EDITORIAL

ਬਾਰੂਦ ‘ਤੇ ਬੈਠਾ ਹੈ ਲੁਧਿਆਣਾ, ਕੀ ਕਰੋਗੇ ? ਸਿਸਟਮ ਹੀ ਹੈ ਕਾਣਾ

ਚਿਰਨੋਬਲ ਤੋਂ ਲੁਧਿਆਣਾ

ਅਮਰਜੀਤ ਸਿੰਘ ਵੜੈਚ (94178-01988)

ਪਰਸੋਂ 30 ਅਪ੍ਰੈਲ ਨੂੰ ਲੁਧਿਆਣੇ ਦੇ ਗਿਆਸਪੁਰਾ ਹਲਕੇ ‘ਚ ਕਿਸੇ ਜ਼ਹਿਰੀਲੀ ਗੈਸ ਕਾਰਨ ਹੋਈਆਂ 11 ਮੌਤਾਂ ਨੇ ਜਿਥੇ ਲੋਕਾਂ ਨੂੰ ਸੁੰਨ ਕਰ ਦਿਤਾ ਹੈ ਉਥੇ ਨਾਲ਼ ਦੀ ਨਾਲ਼ ਸਰਕਾਰਾਂ ਦੇ ਸਿਸਟਮ ‘ਤੇ ਕਈ ਸਵਾਲ ਵੀ ਖੜੇ ਕਰ ਦਿਤੇ ਹਨ । ਅਸੀਂ ਅਤੀਤ ‘ਚ ਹੋਈਆਂ ਦੁਰਘਟਨਾਵਾਂ ਤੋਂ ਕਿਉਂ ਨਹੀਂ ਸਬਕ ਸਿਖਦੇ ? ਲੁਧਿਆਣੇ ‘ਚ ਇਕ ਪੰਜ ਜੀਆਂ ਦਾ ਪਰਿਵਾਰ ਤਾਂ ਪੂਰੇ ਦਾ ਪੂਰਾ ਹੀ ਮੌਤ ਦੇ ਮੂੰਹ ‘ਚ ਸਮਾ ਗਿਆ ਦੂਜੇ ਦਾ ਸਿਰਫ਼ ਇਕ ਛੋਟਾ ਬੱਚਾ ਹੀ ਬਚਿਆ ਹੈ ਜਿਸ ਨੂੰ ਇਹ ਵੀ ਪਤਾ ਨਹੀਂ ਕਿ ਉਸ ਨਾਲ਼ ਕੀ ਵਾਪਰ ਗਿਆ ਹੈ ? ਇਨ੍ਹਾਂ ‘ਚੋਂ ਜ਼ਿਆਦਾ ਲੋਕ ਯੂਪੀ ਤੇ ਬਿਹਾਰ ਤੋਂ ਸੀ ਜੋ ਲੰਮੇ ਸਮੇਂ ਤੋਂ ਇਥੇ ਰਹਿ ਰਹੇ ਸਨ ।

ਸਾਲ 2020 ਦੇ ਸਰਕਾਰੀ ਅੰਕੜੇ ਦੱਸਦੇ ਹਨ ਕਿ ਸਾਡੇ ਦੇਸ਼ ਵਿੱਚ ਹਰ ਸਾਲ 1109 ਤੇ ਹਰ ਰੋਜ਼ ਤਿੰਨ ਫੈਕਟਰੀ ਮਜ਼ਦੂਰ ਇਨ੍ਹਾਂ ਫੈਕਟਰੀਆਂ ‘ਚ ਹੋਣ ਵਾਲ਼ੇ ਹਾਦਸਿਆਂ ਕਾਰਨ ਮੌਤ ਦਾ ਸ਼ਿਕਾਰ ਹੋ ਜਾਂਦੇ ਹਨ । ਗੁਜਰਾਤ, ਮਹਾਂਰਾਸ਼ਟਰ, ਤਾਮਿਲਨਾਡੂ,ਛੱਤੀਸਗੜ੍ਹ,ਆਂਧਰਾ ਪ੍ਰਦੇਸ਼,ਕਰਨਾਟਕਾ ਤੇ ਤੇਲੰਗਾਨਾ ‘ਚ ਵੱਧ ਹਾਦਸੇ ਹੁੰਦੇ ਹਨ । ਇਸ ਹਿਸਾਬ ਨਾਲ਼ ਹਰਿਆਣਾ 10ਵੇਂ ਤੇ ਪੰਜਾਬ ਗਿਆਰਵੇਂ ਨੰਬਰ ‘ਤੇ ਆਉਂਦੇ ਹਨ ।

ਭਾਵੇਂ ਪੰਜਾਬ ਉਦਯੋਗਿਕ ਹਾਦਸਿਆਂ ‘ਚ ਗਿਆਰਵੇਂ ਨੰਬਰ ‘ਤੇ ਆਉਂਦਾ ਹੈ ਪਰ ਇਸਦਾ ਕਦਾਚਿਤ ਮਤਲਬ ਨਹੀਂ ਕਿ ਇਥੇ ਉਦਯੋਗਿਕ ਹਾਦਸਿਆਂ ਦਾ ਸ਼ਿਕਾਰ ਹੋਣ ਵਾਲਿਆਂ ਦੀ ਕੀਮਤ ਘਟ ਜਾਂਦੀ ਹੈ । ਹਰ ਗ਼ੈਰ-ਕੁਦਰਤੀ ਮੌਤ ਦੀ ਕੀਮਤ ਬਰਾਬਰ ਦੀ ਹੁੰਦੀ ਹੈ ।
ਪੰਜਾਬ ਕਿਉਂਕਿ ਖੇਤੀ ਪ੍ਰਧਾਨ ਰਾਜ ਹੈ ਸੋ ਇਥੇ ਉਦਯੋਗਾਂ ਦੀ ਭਰਮਾਰ ਨਹੀਂ ਹੈ । ਪੰਜਾਬ ‘ਚ 2.55 ਲੱਖ ਉਦਯੋਗਿਕ ਯੁਨਿਟ ਰਜਿਸਟਰਡ ਹਨ । ਇਨ੍ਹਾਂ ‘ਚੋ 62 ਫੀਸਦ ਫੈਕਟਰੀਆਂ ਲੁਧਿਆਣਾ,ਅੰਮ੍ਰਿਤਸਰ,ਮੁਹਾਲੀ,ਜਲੰਧਰ ਤੇ ਪਟਿਆਲ਼ਾ ਜ਼ਿਲ੍ਹਿਆਂ ‘ਚ ਹਨ । ਇਸ ਤੋਂ ਇਲਾਵਾ ਬਟਾਲ਼ਾ ਵੀ ਇਡੰਸਟਰੀ ਲਈ ਮੰਨਿਆ ਹੋਇਆ ਸ਼ਹਿਰ ਹੈ ।

15

ਇਨ੍ਹਾਂ ਫੈਕਟਰੀਆਂ ‘ਤੇ ਨਿਗਾਹ ਰੱਖਣ ਲਈ ਪੰਜਾਬ ਸਰਕਾਰ ਨੇ 1975 ‘ਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਬਣਾਇਆ ਸੀ । ਇਸ ਬੋਰਡ ਦੀ ਕਾਰਗੁਜ਼ਾਰੀ ‘ਤੇ ਅਕਸਰ ਸਵਾਲ ਉਠਦੇ ਰਹਿੰਦੇ ਹਨ । ਹਾਲ ਹੀ ਵਿੱਚ ਫ਼ਾਜ਼ਿਲਕਾ ਦੇ ਜ਼ੀਰਾ ਨੇੜੇ ਮਨਸੂਰਵਾਲ਼ਾ ‘ਚ ਸ਼ਰਾਬ ਦੀ ਫ਼ੈਕਟਰੀ ‘ਤੇ ਧਰਤੀ ਹੇਠਲਾ ਪਾਣੀ ਗੰਧਲਾ ਕਰਨ ਦੇ ਦੋਸ਼ਾਂ ‘ਚ ਇਸ ਬੋਰਡ ਦੀ ਕਾਰਗੁਜ਼ਾਰੀ ‘ਤੇ ਵੀ ਕਈ ਸਵਾਲ ਉਠੇ ਸਨ ।
ਸਿਤੰਬਰ 2019 ‘ਚ ਬਟਾਲ਼ਾ ਸ਼ਹਿਰ ਦੀ ਆਬਾਦੀ ‘ਚ ਇਕ ਕਥਿਤ ਨਾਜਾਇਜ਼ ਪਟਾਖਾ ਫੈਕਟਰੀ ‘ਚ ਧਮਾਕਾ ਹੋਣ ਕਾਰਨ 23 ਲੋਕਾਂ ਦੀ ਜਾਨ ਚਲੀ ਗਈ ਸੀ । ਉਸ ਵਕਤ ਇਹ ਸਵਾਲ ਉਠੇ ਸਨ ਕਿ ਇਸ ਬੋਰਡ ਦੇ ਹੁੰਦਿਆਂ ਇਸ ਤਰ੍ਹਾਂ ਦੀਆਂ ਖਤਰਨਾਕ ਫੈਕਟਰੀਆਂ ਕਿਵੇਂ ਸੰਘਣੀ ਆਬਾਦੀ ‘ਚ ਲੱਗ ਜਾਂਦੀਆਂ ਹਨ ।

ਲੋਕ ਅਕਸਰ ਕਹਿੰਦੇ ਹਨ ਕਿ ਲੁਧਿਆਣਾ ਸ਼ਹਿਰ ਵੀ ਇਸ ਤਰ੍ਹਾਂ ਦੀਆਂ ਨਾਜਾਇਜ਼ ਇਕਾਈਆਂ ਨਾਲ਼ ਭਰਿਆ ਪਿਆ ਹੈ ਜਿਨ੍ਹਾਂ ਉਪਰ ਕੋਈ ਚੈਕਿੰਗ ਨਹੀਂ ਹੈ । ਗਿਆਸਪੁਰੇ ਦੇ ਲੋਕਾਂ ਨੇ ਕਿਹਾ ਹੈ ਕਿ ਜਦੋਂ ਮੀਂਹ ਪੈਂਦਾ ਹੈ ਤਾਂ ਉਥੋਂ ਦੇ ਸੀਵਰ ਦੇ ਪਾਣੀ ਦਾ ਰੰਗ ਲਾਲ ਹੋ ਜਾਂਦਾ ਹੈ । ਉਨ੍ਹਾਂ ਦੇ ਕਹਿਣ ਦਾ ਮਤਲਬ ਹੈ ਕਿ ਕਈ ਫੈਕਟਰੀਆਂ ਵਾਲ਼ੇ ਮੀਂਹ ਦਾ ਫ਼ਾਇਦਾ ਲੈਣ ਲਈ ਆਪਣੀਆਂ ਫੈਕਟਰੀਆਂ ਦੀ ਰਹਿੰਦ-ਖੂੰਦ ਮੀਂਹ ਦੇ ਪਾਣੀ ‘ਚ ਰਲ਼ਾਕੇ ਸੀਵਰ ‘ਚ ਮਿਲ਼ਾ ਦਿੰਦੇ ਹਨ । ਇਥੋਂ ਦਾ ਬੁੱਢਾ ਨਾਲ਼ਾ ਇਸ ਸ਼ਹਿਰ ਦੀ ਜ਼ਹਿਰ ਨਾਲ਼ ਭਰ ਕੇ ਵਗਦਾ ਹੈ । ਇਹ ਸਾਰਾ ਜ਼ਹਿਰ ਫਿਰ ਸਤਲੁਜ ‘ਚ ਰਲ਼ ਜਾਂਦਾ ਹੈ । ਕੁਮਕਲਾਂ ਕੋਲੋਂ ਨਿਕਲ਼ਦਾ ਇਹ ਬੁੱਢਾ ਨਾਲ਼ਾ ਕਦੇ ਇਸ ਇਲਾਕੇ ਲਈ ਸਾਫ਼ ਪਾਣੀ ਦਾ ਸਰੋਤ ਹੁੰਦਾ ਸੀ ਤੇ 1964 ਤੱਕ ਇਸ ਵਿੱਚ 65 ਕਿਸਮ ਦੀਆਂ ਮੱਛੀਆਂ ਪਲ਼ਦੀਆਂ ਸਨ । ਅੱਜ ਇਸ ਵਿੱਚ ਇਕ ਵੀ ਮੱਛੀ ਦੀ ਕਿਸਮ ਨਹੀਂ । ਪੀਏਯੂ, ਲੁਧਿਆਣਾ ਦੀ 2008 ‘ਚ ਇਕ ਸਟੱਡੀ ਅਨੁਸਾਰ ਇਸ ਨਾਲ਼ੇ ਦੇ ਪਾਣੀਆਂ ਨਾਲ਼ ਪੈਦਾ ਹੁੰਦੀਆਂ ਸਬਜ਼ੀਆਂ ‘ਚ ਵੀ ਮਨੁੱਖ ਤੇ ਹੋਰ ਜੀਵਾਂ ਲਈ ਖਤਰਨਾਕ ਰਸਾਇਣ ਤੇ ਭਾਰੀ ਧਾਤਾਂ ਸ਼ਾਮਿਲ ਹੋ ਚੁੱਕੀਆਂ ਹਨ ।

ਬਿਲਕੁਲ ਛੋਟੀਆਂ-ਛੋਟੀਆਂ ਗਲ਼ੀਆਂ ‘ਚ ਕਈ ਇਸ ਤਰ੍ਹਾਂ ਦੀਆਂ ਇਕਾਈਆਂ ਉਤਪਾਦਨ ਕਰ ਰਹੀਆਂ ਹਨ ਜਿਨ੍ਹਾਂ ਤੋਂ ਹਜ਼ਾਰਾਂ ਪਰਿਵਾਰ ਵੀ ਪਲ਼ ਰਹੇ ਹਨ । ਇਨ੍ਹਾਂ ਇਕਾਈਆਂ ਤੇ ਹੋਰ ਸਾਰੀਆਂ ਫੈਕਟਰੀਆਂ ਦਾ ਗੰਦਾ ਪਾਣੀ ਜਾਂ ਤਾਂ ਇਸ ਨਾਲ਼ੇ ‘ਚ ਮਿਲ਼ਾ ਦਿਤਾ ਜਾਂਦਾ ਹੈ ਜਾਂ ਫਿਰ ਧਰਤੀ ‘ਚ ਬੋਰ ਕਰਕੇ ਧਰਤੀ ਹੇਠਾਂ ਲੰਘਾ ਦਿਤਾ ਜਾਂਦਾ ਹੈ । ਇਸ ਹਿਸਾਬ ਨਾਲ਼ ਵਿਗਿਆਨੀ ਸਮਝਦੇ ਹਨ ਕਿ ਲੁਧਿਆਣਾ ਸ਼ਹਿਰ ਬਿਮਾਰੀਆਂ ਤੇ ਹਾਦਸਿਆਂ ਦੇ ਬਾਰੂਦ ‘ਤੇ ਬੈਠਾ ਹੈ ।

16

ਸਰਕਾਰਾਂ ਦੇ ਸਿਸਟਮਾਂ ਦੀ ਮਾਰ ਦਿਸੰਬਰ 1984 ‘ਚ ਭੁਪਾਲ ਝੱਲ ਚੁੱਕਾ ਹੈ ਜਿਥੇ ਯੂਨੀਅਨ ਕਾਰਬਾਈਡ ਦੀ ਫੈਕਟਰੀ ‘ਚ ਮਿਥਾਇਲ ਆਈਸੋਸਾਈਨਾਇਟ ਗੈਸ ਲੀਕ ਹੋਣ ਕਾਰਨ 8 ਹਜ਼ਾਰ ਤੋਂ ਵੱਧ ਲੋਕ ਮਰ ਗਏ ਸਨ ਤੇ 6 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਸਨ । ਇਨ੍ਹਾ ‘ਚੋਂ ਵੀ 40 ਹਜ਼ਾਰ ਦੇ ਕਰੀਬ ਤਾਉਮਰ ਲਈ ਮਰੀਜ਼ ਜਾਂ ਅੰਗਹੀਣ ਹੋ ਗਏ ਸਨ । ਹਾਲੇ ਵੀ ਉਥੇ ਪੈਦਾ ਹੋਣ ਵਾਲ਼ੇ ਕਈ ਬੱਚਿਆਂ ਉਪਰ ਉਸ ਗੈਸ ਦਾ ਅਸਰ ਦਿਸਦਾ ਹੈ ।

ਮਈ 2020 ‘ਚ ਜਦੋਂ ਕੋਰੋਨਾ ਦਾ ਕਹਿਰ ਭਾਰਤ ‘ਤੇ ਵਰ੍ਹ ਰਿਹਾ ਸੀ ਉਸ ਵਕਤ ਵਿਸ਼ਾਖਾਪਟਨਮ ‘ਚ ਗੈਸ ਲੀਕ ਹੋਣ ਨਾਲ਼ 13 ਜਾਨਾਂ ਚਲੀਆਂ ਗਈਆਂ ਸਨ । ਇਸੇ ਤਰ੍ਹਾਂ ਜੁਲਾਈ 2018 ‘ਚ ਵੀ ਅਮਰਾਵਤੀ ਦੇ ਇਕ ਸਟੀਲ ਪਲਾਂਟ ‘ਚ ਗੈਸ ਰਿਸਣ ਕਰਕੇ ਛੇ ਲੋਕ ਮਾਰੇ ਗਏ ਸਨ ।

26 ਅਪ੍ਰੈਲ 1986 ਨੂੰ ਰੂਸ ਦੇ ਯੂਕਰੇਨ ਰਾਜ ਦੇ ਇਕ ਨਿਊਕਲੀਅਰ ਪਲਾਂਟ ‘ਚ ਧਮਾਕਾ ਹੋਣ ਨਾਲ਼ 30 ਵਿਅਕਤੀ ਮਾਰੇ ਗਏ ਸਨ ਤੇ ਸਾਢੇ ਤਿੰਨ ਲੱਖ ਲੋਕਾਂ ਨੂੰ ਰਾਤੋ-ਰਾਤ ਘਰ ਛੱਡਣ ਲਈ ਮਜਬੂਰ ਹੋਣਾ ਪਿਆ ਸੀ । ਉਥੇ ਬੇਘਰ ਹੋਏ ਲੋਕਾਂ ਨੂੰ ਹਾਲੇ ਵੀ ਪੂਰੀ ਤਰ੍ਹਾਂ ਨਹੀਂ ਵਸਾਇੳ ਜਾ ਸਕਿਆ । ਹਜ਼ਾਰਾਂ ਲੋਕ ਮਗਰੋਂ ਵੀ ਉਸ ਨਿਊਕਲੀਅਰ ਰਿਸਾਵ ਕਾਰਨ ਬਿਮਾਰ ਹੋ ਰਹੇ ਹਨ ।

ਸਾਡੀਆਂ ਸਰਕਾਰਾਂ ਇਹੋ ਜਿਹੀਆਂ ਘਟਨਾਵਾਂ ਮਗਰੋਂ ਝੱਟ ਮੁਆਵਜ਼ੇ ਦਾ ਐਲਾਨ ਕਰ ਦਿੰਦੀਆਂ ਤੇ ਫਿਰ ਇੰਤਜ਼ਾਰ ਕਰਨ ਲਗਦੀਆਂ ਹਨ ਕਿ ਕਦੋਂ ਫਿਰ ਹੋਰ ਲੁਧਿਆਣੇ/ਬਟਾਲ਼ੇ/ਵਿਸ਼ਾਖਾਪਟਨਮ/ਅਮਰਾਵਤੀ ਵਰਗਾ ਕਾਂਡ ਹੋਵੇ ਤਾਂ ਫਿਰ ਉਹ ਮੁਆਵਜ਼ੇ ਦਾ ਐਲਾਨ ਕਰਕੇ ਇਕ ਬਿਆਨ ਦੇਣ ਕਿ ਘਟਨਾ ਦੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿਵਾਈ ਜਾਵੇਗੀ ਤੇ ਪੀੜਤਾਂ ਨੂੰ ਇਨਸਾਫ਼ ਮਿਲ਼ੇਗਾ !

ਸਰਕਾਰਾਂ ਵਿਚਲੇ ਮਾਫ਼ੀਏ ਕਿਵੇਂ ਉਦਯੋਗਪਤੀਆਂ ਨਾਲ਼ ਮਿਲ਼ਕੇ ਲੋਕਾਂ ਦੇ ਮਰਨ ਦਾ ਜਸ਼ਨ ਮਨਾਉਂਦੇ ਹਨ ਇਸ ਦੀ ਸੱਭ ਤੋਂ ਵੱਡੀ ਉਦਾਹਰਣ ਭੁਪਾਲ ਦੀ ਯੂਨੀਅਨ ਕਾਰਬਾਈਡ , ਅਮਰੀਕਾ ਦੀ ਫੈਕਟਰੀ ਦੇ ਭਾਰਤ ਵਿਚਲੇ ਚੇਅਰਮੈਨ ਵਾਰੇਨ ਐਂਡਰਸਨ ਨੂੰ ਭਾਰਤ ‘ਚੋਂ ਬਾਹਰ ਕੱਡਣ ਦੀ ਹੈ । ਜਿਸ ਦਿਨ ਭੁਪਾਲ ਗੈਸ ਕਾਂਡ ਹੁੰਦਾ ਹੈ ਉਸ ਦਿਨ ਤੋਂ ਬਾਦ ਹੀ ਵਾਰੇਨ ਨੂੰ ਭੁਪਾਲ ਦੀ ਪੁਲਿਸ ਹਿਰਾਸਤ ‘ਚ ਲੈ ਲੈਦੀਂ ਹੈ । ਇੰਡੀਆ ਟੂਡੇ ਹੈੱਡ ਲਾਇਨਜ਼ ਬਿਊਰੋ ਦੇ ਜੂਨ 2010 ਦੇ ਸੰਦਰਭ ਇਹ ਦੱਸਣਾ ਬਣਦਾ ਹੈ ਕਿ ਭੁਪਾਲ ਦੇ ਤਤਕਾਲੀ ਡੀਸੀ ਮੋਤੀ ਸਿੰਘ ਨੇ ਬਿਊਰੋ ਨੂੰ ਦੱਸਿਆ ਕਿ ਮੱਧ ਪ੍ਰਦੇਸ਼ ਦੇ ਚੀਫ਼ ਸੈਕਰੇਟਰੀ ਵੱਲੋਂ ਵਾਰੇਨ ਨੂੰ ਰਿਹਾ ਕਰਨ ਲਈ ਕਿਹਾ ਗਿਆ ਸੀ । ਜਿਹੜੀ ਪੁਲਿਸ ਵਾਰੇ ਨੂੰ ਹਿਰਾਸਤ ‘ਚ ਲੈਂਦੀ ਹੈ ਉਹ ਹੀ ਵਾਰੇਨ ਨੂੰ ਅੰਬੈਸਡਰ ਕਾਰ ‘ਚ ਬਿਠਾ ਕੇ ਦਿੱਲੀ ਲਈ ਰਵਾਨਾ ਕਰਦੀ ਹੈ । ਵਾਰੇਨ 7 ਦਿਸੰਬਰ ਨੂੰ ਭਾਰਤ ‘ਚੋਂ ਉਡਾਣ ਭਰ ਜਾਂਦਾ ਹੈ ਜਦੋਂ ਪੂਰਾ ਭੁਪਾਲ ਮੌਤ ਨਾਲ਼ ਜੂਝ ਰਿਹਾ ਸੀ । ਇਹ ਵੀ ਗੱਲਾਂ ਹੁੰਦੀਆਂ ਰਹੀਆਂ ਸਨ ਕਿ ਰਾਜਧਾਨੀ ਦਿੱਲੀ ਤੋਂ ਵਾਰੇਨ ਨੂੰ ਬਚਾਉਣ ਲਈ ਹਦਾਇਤਾਂ ਜਾਰੀ ਹੋਈਆਂ ਸਨ ।

ਸਰਕਾਰਾਂ ਨੂੰ ਚਾਹੀਦਾ ਹੈ ਕਿ ਇਸ ਤੋਂ ਪਹਿਲਾ ਕੋਈ ਹੋਰ ਭੁਪਾਲ ਜਾਂ ਲੁਧਿਆਣਾ ਕਿਤੇ ਵਾਪਰੇ ਆਪਣੇ ਸਿਸਟਮ ਨੂੰ ਚੁੱਸਤ ਦਰੁਸਤ ਕਰਨ ਤਾਂ ਕੇ ਭਵਿਖ ‘ਚ ਮਾਸੂਮ ਤੇ ਬਾਗੁਨਾਹ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਈਆਂ ਜਾ ਸਕਣ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button