ਅਮਰਜੀਤ ਸਿੰਘ ਵੜੈਚ (94178-01988)
ਸਾਡੇ ਵਿੱਚੋਂ ਕਿਨੇ ਲੋਕਾਂ ਨੂੰ ਯਾਦ ਹੋਵੇਗਾ ਕਿ ਚਾਰ ਸਿਤੰਬਰ 2019 ਨੂੰ ਬਟਾਲ਼ਾ ਸ਼ਹਿਰ ਦੀ ਗੁਰੂ ਰਾਮਦਾਸ ਕਲੋਨੀ ‘ਚ ਇਕ ਪਟਾਕਾ ਫੈਕਟਰੀ ‘ਚ ਹੋਏ ਧਮਾਕੇ ਕਾਰਨ 23 ਲੋਕਾਂ ਦੀ ਮੌਤ ਹੋ ਗਈ ਸੀ। ਇਸ ਦਿਨ ਬਟਾਲ਼ਾ ਵਾਸੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਦੀ ਵਰ੍ਹੇ ਗੰਢ ਦੇ ਮੌਕੇ ‘ਤੇ ਸੁਲਤਾਨਪੁਰ ਲੋਧੀ ਤੋਂ ਆ ਰਹੇ ਵੱਡੇ ਜਲੂਸ ਦੇ ਸਵਾਗਤ ਦੀਆਂ ਤਿਆਰੀਆਂ ‘ਚ ਰੁਝੇ ਹੋਏ ਸਨ । ਦੇਸ਼ ਦੀ ਸੱਭ ਤੋਂ ਜ਼ਿਆਦਾ ਪਟਾਕਾ ਇੰਡੱਸਟਰੀ ਤਾਮਿਲਨਾਡੂ ਦੇ ਸਿਵਾਕਾਸ਼ੀ ‘ਚ ਹੈ ਜਿਥੇ ਹਰ ਵਰ੍ਹੇ ਤਕਰੀਬਨ 5 ਤੋਂ ਛੇ ਹਜ਼ਾਰ ਕੋਰੜ ਰੁ: ਦੇ ਪਟਾਕੇ ਬਣਾਏ ਜਾਂਦੇ ਹਨ : 2017 ‘ਚ ਇਥੇ ਹੋਏ ਇਕ ਹਾਦਸੇ ਵਿੱਚ 40 ਲੋਕ ਸੜ ਗਏ ਸਨ । ਇਸ ਤਰ੍ਹਾਂ ਦੇ ਹਾਦਸੇ ਹਰ ਸਾਲ ਹੁੰਦੇ ਰਹਿੰਦੇ ਹਨ ।
ਭਾਰਤੀ ਲੋਕ ਹਰ ਸਾਲ 6 ਤੋਂ ਅੱਠ ਅਰਬ ਰੁ: ਦੇ ਪਟਾਕੇ ਚਲਾਕੇ ਬੜੇ ਖੁਸ਼ ਹੁੰਦੇ ਹਨ, ਜਿਥੇ 20 ਕਰੋੜ ਤੋਂ ਵੀ ਵੱਧ ਲੋਕ ਗਰੀਬੀ ਰੇਖਾ ਤੋਂ ਵੀ ਹੇਠਾਂ ਦਾ ਜੀਵਨ ਕੱਟਣ ਲਈ ਮਜਬੂਰ ਹਨ । ਹਰ ਸਾਲ ਦਿਵਾਲ਼ੀ ਤੇ ਬਾਕੀ ਸਮਿਆਂ ‘ਤੇ ਪਟਾਕੇ ਚਲਾਉਂਦੇ ਸਮੇਂ ਬਹੁਤ ਲੋਕਾਂ ਦੀਆਂ ਅੱਖਾਂ ਚਲੀਆਂ ਜਾਂਦੀਆਂ ਹਨ ਸਰੀਰ ਸੜ ਜਾਂਦੇ ਹਨ ਪਰ ਅਸੀਂ ਇਕ ਦਿਨ ਦੀ ਖੁਸ਼ੀ ਲਈ ਸਾਰੀ ਉਮਰ ਦਾ ਕਜ਼ੀਆ ਸਹੇੜਨ ਤੋਂ ਨਹੀਂ ਡਰਦੇ । ਬੱਚਿਆਂ ‘ਤੇ ਇਨ੍ਹਾਂ ਹਾਦਸਿਆਂ ਦਾ ਜ਼ਿਆਦਾ ਅਸਰ ਹੁੰਦਾ ਹੈ ਕਿਉਂਕਿ ਉਨ੍ਹਾਂ ਦੀ ਹਾਲੇ ਪੂਰੀ ਉਮਰ ਪਈ ਹੁੰਦੀ ਹੈ । ਬੱਚਿਆਂ ਦੇ ਹੱਥਾਂ ‘ਚ ਪਟਾਕੇ ਚਲ ਜਾਂਦੇ ਹਨ ਤੇ ਅੱਖਾਂ ‘ਚ ਚੰਗਿਆੜੇ ਪੈ ਕੇ ਰੌਸ਼ਨੀ ਚਲੀ ਜਾਂਦੀ ਹੈ ।
ਕੱਲ੍ਹ ਲੰਘੀ ਦਿਵਾਲ਼ੀ ਦੇ ਮੌਕੇ ਇਕੱਲੇ ਦਿੱਲੀ ‘ਚ ਹੀ 204 ਘਟਨਾਵਾਂ ਅਗ ਲੱਗਣ ਦੀਆਂ ਹੋ ਗਈਆਂ ਹਨ । ਉੜੀਸਾ ਦੇ ਕਮਾਖਿਆ ਪੁਲਿਸ ਥਾਣੇ ਦੇ ਇਲਾਕੇ ‘ਚ ਇਕ ਪਟਾਕਿਆਂ ਦੀ ਦੁਕਾਨ ‘ਚ ਅੱਗ ਲੱਗਣ ਨਾਲ਼ ਦੋ ਬੱਚੇ ਸੜ ਗਏ ਤੇ ਇਸੇ ਤਰ੍ਹਾਂ ਝਾਰਖੰਡ ‘ਚ ਦੀਵਿਆਂ ਕਾਰਨ ਇਕ ਖੜੀ ਬੱਸ ਨੂੰ ਅੱਗ ਲੱਗਣ ਨਾਲ਼ ਡਰਾਇਵਰ ਤੇ ਕੰਡੱਕਟਰ ਸੜ ਗਏ । ਪੂਨੇ ‘ਚ ਸੱਤ ਦੋ ਪਹੀਆ ਵਾਹਨ ਸੜ ਗਏ ,ਯੂਪੀ ਦੇ ਸਾਗਰ ‘ਚ ਇਕ ਜੁੱਤੀਆਂ ਵਾਲ਼ੀ ਦੁਕਾਨ ਹੀ ਸੜ ਗਈ । ਇਸੇ ਤਰ੍ਹਾਂ ਦੀਆਂ ਘਟਨਾਵਾਂ ਸਾਰੇ ਦੇਸ਼ ਵਿੱਚ ਵਾਪਰੀਆਂ ਹਨ ।
ਰਾਜਿਸਥਾਨ ਦੇ ਜੈਸਲਮੇਰ ਦੇ ਡਿਪਟੀ ਕਮਿਸ਼ਨਰ ਟੀਨਾ ਢਾਬੀ ਕੱਲ੍ਹ ਦਿਵਾਲ਼ੀ ਸਮੇਂ ਕੁਝ ਲੋਕਾਂ ‘ਚ ਸ਼ਾਮਿਲ ਹੋਕੇ ਦਿਵਾਲ਼ੀ ਦੇ ਪਟਾਕੇ ਚਲਾ ਰਹੇ ਸੀ ਕਿ ਅਚਾਨਕ ਇਕ ਪਟਾਕੇ ਨੂੰ ਅੱਗ ਲੱਗਣ ਸਾਰ ਹੀ ਪਟਾਕੇ ਦੇ ਚੰਗਿਆੜੇ ਡੀਸੀ ਦੇ ਚਿਹਰੇ ਵੱਲ ਚਲੇ ਗਏ ,ਇਹ ਤਾਂ ਡੀਸੀ ਦੀ ਫ਼ੁਰਤੀ ਕਹਿ ਲਓ ਜਾਂ ਕਿਸਮਤ ਕਹਿ ਲਓ ਕਿ ਉਹਦਾ ਚਿਹਰਾ ਜ਼ਖ਼ਮੀ ਹੋਣ ਤੋਂ ਬਚ ਗਿਆ । ਆਂਧਰਾ ‘ਚ ਛੇ ਵਿਅਕਤੀ ਦਿਵਾਲ਼ੀ ਦੇ ਹਾਦਸਿਆਂ ਕਾਰਨ ਜਾਨਾਂ ਗਵਾ ਬੈਠੈ ਹਨ ।
ਭਾਰਤ ਦਾ ਤਕਰੀਬਨ 90 ਫ਼ੀਸਦ ਪਟਾਕਾ ਤਾਮਿਲਨਾਡੂ ਦੇ ਸਿਵਾਕਾਸ਼ੀ ‘ਚ ਹੀ ਇਕ ਹਜ਼ਾਰ ਤੋਂ ਵੱਧ ਫੈਕਟਰੀਆਂ ‘ਚ ਬਣਦਾ ਹੈ ਜਿਥੇ ਅੱਠ ਲੱਖ ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਮਿਲ਼ਿਆ ਹੋਇਆ ਹੈ । ਵੈਸੇ ਇਕ ਅੰਦਾਜ਼ੇ ਅਨੁਸਾਰ ਪਟਾਖਾ ਉਦਯੋਗ ਵਿੱਚ 15 ਤੋਂ 20 ਲੱਖ ਲੋਕ ਕੰਮ ਕਰਦੇ ਹਨ । ਇਨ੍ਹਾਂ ‘ਚੋ ਬਹੁਤੇ ਉਹ ਕਾਮੇਂ ਹਨ ਜੋ ਬੜੀਆਂ ਖ਼ਤਰਨਾਕ ਸਥਿਤੀਆਂ ‘ਚ ਕੰਮ ਕਰਦੇ ਹਨ । ਇਥੇ ਕੰਮ ਕਰਨ ਵਾਲੇ ਜ਼ਿਆਦਾਤਰ ਬੱਚੇ ਤੇ ਔਰਤਾਂ ਹੁੰਦੀਆਂ ਹਨ ਤੇ ਬੰਦੇ ਵੀ ਕੰਮ ਕਰਦੇ ਹਨ । ਇਥੇ ਕੰਮ ਕਰਨ ਵਾਲ਼ੇ ਕਾਮਿਆਂ ਨੂੰ ਸਾਹ, ਅੱਖਾ , ਪੇਟ,ਚਮੜੀ ਤੇ ਦਿਲ ਦੀਆਂ ਬਿਮਾਰੀਆਂ ਖਾ ਜਾਂਦੀਆਂ ਹਨ ਕਿਉਂਕਿ ਇਹ ਹਰਦਮ ਖਤਰਨਾਕ ਮਸਾਲੇ ਨਾਲ਼ ਪਟਾਕੇ ਬਣਾਉਂਦੇ ਰਹਿੰਦੇ ਹਨ । ਇਨ੍ਹਾਂ ਦੀ ਸੁਰੱਖਿਆ ਦਾ ਕੋਈ ਖਿਆਲ ਨਹੀਂ ਰੱਖਿਆ ਜਾਂਦਾ । ਕਈ ਵਾਰ ਇਹ ਲੋਕ ਹਾਦਸਿਆਂ ਕਾਰਨ ਮਰ ਜਾਂਦੇ ਹਨ ਤੇ ਬਾਕੀ ਮਸਾਲੇ ਵਾਲੇ ਮਾਹੌਲ ‘ਚ ਰਹਿ-ਰਹਿ ਕੇ ਹੌਲ਼ੀ-ਹੌਲ਼ੀ ਮਰਦੇ ਰਹਿੰਦੇ ਹਨ ।
ਦੇਸ਼ ਦੇ ਬਾਕੀ ਹਿੱਸਿਆਂ ਜਿਵੇਂ ਬਿਹਾਰ,ਝਾਰਖੰਡ,ਯੂਪੀ,ਹਰਿਆਣਾ,ਮਹਾਂਰਾਸ਼ਟਰਾ,ਪੰਜਾਬ ਆਦਿ ‘ਚ ਵੀ ਪਟਾਕੇ ਬਣਦੇ ਹਨ ਪਰ ਤਾਮਿਲਨਾਡੂ ਦਾ ਸਿਵਾਕਾਸ਼ੀ ਪਟਾਕਿਆਂ ਦੀ ਰਾਜਧਾਨੀ ਹੈ । ਸਿਵਾਕਾਸ਼ੀ ਦਾ ਵਾਤਾਵਰਣ ਪਟਾਕੇ ਬਣਾਉਣ ਲਈ ਬੜਾ ਢੁਕਵਾਂ ਹੈ ਕਿਉਂਕਿ ਉਥੇ ਦੇ ਵਾਤਾਵਰਣ ਵਿੱਚਲੀ ਨਮੀਂ ਪਟਾਕੇ ਸੁਕਾਉਣ ਲਈ ਬੜੀ ਫਿਟ ਹੈ ।
ਭਾਰਤ ਵਿੱਚ ਪਿਛਲੇ ਕੁਝ ਸਾਲਾਂ ਤੋਂ ‘ਗਰੀਨ ਦਿਵਾਲ਼ੀ’ ਦਾ ਸੰਕਲਪ ਆਰੰਭ ਹੋ ਚੁੱਕਿਆ ਹੈ ਜਿਸ ਮਗਰੋਂ ਸੁਪਰੀਮ ਕੋਰਟ ਵੱਲੋਂ ਵੀ ਕਈ ਤਰ੍ਹਾਂ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਤੇ ਹੁਣ ਤਾਂ ਪਟਾਕੇ ਚਲਾਉਣ ਲਈ ਸਮਾਂ ਵੀ ਨਿਸ਼ਚਿਤ ਕੀਤਾ ਜਾਣ ਲੱਗ ਪਿਆ ਹੈ ਭਾਵੇਂ ਇਸ ਪਾਬੰਦੀ ਦਾ ਹਾਲੇ ਕੋਈ ਅਸਰ ਨਹੀਂ ਦਿਸ ਰਿਹਾ , ਪਟਾਕੇ ਜ਼ਰੂਰ ਘੱਟ ਵਿਕਣ ਲੱਗੇ ਹਨ । ਕੱਲ੍ਹ ਦੀ ਦਿਵਾਲ਼ੀ ‘ਤੇ ਸਿਰਫ਼ 8 ਤੋਂ 10 ਰਾਤ ਨੂੰ ਪਟਾਕੇ ਚਲਾਉਣ ਦੀ ਆਗਿਆ ਸੀ ਪਰ ਪਟਾਕੇ ਕੱਲ ਛੇ ਵਜੇ ਹੀ ਸ਼ੁਰੂ ਹੋ ਗਏ ਤੇ ਰਾਤ 12 ਵਜੇ ਤੱਕ ਚਲਦੇ ਰਹੇ ।
ਪਟਾਕਾ ਇੰਡੱਸਟਰੀ ਦੇਸ਼ ਲਈ ਬਹੁਤ ਖਤਰਨਾਕ ਸਿਧ ਹੋ ਰਹੀ ਹੈ ਜਿਸ ‘ਤੇ ਕੰਮ ਕਰਨ ਲਈ ਰਾਜਸੀ ਕਾਰਨਾ ਕਰਕੇ ਸਰਕਾਰ ਬਹੁਤ ਸੁਸਤ ਚੱਲ ਰਹੀ ਹੈ । ਇਸ ਉਦਯੋਗ ਦੇ ਲੋਕਾਂ ਨੂੰ ਰੁਜ਼ਗਾਰ ਦੇ ਹੋਰ ਮੌਕੇ ਦੇ ਕੇ ਪਟਾਕਿਆਂ ਕਾਰਨ ਬਰਬਾਦ ਹੋ ਰਹੇ ਦੇਸ਼ ਦੇ ਅਰਬਾਂ-ਖਰਬਾਂ ਦੇ ਸਰਮਾਏ ਦੇ ਨਾਲ਼ ਨਾਲ਼ ਉਨ੍ਹਾਂ ਲੋਕਾਂ ਨੂੰ ਵੀ ਜੀਣ ਦਾ ਹੱਕ ਦੇਣਾ ਚਾਹੀਦਾ ਹੈ ਜਿਨ੍ਹਾਂ ਦੀਆਂ ਪੁਸ਼ਤਾਂ ਇਸੇ ਉਦਯੋਗ ਦੇ ਜ਼ਹਿਰੀਲੇ ਮਾਹੌਲ ‘ਚ ਜੰਮਦੀਆਂ ਰਹੀਆਂ ਤੇ ਮਰਦੀਆਂ ਰਹੀਆਂ ਤੇ ਹੁਣ ਵੀ ਅਗਲੀਆਂ ਪੁਸ਼ਤਾਂ ਇਸੇ ਥਾਂ ਹੀ ਜੰਮਣ ਤੇ ਮਰਨ ਲਈ ਬੇਵੱਸ ਹਨ ।
ਸਰਕਾਰਾਂ,ਸਮਾਜ,ਧਾਰਮਿਕ, ਵਿਦਿਅਕ ਤੇ ਰਾਜਸੀ ਸੰਸਥਾਵਾਂ ਨੂੰ ਇਸ ਪਾਸੇ ਪਹਿਲ ਦੇ ਆਧਾਰ ‘ਤੇ ਕਰਜਸ਼ੀਲ ਹੋਣ ਦੀ ਲੋੜ ਹੈ ਤਾਂਕੇ ਸਦੀਆਂ ਤੋਂ ਚੱਲੇ ਆ ਰਹੇ ਇਸ ਖ਼ਤਰਨਾਕ ਉਦਯੋਗ ਦੇ ਮਾਰੂ ਪ੍ਰਭਾਵਾਂ ਤੋਂ ਵਾਤਾਵਰਣ, ਜੀਵ-ਜੰਤੂਆਂ ਤੇ ਮਨੁੱਖਾਂ ਨੂੰ ਬਚਾਇਆ ਜਾ ਜਾਵੇ ਤੇ ਹਰ ਵਰ੍ਹੇ ਬਰਬਾਦ ਹੁੰਦਾ ਸਰਮਾਇਆ ਦੇਸ਼ ਦੇ ਵਿਕਾਸ ‘ਚ ਲਾਇਆ ਜਾ ਸਕੇ ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.