EDITORIAL

ਵਪਾਰੀਆਂ ਦਾ 10 ਲੱਖ ਕਰੋੜ ਦਾ ਕਰਜ਼ਾ ਮਾਫ਼

ਕਿਸਾਨ ਲਗੇ ਫਾਹੇ ਤੇ ਚੌਕਸੀ ਲੁੱਟੇ ਮੌਜਾਂ

ਇਹ ਹੈ ਭਾਰਤ ਦਾ ‘ਵਿਕਾਸ’

ਅਮਰਜੀਤ ਸਿੰਘ ਵੜੈਚ (94178-01988) 

ਦੇਸ਼ ਦੀਆਂ ਸਰਹੱਦਾਂ ਦੀ ਜਾਨ ਤਲ਼ੀ ‘ਤੇ ਰੱਖਕੇ ਰਾਖੀ ਕਰਨ ਲਈ ਨਵੇਂ ਭਰਤੀ ਹੋਣ ਵਾਲ਼ੇ ਜਵਾਨ ਭਾਵ ਅਗਨੀਵੀਰ ਦੀ ਮਹੀਨੇ ਦੀ ਤਨਖਾਹ 30 ਹਜ਼ਾਰ ਰੁਪਏ ਹੋਏਗੀ ਜਦੋਂ ਕਿ ਦੇਸ਼  ਦੇ ਬੈਂਕਾਂ ਨੂੰ ਚੂਨਾ ਲਾਉਣ ਵਾਲ਼ੇ ਵਪਾਰੀਆਂ ਤੇ ਉਦਯੋਗਪਤੀਆਂ ਦਾ ਬੈਂਕਾਂ ਨੇ ਪਿਛਲੇ ਪੰਜ ਸਾਲਾਂ ‘ਚ 10 ਲੱਖ ਕਰੋੜ ਰੁ: ਦਾ ਕਰਜ਼ਾ ਮਾਫ਼ ਕਰ ਦਿਤਾ ਹੈ : ਜਦੋਂ ਤੁਸੀਂ ਸਾਰੇ ਕੋਰੋਨਾ ਮਹਾਂਮਾਰੀ ਦੌਰਾਨ ‘ਰਾਸ਼ਟਰੀ ਲੌਕਡਾਊਨ’ ਦੇ ਡਰ ਤੋਂ ਘਰਾਂ ‘ਚ ਦੁਬਕੇ ਆਪਣੇ ਬੱਚਿਆਂ ਨੂੰ ਛੁਹਣ ਤੋਂ ਵੀ  ਡਰ ਰਹੇ ਸੀ ਤਾਂ ਭਾਰਤੀ ਬੈਂਕਾਂ ਨੇ ਉਸ ਵਰ੍ਹੇ ਵੀ ਬੈਂਕਾਂ ਦੇ ਵੱਡੇ ਦੇਣਦਾਰਾਂ ਦੇ ਦੋ ਲੱਖ ਦੋ ਹਜ਼ਾਰ ਕਰੋੜ ਰੁ: ਦੇ ਕਰਜ਼ੇ ਦੇ ਬੈਂਕ ਖਾਤਿਆਂ ‘ਤੇ ਲੀਕ ਫੇਰ ਦਿਤੀ ਸੀ ; ਇਕੱਲੇ  ਹੀਰਿਆਂ ਦੇ ਵਪਾਰੀ ਮੇਹਲ ਚੌਕਸੀ ਦੇ ਹੀ ਸੱਤ ਹਜ਼ਾਰ ਕਰੋੜ ਤੋਂ ਵੱਧ ਦੇ ਕਰਜ਼ੇ ਖਤਮ ਕਰ ਦਿਤੇ ਗਏ : ਚੌਕਸੀ ਦੇਸ਼ ਛੱਡ ਕੇ ਭੱਜ ਗਿਆ ਸੀ ਤੇ ਅੱਜ ਕੱਲ੍ਹ ਗੁਆਟੀਮਾਲਾ ‘ਚ ਨਾਗਰਿਕ ਬਣ ਕੇ ਰਹਿ ਰਿਹਾ ਹੈ ; ਇਹ ਹੈ ਨਵੇਂ ਭਾਰਤ ਦਾ ਵਿਕਾਸ ਤੇ ਵਿਸ਼ਵਾਸ !

ਸਰਕਾਰ ਨੇ ਲੋਕ ਸਭਾ ‘ਚ ਦਾਅਵਾ ਕੀਤਾ ਹੈ ਕਿ ਦੇਸ਼ ਵਿੱਚ ਮਹਿੰਗਾਈ ਨਹੀਂ ਵਧੀ : ਪਿਆਜ਼ ਗਰੀਬ ਤੇ ਅਮੀਰ ਹਰ ਘਰ ‘ਚ ਵਰਤਿਆ ਜਾਂਦਾ ਹੈ ; ਅੱਜ ਪਿਆਜ਼ 41 ਰੁ: ਕਿਲੋ ਵਿੱਕ ਰਿਹਾ ਹੈ ਜੋ 2013-14 ‘ਚ 15 ਰੁ; ਸੀ । ਇਸ ਵਰ੍ਹੇ ਮਹਾਂਰਾਸ਼ਟਰ ‘ਚ ਏਸ਼ੀਆ ‘ਚ ਪਿਆਜ਼ਾ ਦੀ ਸੱਭ ਤੋਂ ਵੱਡੀ ਮੰਡੀ ਲਾਸਾਲਾਗਾਓਂ ‘ਚ ਪਿਆਜ਼ 54 ਰੁ: ਹੋਲਸੇਲ ‘ਚ ਵਿੱਕ ਚੁੱਕਿਆ ਹੈ ; ਕੀ ਏਹ ਮਹਿੰਗਾਈ ਨਹੀਂ ? ਇਕ ਡਾਲਰ ਦੀ ਕੀਮਤ 1925 ‘ਚ 25 ਪੈਸੇ ਸੀ ‘ਤੇ 1947 ‘ਚ 4 ਰੁ:60 ਪੈਸੇ, 2000 ‘ਚ 44.94 2014 ‘ਚ 62.33 ‘ਤੇ ਹੁਣ ਜੁਲਾਈ 18 ਨੂੰ ਇਹ 80 ਰੁ: ਨੂੰ ਛੂਹ ਗਈ ਹੈ। ਜੇ ਰੁਪੱਈਆ ਦਿਨੋ-ਦਿਨ ਡਾਲਰ ਦੇ ਮੁਕਾਬਲੇ ਕਮਜ਼ੋਰ ਹੋ ਰਿਹਾ ਹੈ ਤਾਂ ਫਿਰ ਮਹਿੰਗਾਈ ਕਿਵੇਂ ਨਹੀਂ ਵਧੇਗੀ ?

ਐੱਲਪੀਜੀ, ਸੀਐਨਜੀ, ਡੀਜ਼ਲ ਤੇ ਪੈਟਰੋਲ  ਦੀਆਂ ਕੀਮਤਾਂ ਆਤਿਸ਼ਬਾਜ਼ੀ ਵਾਂਙ ਅਸਮਾਨੀ ਜਾ ਲੱਗੀਆਂ ਹਨ ਤਾਂ ਫਿਰ ਮਹਿੰਗਾਈ ਕਿਉਂ ਨਹੀਂ ਵਧੇਗੀ ? ਜੀਐੱਸਟੀ ਹੁਣ ਪੈਕਟ ‘ਚ ਵਿਕਣ ਵਾਲ਼ੇ ਦੁਧ,ਦਹੀ,ਪਨੀਰ,ਮਸਾਲੇ ਤੇ ਦਾਲ਼ਾਂ ਤੇ ਵੀ ਲਾ ਦਿਤੀ ਹੈ ; ਖਾਦਾਂ, ਦਵਾਈਆਂ, ਬੀਜਾਂ, ਕੱਪੜੇ, ਜੁੱਤੀਆਂ, ਕਿਤਾਬਾਂ, ਕਾਪੀਆਂ ਆਦਿ ‘ਤੇ ਜੀਐੱਸਟੀ ਲਾ ਦਿਤਾ ਗਿਆ ਹੈ ; ਤਾਂ ਫਿਰ  ਮਹਿੰਗਾਈ ਕਿਉਂ ਨਹੀਂ ਵਧੇਗੀ ?

ਲੌਕਡਾਉਨ ਦੌਰਾਨ ਢਾਈ ਕਰੋੜ ਲੋਕ ਨੌਕਰੀਆਂ ਤੋਨ ਹੱਥ ਧੋ ਬੈਠੇ ਤੇ ਲੱਖਾਂ ਦੀ ਗਿਣਤੀ ‘ਚ ਲੋਕ ਬੇਘਰ ਹੋਕੇ ਸੜਕਾਂ ‘ਤੇ ਆ ਗਏ ਪਰ ਉਧਰ ਸਰਕਾਰ ਵੱਡੇ-ਵੱਡੇ ਕਾਰੋਬਾਰੀਆਂ ਦੇ ਕਰਜ਼ੇ ,ਐੱਨਪੀਏ ਕਹਿਕੇ , ਮਾਫ਼ ਕਰਨ ਲੱਗੀ ਹੋਈ ਹੈ । ਸਾਲ 2021-22 ‘ਚ 1.57 ਲੱਖ ਹਜ਼ਾਰ ਕਰੋੜ, 2020-21 ‘ਚ 2.02 ਲੱਖ ਹਜ਼ਾਰ ਕਰੋੜ, 2019-20 ‘ਚ 2.34 ਲੱਖ ਕਰੋੜ 2018-19 ‘ਚ 2.36 ਲੱਖ ਕਰੋੜ  ਤੇ 2017-18 ‘ਚ 1.61 ਲੱਖ ਕਰੋੜ ਰੁ: ਵੱਡੇ ਕਰਜ਼ਦਾਰਾਂ ਦੇ ਕਰਜ਼ੇ ਮਾਫ਼ ਕਰ ਦਿਤੇ ਗਏ। ਇਹ ਜਾਣਕਾਰੀ ਰਾਜ ਸਭਾ ‘ਚ ਲਿਖਤੀ ਰੂਪ ਦਿੰਦਿਆਂ ਕੇਂਦਰੀ ਵਿੱਤ ਰਾਜ ਮੰਤਰੀ ਭਗਵਤ ਕਰਾਦ ਨੇ ਦੱਸਿਆ ਕਿ ਜਿਨ੍ਹਾਂ ਲੋਕਾਂ ਦੇ ਕਰਜ਼ੇ ਮਾਫ਼ ਕੀਤੇ ਗਏ ਹਨ ਉਨ੍ਹਾਂ ਦੀ ਗਿਣਤੀ 10 ਹਜ਼ਾਰ 306 ਹੈ। ਬਹੁਤੇ ਕਰਜ਼ਦਾਰਾਂ ਦਾ ਕਰਜ਼ਾ ਤਾਂ ਲੌਕਡਾਊਨ ਦਾ ਬਹਾਨਾ ਬਣਾਕੇ ਹੀ ਮਾਫ਼ ਕਰ ਦਿਤਾ ਗਿਆ ਹੈ। ਕਰੋਨਾ ਕਾਲ਼ ਸਮੇਂ ਖੇਤੀ ਸੈਕਟਰ ਹੀ ਇਕੋ ਇਕ ਸੈਕਟਰ ਸੀ ਜਿਸ ਦੀ ਸਾਲਾਨਾ ਵਿਕਾਸ ਦਰ ਵਧੀ ਸੀ ਤੇ ਸਮੁੱਚੇ ਦੇਸ਼ ਦੀ ਵਿਕਾਸ ਦਰ ਮਨਫ਼ੀ 24 ਫ਼ੀਸਦ ਹੋ ਗਈ।

ਪ੍ਰਧਾਨ ਮੰਤਰੀ ਨਰਿਮਧਰ ਮੋਦੀ  ਨੇ  ਅੱਠ ਨਵੰਬਰ 2016 ਨੂੰ ਦੇਸ਼ ‘ਚ ਨੋਟ ਬੰਦੀ ਇਨ੍ਹਾਂ ਦਾਅਵਿਆਂ ਨਾਲ਼ ਕੀਤੀ ਸੀ ਕਿ ਦੇਸ਼ ‘ਚੋ ਕਾਲ਼ਾ ਧੰਨ ਖਤਮ ਹੋਵੇਗਾ,ਲੋਕ ਕੈਸ਼ਲੈਸ ਲੈਣਦੇਣ ਕਰਨ ਵੱਲ ਆਉਣਗੇ ਤੇ ਬਾਜ਼ਾਰ ‘ਚੋ ਨਕਲੀ ਕਰੰਸੀ ਖਤਮ ਹੋ ਜਾਵੇਗੀ : ਲੋਕਾਂ ਉਹ ਕੌੜਾ ਘੁੱਟ ਵੀ ਬਰ ਲਿਆ ਪਰ ਅੱਜ ਵੀ ਸਰਕਾਰ ਖ਼ੁਦ ਮੰਨਦੀ ਹੈ ਕਿ ਬਾਜ਼ਾਰ ਵਿੱਚ ਨਕਲੀ ਨੋਟਾਂ ਦੀ ਭਰਮਾਰ ਹੈ । ਅਰਥ ਸ਼ਾਸਤਰੀਆਂ ਦਾ ਕਹਿਣਾ ਹੈ ਕਿ ਕਾਲ਼ਾ ਧੰਨ ਤਾਂ ਸਿਰਫ਼ 5 ਫ਼ੀਸਦ ਹੀ ਨਕਦੀ ਦੇ ਰੂਪ ‘ਚ ਪਿਆ ਸੀ 95 ਫ਼ੀਸਦ ਤਾਂ ਜ਼ਮੀਨਾਂ, ਸੋਨੇ ਤੇ ਵਪਾਰ ‘ਚ ਲੱਗਿਆ ਹੋਇਆ ਹੈ। ਆਰਬੀਆਈ ਨੇ ਪਿਛਲੇ ਵਰ੍ਹੇ ਖ਼ੁਦ ਮੰਨਿਆ ਹੈ ਕਿ ਲੋਕਾਂ ਕੋਲ਼ ਨਕਦੀ ਪਹਿਲਾਂ ਨਾਲ਼ੋ ਵੱਧ ਹੈ ਤੇ 95 ਫ਼ੀਸਦ ਲੋਕ ਹਾਲੇ ਵੀ ਖ਼ਰੀਦਦਾਰੀ ਨਕਦੀ ਨਾਲ਼ ਹੀ ਕਰਦੇ ਹਨ।

ਨੀਰਵ ਮੋਦੀ ਤੇ ਮੇਹਲ ਚੌਕਸੀ  (12 ਹਜ਼ਾਰ ਕਰੋੜ), ਵਿਜੇ ਮਾਲਿਆ (9 ਹਜ਼ਾਰ ਕਰੋੜ) ਤੇ ਸੈਂਡੀਸਾਰਾ (16 ਹਜ਼ਾਰ ਕਰੋੜ) ਦਾ ਦੇਸ਼ ਨੂੰ ਚੂਨਾ ਲਾਕੇ ਬਾਹਰਲੇ ‘ਟੈਕਸ ਸਵਰਗਾਂ’ ‘ਚ ਮੌਜਾਂ ਮਾਣ ਰਹੇ ਹਨ  ਤੇ ਇਧਰ  ਮਜ਼ਦੂਰ,ਛੋਟਾ ਵਪਾਰੀ ‘ਤੇ ਘੱਟ ਤਨਖਾਹ ਲੈਣ ਵਾਲ਼ੇ ਲੋਕ ਮਹਿੰਗਾਈ ਦੀ ਚੱਕੀ ‘ਚ ਪਿਸ ਰਹੇ ਹਨ ; 3-4 ਲੱਖ ਦਾ ਕਰਜ਼ਾ ਵਾਲ਼ਾ ਕਿਸਾਨ ਫ਼ਾਹਾ ਲੈਣ ਲਈ ਮਜਬੂਰ ਕਰ ਦਿਤਾ ਗਿਆ ਹੈ। ਅਰਥ-ਸ਼ਾਸਤਰੀ ਕਹਿ ਰਹੇ ਹਨ ਕਿ ਅਸੀਂ ਵੀ ਸ੍ਰੀ ਲੰਕਾ ਵਾਲ਼ੀ ਸਥਿਤੀ ‘ਚ ਆਉਣ ਵਾਲੇ ਹਾਂ ਕਿਉਂਕਿ ਸਾਡੇ ਮੁਲਕ ਦਾ ਵਪਾਰ ਘਾਟਾ ਵੀ ਵਧ ਰਿਹਾ ਹੈ ; ਸਾਡਾ ਆਯਾਤ ਵਧ ਗਿਆ ਹੈ ਤੇ ਨਿਰਯਾਤ ਘੱਟ ਗਿਆ ਹੈ ਜਿਸ ਨਾਲ਼ ਸਾਡਾ ਵਿਦੇਸ਼ੀ ਪੁੰਜੀ ਭੰਡਾਰ ਘਟ ਗਿਆ ਹੈ। ਇਸ ਵਕਤ ਫ਼ੌਰੀ ਲੋੜ ਮਹਿੰਗਾਈ ਉਪਰ ਕਾਬੂ ਪਾਉਣ ਦੀ ਹੈ ਤਾਂ ਕਿ ਲੋਕਾਂ ਦਾ ਸਾਹ ਲੈਣਾ ਸੌਖਾ ਕੀਤਾ ਜਾ ਸਕੇ  ਤੇ ਸਰਕਾਰ ਨੂੰ ਚਾਹੀਦਾ ਹੈ ਕਿ ਜਨਤਾ ਨੂੰ ਦੱਸੇ ਕਿ ਜਦੋਂ ਸਰਕਾਰ ਟੈਕਸ ‘ਤੇ ਟੈਕਸ ਠੋਕੀ ਜਾ ਰਹੀ ਹੈ ਤਾਂ ਫਿਰ ਖਰਬਾਂ ਰੁਪੱਈਆਂ ਦਾ ਕਰਜ਼ਾ ਕਿਉਂ ਮਾਫ਼ ਕੀਤਾ ਜਾ ਰਿਹਾ ਹੈ ?

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button