ਚੰਡੀਗੜ੍ਹ ਤੋਂ ਆਬੂਧਾਬੀ ਤੇ ਦੁਬਈ ਜਾਣ ਵਾਲੀਆਂ ਉਡਾਣਾਂ ਰੱਦ

ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਆਬੂਧਾਬੀ ਤੇ ਦੁਬਈ ਲਈ ਜਾਣ ਵਾਲੀਆਂ ਕਈ ਉਡਾਣਾਂ ਨੂੰ ਮੌਜੂਦਾ ਤਣਾਅਪੂਰਨ ਹਾਲਾਤਾਂ ਕਰਕੇ ਰੱਦ ਕਰ ਦਿੱਤਾ ਗਿਆ ਹੈ। ਖ਼ਾਸ ਤੌਰ ’ਤੇ ਇੰਡੀਗੋ ਵੱਲੋਂ ਐਤਵਾਰ ਅਤੇ ਸੋਮਵਾਰ ਦੀਆਂ ਉਡਾਣਾਂ ਰੱਦ ਕਰਨ ਦੀ ਪੁਸ਼ਟੀ ਕੀਤੀ ਗਈ ਹੈ। ਏਅਰਲਾਈਨਜ਼ ਵੱਲੋਂ ਯਾਤਰੀਆਂ ਨੂੰ ਸਲਾਹ ਦਿੱਤੀ ਜਾ ਰਹੀ ਹੈ ਕਿ ਉਹ ਹਵਾਈ ਅੱਡੇ ’ਤੇ ਪਹੁੰਚਣ ਤੋਂ ਪਹਿਲਾਂ ਆਪਣੀ ਉਡਾਣ ਦਾ ਸਟੇਟਸ ਜ਼ਰੂਰ ਜਾਂਚ ਲੈਣ। ਮੌਜੂਦਾ ਅੰਤਰਰਾਸ਼ਟਰੀ ਹਾਲਾਤ ਨੂੰ ਦੇਖਦਿਆਂ ਚੰਡੀਗੜ੍ਹ ਤੋਂ ਆਬੂਧਾਬੀ ਅਤੇ ਦੁਬਈ ਲਈ ਚੱਲਣ ਵਾਲੀਆਂ ਉਡਾਣਾਂ ’ਤੇ ਅਸਰ ਪਿਆ ਹੈ। ਜਾਣਕਾਰੀ ਮੁਤਾਬਕ ਐਤਵਾਰ ਨੂੰ ਦੁਬਈ ਜਾਣ ਵਾਲੀ ਇੰਡੀਗੋ ਦੀ ਉਡਾਣ ਨੂੰ ਆਖ਼ਰੀ ਵੇਲੇ ਰੱਦ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਸੋਮਵਾਰ ਨੂੰ ਅਬੂਧਾਬੀ ਲਈ ਨਿਰਧਾਰਤ ਉਡਾਣ ਨੂੰ ਵੀ ਫ਼ਿਲਹਾਲ ਰੱਦ ਕਰਨ ਦੀ ਗੱਲ ਸਾਹਮਣੇ ਆ ਰਹੀ ਹੈ।
ਹਵਾਈ ਅੱਡਾ ਪ੍ਰਸ਼ਾਸਨ ਅਤੇ ਏਅਰਲਾਈਨਜ਼ ਅਧਿਕਾਰੀਆਂ ਵੱਲੋਂ ਦੱਸਿਆ ਗਿਆ ਹੈ ਕਿ ਹਾਲਾਤਾਂ ’ਚ ਤਣਾਅ ਕਾਰਨ ਸੁਰੱਖਿਆ ਨੂੰ ਤਰਜ਼ੀਹ ਦਿੱਤੀ ਜਾ ਰਹੀ ਹੈ। ਕੁੱਝ ਅੰਤਰਰਾਸ਼ਟਰੀ ਰੂਟਾਂ ’ਚ ਤਬਦੀਲੀਆਂ ਕਰ ਕੇ ਉਡਾਣਾਂ ਨੂੰ ਲੰਬੇ ਰਸਤੇ ਰਾਹੀਂ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਸੰਵੇਦਨਸ਼ੀਲ ਇਲਾਕਿਆਂ ਤੋਂ ਬਚਿਆ ਜਾ ਸਕੇ ਪਰ ਕਈ ਮਾਮਲਿਆਂ ’ਚ ਇਹ ਵੀ ਸੰਭਵ ਨਹੀਂ ਹੋ ਸਕਿਆ, ਜਿਸ ਕਾਰਨ ਉਡਾਣਾਂ ਨੂੰ ਰੱਦ ਕਰਨਾ ਪਿਆ। ਮਿਲੀ ਜਾਣਕਾਰੀ ਅਨੁਸਾਰ ਰੋਜ਼ਾਨਾ ਕਰੀਬ 200 ਤੋਂ 250 ਯਾਤਰੀ ਚੰਡੀਗੜ੍ਹ ਤੋਂ ਅਬੂਧਾਬੀ ਤੇ ਦੁਬਈ ਦੀ ਯਾਤਰਾ ਕਰਦੇ ਹਨ। ਇਨ੍ਹਾਂ ’ਚ ਵੱਡੀ ਗਿਣਤੀ ਹੁਨਰਮੰਦ ਕਾਮਿਆਂ ਦੀ ਹੈ, ਜੋ ਉੱਥੇ ਨੌਕਰੀ ਕਰਦੇ ਹਨ। ਇਸ ਤੋਂ ਇਲਾਵਾ ਸੈਰ-ਸਪਾਟੇ ਲਈ ਜਾਣ ਵਾਲੇ ਲੋਕ ਵੀ ਵੱਡੀ ਗਿਣਤੀ ’ਚ ਹੁੰਦੇ ਹਨ। ਉਡਾਣਾਂ ਰੱਦ ਹੋਣ ਕਾਰਨ ਕਈ ਯਾਤਰੀ ਹਵਾਈ ਅੱਡੇ ’ਤੇ ਪਹੁੰਚ ਕੇ ਵਾਪਸ ਮੁੜਣ ਲਈ ਮਜਬੂਰ ਹੋਏ, ਜਦੋਂ ਕਿ ਕਈ ਲੋਕ ਵਿਦੇਸ਼ਾਂ ’ਚ ਵੀ ਫਸੇ ਹੋਏ ਹਨ ਅਤੇ ਆਪਣੇ ਪਰਿਵਾਰਾਂ ਨਾਲ ਲਗਾਤਾਰ ਸੰਪਰਕ ’ਚ ਹਨ।
ਏਅਰਲਾਈਨਜ਼ ਵੱਲੋਂ ਯਾਤਰੀਆਂ ਨੂੰ ਕਿਹਾ ਗਿਆ ਹੈ ਕਿ ਉਹ ਆਪਣੀ ਟਿਕਟ ਦਾ ਸਟੇਟਸ ਆਨਲਾਈਨ ਜਾਂ ਕਸਟਮਰ ਕੇਅਰ ਰਾਹੀਂ ਜ਼ਰੂਰ ਚੈੱਕ ਕਰਨ। ਨਾਲ ਹੀ ਰਿਫੰਡ ਅਤੇ ਰੀ-ਸ਼ਡਿਊਲਿੰਗ ਦੇ ਬਦਲ ਵੀ ਮੁਹੱਈਆ ਕਰਵਾਏ ਜਾ ਰਹੇ ਹਨ। ਇੰਡੀਗੋ ਵੱਲੋਂ ਖ਼ਾਸ ਤੌਰ ’ਤੇ ਯਾਤਰੀਆਂ ਨੂੰ ਭਰੋਸਾ ਦਿਵਾਇਆ ਗਿਆ ਹੈ ਕਿ ਜਿਨ੍ਹਾਂ ਦੀਆਂ ਉਡਾਣਾਂ ਰੱਦ ਹੋਈਆਂ ਹਨ, ਉਨ੍ਹਾਂ ਨੂੰ ਪੂਰਾ ਰਿਫੰਡ ਜਾਂ ਅਗਲੀ ਉਪਲੱਬਧ ਉਡਾਣ ’ਚ ਸਹੂਲਤ ਦਿੱਤੀ ਜਾਵੇਗੀ। ਹਵਾਈ ਅੱਡਾ ਪ੍ਰਸ਼ਾਸਨ ਨੇ ਵੀ ਅਪੀਲ ਕੀਤੀ ਹੈ ਕਿ ਯਾਤਰੀ ਬਿਨਾਂ ਪੁਖ਼ਤਾ ਜਾਣਕਾਰੀ ਤੋਂ ਹਵਾਈ ਅੱਡੇ ‘ਤੇ ਨਾ ਪਹੁੰਚਣ ਤਾਂ ਜੋ ਉਨ੍ਹਾਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ। ਮੌਜੂਦਾ ਤਣਾਅਪੂਰਨ ਸਥਿਤੀ ਦੇ ਮੱਦੇਨਜ਼ਰ ਅਗਲੇ ਕੁੱਝ ਦਿਨਾਂ ਤੱਕ ਉਡਾਣਾਂ ਦੇ ਸ਼ਡਿਊਲ ’ਚ ਹੋਰ ਤਬਦੀਲੀਆਂ ਵੀ ਸੰਭਵ ਹਨ। ਫ਼ਿਲਹਾਲ ਹਾਲਾਤ ’ਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਜਿਉਂ ਹੀ ਸਥਿਤੀ ਸਧਾਰਨ ਹੁੰਦੀ ਹੈ, ਉਡਾਣਾਂ ਮੁੜ ਸਧਾਰਨ ਤਰੀਕੇ ਨਾਲ ਚਲਾਉਣ ਬਾਰੇ ਫ਼ੈਸਲਾ ਲਿਆ ਜਾਵੇਗਾ। ਯਾਤਰੀਆਂ ਨੂੰ ਅਪੀਲ ਹੈ ਕਿ ਉਹ ਧੀਰਜ ਬਣਾਈ ਰੱਖਣ ਤੇ ਸਿਰਫ਼ ਅਧਿਕਾਰਤ ਜਾਣਕਾਰੀ ’ਤੇ ਹੀ ਭਰੋਸਾ ਕਰਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




