EDITORIAL

‘ਮੈਡੀਕਲ ਗੈਂਗਸਟਰਾਂ’ ਦਾ ਖੌਫ਼

2920 ਵਾਲੀ ਦਵਾਈ 428 ਰੁ: ਦੀ, ਸਰਕਾਰਾਂ ਦੀ ਲਾਪ੍ਰਵਾਹੀ ਲੋਕਾਂ ਦੀ ਤਬਾਹੀ

ਅਮਰਜੀਤ ਸਿੰਘ ਵੜੈਚ (9417801988)

ਸਰਕਾਰਾਂ ਤੇ ਸਮਾਜ ਸਭ ਜਾਣਦੇ ਹਨ ਕਿ ਨਿੱਜੀ ਖੇਤਰ ਦੇ ਹਸਪਤਾਲ ਤੇ ਦਵਾਈਆਂ ਦਾ ਧੰਦਾ ਕਰਨ ਵਾਲੇ ਲੋਕ ਆਮ ਲੋਕਾਂ ਦੀ ਕਿਵੇਂ ਛਿਲ ਲਾ ਰਹੇ ਹਨ : ਕਹਿੰਦੇ ਹਨ ਕਿ ਰੱਬ ਕਿਸੇ ਦੁਸ਼ਮਣ ਨੂੰ ਵੀ ਡਾਕਟਰਾਂ, ਵਕੀਲਾਂ ਤੇ ਪੁਲਿਸ ਦੇ ਵੱਸ ਨਾ ਪਾਵੇ ; ਇਹ ਕੌੜੀ ਸਚਾਈ ਸਾਡੇ ਪੁਰਖਿਆਂ ਦੇ ਆਪਣੇ ਪਿੰਡੇ ‘ਤੇ ਹੰਢਾਏ ਜ਼ਖ਼ਮਾਂ ‘ਚੋ ਨਿਕਲ ਕੇ ਆਈ ਹੈ। ਇਹ ਸਥਿਤੀ ਤਾਂ ਪੈਦਾ ਹੋਈ ਹੈ ਕਿਉਂਕਿ ਸਰਕਾਰਾਂ ਨੇ ਸਿਹਤ ਦੇ ਖੇਤਰ ‘ਚੋਂ ਆਪਣਾ ਹੱਥ ਪਿਛਾਂਹ ਖਿਚ ਲਿਆ ਤੇ ਨਿੱਜੀ ਅਦਾਰਿਆਂ ਨੂੰ ਮਨ ਮਰਜ਼ੀ ਦੀ ਖੁੱਲ੍ਹ ਦੇ ਦਿੱਤੀ।

ਕੱਲ੍ਹ ਦੀ ਜ਼ਿਲ੍ਹਾ ਮਾਨਸਾ ਦੇ ਇਕ ਨਿੱਜੀ ਹਸਪਤਾਲ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਹਨੇਰੀ ਵਾਂਗ ਘੁੰਮ ਰਹੀ ਹੈ ਜਿਸ ਵਿੱਚ ਉਸ ਹਸਪਤਾਲ ਦੇ ਅੰਦਰ ਕੁਝ ਲੋਕ ਦਵਾਈਆਂ ਦੇ ਪੱਤਿਆਂ ਤੋਂ ਕੁਝ ਸਾਫ਼ ਕਰ ਰਹੇ ਹੈ : ਇਹ ਪਤਾ ਲੱਗਾ ਹੈ ਕਿ ਜਿਹੜੀਆਂ ਦਵਾਈਆਂ ਦੀ ਵਰਤਣ ਦੀ ਤਾਰੀਖ਼ (Expairy date) ਖ਼ਤਮ ਹੋ ਗਈ ਹੈ ਉਸ ਨੂੰ ਕੋਈ ਰਸਾਇਣ ਲਾ ਕੇ ਸਾਫ਼ ਕੀਤਾ ਜਾ ਰਿਹਾ ਸੀ ਤਾਂ ਕਿ ਉਨ੍ਹਾਂ ਖਤਮ ਹੋ ਚੁੱਕੀਆਂ ਦਵਾਈਆਂ ‘ਤੇ ਨਵੀਆਂ ਤਾਰੀਖ਼ਾ ਪਾ ਕੇ ਦੁਬਾਰਾ ਵੇਚਿਆ ਜਾ ਸਕੇ। ਸਰਕਾਰ ਨੇ ਭਾਵੇਂ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪਰ ਜਿਨ੍ਹਾ ਲੋਕਾਂ ਦਾ ਨੁਕਸਾਨ ਇਹ ਹਸਪਤਾਲ ਕਰ ਚੁੱਕਿਆ ਹੈ ਉਨ੍ਹਾਂ ਦੀ ਕੋਈ ਭਰਪਾਈ ਨਹੀਂ ਹੋ ਸਕਣੀ। ਜਿਨ੍ਹਾਂ ਡਾਕਟਰਾਂ ‘ਤੇ ਲੋਕ ਰੱਬ ਵਰਗਾ ਵਿਸ਼ਵਾਸ ਕਰਦੇ ਹਨ ਉਹ ਲੋਕਾਂ ਦੀਆਂ ਜਾਨਾਂ ਨਾਲ ਕਿਵੇਂ ਖੇਡ ਰਹੇ ਹਨ ਇਸ ਤੋਂ ਵੱਡੀ ਪ੍ਰਤੱਖ ਉਦਾਹਰਣ ਕੀ ਹੋ ਸਕਦੀ ਹੈ। ਹਾਲੇ ਪਿਛਲੇ ਮਹੀਨੇ ਪਠਾਨਕੋਟ ਦੇ ਇਕ ਸਰਕਾਰੀ ਹਸਪਤਾਲ ‘ਚ ਇਕ ਔਰਤ ਵੱਲੋਂ ਹਸਪਤਾਲ ਦੇ ਬਰਾਂਡੇ ‘ਚ ਹੀ ਬੱਚੇ ਨੂੰ ਜਨਮ ਦੇਣ ਦੀ ਘਟਨਾ ਨੇ ਸਮਾਜ ਨੂੰ ਬਹੁਤ ਸ਼ਰਮਿੰਦਾ ਕੀਤਾ ਸੀ।

ਇਸੇ ਵਰ੍ਹੇ ਮਈ ਮਹੀਨੇ ‘ਚ ਸੁਪਰੀਮ ਕੋਰਟ ਨੇ ਇਕ 18 ਸਾਲ ਪੁਰਾਣੇ ਕੇਸ ਵਿੱਚ ਪਟਿਆਲੇ ਦੇ ਇਕ ਡਾਕਟਰ ਨੂੰ 25 ਲੱਖ ਰੁ: ਦਾ ਜੁਰਮਾਨਾ ਕੀਤਾ ਜਿਸ ‘ਤੇ ਇਕ ਔਰਤ ਨੂੰ ਬੱਚਾ ਹੋਣ ਸਮੇਂ ਵਰਤੀ ਅਣਗਿਹਲੀ ਕਰਨ ਦਾ ਦੋਸ਼ ਸੀ, ਉਸ ਔਰਤ ਦੀ ਮੌਤ ਹੋ ਗਈ ਸੀ। ਪਿਛਲੇ ਮਹੀਨੇ ਹਿਮਾਚਲ ਪ੍ਰਦੇਸ਼ ਦੇ ਪੰਜਾਬ ਨਾਲ ਲੱਗਦੇ ਮੈਡੀਕਲ ਹੱਬ ਕਰਕੇ ਜਾਣੇ ਜਾਂਦੇ ਬੱਦੀ ‘ਚ ਇਕ ਦਵਾਈਆਂ ਦੀ ਫੈਕਟਰੀ ਫੜੀ ਗਈ ਜੋ ਬਿਨ੍ਹਾਂ ਲਾਇਸੰਸ ਤੋਂ ਕਿਸੇ ਵੱਡੀ ਫਰਮ ਲਈ ਬਲੱਡ ਪ੍ਰਸ਼ੈਰ ਦੀਆਂ ਦਵਾਈਆਂ ਤਿਆਰ ਕਰ ਰਹੀ ਸੀ। ਬੱਦੀ ਵਿੱਚ ਹੀ ਪਹਿਲਾਂ ਸਿੰਥੈਟਿਕ ਨਸ਼ਾ ਬਣਾਉਣ ਵਾਲੀ ਇਕ ਫੈਕਟਰੀ ਵੀ ਫੜੀ ਗਈ ਸੀ।

ਕੋਵਿਡ 19 ਦੀ ਦੂਜੀ ਮਾਰੂ ਲਹਿਰ ਦੌਰਾਨ ਦਿੱਲੀ ਦੇ ਇਕ ਹਸਪਤਾਲ ਨੇ ਇਕ ਮਰੀਜ਼ ਨੂੰ 22 ਪੰਨਿਆਂ ਦਾ ਬਿੱਲ ਦਿੱਤਾ ਜਿਸ ਵਿੱਚ ਹਸਪਤਾਲ ਨੇ ਮਰੀਜ਼ ਤੋਂ 19 ਲੱਖ ਰੁ: ਮੰਗ ਲਏ। ਉਨ੍ਹਾਂ ਦਿਨਾਂ ‘ਚ ਅਸੀਂ ਦਵਾਈਆਂ, ਬੈਡਾਂ ਤੇ ਆਕਸੀਜਨ ਸਿਲੰਡਰਾਂ ਦੀ ਬਲੈਕ ਹੁੰਦੀ ਤਾਂ ਵੇਖ ਹੀ ਲਈ ਸੀ। ਨਕਲੀ ਸੈਨੇਟਾਈਜ਼ਰ ਤੇ ਐੱਨ 95 ਘਟੀਆ ਮਾਸਕ, ਪੁਰਾਣੇ ਮਾਸਕ ਧੋਕੇ ਵੇਚਣ ਆਦਿ ਦੀਆਂ ਕਈ ਖ਼ਬਰਾਂ ਅਸੀਂ ਵੇਖ ਵੀ ਚੁੱਕੇ ਹਾਂ।

ਨਿੱਜੀ ਹਸਪਤਾਲਾਂ ਦੀ ਲੁੱਟ ਦੀਆਂ ਕਈ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਹਨ ; ਈਸੀਜੀ ਬਾਹਰ 150 ਰੁ: ਤੇ ਹਸਪਤਾਲ ਦੇ ਅੰਦਰ 400 ਰੁ:, ਅਲਟਰਾ ਸਾਊਂਡ ਬਾਹਰ 1000 ਰੁ: ਦਾ ਤੇ ਅੰਦਰ 2600 ਰੁ:। ਸਾਨੂੰ ਫੌਜ ਦੇ ਇਕ ਸਾਬਕਾ ਕੈਪਟਨ ਨੇ ਕੰਪਨੀ ਦੇ ਬਿਲ ਭੇਜ ਕੇ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਕੈਂਸਰ ਦੇ ਮਰੀਜ਼ ਪਿਤਾ ਜੀ ਦੇ ਇਲਾਜ ਸਮੇਂ ਇਹ ਪਤਾ ਲੱਗਿਆ ਕਿ ਕਿਵੇਂ ਦਵਾਈਆਂ ਦੇ ਵਪਾਰ ਵਿੱਚ ਆਮ ਲੋਕਾਂ ਦਾ ਖੂਨ ਪੀਤਾ ਜਾਂਦਾ ਹੈ : ਜਿਹੜੀ ਦਾਵਾਈ ਹਸਪਤਾਲ ਵਾਲੇ 2920 ਰੁ: ‘ਚ ਦਿੰਦੇ ਸੀ ਉਹ ਬਾਹਰੋਂ 428 ਰੁ: ਦੀ ਤੇ ਜਿਹੜੀ 1613 ਰੁ: ਦੀ ਸੀ ਉਹ ਬਾਹਰੋਂ 205 ਰੁ: ‘ਚ ਮਿਲੀ : ਭਾਵ ਦਵਾਈਆਂ ਵਿੱਚ ਛੇ ਤੋਂ ਅੱਠ ਗੁਣਾ ਮੁਨਾਫ਼ਾ ( ਲੋਕਾਂ ਦੀ ਛਿਲ)। ਇਕ ਹੋਰ ਹੈਰਾਨੀ ਵਾਲੀ ਗੱਲ ਇਹ ਕਿ ਇਹ ਦਵਾਈਆਂ ਜੋ ਕੈਪਟਨ ਸਾਹਿਬ ਨੇ ਲਈਆਂ ਉਸ ਦਾ ਕੰਪਨੀ ਨੇ ਬਕਾਇਦਾ ਬਿੱਲ ਦਿੱਤਾ ਅਤੇ ਬਿਲ ਉੱਪਰ ਲਿਖਿਆ ਹੋਇਆ ਸੀ ਕਿ ਐੱਮਅਰਪੀ 2920 ਰੁ: ਹੈ ਤੇ ਉਹ ਦਵਾਈ ਵੇਚੀ 428 ਰੁ: ਦੀ ਹੈ : ਇਸ ਵਿੱਚ ਸਾਰੇ ਟੈਕਸ ਵੀ ਸ਼ਾਮਿਲ ਸਨ।

ਕੇਂਦਰ ਸਰਕਾਰ ਨੇ ‘ਜਨ-ਔਸ਼ਦੀ’ ਨਾਂ ਦੀ ਸਕੀਮ 2008 ‘ਚ ਲਾਗੂ ਕੀਤੀ ਸੀ ਜਿਥੇ ਬਾਹਰ ਮਿਲਣ ਵਾਲੀਆਂ ਤਕਰੀਬਨ 1600 ਦਵਾਈਆਂ 50 ਤੋਂ 90 ਫ਼ੀਸਦ ਤੱਕ ਸਸਤੀਆਂ ਮਿਲ ਜਾਂਦੀਆਂ ਹਨ : ਬੜੀ ਅਜੀਬ ਗੱਲ ਹੈ ਕਿ ਜੇ ਕਰ ‘ਜਨ-ਔਸ਼ਦੀ’ ‘ਤੇ ਦਵਾਈਆਂ ਸਸਤੀਆਂ ਮਿਲ ਰਹੀਆਂ ਹਨ ਤਾਂ ਫਿਰ ਸਰਕਾਰ ਨਿੱਜੀ ਹਸਪਤਾਲਾਂ ਵਾਲਿਆਂ ਨੂੰ ਮਹਿੰਗੀਆਂ ਦਵਾਈਆਂ ਕਿਉਂ ਵੇਚਣ ਦੀ ਇਜਾਜ਼ਤ ਦਿੰਦੀ ਹੈ। ਜਦੋਂ ਦਾ ਇਨ੍ਹਾਂ ਜਨਔਸ਼ਦੀ/ਜੈਨਰਕ ਦਵਾਈਆਂ ਦਾ ਲੋਕਾਂ ਨੂੰ ਪਤਾ ਲੱਗਿਆ ਹੈ ਉਦੋਂ ਤੋਂ ਕਈ ਦਵਾਈਆਂ ਵਾਲਿਆਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਜੈਨਰਿਕ ਦਵਾਈਆਂ ਦਾ ਬਰੈਂਡਿਡ/ਕੰਪਨੀਆਂ ਦੀਆਂ ਦਵਾਈਆਂ ਨਾਲੋਂ ਘੱਟ ਅਸਰ ਹੁੰਦਾ ਹੈ।

ਅੱਜ ਆਮ ਲੋਕਾਂ ਦਾ ਦਵਾਈਆਂ ਉਪਰ ਹਰ ਮਹੀਨੇ ਤਕਰੀਬਨ 500 ਤੋਂ ਹਜ਼ਾਰ ਰੁ: ਪ੍ਰਤੀ ਜੀ ਖਰਚ ਹੋ ਜਾਂਦਾ ਹੈ ਤੇ ਜੇ ਹਸਪਤਾਲ ਦਾਖ਼ਲ ਹੋਣਾ ਪੈ ਜਾਵੇ ਤਾਂ ਆਮ ਵਿਅਕਤੀ ਨੂੰ ਨਾਨੀ ਚੇਤੇ ਆ ਜਾਂਦੀ ਹੈ। ਇਸ ਲੁੱਟ ਦੀ ਮਾਰ ਸਭ ਤੋਂ ਵੱਧ ਗਰੀਬ ਨੂੰ ਪੈ ਰਹੀ ਹੈ। ਸਰਕਾਰਾਂ ਨੂੰ ਚਾਹੀਦਾ ਹੈ ਕਿ ਇਸ ਮਾਫ਼ੀਏ ਨੂੰ ਵੀ ਨਕੇਲ ਪਾਉਣ ਦਾ ਪ੍ਰਬੰਧ ਕਰੇ ਕਿਉਂਕਿ ਇਹ ‘ਮੈਡੀਕਲ ਗੈਂਗਸਟਰ’ ਹਨ ਜੋ ਲੋਕਾਂ ਦੀਆਂ ਜਾਨਾਂ ਨਾਲ ਖੇਡ ਰਹੇ ਹਨ ਤੇ ਲੋਕਾਂ ਦਾ ਖੂਨ ਚੂਸ ਰਹੇ ਹਨ। ਇਸ ਲਈ ਬੜਾ ਜ਼ਰੂਰੀ ਹੈ ਕਿ ਸਰਕਾਰੀ ਹਸਪਤਾਲਾਂ ਨੂੰ ਮਜ਼ਬੂਤ ਕੀਤਾ ਜਾਵੇ ਤਾਂ ਕਿ ਆਮ ਲੋਕ ਲੁੱਟ ਖਸੁੱਟ ਤੋਂ ਬਚ ਸਕਣ।

 

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button