
ਪੰਜਾਬ ਭਾਰਤੀ ਜਨਤਾ ਪਾਰਟੀ ਵੱਲੋਂ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਦਿਆਂ ਸੂਬਾ ਮੋਰਚਾ ਇੰਚਾਰਜਾਂ ਦੀਆਂ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ। ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਸ਼ਨੀਵਾਰ ਨੂੰ ਇਨ੍ਹਾਂ ਅਹਿਮ ਨਿਯੁਕਤੀਆਂ ਦਾ ਅਧਿਕਾਰਤ ਐਲਾਨ ਕੀਤਾ। ਇਸ ਸੂਚੀ ਵਿੱਚ ਸਭ ਤੋਂ ਵੱਧ ਚਰਚਾ ਦਾ ਵਿਸ਼ਾ ਇਹ ਹੈ ਕਿ ਮਹਿਲਾ ਮੋਰਚਾ ਦੀ ਕਮਾਨ ਇੱਕ ਪੁਰਸ਼ ਆਗੂ ਨੂੰ ਸੌਂਪੀ ਗਈ ਹੈ, ਜੋ ਇਸ ਵੇਲੇ ਪੰਜਾਬ ਭਾਜਪਾ ਦੇ ਸੂਬਾ ਜਨਰਲ ਸਕੱਤਰ ਵਜੋਂ ਸੇਵਾਵਾਂ ਨਿਭਾਅ ਰਹੇ ਹਨ।
ਪਾਰਟੀ ਵੱਲੋਂ ਜਾਰੀ ਕੀਤੀ ਗਈ ਸੂਚੀ ਵਿੱਚ ਕੁੱਲ 6 ਮੋਰਚਾ ਇੰਚਾਰਜਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ। ਇਸ ਤਹਿਤ ਅਨਿਲ ਸਰੀਨ ਨੂੰ ਮਹਿਲਾ ਮੋਰਚਾ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ, ਜਦਕਿ ਰਾਕੇਸ਼ ਰਾਠੌਰ ਨੂੰ ਘੱਟ ਗਿਣਤੀ ਮੋਰਚਾ (ਅਲਪਸੰਖਿਅਕ) ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸੇ ਤਰ੍ਹਾਂ ਪਰਮਿੰਦਰ ਬਰਾੜ ਨੂੰ ਯੁਵਾ ਮੋਰਚਾ, ਜੀਵਨ ਗਰਗ ਨੂੰ ਕਿਸਾਨ ਮੋਰਚਾ, ਰਜਨੀਸ਼ ਧੀਮਾਨ ਨੂੰ ਐੱਸ.ਸੀ. ਮੋਰਚਾ ਅਤੇ ਰਾਜੇਸ਼ ਬਾਘਾ ਨੂੰ ਓ.ਬੀ.ਸੀ. (OBC) ਮੋਰਚਾ ਦਾ ਇੰਚਾਰਜ ਲਗਾਇਆ ਗਿਆ ਹੈ।
ਦੂਜੇ ਪਾਸੇ, ਪੰਜਾਬ ਭਾਜਪਾ ਵੱਲੋਂ ਮਹਿਲਾ ਮੋਰਚਾ ਦਾ ਇੰਚਾਰਜ ਇੱਕ ਪੁਰਸ਼ ਆਗੂ ਨੂੰ ਬਣਾਏ ਜਾਣ ‘ਤੇ ਕਾਂਗਰਸ ਨੇ ਤਿੱਖਾ ਸਿਆਸੀ ਤੰਜ ਕੱਸਿਆ ਹੈ। ਕਾਂਗਰਸ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਪੇਜ ‘ਤੇ ਪੋਸਟ ਸਾਂਝੀ ਕਰਦਿਆਂ ਨਿਸ਼ਾਨਾ ਸਾਧਿਆ ਕਿ ਜਿਹੜੀ ਪਾਰਟੀ ਆਪਣੇ ਮਹਿਲਾ ਮੋਰਚਾ ਦੇ ਇੰਚਾਰਜ ਦਾ ਅਹੁਦਾ ਤੱਕ ਕਿਸੇ ਮਹਿਲਾ ਆਗੂ ਨੂੰ ਨਹੀਂ ਦੇ ਸਕਦੀ, ਉਹ ਸੰਸਦ ਦੀਆਂ 543 ਸੀਟਾਂ ਵਿੱਚੋਂ ਕੁਝ ਸੀਟਾਂ ਔਰਤਾਂ ਲਈ ਕਿਵੇਂ ਛੱਡੇਗੀ? ਕਾਂਗਰਸ ਨੇ ਅੱਗੇ ਲਿਖਿਆ ਕਿ ਇਹੀ ਅਸਲ ਕਾਰਨ ਹੈ ਕਿ ਭਾਜਪਾ ਹੱਦਬੰਦੀ ਬਿੱਲ ਲਿਆਉਣਾ ਚਾਹੁੰਦੀ ਹੈ। ਕਾਂਗਰਸ ਨੇ ਸਲਾਹ ਦਿੱਤੀ ਕਿ ਭਾਜਪਾ ਨੂੰ ਸਭ ਤੋਂ ਪਹਿਲਾਂ ਆਪਣੀ ਪਾਰਟੀ ਦੇ ਅੰਦਰ ਹੀ ਮਹਿਲਾ ਰਾਖਵਾਂਕਰਨ ਲਾਗੂ ਕਰਨਾ ਚਾਹੀਦਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




