EDITORIAL

ਅਕਾਲੀ ‘ਰਤਨ’ ਵਿਜੀਲੈਂਸ ਦਾ ‘ਅਨਮੋਲ ਰਤਨ’, ਉਡਾਕੇ ਘੱਟੇ, ਚੁੱਕ ਦਿਓ ਫੱਟੇ

ਅਮਰਜੀਤ ਸਿੰਘ ਵੜੈਚ (94178-01988)

ਮਾਨ ਸਰਕਾਰ ਨੇ ਆਪਣੇ ਪਹਿਲੇ ਗਿਆਰਾਂ ਮਹੀਨਿਆਂ ‘ਚ ਹੀ ਆਪਣੇ ਦੋ ਮੰਤਰੀ ਤੇ ਇਕ ਵਿਧਾਇਕ ਲੋਕਾਂ ਦੀ ਕਚਿਹਰੀ ‘ਚ ‘ਨਿਰਵਸਤਰ’ ਕਰ ਦਿਤੇ ਹਨ । ਇਸਤੋਂ ਤਾਂ ਇੰਜ ਲਗਦੈ ਕਿ ਇਸ ਤੋਂ ਪਹਿਲਾਂ ਪੰਜਾਬ ਦੀਆਂ ਜਿੰਨੀਆਂ ਵੀ ਸਰਕਾਰਾਂ ਬਣੀਆਂ ਸਨ ਉਨ੍ਹਾਂ ਨੇ ਆਪੋ-ਆਪਣੇ ਲਾਡਲਿਆਂ ਨੂੰ ਖੁੱਲ੍ਹ ਦਿਤੀ ਹੋਈ ਸੀ ਕਿ ‘ ਉਡਾਕੇ ਘੱਟੇ , ਚੁੱਕ ਦਿਓ ਫੱਟੇ ‘ ਪਰ ‘ਵੰਡਕੇ ਛਕਿਓ ‘ , ਇਕੱਲੇ ਖਾਓਂਗੇ ਤਾਂ ਫੜੇ ਜਾਓਗੇ । ਏਸੇ ਕਰਕੇ ਪੁਰਾਣੀਆਂ ਸਰਕਾਰਾਂ ‘ਚ ਕਦੇ ਕਿਸੇ ਮੰਤਰੀ ਜਾਂ ਵਿਧਾਇਕ ਨੂੰ ਕਿਸੇ ਸਰਕਾਰ ਨੇ ਝਿੜਕ ਵੀ ਨੀ ਮਾਰੀ ।

ਪਹਿਲਾਂ ‘ਵਿਚਾਰਾ’ ਮਾਨਸਾ ਤੋਂ ਵਿਧਾਇਕ ਵਿਜੇ ਸਿੰਗਲਾ, ਜਿਸ ਨੂੰ ਮਾਨ ਹੁਰਾਂ ਸਿਹਤ ਮੰਤਰੀ ਬਣਾਇਆ ਸੀ, ਦਾ ‘ਅਲਟਰਾ ਸਾਊਂਡ’ ਕਰਤਾ । ਹਾਲੇ ਸਿੰਗਲਾ ਸਾਹਿਬ ਕਿਸੇ ‘ਡਾਕਟਰ’ ਨੂੰ ਆਪਣੀਆਂ ਰਿਪੋਰਟਾਂ ਵਿਖਾਉਂਦੇ ਹੀ ਫਿਰਦੇ ਸਨ ਕਿ ਮਾਨ ਹੁਰਾਂ ਨੇ ਆਪਣਾ ਦੂਜਾ ਮੰਤਰੀ ਫੌਜਾ ਸਿੰਘ ਸਰਾਰੀ ਵੀ ਫਾਲਨ ਕਰ ਲਿਆ । ਉਂਜ ਤਾਂ ਮਾਨ ਸਾਹਿਬ ਭਾਵੇ ਫਰਾਰੀ ਸਾਹਿਬ ਨੂੰ ਵਾਹਵਾ ਦੇਰ ਆਪਣੀ ਬੁੱਕਲ਼ ‘ਚ ਪਲ਼ੋਸਦੇ ਰਹੇ ਪਰ ਪ੍ਰਤਾਪ ਸਿੰਘ ਬਾਜਵਾ , ਰਾਜਾ ਵੜਿੰਗ, ਸੁਖਬੀਰ, ਅਸ਼ਵਨੀ ਤੇ ਖਹਿਰਾ ਕਾਹਨੂੰ ਲੁਕਣ ਦਿੰਦੇ ਸੀ ਸਰਾਰੀ ਨੂੰ । ਰੋਜ਼ ਮੀਡੀਆ ‘ਚ ਮਿਹਣੇ ਮਾਰ-ਮਾਰ ਕੇ ਤੇ ਟਵੀਟ ਦੇ ਟੀਕੇ ਲਾ ਲਾ ਕੇ ਮਾਨ ਸਾਹਿਬ ਨੂੰ ਕਹਿਣ ਲਈ ਮਜਬੂਰ ਕਰਤਾ ਕਿ ਛੱਡਦੇ ਕਿਸੇ ਨੂੰ ਨੀ ਭਾਵੇ ਸਾਡੇ ਹੋਣ ਜਾਂ ‘ਦੂਜੇ’ । ‘ਵਿਚਾਰਾ’ ਸਰਾਰੀ ਵੀ ਝੰਡੀ ਵਾਲ਼ੀ ਕਾਰ ‘ਚੋਂ ਲਾਹਤਾ ।

ਵੈਸੇ ਸਿਆਣੇ ਕਹਿੰਦੇ ਆ ਕਿ ਜਦੋਂ ਕੋਈ ਤੁਹਾਡੇ ਨਿਆਣੇ ਦਾ ਉਲਾਂਭਾ ਦੇਣ ਤੁਹਾਡੇ ਘਰ ਆ ਜਾਵੇ ਤਾਂ ਪਹਿਲਾਂ ਕੱਸ ਕੇ ਚਪੇੜ ਆਪਣੇ ਵਾਲ਼ੇ ਜੁਆਕ ਦੇ ਛੱਡੋ । ਸੋ ਮਾਨ ਸਾਹਿਬ ਨੇ ਵੀ ਇਹ ਹੀ ਫਾਰਮੂਲਾ ਵਰਤਣਾ ਠੀਕ ਸਮਝਿਆ । ਸਿੰਗਲੇ ਮਗਰੋਂ ਫਿਰ ਮਾਨ ਸਾਹਿਬ ਕੈਪਟਨਕਿਆਂ ਤੇ ਬਾਦਲਕਿਆ ਵਾਲ਼ੀ ਬੀਹੀ ਨੂੰ ਆਪਣੀ ਗੱਡੀ ਮੋੜਲੀ ; ਪਹਿਲਾਂ ਧਰਮਸੋਤ ਹੁ੍ਰਾਂ ਦੀ ‘ਧਰਮਸ਼ਾਲਾ’ ‘ਚ ਟੱਲ ਖੜਕਾ ਦਿਤਾ ,ਫਿਰ ਸੰਗਤ ਸਿੰਘ ਹੁਰਾਂ ਨੂੰ ਧਰਮਸੋਤ ਦੀ ਸੰਗਤ ਦਾ ਪ੍ਰਮੀ ‘ਥਾਪ’ ਦਿਤਾ । ਮਾਨ ਸਾਹਿਬ ਕਾਹਨੂੰ ਟਿਕਣ ਵਾਲ਼ੇ ਸੀ । ਜਿਹੜੇ ਕੈਪਟਨ ਦੇ ‘ਤਾਜ ਦੇ ਕੋਹੇਨੂਰ’ ਤੇ ਸੰਤਾਂ ਵਰਗੀ ‘ਕਾਇਆ ‘ਵਾਲ਼ੇ ਭਾਰਤ ਭੂਸ਼ਣ ਆਸ਼ੂ ਜੀ ਹਨ ਉਨ੍ਹਾਂ ਨੂੰ ਵੀ ਮਾਨ ਨੇ ਓਸੇ ਹਾਈਕੋਰਟ ਦੀਆਂ ਪੌੜੀਆਂ ਚੜ੍ਹਾ ਦਿਤੀਆਂ ਜਿਸ ਬਾਰੇ ਆਸ਼ੂ ਜੀ ਨੇ ਬਲਵਿੰਦਰ ਸੇਖੋਂ ਨੂੰ ਫੋਨ ‘ਤੇ ਕਹਿ ਦਿਤਾ ਸੀ ” ਪੌਲੇਟਿਕਸ ਬੜੀ ਮਹਿੰਗੀ ਪੈਂਦੀ ਅੰਪਲਾਈ ਨੂੰ .. ਮਿਧ ਕੇ ਰੱਖ ਦਿਆਂਗੇ… ਹਾਈ ਕੋਰਟ ਨੂੰ ਕਹਿਦੇ ਕਿ ਮੰਤਰੀ ਨੀ ਬਣਨ ਦਿੰਦਾ.., ਮੰਤਰੀ ਬੋਲਦਾਂ ਮੈਂ ” ।

ਇਸ ਮਗਰੋਂ ਵੀ ਮਾਨ ਸਾਹਿਬ ਟਿਕੇ ਨੀ ..ਫਿਰ ਕੈਪਟਨ ਸਾਹਿਬ ਦੇ ਇਕ ਹੋਰ ‘ਲਾਡਲੇ’ ਸੁੰਦਰ ਸ਼ਾਮ ਅਰੋੜਾ ਨੂੰ ਵੀ ਅਦਾਲਤਾਂ ਦੀਆਂ ਪੌੜੀਆਂ ਗਿਣਨ ਲਾਤਾ । ਕਈ ਅਫ਼ਸਰ ਵੀ ਵਕੀਲਾਂ ਦੀਆਂ ਘੰਟੀਆਂ ਖੜਕਾਉਣ ਲੱਗ ਪਏ । ਕੁਝ ਇਕ ਤਾਂ ਜ਼ਮਾਨਤਾਂ ਉਡੀਕ ਰਹੇ ਨੇ ਪਰ ਹਾਈ ਕੋਰਟ ਤਾਂ ਆਪਣਾ ਸਮਾਂ ਲੈਕੇ ਹੀ ਜ਼ਮਾਨਤਾਂ ਦਾ ਫੈਸਲਾ ਕਰੇਗੀ .. ਅਦਾਲਤਾਂ ‘ਚ ਤਾਂ ਸਾਰੇ ਇਕੋ ਜਿਹੇ ਹੀ ਹੁੰਦੇ ਨੇ । ਵੈਸੇ ਮਾਨ ਸਾਹਿਬ ਸਭ ਨੂੰ ਮਹਾਂਰਾਜਾ ਰਣਜੀਤ ਸਿੰਘ ਵਾਂਗ ਇਕੋ ‘ਨਜ਼ਰ’ ਨਾਲ਼ ਵੇਖਦੇ ਆ ਏਸੇ ਕਰਕੇ ਮਾਨ ਸਾਹਿਬ ਨੇ ਅਕਾਲੀਆਂ ਨੂੰ ਵੀ ਕਾਂਗਰਸ ਦੇ ਬਰਾਬਰ ਦੀ ਹੀ ‘ਭਾਜੀ’ ਪਾ ਤੀ … ਸ਼ਰਨਜੀਤ ਢਿਲੋਂ ਤੇ ਜਨਮੇਜਾ ਸਿੰਘ ਸੇਖੋਂ ਨੂੰ ਵੀ ‘ਸਾਹੇ ਚਿੱਠੀ’ ਭੇਜ ਤੀ ।
ਸਿਖਾਂ ਦੀ ਇਕੋ ਇਕ ਪਾਰਟੀ ਸ਼੍ਰੋਮਣੀ ਆਕਾਲੀ ਦਲ’ ‘ਚੋਂ ਛਾਲ ਮਾਰਕੇ ਆਏ ਬਠਿੰਡੇ ਦੇ ਪਿਡਾਂ ਵਾਲ਼ੇ ਵਿਧਾਇਕ ਅਮਿਤ ਰਤਨ ਨੂੰ ਤਾਂ ਚਿਤ ਚੇਤਾ ਵੀ ਨੀ ਹੋਣਾ ਕਿ ਇਕ ਪਿੰਡ ਦੀ ਸਰਪੰਚਣੀ ਦਾ ਘਰਵਾਲ਼ਾ ਹੀ ਉਹਦੇ ‘ਰਤਨ’ ਨੂੰ ਮਿੱਟੀ ‘ਚ ਰੋਲ਼ ਦਊਗਾ ।

ਵਿਧਾਇਕ ਜੀ ਤਾਂ ਦੁਹਾਈਆਂ ਦਿੰਦੇ ਰਹੇ ਕਿ ਰਿਸ਼ਮ ਗਰਗ ਉਨ੍ਹਾਂ ਦਾ ਪੀਏ ਨਹੀਂ ਪਰ ਵਿਜੀਲੈਂਸ ਵਾਲ਼ੇ ਕਾਹਨੂੰ ਇੰਜ ਮੰਨਦੇ ਆ ‘…ਆਡੀਓ ਰਿਕਾਰਡਿੰਗ ਖੰਘਾਲ਼ ਲੀ ਰਤਨ ਜੀ ਦੀ ਤੇ ਰਤਨ ਜੀ ਵਿਜੀਲੈਂਸ ਦੇ ‘ਅਨਮੋਲ ਰਤਨ’ ਬਣ ਗਏ ।

‘ਸ਼ਰੀਕਾ’ ਤਾਂ ਕਹਿੰਦਾ ਰਿਹਾ ਕਿ ਮਾਨ ਸਾਹਿਬ ਨੇ ਡਰਾਵੇ ਲਈ ਵਿਜੇ ਸਿੰਗਲਾ ਨੂੰ ‘ਕਾਂ ਮਾਰਕੇ’ ਟੰਗਣ ਵਾਲ਼ੀ ਚਾਲ ਖੇਡੀ ਪਰ ਮਾਨ ਸਹਿਬ ਨੇ ਨਾਲ਼ ਦੀ ਨਾਲ਼ ਸਰਾਰੀ ਵੀ ਕਟਿਹਰੇ ‘ਚ ਖੜਾ ਕਰ ਲਿਆ ਭਾਵੇ ਸਰਾਰੀ ਨੂੰ ਮਾਨ ਸਾਹਿਬ ਨੇ ਹਾਲੇ ਵਕੀਲਾਂ ਦੇ ਗੇੜੇ ਕੱਢਣ ਨਹੀਂ ਲਾਇਆ ਤੇ ਲਗਦਾ ਉਹ ਬਚ ਵੀ ਜਾਊ .. ਅੰਦਰੋਂ ਅੰਦਰ ਖੁਸਰ-ਫੁਸਰ ਵੀ ਹੋ ਰਹੀ ਐ ਕਿ ਕੀ ਮਾਨ ਸਾਹਿਬ ਕਿਨੇ ਕੁ ਕਾਂ ਮਾਰਕੇ ਟੰਗਣਗੇ । ਕਈ ਹੋਰਾਂ ਨੂੰ ਵੀ ਆਪੋ-ਆਪਣਾ ਪਾਲ਼ਾ ਮਾਰਨ ਲੱਗ ਪਿਆ ।

ਵੈਸੇ ਪਹਿਲਾਂ ਕਿਸੇ ਵੀ ਸਰਕਾਰ ਨੇ ਆਪਣੀ ਸਰਕਾਰ ਸਮੇਂ ਆਪਣੇ ਕਿਸੇ ‘ਜਿਗਰ ਦੇ ਟੁਕੜੇ’ ਨੂੰ ਵਾਅ ਨੀ ਲੱਗਣ ਦਿਤੀ । ਸਰਕਾਰਾਂ ਬਦਲਣ ਮਗਰੋਂ ਉਂਜ ਪਹਿਲਾਂ ਸੇਕ ਲੱਗਦੇ ਰਹੇ ਨੇ …ਪ੍ਰੋ: ਪ੍ਰੇਰਮ ਸਿੰਘ ਚੰਦੂਮਾਜਰਾ ਵੀ ਵਿਜੀਲੈਂਸ ਦੀ ਬੈਠਕ ‘ਚ ਜਾ ਚੁੱਕੇ ਹਨ ਤੇ ਕੈਪਟਨ ਨੇ ਦੋਹਾਂ ਬਾਦਲ ਪਿਓ-ਪੁੱਤਾਂ ਨੂੰ ਆਪਣੇ ਸ਼ਾਹੀ ਸ਼ਹਿਰ ਦੀ ‘ਸ਼ਾਹੀ ਜੇਲ੍ਹ’ ਦਾ ਮਹਿਮਾਨ ਵੀ ਬਣਾਇਆ ਸੀ । ਫਿਰ ਸੁਖਬੀਰ ਬਾਦਲ ਹੁਰਾਂ ਦਾ ਕੈਪਟਨ ‘ਤੇ ਜ਼ੋਰ ਨਹੀਂ ਚੱਲਿਆ ਤੇ ਉਨ੍ਹਾਂ ਕੈਪਟਨ ਦਾ ਲਾਡਲਾ ਭਰਤਇੰਦਰ ਚਹਿਲ ਹੀ ਵਿਜੀਲੈਂਸ ਦੀ ‘ਮਹਿਮਾਨ ਨਿਵਾਜ਼ੀ’ ਲਈ ਪੇਸ਼ ਕਰ ਦਿਤਾ ।

ਵੈਸੇ ਮਾਨ ਸਾਹਿਬ ਜਿਸ ਹਿਸਾਬ ਨਾਲ਼ ਭ੍ਰਿਸ਼ਟਾਚਾਰ ਵਾਲ਼ੀਆਂ ‘ਕਾਲ਼ੀਆਂ ਭੇਡਾਂ ‘ਪਛਾਨਣ ਲੱਗੇ ਹਨ ਜੇ ਕਰ ਇਹ ਇੰਜ ਹੀ ਚਲਦਾ ਰਹਾ ਤਾਂ ਫਿਰ ਬਾਕੀਆਂ ਦਾ ਕੀ ਬਣੂ ? ਉਂਜ ਕਾਲ਼ਿਆਂ ਕਰਮਾਂ ਦੇ ਨਬੇੜੇ ਤਾਂ ਅਦਾਲਤਾਂ ਨੇ ਕਰਨੇ ਹਨ ਜਿਸ ਲਈ ਸ਼ਾਇਦ ਗਵਾਹ ਅਦਾਲਤਾਂ ਦੀਆਂ ਪੌੜੀਆਂ ਚੜ੍ਹਦੇ ਚੜ੍ਹਦੇ ਹੀ ਮੌਕਾ-ਏ-ਵਾਰਦਾਤ ਹੀ ਭੁੱਲ ਜਾਂਦੇ ਹਨ ਤੇ ਫਿਰ ਲੁਧਿਆਣਾ ਇੰਪਰੂਵਮੈਂਟ ਸਕੈਂਡਲ ‘ਤੇ ਬੀਰਦਵਿੰਦਰ ਜਿਨਾ ਮਰਜ਼ੀ ਬਿਆਨਬਾਜ਼ੀ ਕਰ ਲੈਣ ਅਦਾਲਤਾਂ ਤਾਂ ਗਵਾਹਾਂ ਦੀ ਗਵਾਹੀ ਹੀ ਸੁਣਦੀਆਂ ਹਨ ਤੇ ਫਿਰ ਕੈਪਟਨ ਸਾਹਿਬ ਨੂੰ ਕਲੀਨ ਚਿੱਟ ਮਿਲ਼ ਜਾਂਦੀ ਹੈ ਜਿਵੇਂ ਕੈਪਟਨ ਨੇ ‘ਸਾਧੂ’ ਜੀ ਨੂੰ ਸਕੌਲਰਸ਼ਿਪ ਮਾਮਾਲੇ ‘ਚ ‘ ਦੁੱਧ-ਧੋਤਾ’ ਕਹਿ ਦਿਤਾ ਸੀ ।ਆਪਾ ਤਾਂ ਐਵੇਂ ਲੰਮੀਆਂ ਛੋਹ ਬੈਠੇ.. ਉਂਜ ਹੁਣ ਕਈਆਂ ਦੀ ਫਿਕਰ ‘ਲੰਬੀ’ ਵੀ ਹੋ ਸਕਦੀ ਹੈ ..ਇਹ ਫਿਕਰ ਹੁਣ ਬਠਿੰਡੇ ਤੋਂ ਮੁਕਤਸਰ ਵਾਲ਼ੇ ਪਾਸੇ ਨੂੰ ਜਾਂਦੀ ਹੋਣੀ ਐਂ । ਉਂਜ ਜਿਵੇਂ ਮਾਨ ਸਾਹਿਬ ਨੇ ਆਪਣੇ ਤਿੰਨ ‘ਆਮ ਆਦਮੀ’ ਵੱਖਰੇ ਕੱਢ ਲਏ ਨੇ ਉਸ ਤੋਂ ਇਹ ਸਪੱਸ਼ਟ ਹੈ ਕਿ 92ਇਆਂ ‘ਚੋਂ ਤਿੰਨ ਪ੍ਰਤੀਸ਼ਤ ਤਾਂ ਕਟਿਹਰੇ ‘ਚ ਆ ਗਏ ਹਨ ਬਾਕੀ ਵੀ ‘ਕਾਲ਼ੀਆਂ ਭੇਡਾਂ’ ਤਿਆਰੀ ਕਰ ਲੈਣ ।

ਉਂਜ ‘ਸ਼ਰੀਕੇ ਵਾਲ਼ੇ’ਤਾਂ ਝਈਆਂ ਲੈ ਰਹੇ ਹੋਣਗੇ ਕਿ 27 ਆ ਲੈਣਦੇ ਭਗਵੰਤ ਸਿਹਾਂ ਫਿਰ ਵੇਖੀ ਨਜ਼ਾਰੇ … ਖ਼ੈਰ 27 ਹਾਲੇ ਦੂਰ ਐ ਤੇ ਲੋਕ ਉਂਜ ਖੁਸ਼ ਨੇ ਕਿ ਮਾਨ ਨੇ ਭਰਿਸ਼ਟਾਚਾਰੀਆਂ ਦੇ ਕੰਨ ਖਿਚਣੇ ਸ਼ੁਰੂ ਕਰ ਦਿਤੇ ਹਨ ..ਅਗਲੇ ਦਿਨਾਂ ‘ਚ ਜਲੰਧਰ ਦੀ ਚੋਣ ਸਮੇਂ ‘ਆਪ’ ਸਰਕਾਰ ਤੁਹਾਨੂੰ ਇਨ੍ਹਾਂ ਪ੍ਰਾਪਤੀਆਂ ਤੋਂ ਜਜ਼ੂਰ ਜਾਣੂ ਕਰਾਏਗੀ ਸਰਕਾਰ ਨੂੰ ਭਾਵੇ ਟੀਵੀ,ਰੇਡੀਓ,ਅਖ਼ਬਾਰਾਂ,ਵੈਬਸਾਈਟਸ, ਸੜਕਾਂ ਦੇ ਬੋਰਡਾਂ ਆਦਿ ‘ਤੇ 33 ਕਰੋੜ ਦੇ ਹੋਰ ਨਾ ਇਸ਼ਿਤਿਹਾਰ ਦੇਣੇ ਪੈ ਜਾਣ ..ਆਖਰਕਾਰ ਆਮ ਆਦਮੀ ਨੇ ਆਪਣੀ ਸਰਕਾਰ ਚੁਣੀ ਹੈ ਤੇ ਸਰਕਾਰ ਦਾ ਅੱਵਲ ਫ਼ਰਜ਼ ਬਣਦਾ ਹੈ ਕਿ ਆਮ ਲੋਕਾਂ ਤੱਕ ਸਰਕਾਰ ਦੀ ਹਰ ਕਾਰਵਾਈ ਦੀ ਜਣਕਾਰੀ ਪਹੁੰਚਾਈ ਜਾਵੇ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button