NewsBreaking NewsD5 specialPunjab

ਪੰਜਾਬ ਪੁਲਿਸ ਨੇ ਜ਼ਹਿਰੀਲੀ ਸ਼ਰਾਬ ਮਾਮਲੇ ਨਾਲ ਸਬੰਧਤ ਮਿਥਨੌਲ ਦੇ 3 ਡਰੱਮ ਵੇਚਣ ਵਾਲੇ ਲੁਧਿਆਣਾ ਦੇ ਕਾਰੋਬਾਰੀ ਨੂੰ ਕੀਤਾ ਕਾਬੂ

ਕੁਲ ਗ੍ਰਿਫਤਾਰੀਆਂ ਦੀ ਗਿਣਤੀ ਹੋਈ 40; ਦਿੱਲੀ ਅਤੇ ਪੰਜਾਬ ਵਿੱਚੋਂ ਕਈ ਥਾਵਾਂ ਤੋਂ ਹੋਰ ਗ੍ਰਿਫਤਾਰੀਆਂ ਹੋਣ ਦੀ ਆਸ

ਪੰਜਾਬ ਪੁਲਿਸ ਵਲੋਂ ਨਕਲੀ ਸ਼ਰਾਬ ਵਿਰੁੱਧ ਕੀਤੀ ਕਰਵਾਈ ਕਾਰਨ 238 ਕੇਸਾਂ ਵਿੱਚ ਹੋਈਆਂ ਹੋਰ 184 ਗ੍ਰਿਫਤਾਰੀਆਂ

ਚੰਡੀਗੜ, 4 ਅਗਸਤ: ਨਜਾਇਜ਼ ਸ਼ਰਾਬ ਦੁਖਾਂਤ ਮਾਮਲੇ ਵਿੱਚ ਇੱਕ ਵੱਡੀ ਸਫਲਤਾ ਤਹਿਤ ਪੰਜਾਬ ਪੁਲਿਸ ਨੇ ਲੁਧਿਆਣਾ ਸਥਿਤ ਪੇਂਟ ਸਟੋਰ ਦੇ ਮਾਲਕ ਨੂੰ ਗ੍ਰਿਫਤਾਰ ਕੀਤਾ ਹੈ, ਜੋ ਕਥਿਤ ਤੌਰ ‘ਤੇ ਤਿੰਨ ਜ਼ਿਲਿਆਂ ਵਿੱਚ 111 ਵਿਅਕਤੀਆਂ ਦੀਆਂ ਮੌਤਾਂ ਹੋ ਜਾਣ ਦੀਆਂ ਘਟਨਾਵਾਂ ਲਈ ਜ਼ਿੰਮੇਵਾਰ ਹੈ।
ਡੀਜੀਪੀ ਸ੍ਰੀ ਦਿਨਕਰ ਗੁਪਤਾ ਮੁਤਾਬਕ ਲੁਧਿਆਣਾ ਪੇਂਟ ਸਟੋਰ ਦੇ ਮਾਲਕ ਰਾਜੀਵ ਜੋਸ਼ੀ ਨੂੰ ਸੋਮਵਾਰ ਦੀ ਦੇਰ ਸ਼ਾਮ ਕਾਬੂ ਕਰ ਲਿਆ ਗਿਆ ਜਿਸ ਨੇ ਕਬੂਲਿਆ ਹੈ ਕਿ ਉਸਨੇ ਮਿਥੇਨੌਲ (ਮਿਥਾਈਲ ਅਲਕੋਹਲ) ਦੇ ਤਿੰਨ ਡਰੱਮ ਮੋਗਾ ਦੇ ਰਵਿੰਦਰ ਆਨੰਦ ਦੇ ਭਤੀਜੇ ਪ੍ਰਭਦੀਪ ਸਿੰਘ ਨੂੰ ਸਪਲਾਈ ਕੀਤੇ ਸਨ ਜੋ ਕਿ ਮਿਥਨੌਲ ਅਧਾਰਤ ਨਕਲੀ ਸ਼ਰਾਬ ਬਣਾਉਣ ਲਈ ਵਰਤੇ ਜਾਂਦੇ ਹਨ। ਪ੍ਰਭਦੀਪ ਅੱਗੇ ਅਵਤਾਰ ਸਿੰਘ ਨਾਲ ਜੁੜਿਆ ਸੀ। ਪੁਲਿਸ ਹੁਣ ਜੋਸ਼ੀ ਦੁਆਰਾ ਦਿੱਤੇ ਗਏ ਸੁਰਾਗਾਂ ਦੀ ਭਾਲ ਕਰ ਰਹੀ ਹੈ, ਜੋ ਕਥਿਤ ਤੌਰ ‘ਤੇ ਪੰਜਾਬ ਅਤੇ ਦਿੱਲੀ ਦੇ ਵੱਖ-ਵੱਖ ਥਾਵਾਂ ਤੋਂ ਵੱਖ ਵੱਖ ਕਿਸਮਾਂ ਦੀ ਸ਼ਰਾਬ ਅਤੇ ਸਪਿਰਟ ਖਰੀਦਦਾ ਸੀ।
ਇਸ ਦੁਖਾਂਤ ਵਿੱਚ ਵਿਚ ਜੋਸ਼ੀ ਅਤੇ ਦੋ ਹੋਰ ਅਹਿਮ ਸਾਜ਼ਿਸ਼ਕਰਤਾਂ ਦੀ ਗ੍ਰਿਫਤਾਰੀ ਨਾਲ, ਇਸ ਮਾਮਲੇ ਵਿਚ ਗ੍ਰਿਫਤਾਰੀਆਂ ਦੀ ਗਿਣਤੀ 40 ਹੋ ਗਈ ਹੈ ਜਿਨਾਂ ਵਿਚ ਤਰਨ ਤਾਰਨ ਤੋਂ 21, ਅੰਮ੍ਰਿਤਸਰ-ਦਿਹਾਤੀ ਤੋਂ 10 ਅਤੇ ਬਟਾਲਾ ਤੋਂ 9 ਹਨ। ਇਹ ਗ੍ਰਿਫਤਾਰੀਆ ਤੋਂ ਬਾਅਦ 31 ਜੁਲਾਈ ਤੋਂ ਲੈ ਕੇ ਹੁਣ ਤੱਕ ਤਿੰਨ ਜ਼ਿਲਿਆਂ ਵਿੱਚ 563 ਛਾਪੇਮਾਰੀਆਂ ਤਹਿਤ ਇਸ ਕੇਸ ਵਿੱਚ ਦਰਜ ਪੰਜ ਐਫਆਈਆਰਜ਼ (ਇੱਕ ਬਟਾਲਾ ਵਿੱਚ, 2 ਅੰਮ੍ਰਿਤਸਰ-ਆਰ ਵਿੱਚ ਅਤੇ 2 ਤਰਨਤਾਰਨ ਵਿੱਚ) ਦਰਜ ਹੋਈਆਂ ਹਨ।
ਡੀਜੀਪੀ ਨੇ ਦੱਸਿਆ ਕਿ ਇੱਕ ਫਰਾਰ ਦੋਸ਼ੀ, ਜਿਸਦੀ ਪਛਾਣ ਹਾਥੀ ਗੇਟ, ਬਟਾਲਾ ਦੇ ਧਰਮਿੰਦਰ ਵਜੋਂ ਹੋਈ ਹੈ, ਨੂੰ ਬਟਾਲਾ ਵਿੱਚ 13 ਮੌਤਾਂ ਦੇ ਮਾਮਲੇ ਵਿੱਚ ਮੰਗਲਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਡੀਜੀਪੀ ਨੇ ਦੱਸਿਆ ਕਿ ਉਸ ਕੋਲੋਂ 50 ਲੀਟਰ ਸ਼ਰਾਬ ਬਰਾਮਦ ਕੀਤੀ ਗਈ ਹੈ।
ਇਸ ਤੋਂ ਇਲਾਵਾ, ਮੁੱਖ ਮੰਤਰੀ ਕੈਪਟਨ ਅਮਰਿੰਦਰ ਦੇ ਨਿਰਦੇਸ਼ਾਂ ‘ਤੇ ਅਮਲ ਕਰਦਿਆਂ, ਰਾਜ ਪੁਲਿਸ ਨੇ ਪਿਛਲੇ 24 ਘੰਟਿਆਂ ਦੌਰਾਨ ਨਸ਼ੀਲੀ ਤੇ ਨਕਲੀ ਸ਼ਰਾਬ ਸਬੰਧੀ ਵਿਚ ਵੱਡੇ ਪੱਧਰ ਉਤੇ ਕਾਰਵਾਈ ਕੀਤੀ ਜਿਸ ਦੌਰਾਨ 238 ਮਾਮਲਿਆਂ ‘ਚ 184 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਜ਼ਿਲਾ/ ਕਮਿਸ਼ਨਰੇਟ ਵੱਲੋਂ ਵੱਖ-ਵੱਖ ਸ਼ੱਕੀ ਥਾਵਾਂ ‘ਤੇ ਕੀਤੀ ਗਈ ਰਾਜ ਪੱਧਰੀ ਛਾਪੇਮਾਰੀ ਦੌਰਾਨ 8 ਵਰਕਿੰਗ ਸਟਿਲਜ਼ ਸਮੇਤ ਕੁੱਲ 5943 ਲੀਟਰ ਨਜਾਇਜ਼ ਸ਼ਰਾਬ, 1332 ਲੱਖ ਲੀਟਰ ਸ਼ਰਾਬ ਅਤੇ 32470 ਕਿਲੋਗ੍ਰਾਮ ਲਾਹਣ ਬਰਾਮਦ ਕੀਤੀ ਗਈ ਹੈ। ਸੀਨੀਅਰ ਅਧਿਕਾਰੀਆਂ ਦੀ ਨਿਗਰਾਨੀ ਵਿੱਚ ਕੀਤੀ ਗਈ ਇਸ ਛਾਪੇਮਾਰੀ ਵਿੱਚ ਨਾਜਾਇਜ਼ ਸ਼ਰਾਬ ਦੀ ਵਿਕਰੀ / ਖਰੀਦ / ਉਤਪਾਦਨ ਵਿੱਚ ਸ਼ਾਮਲ 184 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ। ਡੀਜੀਪੀ ਨੇ ਦੱਸਿਆ ਕਿ ਸ਼ਰਾਬ ਅਤੇ ਲਾਹਣ ਦੇ ਜਖ਼ੀਰੇ ਲੁਧਿਆਣਾ ਪੁਲਿਸ ਕਮਿਸ਼ਨਰੇਟ ਦੇ ਸਤਲੁਜ ਦਰਿਆ ਦੇ ਆਸ ਪਾਸ , ਅੰਮ੍ਰਿਤਸਰ (ਦਿਹਾਤੀ), ਤਰਨਤਾਰਨ ਜ਼ਿਲੇ ਦੇ ਕੁਝ ਇਲਾਕਿਆਂ ਦੇ ਨਾਲ-ਨਾਲ ਅਨੰਦਪੁਰ ਸਾਹਿਬ ਅਤੇ ਨੂਰਪੁਰ ਬੇਦੀ ਦੇ ਇਲਾਕਿਆਂ ਤੋਂ ਬਰਾਮਦ ਹੋਏ ਹਨ।
ਡੀਜੀਪੀ ਨੇ ਦੱਸਿਆ ਕਿ ਜੋਸ਼ੀ ਅਤੇ ਹੋਰ ਅਪਰਾਧੀਆਂ ਦੀ ਗ੍ਰਿਫਤਾਰੀ ਨਾਲ ਪੁਲਿਸ ਨੂੰ ਜ਼ਹਿਰੀਲੀ ਸ਼ਰਾਬ ਤਿਆਰ ਕਰਨ ਅਤੇ ਅੱਗੇ ਵੇਚਣ ਵਿੱਚ ਸ਼ਾਮਲ ਕੁਝ ਹੋਰ ਪ੍ਰਮੁੱਖ ਮੁਲਜ਼ਮਾਂ ਅਤੇ ਮੀਥੇਨੌਲ (ਮਿਥਾਈਲ ਅਲਕੋਹਲ) ਦੀ ਸਪਲਾਈ ਸਬੰਧੀ ਕੜੀ ਲੱਭਣ ਵਿੱਚ ਮੱਦਦ ਮਿਲੀ ਹੈ ਜਿਸ ਨਾਲ ਕਿ ਤਰਨਤਾਰਨ, ਅੰਮ੍ਰਿਤਸਰ ਅਤੇ ਬਟਾਲਾ ਵਿੱਚ ਇਹ ਦਾਰੂ ਪੀਣ ਵਾਲਿਆਂ ਦੀ ਮੌਤ ਹੋਈ ਹੈ। ਉਸ ਵੱਲੋਂ ਰਵਿੰਦਰ ਅਤੇ ਅਵਤਾਰ ਨੂੰ ਸਪਲਾਈ ਕੀਤੇ ਗਏ ਤਿੰਨ ਡਰੱਮ ਅੱਗੇ ਸਤਨਾਮ ਸਿੰਘ ਵਾਸੀ ਪਿੰਡ ਪੰਡੋਰੀ ਗੋਲਾ ਜ਼ਿਲਾ ਤਰਨਤਾਰਨ ਨੂੰ ਵੇਚੇ ਗਏ ਸਨ। ਸਤਨਾਮ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੇ ਤਿੰਨ ਜਿਲ੍ਹਿਆਂਂ ਦੇ ਇੱਕ ਦਰਜਨ ਦੇ ਕਰੀਬ ਵਿਤਰਕਾਂ ਨੂੰ ਮਿਥੇਨੋਲ ਅਧਾਰਤ ਇਹ ਨਾਜਾਇਜ਼ ਸ਼ਰਾਬ ਦੀ ਸਪਲਾਈ ਕੀਤੀ। ਰਾਜੀਵ ਜੋਸ਼ੀ ਦੁਆਰਾ ਸਪਲਾਈ ਕੀਤੇ ਗਏ ਮੀਥੇਨੌਲ ਦੇ ਸੰਭਾਵਿਤ ਸਰੋਤ ਬਾਰੇ ਵੀ ਦਿੱਲੀ ਅਤੇ ਹੋਰ ਥਾਵਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਡੀ.ਜੀ.ਪੀ. ਨੇ ਦੱਸਿਆ ਕਿ ਸਤਨਾਮ ਦੀ ਗ੍ਰਿਫਤਾਰੀ ਨਾਲ ਉਸ ਕੇਸ ਵਿਚ ਸ਼ਾਮਲ ਮਾਫੀਆ ਦੇ ਤਰਨਤਾਰਨ ਮੋਡਿਊਲ ਦਾ ਪਰਦਾਫਾਸ਼ ਹੋ ਗਿਆ ਹੈ ਅਤੇ ਜਿਲੇ ਵਿਚ ਘੱਟੋ ਘੱਟ ਪੰਜ ਹੋਰ ਸ਼ੱਕੀ ਵਿਅਕਤੀਆਂ ਦੀ ਪਛਾਣ ਕਰ ਲਈ ਗਈ ਹੈ ਜਿੰਨ੍ਹਾ ਨੂੰ ਫੜਨ ਲਈ ਛਾਪੇ ਮਾਰੇ ਜਾ ਰਹੇ ਹਨ। ਬਟਾਲਾ ਮੋਡਿਊਲ ਵਿੱਚੋਂ ਦਰਸ਼ਨਾ ਅਤੇ ਤ੍ਰਿਵੇਣੀ ਦੀ ਗ੍ਰਿਫਤਾਰੀ ਨਾਲ ਉਸ ਮੋਡਿਊਲ ਦਾ ਵੀ ਪਰਦਾਫਾਸ਼ ਹੋ ਗਿਆ ਹੈ ਜੋ ਕਿ ਜੰਡਿਆਲਾ ਦੇ ਗੋਬਿੰਦਰ ਸਿੰਘ ਉਰਫ ਗੋਬਿੰਦਾ ਕੋਲੋਂ ਨਜ਼ਾਇਜ਼ ਸ਼ਰਾਬ ਲੈਂਦੀਆਂ ਰਹੀਆਂ ਹਨ ਅਤੇ ਗੋਬਿੰਦਾ ਅੱਗੇ ਨਜ਼ਾਇਜ਼ ਸ਼ਰਾਬ ਦੀ ਸਪਲਾਈ ਇਸੇ ਕੜੀ ਵਿਚ ਸਤਨਾਮ ਸਿੰਘ ਨੂੰ ਵੀ ਕਰਦਾ ਸੀ। ਅੰਮ੍ਰਿਤਸਰ ਦਿਹਾਤੀ ਦੀ ਮੁੱਖ ਮੁਲਜ਼ਮ ਬਲਵਿੰਦਰ ਕੌਰ ਪਹਿਲਾਂ ਹੀ ਗ੍ਰਿਫਤਾਰ ਕੀਤੀ ਜਾ ਚੁੱਕੀ ਹੈ ਜੋ ਕਿ ਗੋਬਿੰਦਾ ਤੋਂ ਨਜ਼ਾਇਜ਼ ਸ਼ਰਾਬ ਪ੍ਰਾਪਤ ਕਰਦੀ ਸੀ।
ਸਤਨਾਮ ਸਿੰਘ ਤੋਂ ਮਿਲੀ ਜਾਣਕਾਰੀ ‘ਤੇ ਪਿੰਡ ਪੰਡੋਰੀ ਗੋਲਾ ਦੀ ਇਕ ਖਾਈ ‘ਚੋਂ ਬਰਾਮਦ ਹੋਏ ਡਰੰਮਾਂ ਅਤੇ 70 ਲੀਟਰ ਸ਼ਰਾਬ ਦੇ ਪੈਕਟਾਂ ਦੀ ਰਸਾਇਣਕ ਜਾਂਚ ਆਬਕਾਰੀ ਵਿਭਾਗ ਰਾਹੀਂ ਕਰਵਾਈ ਜਾ ਰਹੀ ਹੈ।
ਇਤਫਾਕਨ, ਮੀਥੇਨੌਲ ਜਾਂ ਮਿਥਾਈਲ ਅਲਕੋਹਲ ਦੇ ਜ਼ਹਿਰੀਲੇਪਣ ਨਾਲ ਭਾਰਤ ਵਿਚ ਅਨੇਕਾਂ ਥਾਂਈ ਜ਼ਹਿਰੀਲੀ ਨਜ਼ਾਇਜ਼ ਸ਼ਰਾਬ ਪੀਣ ਕਾਰਨ ਦੁਖਾਂਤ ਵਾਪਰੇ ਹਨ ਜਿਨਾਂ ਵਿਚ ਫਰਵਰੀ 2020 ਵਿਚ ਅਸਾਮ ਵਿਖੇ 168 ਮੌਤਾਂ, ਉੱਤਰ ਪ੍ਰਦੇਸ (97 ਮੌਤਾਂ) ਅਤੇ ਉਤਰਾਖੰਡ (30 ਮੌਤਾਂ) ਸ਼ਾਮਲ ਸਨ। ਇਸੇ ਤਰਾਂ ਜੂਨ 2015 ਦੌਰਾਨ ਮੁੰਬਈ ਵਿਚ ਅਤੇ ਅਗਸਤ ਮਹੀਨੇ ਬਿਹਾਰ ਵਿਚ 167 ਮੌਤਾਂ ਹੋਈਆਂ। ਫਿਲਹਾਲ, ਮੀਥੇਨੌਲ ਬਾਜਾਰ ਵਿਚ ਅਸਾਨੀ ਨਾਲ ਉਪਲੱਬਧ ਹੈ ਅਤੇ ਇਹ ਬਹੁਤ ਸਾਰੇ ਉਦਯੋਗਾਂ ਵੱਲੋਂ ਉਤਪਾਦਾਂ ਵਿਚ ਵਰਤੀ ਜਾਂਦੀ ਹੈ ਜਿਵੇਂ ਕਿ ਵਾਰਨਿਸ਼ ਬਣਾਉਣ ਆਦਿ ਸ਼ਾਮਲ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button