EDITORIAL

ਬਜ਼ੁਰਗਾਂ ਲਈ 18 ਲੱਖ ਦੇ ਇਨਾਮ !

ਬਿਰਧਘਰ ਸਮਾਜਿਕ ਨਿਘਾਰ ਦੇ ਪ੍ਰਤੀਕ

ਅਮਰਜੀਤ ਸਿੰਘ ਵੜੈਚ (94178-01988) 

ਬਜ਼ੁਰਗ ਕਿਸੇ ਵੀ ਸਮਾਜ ਲਈ ਬੇਸ਼ਕੀਮਤੀ ਨਾਗਰਿਕ ਹੁੰਦੇ ਹਨ । ਇਹ ਕਹਿਣਾ ਹੈ ‘ਵਿਸ਼ਵ ਸਿਹਤ ਸੰਸਥਾ’ ਦਾ ਪਰ ਕੀ ਬਜ਼ੁਰਗਾਂ ਨੂੰ ਸਾਡੇ ਸਮਾਜ ‘ਚ ਬੇਸ਼ਕੀਮਤੀ ਸਥਾਨ ਪ੍ਰਾਪਤ ਹੈ ? ਯਕੀਨਨ ਨਹੀਂ ! ਭਾਰਤ ਵਿੱਚ ਤਕੀਬਨ 14 ਕਰੋੜ ਵਰਿਸ਼ਠ ਨਾਗਰਿਕ ਹਨ ਜੋ 60 ਸਾਲਾਂ ਜਾਨ ਇਸ ਤੋਂ ਉਪਰ ਹਨ । ਇਕ ਤੱਥ ਬੜਾ ਦਿਲਚਸਪ ਸਾਹਮਣੇ ਆਇਆ ਕਿ ਬਜ਼ੁਰਗਾਂ ਵਿੱਚ ਔਰਤਾਂ ਦੀ ਗਿਣਤੀ ਵੱਧ ਹੈ ।

ਅੱਜ ਬਹੁਤ ਘੱਟ ਘਰ ਅਜਿਹੇ ਮਿਲਣਗੇ ਜਿਥੇ ਬਜ਼ੁਰਗਾਂ ਨੂੰ ਪੂਰਨ ਤੌਰ ‘ਤੇ ਸਤਿਕਾਰ ਤੇ ਸਹੂਲਤਾਂ ਮਿਲ਼ਦੀਆਂ ਹੋਣ । ਬਹੁਤੇ ਘਰਾਂ ‘ਚ ਇਹ ਲੋਕ ਇਕਲਾਪੇ ਦੀ ਮਾਰ ਝੱਲਣ ਲਈ ਮਜਬੂਰ ਹੋ ਰਹੇ ਹਨ ਕਿਉਂਕਿ ਸਾਂਝੇ ਪਰਿਵਾਰ ਟੁੱਟ ਗਏ ਹਨ । ਕਈ ਬਜ਼ੁਰਗ ਲੋਕ ਆਰਥਿਕ ਤੰਗੀ ਦਾ ਸ਼ਿਕਾਰ ਹਨ, ਕਈਆਂ ਕੋਲ਼ ਆਪਣਾ ਘਰ ਹੀ ਨਹੀਂ,ਕਈਆਂ ਨੂੰ ਸਾਂਭਣ ਲਈ ਕੋਈ ਨਹੀਂ,ਕਈਆਂ ਨੂੰ ਬਿਮਾਰੀਆਂ ਨੇ ਭੱਨਿਆਂ ਪਿਆ ਹੈ, ਕਈਆਂ ਦੇ ਬੱਚੇ ਬਾਹਰ ਹਨ । ਇਸ ਸੱਭ ਦੇ ਨਾਲ਼ ਨਾਲ਼ ਨਾਲ਼ ਬਜ਼ੁਰਗਾਂ ਪ੍ਰਤੀ ਜੁਰਮ ਵਧ ਰਹੇ ਹਨ । ਹੋਰ ਤੇ ਹੋਰ ਬਜ਼ੁਰਗਾਂ ਨੂੰ ਆਵਾਰਾ ਘੁੰਮ ਰਹੇ ਪਸ਼ੂਆਂ ਤੇ ਕੁਤਿਆਂ ਤੋਂ ਵੀ ਬਹੁਤ ਵੱਡਾ ਖਤਰਾ ਰਹਿੰਦਾ ਹੈ ।

ਸਮਾਜ ਵਿੱਚ ਬਜ਼ੁਰਗਾਂ ਦੀ ਗਿਣਤੀ ਵਧ ਰਹੀ ਹੈ ਕਿਉਂਕਿ ਸਿਹਤ ਸਹੂਲਤਾਂ ਪਹਿਲਾਂ ਨਾਲ਼ੋ ਸੁਧਰੀਆਂ ਹਨ ਤੇ ਖਾਣ-ਪੀਣ ‘ਚ ਖੁਰਾਕ ਪਹਿਲਾਂ ਨਾਲ਼ੋਂ ਚੰਗੀ ਹੋ ਗਈ ਹੈ । ਭਾਰਤ ਸਰਕਾਰ ਦੇ ਅੰਕੜਿਆਂ ਅਨੁਸਾਰ ਦੇਸ਼ ਦੇ ਕੁੱਲ ਸੰਖਿਆ ਦੇ 5.6 ਫ਼ੀਸਦ ਬਜ਼ੁਰਗ ਸਨ । ਇਨ੍ਹਾਂ ਬਜ਼ੁਰਗਾਂ ਦੀ 1961 ਵਿੱਚ ਪਿੰਡਾਂ ‘ਚ 2 ਕਰੋੜ ਦਸ ਲੱਖ ਇਕ ਹਜ਼ਾਰ ਤੇ ਸ਼ਹਿਰਾਂ ‘ਚ ਤੀਹ ਲੱਖ 7 ਹਜ਼ਾਰ ਆਬਾਦੀ ਸੀ । ਇਹ ਅੰਕੜੇ 2011 ‘ਚ ਸ਼ਹਿਰਾਂ ‘ਚ ਤਿੰਨ ਕਰੋੜ 60 ਹਜ਼ਾਰ ਤੇ ਪਿੰਡਾਂ ‘ਚ ਸੱਤ ਕਰੋੜ ਤੀਹ ਲੱਖ 60 ਹਜ਼ਾਰ ਗਏ ਹਨ । ਇਕ ਸਰਕਾਰੀ ਅੰਕੜੇ ਅਨੁਸਾਰ ਅੱਜ ਭਾਰਤ ਵਿੱਚ 10 ਫ਼ੀਸਦ ਤੋਂ ਵੱਧ ਆਬਾਦੀ ਭਾਵ ਦਸ ਕਰੋੜ ਚਾਲ਼ੀ ਲੱਖ ਬਜ਼ੁਰਗਾਂ ਦੀ ਹੈ ਜੋ 2031 ਤੱਕ 13 ਫ਼ੀਸਦ ਤੋਂ ਵੀ ਵਧ ਜਾਵੇਗੀ ।

ਬਜ਼ੁਰਗਾਂ ਨੇ ਸਮਾਜ ਨੂੰ ਬਹੁਤ ਕੁਝ ਦਿਤਾ ਹੁੰਦਾ ਹੈ । ਉਨ੍ਹਾ ਨੇ ਆਪਣੀ ਸਾਰੀ ਉਮਰ ਤੇ ਪੁੰਜੀ ਆਪਣੀ ਔਲਾਦ ‘ਤੇ ਖਰਚ ਕਰ ਦਿੱਤੀ ਹੁੰਦੀ ਹੈ ਜੋ ਨਵੇਂ ਜ਼ਮਾਨੇ ਵਿੱਚ ਰਹਿਣ ਦਾ ਮਾਣ ਹਾਸਿਲ ਕਰਦੀ ਹੈ ਭਾਵ ਨਵੇਂ ਸਮਾਜ ਦੀ ਸਿਰਜਣਾ ਦੀ ਨੀਂਹ ਬਜ਼ੁਰਗ ਹੀ ਰਖਦੇ ਹਨ ਭਾਵੇਂ ਨਵੀਂ ਪੀੜ੍ਹੀ ਇਸ ਭਰਮ ‘ਚ ਰਹਿੰਦੀ ਹੈ ਕਿ ਨਵਾਂ ਜ਼ਮਾਨਾ ਸਿਰਫ਼ ਨਵੀਂ ਪੀੜ੍ਹੀ ਨਾਲ਼ ਹੀ ਹੁੰਦਾ ਹੈ । ਅਫ਼ਸੋਸ ਇਸ ਗੱਲ ਦਾ ਹੁੰਦਾ ਹੈ ਕਿ ਨਵੀਂ ਪੀੜ੍ਹੀ ਆਪਣੀਆਂ ਬਜ਼ੁਰਗਾਂ ਪ੍ਰਤੀ ਪਰਿਵਾਰਿਕ,ਆਰਥਿਕ ਤੇ ਨੈਤਿਕ ਜ਼ਿੰਮੇਵਾਰੀਆਂ ਤੋਂ ਮੂੰਹ ਮੋੜਨ ਲੱਗ ਪਈ ਹੈ । ਸਾਡੇ ਸਮਾਜ ‘ਚ ਨਵੇਂ ਬਣ ਰਹੇ ਬਿਰਧ-ਘਰ ਇਸ ਦੀ ਪ੍ਰਤੱਖ ਮਿਸਾਲ ਹਨ ਜਿਨ੍ਹਾ ਦੀ ਗਿਣਤੀ ਦਿਨੋ ਦਿਨ ਵਧ ਰਹੀ ਹੈ । ਅੱਜ ਤੋਂ 50-60 ਸਾਲ ਪਹਿਲਾਂ ਬਿਰਧ ਘਰਾਂ ਬਾਰੇ ਕਦੇ ਕਿਸੇ ਨੇ ਵੀ ਨਹੀਂ ਸੀ ਸੁਣਿਆ ਹਾਂ ਵਿਦੇਸ਼ਾਂ ਓਲਡ ਏਜ਼ ਹੋਮਜ਼ ਬਾਰੇ ਲੋਕ ਗੱਲਾਂ ਕਰਦੇ ਸਨ ।

ਹੁਣ ਤਾਂ ਭਾਰਤ ਵਿੱਚ ਬਿਰਧ ਘਰ/ਓਲਡ ਏਜ਼ ਹੋਮਜ਼ ਇਕ ਆਰਥਿਕ ਕਿਤੇ ਤੇ ਮੁਨਾਫ਼ੇ ਵਾਂਗ ਵਿਕਾਸ ਕਰਨ ਲੱਗੇ ਹਨ । ਭਾਰਤ ਵਿੱਚ ਹੁਣ ਇਸ ਖੇਤਰ ‘ਚ ਵੀ ਇਕ ਨਵੀਂ ਵੰਡ ਹੋ ਗਈ ਹੈ । ਗਰੀਬ ਜਾਂ ਮੱਧ ਵਰਗ ਦੇ ਲੋਕ ‘ਬਿਰਧ ਘਰ’ ‘ਚ ਜਾਂਦੇ ਹਨ ਤੇ ਸਰਦੇ ਪੁਜਦੇ ਘਰਾਂ ਦੇ ਬਜ਼ੁਰਗ ‘ਸੀਨੀਅਰ ਸਿਟੀਜ਼ਨ ਹੋਮ’ ਜਾਂ ‘ਓਲਡ ਏਜ਼ ਹੋਮ’ ‘ਚ ਜਾਂਦੇ ਹਨ ।

ਭਾਵੇਂ ਸਰਕਾਰ ਨੇ ਬਜ਼ੁਰਗਾਂ ਦੇ ਸਾਂਭ-ਸੰਭਾਲ਼ ਲਈ ਕਾਨੂੰਨ ਬਣਾਏ ਹੋਏ ਹਨ ਪਰ ਜਾਣਕਾਰੀ ਦੀ ਘਾਟ ਕਾਰਨ ਦੇਸ਼ ਦੀ ਵੱਡੀ ਆਬਾਦੀ ਇਸ ਤੋਂ ਵਾਂਝਿਆਂ ਹੀ ਰਹਿ ਰਹੀ ਹੈ । ਦੇਸ਼ ਦੀ ‘ਆਊਸਮਾਨ ਯੋਜਨਾ’ ਹਰ ਸਿਹਤ ਕੇਂਦਰ ਵਿੱਚ ਬਜ਼ੁਰਗਾਂ ਲਈ ਇਕ ਨਿਸ਼ਚਿਤ ਥਾਂ ਹੋਣੀ ਚਾਹੀਦ‌ੀ ਹੈ ਪਰ ਕਿਨੇ ਸਿਹਤ ਕੇਂਦਰਾਂ ‘ਚ ਇਹ ਸੁਵਿਧਾ ਉਪਲਭਧ ਹੈ ? ਇਸ ਤੋਂ ਇਲਾਵਾ ਭਾਰਤ ਸਰਕਾਰ ਨੇ ਬਜ਼ੁਰਗਾਂ ਨੂੰ ਉਤਸ਼ਾਹਿਤ ਕਰਨ ਲਈ ਛੇ ਕਿਸਮ ਦੇ ਢਾਈ-ਢਾਈ ਲੱਖ ਦੇ ‘ਆਯੂਸ਼ਰੇਸ਼ਠ ਸਨਮਾਨ’ ਸ਼ੁਰੂ ਕੀਤੇ ਹੋਏ ਹਨ ਜੋ ਹਰ ਸਾਲ ਵਿਸ਼ਵ ਸ਼ਰੇਸ਼ਠ ਨਾਗਰਿਕ ਦਿਨ’ ‘ਤੇ ਇਕ ਅਕਤੂਬਰ ਨੂੰ ਦੇਣ ਦੀ ਸਕੀਮ ਲਾਗੂ ਕੀਤ‌ੀ ਸੀ । ਕਿੰਨੇ ਕੁ ਲੋਕਾਂ ਨੂੰ ਇਸ ਸਕੀਮ ਬਾਰੇ ਜਾਣਕਾਰੀ ਹੈ : ਇਸ ਸਕੀਮ ਤਹਿਤ 100ਸਾਲ ਪੂਰੇ ਕਰਨ, ਇਕ ਪ੍ਰਬਾਵਸ਼ਾਲੀ ਮਾਂ, ਜ਼ਿੰਦਗੀ ਦੀਆਂ ਪ੍ਰਾਪਤੀਆਂ, ਕਲਾ,ਖੇਡਾਂ ਤੇ ਸਾਹਸੀ ਕੰਮ ਤੇ ਬਹਾਦੁਰੀ ਲਈ ਇਕ ਮਾਣ ਪੱਤਰ, ਸਨਮਾਨ ਤਖਤੀ ਤੇ ਨਾਲ਼ ਢਾਈ ਲੱਖ ਰੁ: ਦਾ ਇਨਾਮ ਦਿੱਤਾ ਜਾਂਦਾ ਹੈ । ਤੁਸੀਂ ਆਪਣੇ ਚਾਰੇ ਪਾਸੇ ਨਿਗ੍ਹਾ ਦੌਵਾ ਕੇ ਵੇਖੋ ਕਿਸ ਕਿਸ ਬਜ਼ੁਰਗ ਨੂੰ ਇਹ ਸਨਮਾਨ ਮਿਲ਼ਿਆ ਹੈ । ਇਸ ਤੋਂ ਇਲਾਵਾ ਬਜ਼ੁਰਗਾਂ ਨਾਲ ਜੁੜੀਆਂ ਸੰਸਥਾਂਵਾ ਨੂੰ ਵੀ ਸੱਤ ਕਿਸਮ ਦੇ ਸਨਮਾਨ ਦਿਤੇ ਜਾਂਦੇ ਹਨ ।

ਦੁਨੀਆਂ ਦੇ ਦੇਸ਼ਾਂ ਵਿੱਚ ਨੌਰਵੇ ਇਕ ਦੇਸ਼ ਹੈ ਜਿਥੇ ਸੱਬ ਤੋਂ ਵੱਧ ਬਜ਼ੁਰਗਾਂ ਦਾ ਖ਼ਿਆਲ ਰੱਖਿਆ ਜਾਂਦਾ ਹੈ । ਇਸ ਮਗਰੋਂ ਸਵੀਡਨ,ਸਟਿਜ਼ਰਲੈਨਡ,ਜਰਮਨੀ,ਕਨੇਡਾ.ਅਮਰੀਕਾ ਤੇ ਇੰਗਲੈਂਡ ਦੇ ਨੰਬਰ ਆਉਂਦੇ ਹਨ । ਭਾਰਤ ਵਿੱਚ ਬਜ਼ੁਰਗਾਂ ਦੀ ਸਥਿਤੀ ਅਫ਼ਸੋਸ ਜਨਕ ਹੈ ਜਿਸ ਲਈ ਜਿਥੇ ਸਾਡੀਆਂ ਸਰਕਾਰਾਂ ਦੀ ਲਾਪਰਵਾਹੀ ਹੈ ਉਥੇ ਸਾਡਾ ਸਮਾਜ ਵੱਦ ਗੁਨਾਹਗਾਰ ਹੈ ਕਿਉਂਕਿ ਜਿਨਾ ਸੁੱਖ ਬਜ਼ੁਰਗ ਆਪਣੇ ਪਰਿਵਾਰ ‘ਚ ਰਹਿਕੇ ਮਾਣ ਸਕਦੇ ਹਨ ਓਨਾ ਸੁੱਖ ਤੇ ਮਾਨਸਿਕ ਤਸੱਲੀ ‘ਓਲਡ ਏਜ਼ ਹੋਮ ਜਾਂ ਬਿਰਧ ਘਰ ‘ਚ ਨਹੀਂ ਮਿਲ਼ ਸਕਦੇ ।

ਸਾਨੂੰ ਬਜ਼ੁਰਗਾਂ ਪ੍ਰਤੀ ਬਹੁਤ ਜ਼ਿਆਦਾ ਸੰਵੁਦਨਸ਼ੀਲ ਹੋਣ ਦੀ ਲੋੜ ਹੈ । ਜਿਨਾ ਚਿਰ ਬਿਰਧ ਘਰ ਜਾਂ ਓਲਡ ਏਜ਼ ਹੋਮ ਖੁਲ੍ਹਦੇ ਰਹਿਣਗੇ ਓਨਾ ਚਿਰ ਸਾਡਾ ਸਮਾਜ ਬਜ਼ੁਰਗਾਂ ਦੇ ਅਸ਼ੀਰਵਾਦ ਸੱਖਣਾ ਹੀ ਰਹੇਗਾ ਤੇ ਸਮਾਜ ਵਿਚਲੀਆਂ ਕੁਰੀਤੀਆਂ ਵੱਧਦੀਆਂ ਹੀ ਰਹਿਣਗੀਆਂ ਕਿਉਂਕਿ ਬਜ਼ੁਰਗ ਪਰਿਵਾਰ ਵਿੱਚ ਇਕ ਧੁਰੇ ਦਾ ਕੰਮ ਕਰਕੇ ਪਰਿਵਾਰ ਨੂੰ ਬੰਨ੍ਹਕੇ ਰਖਦੇ ਹਨ ਤੇ ਇਕ ਸਮਾਜਿਕ ਫਿਲਟਰ ਦਾ ਵੀ ਕੰਮ ਕਰਦੇ ਹਨ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button