EDITORIAL

ਮਾਨ ਦੀ ਪਹਿਲੀ ਵਿਦੇਸ਼ ਗੇੜੀ ‘ਸ਼ੱਕ’ ਨੇ ਘੇਰੀ

ਕਿਤੇ 'ਸ਼ੱਕ' ਸੱਚ ਤਾਂ ਨਹੀਂ ?

ਅਮਰਜੀਤ ਸਿੰਘ ਵੜੈਚ (9417801988)

ਪੰਜਾਬ ਦੇ ਮੁੱਖ-ਮੰਤਰੀ ਭਗਵੰਤ ਮਾਨ ਦੀ ਪੰਜਾਬ ਸਰਕਾਰ ਬਣਨ ਮਗਰੋਂ ਪਹਿਲੀ ਜਰਮਨ ਫ਼ੇਰੀ ਨੂੰ ਲੈਕੇ ਉਠਿਆ ਵਿਵਾਦ ਸਮੁੱਚੇ ਰੂਪ ‘ਚ ਅਫ਼ਸੋਸ ਵਾਲਾ ਹੈ : ਕੀ ਮਾਨ ਸੱਚ ਮੁੱਚ ਹੀ ‘ਨਸ਼ੇ’ ਵਿੱਚ ਸਨ ਤੇ ਮੁੱਖ ਮੰਤਰੀ ਨੂੰ ਲੁਫ਼ਥਾਂਜ਼ਾ ਏਅਰਲਾਈਨ ਦੇ ਪਾਇਲਟ ਨੇ ਫ਼ਰੈਂਕਫ਼ਰਟ ਏਅਰਪੋਰਟ ‘ਤੇ ਜਹਾਜ਼ ‘ਚੋ ਇਸ ਕਰਕੇ ਹੇਠਾਂ ਉਤਰਨ ਲਈ ਕਿਹਾ ਕਿ ਉਹ ‘ਨਸ਼ੇ’ ਕਾਰਨ ਸਫ਼ਰ ਨਹੀਂ ਕਰ ਸਕਦੇ ? ਇਨ੍ਹਾਂ ਸਵਾਲਾਂ ਦੇ ਤਸੱਲੀਬਖ਼ਸ਼ ਜਵਾਬ ਦੇਣ ‘ਚ ਭਾਵੇਂ ‘ਆਪ’ ਤੇ ਪੰਜਾਬ ਮੁੱਖ ਮੰਤਰੀ ਦਾ ਦਫ਼ਤਰ  ਪਿਛੜ ਗਏ ਹਨ ਪਰ ਜਿਸ ਢੰਗ ਨਾਲ ਅਕਾਲੀ ਦਲ, ਕਾਂਗਰਸ ਤੇ ਭਾਜਪਾ ਨੇ ਇਸ ‘ਐਪੀਸੋਡ’ ‘ਤੇ ਪ੍ਰਤੀਕਰਮ ਕੀਤੇ ਹਨ ਉਨ੍ਹਾਂ ਨੇ ਵੀ ਸਵਾਦ ਕੁਸੈਲ਼ਾ ਕੀਤਾ ਹੈ। ਅਸਲੀਅਤ ਤਾਂ ਭਾਰਤ ਦੀ ਸਿਵਲ ਏਵੀਏਸ਼ਮ ਮਨਿਸਟਰੀ ਦੇ ਮੰਤਰੀ ਜਿਓਤੀਰਾਧੇ ਸਿੰਧੀਆ ਅਨੁਸਾਰ ਲੁਫ਼ਤਾਂਜ਼ਾ ਏਅਰਲਾਈਨ ਤੋਂ ਜਾਣਕਾਰੀ ਮਿਲਣ ਤੋਂ ਬਾਅਦ ਹੀ ਪਤਾ ਲੱਗੇਗੀ ਜਿਸ ਦੀ ਜਾਂਚ ਡੀਜੀਐੱਸਏ ਵੱਲੋਂ ਕੀਤੀ ਜਾਵੇਗੀ। ਸਿੰਧੀਆ ਦਾ ਇਹ ਐਲਾਨ ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਮੰਤਰਾਲੇ ਨੂੰ ਚਿੱਠੀ ਲਿਖਣ ਪਿਛੋਂ ਆਇਆ ਹੈ।

ਇਕ ਬੜੀ ਦਿਲਚਸਪ ਗੱਲ ਇਹ ਹੈ ਕਿ ਸਾਰੀਆਂ ਹੀ ਪੰਜਾਬ ਦੀਆਂ ਵਿਰੋਧੀ ਪਾਰਟੀਆਂ ਭਗਵੰਤ ਮਾਨ ਹੁਣਾ ਨੂੰ ਇਹ ਕਹਿ ਚੁੱਕੀਆਂ ਹਨ ਕਿ ਉਹ (ਮਾਨ) ਹੁਣ ਸਾਰੇ ਪੰਜਾਬ ਦੇ ਮੁੱਖ ਮੰਤਰੀ ਹਨ ਪਰ ਇਸ ਜਰਮਨ ਵਾਲੇ ਮਸਲੇ ‘ਤੇ ਇਹ ਸਾਰੀਆਂ ਹੀ ਪਾਰਟੀਆਂ ਝੂਠੀਆਂ ਪੈਂਦੀਆਂ ਲੱਗ ਰਹੀਆਂ ਹਨ : ਇਕ ਆਮ ਜਿਹੀ ਗੱਲ ਹੈ ਕਿ ਜਦੋਂ ਘਰ ਦਾ ਕੋਈ ਜੀ ਕਦੇ ਗ਼ਲਤ ਕੰਮ ਕਰਦਾ ਹੈ ਤਾਂ ਘਰ ਵਾਲਿਆਂ ਦੀ ਕੋਸ਼ਿਸ਼ ਹੁੰਦੀ ਹੈ ਕਿ ਉਸ ‘ਤੇ ਪਰਦਾ ਪਾ ਦਿੱਤਾ ਜਾਵੇ ਤੇ ਭਵਿੱਖ ਲਈ ਉਸ ਨੂੰ ਸਖਤ ਤਾੜਨਾ ਕਰ ਦਿੱਤੀ ਜਾਵੇ : ਜੇਕਰ ਭਗਵੰਤ ਮਾਨ ‘ਤੇ ‘ਸ਼ਰਾਬੀ’ ਹੋਣ ਦਾ ਦੋਸ਼ ਲੱਗਣ ਕਾਰਨ ਪੰਜਾਬ ਦੀ ਸ਼ਾਖ ਨੂੰ ਬਾਹਰ ਧੱਕਾ ਲੱਗਾ ਹੈ ਤਾਂ ਵਿਰੋਧੀ ਪਾਰਟੀਆਂ ਨੇ ਜਿਸ ਹਿਸਾਬ ਨਾਲ ਇਸ ਮੁੱਦੇ ਨੂੰ ਮੀਡੀਆ ਦੇ ਛੱਜ ਵਿੱਚ ਪਾਕੇ ਛੱਟਿਆ ਹੈ ਉਸ ਨਾਲ ਕੀ ਪੰਜਾਬ ਦੀ ਝੰਡੀ ਉੱਚੀ ਹੋ ਗਈ ਹੈ ?

ਸੁਖਬੀਰ ਬਾਦਲ ਤਾਂ ਜਰਮਨ ਤੋਂ ਦੋ ਖ਼ਾਸ ਵਿਅਕਤੀਆਂ ਨਾਲ ਗੱਲ ਕਰਨ ਮਗਰੋਂ ਮੀਡੀਆ ‘ਚ ਦਾਅਵਾ ਕਰਦੇ ਹਨ ਕਿ ਮਾਨ ਸੱਚਮੁੱਚ ਹੀ ‘ਸ਼ਰਾਬੀ’ ਸਨ ਤੇ ਉਨ੍ਹਾਂ ਨੂੰ ਜਹਾਜ਼ ਵਿੱਚੋਂ ਇਸੇ ਕਰਕੇ ਲਾਹਿਆ ਗਿਆ। ਬਾਜਵਾ ਮਾਨ ਤੋਂ ਅਸਤੀਫ਼ੇ ਦੀ ਮੰਗ ਕਰ ਰਹੇ ਹਨ। ਭਾਜਪਾ ਦਾ ਸਟੈਂਡ ਵੀ ਇਹ ਹੀ ਹੈ ਕਿ ਮਾਨ ਦੇ ਇਸ ‘ਵਿਹਾਰ’ ਨੇ ਪੰਜਾਬ ਦੇ ਬਿੰਬ ਨੂੰ ਨੁਕਸਾਨ ਕੀਤਾ ਹੈ। ਉਧਰ ‘ਆਪ’ ਦੇ ਬੁਲਾਰੇ ਮਨਜਿੰਦਰ ਸਿੰਘ ਕੰਗ ਨੇ ਕਿਹਾ ਹੈ ਕਿ ਲੁਫ਼ਤਾਂਜ਼ਾ ਏਅਰਲਾਈਨ ਨੇ ਇਸ ਖਬਰ ਦਾ ਖੰਡਨ ਕੀਤਾ ਹੈ ਜਦੋਂ ਕਿ ਏਅਰਲਾਈਨ ਦੇ ਟਵਿਟਰ ‘ਤੇ ਮਾਨ ਦੇ ‘ਸ਼ਰਾਬੀ’ ਹੋਣ ਦਾ ਕੋਈ ਖੰਡਣ ਨਹੀਂ ਹੈ ਬਲਕਿ ਏਅਰਲਾਈਨ ਨੇ ਜਹਾਜ਼ ਦੇ ਦੇਰੀ ਨਾਲ ਉਡਾਣ ਭਰਨ ਦੇ ਕਾਰਨ ਹੀ ਦੱਸੇ ਹਨ ਤੇ ਇਹ ਵੀ ਕਹਿ ਦਿੱਤਾ ਹੈ ਕਿ ਏਅਰਲਾਈਨ ਕਿਸੇ ਯਾਤਰੀ ਨਾਲ਼ ਜੁੜੀ ਜਾਣਕਾਰੀ ਨਸ਼ਰ ਨਹੀਂ ਕਰ ਸਕਦੀ।

ਅਸੀਂ ਇਥੇ ਮੁੱਖ ਮੰਤਰੀ ਦੀ ਹਮਾਇਤ ਤੇ ਨਹੀਂ ਲਿਖ ਰਹੇ ਸਿਰਫ਼ ਇਹ ਗੱਲ ਕਰ ਰਹੇ ਹਾਂ : ਕੀ ਪੰਜਾਬ ਦੀ ਵਿਦੇਸ਼ਾਂ ‘ਚ ਸ਼ਾਖ ਬਣਾਉਣ ਦਾ ਕੰਮ ਸਿਰਫ਼ ਸੱਤ੍ਹਾ ਧਾਰੀ ਪਾਰਟੀ ਦਾ ਹੀ ਹੁੰਦਾ ਹੈ ਵਿਰੋਧੀ ਪਾਰਟੀਆਂ ਦਾ ਨਹੀਂ ? ਅਗਰ ਮੁੱਖ ਮੰਤਰੀ ਨੇ ‘ਗ਼ਲਤੀ’ ਕੀਤੀ ਹੈ ਤਾਂ ਉਸ ਬਾਰੇ ਜਾਂਚ ਤੋਂ ਸਪੱਸ਼ਟ ਹੋ ਜਾਵੇਗਾ ਪਰ ਜਿਸ ਹਿਸਾਬ ਨਾਲ ਵਿਰੋਧੀ ਪਾਰਟੀਆਂ ਨੇ ਇਸ ਮੁੱਦੇ ‘ਤੇ ਤੇਲ ਪਾਕੇ ਭੜਕਾਉਣ ਦੀ ਕੋਸ਼ਿਸ਼ ਕੀਤੀ ਹੈ ਉਸ ਤੋਂ ਲਗਦਾ ਹੈ ਕਿ ਵਿਰੋਧੀ ਧਿਰ  ਮਾਨ ਨੂੰ ‘ਨੁੱਕਰੇ’ ਲਾਉਣ ਸਮੇਂ ਸੱਭ ਕੁਝ ਭੁੱਲ ਜਾਂਦੀ  ਹੈ।

ਪੰਜਾਬ ਸਰਕਾਰ ਤੇ ‘ਆਪ’ ਨੇ ਇਸ ਮੁੱਦੇ ਦੀ ਗੰਭੀਰਤਾ ਨੂੰ ਨਾ ਭਾਪਦਿਆ ਫਿਰ ਗ਼ਲਤੀ ਕੀਤੀ ਹੈ : ਜਦੋਂ ਪੰਜਾਬ ਸਰਕਾਰ ਤੇ ‘ਆਪ’ ਇਸ ਘਟਨਾ ਤੋਂ ਸਾਫ਼-ਸਾਫ਼ ਇਨਕਾਰੀ ਹਨ ਤਾਂ ਫਿਰ  ਮੁੱਖ ਮੰਤਰੀ ਦਫ਼ਤਰ ਨੂੰ ਚਾਹੀਦਾ ਹੈ ਕਿ ਉਹ ਸਰਕਾਰੀ ਤੌਰ ‘ਤੇ ਮੁੱਖ ਮੰਤਰੀ ਦੀ ਸਹਿਮਤੀ ਨਾਲ਼ ਲੁਫ਼ਤਾਂਜ਼ਾ ਏਅਰਲਾਈਨ ਤੋਂ ਇਸ ਘਟਨਾ ਦਾ ਨਿੱਜੀ ਡਾਟਾ ਮੰਗਵਾ ਕੇ ਮੀਡੀਆ ਨੂੰ ਜਾਰੀ ਕਰ ਦੇਣ ਜਿਸ ਨਾਲ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ। ਕਿਉਂ ਪੰਜਾਬ ਸਰਕਾਰ ਪਹਿਲ ਨਹੀਂ ਕਰ ਰਹੀ ? ਇੰਜ ਕਰਨ ਨਾਲ ਵਿਰੋਧੀ ਪਾਰਟੀਆਂ ਵੱਲੋਂ ਲਾਏ ਦੋਸ਼ਾਂ ਦਾ ਵੀ ਨਿਪਟਾਰਾ ਹੋ ਜਾਵੇਗਾ ਤੇ ਮਾਨ ਦਾ ਅਕਸ ਵੀ ਹੋਰ  ਮਜਬੂਤ ਹੋ ਜਾਵੇਗਾ। ਇਸ ਮਸਲੇ ‘ਤੇ ਪਾਰਟੀ ‘ਤੇ ਪੰਜਾਬ ਸਰਕਾਰ ਦੀ ਚੁੱਪ ਸ਼ੱਕ ਨੂੰ ਸੱਚ ਮੰਨਣ ਲਈ ਕਾਫ਼ੀ ਵੱਡਾ ਕਾਰਨ ਬਣ ਸਕਦੀ ਹੈ।

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button