ਼ਾਂ ਨੂੰ ਸੁਰੱਖਿਅਤ ਉਤਾਰਿਆ ਗਿਆ ਸੀ ਅਤੇ ਕਿਸੇ ਦੀ ਜਾਨ ਨੂੰ ਕੋਈ ਖਤਰਾ ਨਹੀਂ ਸੀ। ਜਨਵਰੀ 2023 ਅਤੇ 11 ਸਤੰਬਰ 2001 ਦੇ ਅਤਿਵਾਦੀ ਹਮਲਿਆਂ ਤੋਂ ਬਾਅਦ, ਦੇਸ਼ ਭਰ ਵਿੱਚ ਉਡਾਣਾਂ ‘ਤੇ ਰੋਕ ਲੱਗਣ ਦਾ ਇਹ ਇੱਕ ਵੱਡਾ ਮਾਮਲਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




