“ਪਾਣੀ ਪਿਤਾ ਜਗਤ ਕਾ ਫਿਰਿ ਪਾਣੀ ਸਭੁ ਖਾਇ”
ਅਮਰਜੀਤ ਸਿੰਘ ਵੜੈਚ (94178-01988)
ਵਿਸ਼ਵ ਦੀ ਚਾਰ ਅਰਬ ਆਬਾਦੀ ਹਰ ਸਾਲ ਘੱਟੋ-ਘੱਟ ਇੱਕ ਮਹੀਨਾ ਪਾਣੀ ਦੀ ਬਹੁਤ ਹੀ ਗੰਭੀਰ ਸਮੱਸਿਆ ਨਾਲ ਜੂਝਦੀ ਹੈ। ਦੁਨੀਆਂ ਦੀ ਅੱਧੀ ਆਬਾਦੀ 2025 ਤੱਕ ਪਾਣੀ ਦੀ ਸਮੱਸਿਆ ਨਾਲ ਦੋ ਚਾਰ ਹੋਵੇਗੀ। ਸਾਡੇ ਮੁਲਕ ਵਿੱਚ ਵੀ ਅਸੀਂ ਵੇਖ ਚੁੱਕੇ ਹਾਂ ਕਿ ਗਰਮੀਆਂ ਸ਼ੁਰੂ ਹੁੰਦਿਆ ਪੂਰੇ ਦੇਸ਼ ਵਿੱਚ ਪੀਣ ਵਾਲੇ ਪਾਣੀ ਦੀ ਕਿੱਲਤ ਦੀਆਂ ਖ਼ਬਰਾਂ ਮੀਡੀਆ ‘ਚ ਸੁਰਖੀਆਂ ਬਣਨ ਲੱਗ ਪੈਂਦੀਆਂ ਹਨ।
ਆਬਾਦੀ ਦੇ ਵਧਣ ਨਾਲ ਹੀ ਨਵੇਂ ਘਰ ਬਣਨ ਲੱਗਦੇ ਹਨ ਅਤੇ ਘਰਾਂ ਨਾਲ ਜੁੜੀਆਂ ਹੋਰ ਲੋੜਾਂ ਜਿਵੇਂ ਪਾਣੀ, ਸੜਕਾਂ, ਬਿਜਲੀ, ਸੀਵਰੇਜ, ਮੋਟਰ ਗੱਡੀਆਂ, ਖੁਰਾਕ, ਤੇਲ, ਕੱਪੜੇ, ਹਸਪਤਾਲ, ਸਕੂਲ ਆਦਿ ਭਾਵ ਬਹੁਤ ਕੁਝ ਦੀ ਮੰਗ ਵੱਧ ਜਾਦੀ ਹੈ। ਇਨ੍ਹਾਂ ਚੀਜ਼ਾਂ ਦੀ ਪੂਰਤੀ ਲਈ ਫਿਰ ਉਦਯੋਗਾਂ ਦਾ ਕੰਮ ਸ਼ੁਰੂ ਹੋ ਜਾਂਦਾ ਹੈ ਅਤੇ ਇੰਜ ਹਰ ਪਾਸੇ ਪਾਣੀ ਦੀ ਵਰਤੋਂ ਵੱਧ ਜਾਂਦੀ ਹੈ।
ਇਹ ਗੱਲ ਠੀਕ ਹੈ ਕਿ ਪਾਣੀ ਦੀ ਸਭ ਤੋਂ ਵੱਧ ਵਰਤੋਂ ਖੇਤੀ ਲਈ ਹੁੰਦੀ ਹੈ ਪਰ ਪਾਣੀ ਦੀ ਸਭ ਤੋਂ ਵੱਧ ਦੁਰਵਰਤੋਂ ਸ਼ਹਿਰਾਂ, ਉਦਯੋਗਾਂ, ਸਰਕਾਰੀ ਦਫ਼ਤਰਾਂ, ਨਿੱਜੀ ਸੰਸਥਾਂਵਾ, ਵਾਸ਼ਿੰਗ ਸਟੇਸ਼ਨ, ਰੇਲ ਗੱਡੀਆਂ ਆਦਿ ਵਿੱਚ ਹੁੰਦੀ ਹੈ। ਕੁਲ ਵਰਤੋਂ ਹੁੰਦੇ ਪਾਣੀ ਦੀ 83 ਫ਼ੀਸਦ ਵਰਤੋਂ ਖੇਤੀ ਲਈ ਹੁੰਦੀ ਹੈ ਅਤੇ ਬਾਕੀ ਦੀ ਵਰਤੋਂ ਆਬਾਦੀ ਅਤੇ ਉਦਯੋਗ ਵਗੈਰਾ ‘ਚ ਹੁੰਦੀ ਹੈ। ਖੇਤੀ ਵਿੱਚ ਵੀ ਪਾਣੀ ਦੀ ਲੋੜ ਨਾਲੋਂ ਵੱਧ ਵਰਤੋਂ ਵੀ ਹੁੰਦੀ ਹੈ ਅਤੇ ਉਨਤ ਤਕਨੀਕਾਂ ਦੀ ਘਾਟ ਕਾਰਨ ਦੁਰਵਰਤੋਂ ਵੀ ਵੱਧ ਹੁੰਦੀ ਹੈ।
ਪਾਣੀ ਹੀ ਜੀਵਨ ਦਾ ਆਧਾਰ ਹੈ। ਗੁਰੂ ਨਾਨਕ ਦੇਵ ਜੀ ਦਾ ਉਚਾਰਿਆ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੇ ਸੁਸ਼ੋਭਿਤ ਹੈ :
ਪਾਉਣੁ ਗੁਰੂ ਪਾਣੀ ਪਿਤ ਜਾਤਾ ॥
ਉਦਰ ਸੰਜੋਗੀ ਧਰਤੀ ਮਾਤਾ ।। (ਅੰਗ 1021)
ਸ਼ਹਿਰੀਕਰਨ ਕਰਕੇ ਘਰਾਂ, ਸੜਕਾਂ, ਕਾਲਜਾਂ, ਯੂਨੀਵਰਸਿਟੀਆਂ, ਖੇਡ ਦੇ ਮੈਦਾਨਾਂ, ਹਸਪਤਾਲਾਂ, ਘਾਹ ਦੇ ਮੈਦਾਨਾਂ ਆਦਿ ਵਿੱਚ ਪਾਣੀ ਦੀ ਵਰਤੋਂ ਨਾਲੋਂ ਦੁਰਵਰਤੋਂ ਜ਼ਿਆਦਾ ਹੁੰਦੀ ਹੈ। ਲੋਕ ਘਰਾਂ ਦੇ ਬਾਹਰ ਅਕਸਰ ਪਾਣੀ ਨਾਲ ਸੜਕਾਂ ਧੋਂਦੇ ਵੇਖਦੇ ਹਾਂ, ਲੋਕ ਬਿਨ੍ਹਾਂ ਵਜ੍ਹਾ ਕਾਰਾਂ, ਜੀਪਾਂ, ਮੋਟਰ ਸਾਇਕਲਾਂ, ਸਕੂਟਰਾਂ, ਸਾਇਕਲਾਂ ਆਦਿ ਨੂੰ ਰੱਜ ਰੱਜ ਕੇ ਧੋਂਦੇ ਹਨ। ਗੱਲ ਮੋਬਾਇਲ ਫੋਨ ‘ਤੇ ਕਰੀ ਜਾਣਗੇ ਅਤੇ ਹੱਥ ਵਿਚਲੀ ਪਾਇਪ ਦਾ ਪਾਣੀ ਸੜਕ ‘ਤੇ ਵੱਗਦਾ ਰਹਿੰਦਾ ਹੈ। ਅਕਸਰ ਲੋਕ ਘਰਾਂ ਵਿਚਲੇ ਗਮਲਿਆਂ ਨੂੰ ਜਿੰਨਾ ਪਾਣੀ ਦਿੰਦੇ ਹਨ ਉਸ ਵਿੱਚੋਂ 80 ਫ਼ੀਸਦ ਹੇਠਾਂ ਵਗ ਜਾਂਦਾ ਹੈ। ਲੋਕ ਬੁਰਸ਼ ਕਰਨ ਸਮੇਂ ਕਈ ਲੀਟਰ ਪਾਣੀ ਵਹਾ ਦਿੰਦੇ ਹਨ। ਨਹਾਉਣ ਸਮੇਂ ਟੂਟੀ ਖੁੱਲ੍ਹੀ ਛੱਡ ਨਹਾਉਣ ਨਾਲ ਹੀ ਇੱਕ ਦੀ ਥਾਂ ਚਾਰ ਚਾਰ ਬਾਲਟੀਆਂ ਵਹਾ ਦਿੱਤੀਆਂ ਜਾਂਦੀਆਂ ਹਨ। ਅਸੀਂ ਅਕਸਰ ਦੇਖਦੇ ਹਾਂ ਕਿ ਲੋਕ ਪਾਣੀ ਦਾ ਗਿਲਾਸ ਭਰ ਕੇ ਪੀਣ ਲੱਗਦੇ ਹਨ ਪਰ ਅੱਧਾ ਪੀ ਕੇ ਬਾਕੀ ਡੋਲ੍ਹ ਦਿੰਦੇ ਹਨ।
ਭਾਰਤ ਦੀ ਅੱਧੀ ਆਬਾਦੀ ਭਾਵ ਜੇਕਰ 70 ਕਰੋੜ ਲੋਕ ਰੋਜ਼ ਅੱਧਾ ਅੱਧਾ ਗਿਲਾਸ ਪਾਣੀ ਬਰਬਾਦ ਕਰਨ ਲੱਗਣ ਤਾਂ ਸਮਝ ਲਓ ਕਿ ਅਸੀਂ ਹਰ ਰੋਜ਼ ਤਕਰੀਬਨ 35 ਕਰੋੜ ਗਿਲਾਸ ਪਾਣੀ ਬਰਬਾਦ ਕਰ ਦਿੰਦੇ ਹਾਂ। ਵੈਸੇ ਅਸੀਂ ਇਸ ਤੋਂ ਵੱਧ ਪਾਣੀ ਰੋਜ਼ ਨਸ਼ਟ ਕਰ ਦਿੰਦੇ ਹਾਂ। ਲੋਕਾਂ ਦੇ ਘਰਾਂ ਦੀਆਂ ਟੈਂਕੀਆਂ ਅਕਸਰ ਓਵਰ ਹੁੰਦੀਆਂ ਵੇਖੀਆਂ ਜਾ ਸਕਦੀਆਂ ਹਨ। ਰਸੋਈਆਂ ਵਿੱਚ ਲੋੜ ਤੋਂ ਵੱਧ ਪਾਣੀ ਡੋਲ੍ਹਿਆ ਜਾਂਦਾ ਹੈ। ਸਾਫ਼ ਪਾਣੀ ਲਈ ਲੋਕਾਂ ਦੇ ਘਰਾਂ ਵਿੱਚ ਲੱਗੇ ਆਰ ਓਜ਼ ਇਕ ਗਲਾਸ ਸਾਫ਼ ਪਾਣੀ ਦੇ ਬਦਲੇ ਦੋ ਤੋਂ ਢਾਈ ਗਲਾਸ ਪਾਣੀ ਸੀਵਰੇਜ ਵਿੱਚ ਰੋੜ੍ਹ ਦਿੰਦੇ ਹਨ ਜਿਸ ਦਾ ਕੋਈ ਵੀ ਫਾਇਦਾ ਨਹੀਂ ਹੁੰਦਾ। ਅਸੀਂ ਅਕਸਰ ਦੇਖਦੇ ਹਾਂ ਕਿ ਦੁਕਾਨਦਾਰ ਹਰ ਰੋਜ਼ ਆਪਣੀਆਂ ਦੁਕਾਨਾਂ ਦੇ ਅੱਗੇ ਪਾਣੀ ਛਿੜਕਦੇ ਹਨ। ਸ਼ਹਿਰਾਂ ਵਿੱਚ ਟਾਇਲਟ ਵਿੱਚ ਸੱਭ ਤੋਂ ਵੱਧ ਪਾਣੀ ਬਰਬਾਦ ਹੁੰਦਾ ਹੈ ਜਿਥੇ ਇਕ ਵਾਰ ਟੈਂਕੀ ਚਲਾਉਣ ਨਾਲ 6 ਤੋਂ 10 ਲੀਟਰ ਤੱਕ ਪਾਣੀ ਸੀਵਰੇਜ ਵਿੱਚ ਚਲਾ ਜਾਂਦਾ ਹੈ। ਜੇ ਪਾਣੀ ਪਿਤਾ ਹੈ ਤਾਂ ਪਾਣੀ ਦੀ ਦੁਰਵਰਤੋਂ ਮਨੁੱਖ ਲਈ ਵਿਨਾਸ਼ਕ ਵੀ ਬਣ ਸਕਦੀ ਹੈ। ਪਹਿਲੀ ਪਾਤਸ਼ਾਹੀ ਫਰਮਾਉਂਦੇ ਨੇ :
ਪਾਣੀ ਪਿਤਾ ਜਗਤ ਕਾ ਫਿਰਿ ਪਾਣੀ ਸਭੁ ਖਾਇ ।। (ਅੰਗ 1240)
ਵਿਸ਼ਵ ਮਾਣਕਾਂ ਅਨੁਸਾਰ ਸਹਿਰਾਂ ਵਿੱਚ ਪ੍ਰਤੀ ਵਿਅਕਤੀ 135 ਲੀਟਰ ਅਤੇ ਪਿੰਡਾਂ ਵਿੱਚ 55 ਲੀਟਰ ਪਾਣੀ ਦੀ ਲੋੜ ਹੁੰਦੀ ਹੈ। ਪਾਣੀ ਦੀ ਵੱਧ ਲੋੜ ਵੀ ਸ਼ਹਿਰਾਂ ਵਿੱਚ ਹੈ ਅਤੇ ਪਾਣੀ ਦੀ ਦੁਰਵਰਤੋਂ ਵੀ ਸਭ ਤੋਂ ਵੱਧ ਸ਼ਹਿਰਾਂ ਵਿੱਚ ਹੁੰਦੀ ਹੈ। ਪਾਣੀ ਬਿਨ੍ਹਾਂ ਮਨੁੱਖ, ਜੀਵ ਜੰਤੂ ਅਤੇ ਬਨਸਪਤੀ ਅਸੰਭਵ ਹੈ। ਧਰਤੀ ਦੇ ਕੁਲ ਪਾਣੀ ਵਿੱਚੋਂ ਸਿਰਫ਼ ਇਕ ਫ਼ੀਸਦ ਪਾਣੀ ਹੀ ਪੀਣ ਯੋਗ ਹੈ ਬਾਕੀ ਦਾ ਪਾਣੀ ਖਾਰਾ ਹੈ, ਡੂੰਘਾ ਹੈ ਜਾਂ ਫਿਰ ਗਲੇਸ਼ੀਅਰਾਂ ਦੇ ਰੂਪ ਵਿੱਚ ਜੰਮਿਆ ਹੋਇਆ ਹੈ। ਪਾਣੀ ਦੇ ਸੰਕਟ ਲਈ ਅਸੀਂ ਇਕ ਦੂਜੇ ‘ਤੇ ਦੋਸ਼ ਮੜਦੇ ਰਹਿੰਦੇ ਹਾਂ ਪਰ ਅਸਲੀਅਤ ਇਹ ਹੈ ਕਿ ਜੇ ਕਰ ਹਰ ਵਿਅਕਤੀ ਆਪਣੇ ਪੱਧਰ ‘ਤੇ ਹੀ ਪਾਣੀ ਦੀ ਬੱਚਤ ਕਰੇ ਤਾਂ ਅਸੀਂ ਕਰੋੜਾਂ ਲੋਕਾਂ ਨੂੰ ਪਾਣੀ ਦੀ ਘਾਟ ਕਾਰਨ ਮਰਨ ਤੋਂ ਬਚਾ ਸਕਦੇ ਹਾਂ। ਆਓ ਸ਼ੁਰੂਆਤ ਅੱਜ ਤੋਂ ਆਪਣੇ ਘਰ ਤੋਂ ਹੀ ਕਰੀਏ।
ਪੰਜਾਬੀ ਸ਼ਾਇਰ ਗੁਰਚਰਨ ਪੱਬਾਰਾਲੀ ਦਾ ਇਕ ਗੀਤ ਹੈ ;
ਪਾਣੀ ਹੋਊ ਤਾਂ ਰੁੱਖ ਹੋਣਗੇ, ਧਰਤੀ ਉੱਤੇ ਮਨੁੱਖ ਹੋਣਗੇ
ਪਾਣੀ ਹੈ ਸੁੱਖਾਂ ਦਾ ਸਾਗਰ, ਬਿਨ ਪਾਣੀ ਸਭ ਦੁੱਖ ਹੋਣਗੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.