EDITORIAL

SYL : ਮਾਨ ਦੀ ਚੁੱਪ ਚੁਭੀ ਪੰਜਾਬ ਨੂੰ

ਅਮਰਜੀਤ ਸਿੰਘ ਵੜੈਚ

ਦਿੱਲੀ ਤੋਂ ਆਪ ਦੇ ਰਾਜਸਭਾ ਮੈਂਬਰ ਸੁਸ਼ੀਲ ਗੁਪਤਾ ਨੇ ਦਾਅਵਾ ਕੀਤਾ ਹੈ ਕਿ 2025 ‘ਚ ਹਰਿਆਣਾ ਦੇ ਲੋਕਾਂ ਨੂੰ ਐੱਸਵਾਈਐੱਲ ਦਾ ਪਾਣੀ ਮਿਲਣ ਲੱਗ ਪਏਗਾ । ਗੁਪਤਾ ਅਨੁਸਾਰ ਪੰਜਾਬ ਵਿੱਚ ਆਪ ਦੀ ਸਰਕਾਰ ਬਣ ਗਈ ਹੈ ਅਤੇ 2024 ਵਿੱਚ ਹਰਿਆਣਾ ‘ਚ ਆਪ ਦੀ ਸਰਕਾਰ ਬਣ ਜਾਣੀ ਹੈ । ਇਸ ਬਿਆਨ ਦੇ ਨਾਲ਼ ਹੀ ਪੰਜਾਬ ਵਿੱਚ ਰਾਜਸੀ ਹਲਕਿਆਂ ਅਤੇ ਪੰਜਾਬ ਦੇ ਰਾਜਨੀਤਕ ਵਿਸ਼ਲੇਸ਼ਕਾਂ ਵਿੱਚ ਗੰਭੀਰ ਬਹਿਸ ਛਿੜ ਗਈ ਹੈ ।

ਇਹ ਬੜੀ ਅਜੀਬ ਗੱਲ ਹੈ ਕਿ ਜਿਹੜਾ ਮਸਲਾ ਦੇਸ਼ ਦੀ ਸੁਪਰੀਮ ਕੋਰਟ ਵਿੱਚ ਪਿਆ ਹੈ ਉਸ ‘ਤੇ ਰਾਜਸਭਾ ਦੇ ਮੈਂਬਰ ਵੱਲੋਂ ਇਕ ਆਪਣੇ ਪੱਧਰ ‘ਤੇ ‘ਫ਼ੈਸਲਾ’ ਸੁਣਾਇਆ ਜਾ ਰਿਹਾ ਹੈ । ਕੀ ਇਹ ਸਿਧੀ ਸੁਪਰੀਮ ਅਦਾਲਤ ਦੇ ਕਾਰਜ ਨੂੰ ਚੁਣੌਤੀ ਨਹੀਂ ? ਇਸ ਮੁੱਦੇ ‘ਤੇ ਭਗਵੰਤ ਮਾਨ ਅਤੇ ਕੇਜਰੀਵਾਲ ਦੀ ਚੁੱਪ ਲੋਕਾਂ ਨੂੰ ਚੁਭ ਰਹੀ ਹੈ । ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਦਾ ਵੀਡੀਓ-ਬਿਆਨ ਕਿ ਪਾਣੀ ਦੀ ਇਕ ਬੂੰਦ ਵੀ ਨਹੀਂ ਜਾਣ ਦਿਆਂਗੇ ਹੋਰ ਵੀ ਹੈਰਾਨ ਕਰਨ ਵਾਲ਼ਾ ਹੈ ਕਿ ਇਹ ਬਿਆਨ ਆਪ ਦੇ ਸੂਬਾ ਪ੍ਰਧਾਨ ਵੱਲੋਂ ਕਿਉਂ ਨਹੀ ਦਿਤਾ ਗਿਆ ?

ਜੋ ਲੀਡਰ ਐੱਸਵਾਈਐੱਲ ਦੇ ਅਤਿ ਸੰਵੇਦਨਸ਼ੀਲ ਮਸਲੇ ‘ਤੇ ਇਸ ਤਰ੍ਹਾਂ ਦੇ ਬਿਆਨ ਦਾਗਦੇ ਹਨ ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਮੁੱਦਾ ਪੰਜਾਬ ਦੀ ਆਰਥਿਕਤਾ ਨਾਲ ਹੀ ਨਹੀਂ ਜੁੜਿਆ ਬਲਕਿ ਇਹ ਪੰਜਾਬ ਲਈ ਇਕ ਭਾਵਨਾਤਮਿਕ ਅਤੇ ਅਣਖ ਦਾ ਮੱਦਾ ਹੈ ।  ਇਸ ਮੱਦੇ ‘ਤੇ ਪੰਜਾਬ ਵਿੱਚ ਪਹਿਲਾਂ ਬਹੁਤ ਖੂਨ-ਖਰਾਬਾ ਹੋ ਚੁਕਿਆ ਹੈ ਜਿਸ ਵਿੱਚ ਬਹੁਤ ਹੀ ਨਿਰਦੋਸ਼ ਜਾਨਾਂ ਜਾ ਚੁੱਕੀਆਂ ਹਨ ।

ਪੰਜਾਬ ਦਾ ਧਰਤੀ ਹੇਠਲਾ ਪਾਣੀ ਦੇਸ਼ ਨੂੰ ਕਣਕ ਅਤੇ ਚੌਲ਼ ਦੇਣ ਦੇ ਬਦਲੇ 200 ਫੁੱਟ ਤੋਂ ਵੀ ਹੇਠਾ ਜਾ ਚੁੱਕਿਆ ਹੈ ਅਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ ਦੀ ਸਟੱਡੀ ਮੁਤਾਬਿਕ ਪੰਜਾਬ ਦਾ ਧਰਤ‌ੀ ਹੇਠਲਾ ਪਾਣੀ ਹਰ ਸਾਲ ਇਕ ਤੋਂ ਡੇਢ ਮੀਟਰ ਥੱਲੇ ਜਾ ਰਿਹਾ ਹੈ । ਇਹ ਵੀ ਚਿਤਾਵਨੀ ਦਿੱਤੀ ਗਈ ਹੈ ਕਿ 2029 ਤੱਕ ਪੰਜਾਬ ਦਾ 70 ਫ਼ੀਸਦੀ ਹਿੱਸਾ ਬੰਜਰ ਹੋ ਜਾਵੇਗਾ । ਪੰਜਾਬ ਦੇ 148 ਬਲਾਕਾ ਵਿੱਚੋ ਕੁਝ ਸਮਾਂ ਪਹਿਲਾਂ 138 ਬਲਾਕਾਂ ਦਾ ਸਰਵੇਖਣ ਹੋਇਆ ਸੀ ।

ਇਸ ਅਨੁਸਾਰ 109 ਚੋਂ ਲੋੜ ਤੋਂ ਵੱਧ, ਦੋ ‘ਚੋਂ ਵੱਧ ਅਤੇ ਪੰਜ ‘ਚੋਂ ਤਕਰੀਬ ਲੋੜ ਤੋਂ ਵੱਧ ਪਾਣੀ ਵਰਤਿਆ ਜਾ ਚੁੱਕਾ ਹੈ ।  ਸਿਰਫ਼ 22 ਬਲਾਕ ਹਨ ਜਿਨ੍ਹਾਂ ਦਾ ਪਾਣੀ ਹਾਲੇ ਬਚਿਆ ਹੋਇਆ ਹੈ ਉਨ੍ਹਾਂ ਚੋਂ ਵੀ ਬਹੁਤਾ ਨਾ ਪੀਣ ਯੋਗ ਹੈ ਅਤੇ ਨਾ ਖੇਤੀ ਯੋਗ ਹੈ । ਇਹ ਕੁਲ 214 ਕਿਲੋਮੀਟਰ ਨਹਿਰ ਬਣਨੀ ਸੀ ਜਿਸ ਵਿੱਚ ਰੋਪੜ ਦੀ ਵੱਖੀਓਂ ਸਤਲੁਜ ਚੋਂ ਪਾਣੀ ਲੈਕੇ ਹਰਿਆਣੇ ਨੂੰ ਜਾਣਾ ਸੀ । 122 ਪੰਜਾਬ ਅਤੇ 92 ਕਿਲੋਮੀਟਰ ਹਰਿਆਣੇ ‘ਚ ਇਹ ਨਹਿਰ ਬਣਨੀ ਸੀ ।

ਹਰਿਆਣੇ ਨੇ ਆਪਣਾ ਹਿਸਾ ਪੂਰਾ ਕਰ ਲਿਆ ਹੈ । ਇਸ ਵਕਤ ਇਸ ਮੁਦੇ ‘ਤੇ ਫੋਕੀ ਰਾਜਨੀਤੀ ਕਰਨੀ ਬਹੁਤ ਮਹਿੰਗੀ ਪੈ ਸਕਦੀ ਹੈ । ਰਾਜਨੀਤੀ ਲਈ ਲੋਕਾਂ ਨੂੰ ਬਲ਼ਦੀ ਦੇ ਬੁਥੇ ਧੱਕਣਾ ਕੋਈ ਇਨਸਾਨੀਅਤ ਨਹੀਂ ਹੈ । ਹੁਣ ਤੱਕ ਪੰਜਾਬ ਕਾਂਗਰਸ ਅਤੇ ਅਕਾਲੀ ਦਲ ਦੇ ਲੀਡਰ ਇਸ ਮੁੱਦੇ ਨੂੰ ਨਿਪਟਾਉਣ ਵਿੱਚ ਅਸਫ਼ਲ ਰਹੇ ਹਨ ਕਿਉਂਕਿ ਇਨ੍ਹਾਂ ਪਾਰਟੀਆਂ ਦੀ ਕੇਂਦਰ ਵਿਚਲੀਆਂ ਸਰਕਾਰਾਂ ਵਿੱਚ ਭਾਈਵਾਲ਼ੀ ਰਹੀ ਹੈ ਪਰ ਇਹ ਪਾਰਟੀਆਂ ਉਸ ਵਕਤ ਵਜ਼ੀਰੀਆਂ ਦੇ ਲਾਲਚ ਨੂੰ ਮੂੰਹ ਵਿੱਚ ਘੁੰਗਣੀਆਂ ਪਾਈ ਬੈਠੇ ਰਹੇ ।ਇਸ ਮੁਦੇ ਨੂੰ ਹੁਣ ਹੋਰ ਲਮਕਾਉਣ ਦੀ ਗੁੰਜਾਇਸ ਨਹੀਂ ਹੈ ਅਤੇ ਲੋੜ ਹੈ ਕਿ ਇਸ ਨੂੰ ਆਪਸੀ ਸਹਿਮਤੀ ਨਾਲ਼ ਨਬੇੜ ਲਿਆ ਜਾਵੇ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button