EDITORIAL

ਪੀਐੱਮ ਨੂੰ ਪਤਾ ਸੀ ਬ੍ਰਿਜ ਦੇ ‘ਕੰਮਾਂ ਦਾ !ਮੋਦੀ ਦਾ ‘ਭੂਸ਼ਣ’ – ਮਾਨ ਦਾ ‘ਲਾਲ’, ਭਾਜਪਾ ਨਾਰੀ ਮੰਤਰੀਆਂ ਦੀ ਚੁੱਪ ਦਾ ਰਾਜ਼

ਅਮਰਜੀਤ ਸਿੰਘ ਵੜੈਚ (94178-01988)

ਅੰਤਰਰਾਸ਼ਟਰੀ ਭਾਰਤੀ ਮਹਿਲਾ ਪਹਿਲਵਾਨਾਂ ਵੱਲੋਂ 23 ਅਪ੍ਰੈਲ ਤੋਂ ਲਗਾਤਾਰ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨ ਨੇ ਹੁਣ ਇਕ ਨਵਾਂ ਮੋੜ ਲੈ ਲਿਆ ਹੈ ; 28 ਅਪ੍ਰੈਲ ਨੂੰ ਦਿੱਲੀ ਪੁਲਿਸ ਵੱਲੋਂ ਭਾਰਤੀ ਕੁਸ਼ਤੀ ਸੰਘ ਦੇ ਪ੍ਰਧਾਨ ਤੇ ਯੂਪੀ ਦੇ ਕੇਸਰਗੰਜ ਤੋਂ ਭਾਜਪਾ ਦੇ ਐੱਮਪੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਖ਼ਿਲਾਫ਼ ਦਰਜ ਕੀਤੀਆਂ ਦੋ ਐੱਫ਼ਆਈਆਰਜ਼ ‘ਚ ਇਹ ਵੀ ਦਰਜ ਹੈ ਕਿ ਇਨ੍ਹਾਂ ਖਿਡਾਰਨਾਂ ਵੱਲੋਂ ਪ੍ਰਧਾਨ ਦੇ ਕਥਿਤ ਅਸ਼ਲੀਲ ਵਿਹਾਰ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੋ ਸਾਲ ਪਹਿਲਾਂ ਤੋਂ ਹੀ ਪਤਾ ਸੀ ਕਿਉਂਕਿ ਇਨ੍ਹਾਂ ਖਿਡਾਰਨਾ ਨੇ ਪੀਐੱਮ ਨੂੰ ਭੂਸ਼ਣ ਦੇ ਕਥਿਤ ਕਾਰਨਾਮਿਆਂ ਬਾਰੇ ਦੋ ਸਾਲ ਪਹਿਲਾਂ ਹੀ ਦੱਸ ਦਿਤਾ ਸੀ । ਕੀ ਮੋਦੀ ਜੀ ਨੇ ਕਦੇ ਬਰਿਜ ਨੂੰ ਤਲਬ ਕੀਤਾ ? ਕੀ ਬਰਿਜ ਦਾ ਖ਼ੌਫ਼ ਹੈ ਭਾਜਪਾ ਨੂੰ ?

ਐੱਫ਼ਆਈਆਰਜ਼ ‘ਚ ਦਰਜ ਹੈ ਕਿ ਬ੍ਰਿਜ ਭੂਸ਼ਣ ਇਨ੍ਹਾਂ ਸ਼ਿਕਾਇਤਕਰਤਾਵਾਂ ਨੂੰ ਕਥਿਤ ਜਿਨਸੀ ਸਬੰਧ ਬਣਾਉਣ ਲਈ ਮਹਿੰਗੇ ਸੱਪਲੀਮੈਂਟ ਤੇ ਹੋਰ ਖਰਚੇ ਦੇਣ ਦੇ ਲਾਲਚ ਦਿੰਦਾ ਸੀ ; ਇਸ ਤੋਂ ਇਲਾਵਾ ਮੁਕਾਬਲਿਆਂ ਦੌਰਾਨ ਆਨੇ-ਬਹਾਨੇ ਖਿਡਾਰਨਾ ਨੂੰ ਛੂੰਹਦਾ ਸੀ ਤੇ ਇਨ੍ਹਾਂ ਦਾ ਬੇ-ਵਜਾਹ ਪਿਛਾ ਕਰਦਾ ਸੀ । ਇਕ ਖਿਡਾਰਨ ਨੇ ਤਾਂ ਇਹ ਵੀ ਸ਼ਿਕਾਇਤ ‘ਚ ਦਰਜ ਕਰਵਾਇਆ ਹੈ ਕਿ ਪ੍ਰਧਾਨ ਉਸ ਨੂੰ ਆਪਣੇ ਕਮਰੇ ‘ਚ ਬੁਲਾਕੇ ਆਪਣੇ ਬੈੱਡ ‘ਤੇ ਬੈਠਣ ਲਈ ਮਜਬੂਰ ਕਰਦਾ ਸੀ ਤੇ ਫਿਰ ਜ਼ਬਰਦਸਤੀ ਕਲਾਵਾ ਭਰ ਲੈਂਦਾ ਸੀ ; ਇਹ ਵਾਕ ਲਿਖਦਿਆਂ ਵੀ ਇਸ ਕਲਮ ਨੂੰ ਸ਼ਰਮ ਮਹਿਸੂਸ ਹੋ ਰਹੀ ।

ਕੇਂਦਰੀ ਮੰਤਰੀ ਮੰਡਲ ਵਿੱਚ ਨਿਰਮਲਾ ਸੀਤਾਰਮਨ ,ਸਮਰਿਤੀ ਇਰਾਨੀ,ਮਿਨਾਕਸ਼ੀ ਲੇਖੀ,ਅਨੂਪ੍ਰਿਆ ਪਟੇਲ ਸਮੇਤ ਗਿਆਰਾਂ ਮਹਿਲਾਵਾਂ ਮੰਤਰੀ ਹਨ ; ਬੜੀ ਗਜ਼ਬ ਦੀ ਗੱਲ ਹੈ ਕਿ ਪਾਰਟੀ ਤੇ ਸਰਕਾਰ ਦੀਆਂ ਸੀਮਾਵਾਂ ‘ਚ ਪਾਬੰਦ ਇਹ ਮੰਤਰੀ ਇਕ ਵਾਰ ਵੀ ਆਪਣੇ ਅੰਦਰਲੀ ਨਾਰੀ ਦੀ ਆਵਾਜ਼ ਨਹੀਂ ਸੁਣ ਸਕੀਆਂ ; ਇਕ ਵੀ ਮੰਤਰੀ ਇਨ੍ਹਾਂ ਪ੍ਰਦਰਸ਼ਨਕਾਰੀਆਂ ਨਾਲ਼ ਗੱਲ ਨਹੀਂ ਕਰਨ ਆਈ ; ਇਨ੍ਹਾਂ ਦੇ ਅੰਦਰੋਂ ਜ਼ਮੀਰਾਂ ਦੀਂ ਇਕ ਲਾਹਨਤ ਭਰੀ ਆਵਾਜ਼ ਤਾਂ ਜ਼ਰੂਰ ਆਈ ਹੋਵੇਗੀ ਭਾਵੇਂ ਇਨ੍ਹਾਂ ਨੇ ਉਸ ਆਵਾਜ਼ ਨੂੰ ਕੁਰਸੀ ਖੁਸਣ ਦੇ ਡਰੋਂ ਅਣਗੌਲ਼ਿਆਂ ਕਰ ਦਿਤਾ ਹੋਵੇਗਾ ।

1983 ‘ਚ ਪਹਿਲੇ ਵਿਸ਼ਵ ਕ੍ਰਿਕੇਟ ਕੱਪ ਜਿਤਣ ਵਾਲ਼ੇ ਭਾਰਤ ਦੇ ਕਪਤਾਨ ਕਪਿਲ ਦੇਵ ਤੇ ਵਿਸ਼ਵ ਪ੍ਰਸਿਧ ਲਿਟਲ ਮਾਸਟਰ ਸੁਨੀਲ ਗਾਵਾਸਕਰ ਸਮੇਤ ਕਈ ਖਿਡਾਰੀਆਂ ਤੇ ਕੋਚਾਂ ਨੇ ਵੀ ਇਨ੍ਹਾਂ ਖਿਡਾਰਨਾਂ ਦੇ ਸਮਰਥਨ ‘ਚ ਨਿਤਰਨ ਦਾ ਫ਼ੈਸਲਾ ਕਰ ਲਿਆ ਹੈ । ਇਹ ਖਿਡਾਰਨਾਂ ਸਾਕਸ਼ੀ ਮਲਿਕ ,ਵਿਨੇਸ਼ ਫੁਗਾਟ ਤੇ ਇਨ੍ਹਾਂ ਦਾ ਸਾਥ ਦੇ ਰਹੇ ਬਜਰੰਗ ਪੂਨੀਆਂ ਆਪਣੇ ਮੈਡਲ ਗੰਗਾ ਮਈਆ ‘ਚ ਵਿਸਰਜਨ ਕਰਨ ਨੂੰ ਮਜਬੂਰ ਹੋ ਗਏ ਸਨ ਪਰ ਕਿਸਾਨ ਲੀਡਰ ਨਰੇਸ਼ ਟਕੈਤ ਦੇ ਭਰੋਸਾ ਦੇਣ ਮਗਰੋਂ ਇਨ੍ਹਾਂ ਨੇ ਆਪਣਾ ਫੈਸਲਾ ਵਾਪਸ ਲੈ ਲਿਆ ।

1960 ਦੀਆਂ ਰੋਮ ਉਲੰਪਿਕ ‘ਚ ਗੋਲਡ ਮੈਡਲ ਜਿਤਣ ਵਾਲ਼ਾ ਅਮਰੀਕਾ ਦਾ ਮੁਹੰਮਦ ਅਲੀ ਵੀ ਆਪਣਾ ਮੈਡਲ ਅਮਰੀਕਾ ਦੇ ਦੱਖਣ-ਪੱਛਮ ਦੀ ਓਹਾਈਓ ਨਦੀ ‘ਚ ਰੋਸ ਵਜੋਂ ਸੁਟਕੇ ਗੁਆ ਬੈਠਾ ਸੀ ; ਮੁਹੰਮਦ ਅਲੀ ਨੇ ਜਦੋਂ ਅਮਰੀਕਾ ਲਈ ਉਹ ਮੈਡਲ ਜਿਤਿਆ ਸੀ ਤਾਂ ਉਸ ਨੇ ਖੁਸ਼ੀ ‘ਚ ਮੈਡਲ ਨੂੰ 48 ਘੰਟੇ ਆਪਣੇ ਗਲ਼ ‘ਚ ਹੀ ਪਾਈ ਰੱਖਿਆ ਸੀ ; ਪਰ ਅਲੀ ਨੂੰ ਅਮਰੀਕਾ ਦੇ ਹੋਟਲਾਂ ਵਿੱਚ ਇਸ ਕਰਕੇ ਨਹੀਂ ਸੀ ਵੜਨ ਦਿਤਾ ਜਾਂਦਾ ਕਿਉਂਕਿ ਉਹ ਕਾਲ਼ਾ ਸੀ ।

ਇਹ ਖਿਡਾਰਨਾਂ ਤਾਂ ਭਾਰਤੀ ,ਦੇਸ਼ ਦਾ ਮਾਣ ਤੇ ਧੀਆਂ ਹਨ ਜਿਨ੍ਹਾਂ ਲਈ ਮੋਦੀ ਸਰਕਾਰ ਦਾ ਸਲੋਗਨ ਹੈ ‘ ਬੇਟੀ ਬਚਾਓ , ਬੇਟੀ ਪੜ੍ਹਾਓ ‘; ਹਰਿਆਣੇ , ਜੀਂਦ ਦੇ ਪਿੰਡ ਬੀਬੀਪੁਰ ਦੇ ਸੁਨੀਲ ਜਗਲਾਨ ਵੱਲੋਂ ਜੂਨ 2015 ‘ਚ ਆਰੰਭ ਕੀਤੀ ‘ਸੈਲਫ਼ੀ ਵਿਦ ਡਾਟਰ ‘ ਲੜੀ ਦੀ ਪ੍ਰਸ਼ੰਸਾ ਮੋਦੀ ਜੀ ਨੇ ਵੀ ਆਪਣੇ ‘ ਮਨ ਕੀ ਬਾਤ’ਪ੍ਰੋਗਰਾਮ ‘ਚ ਕੀਤੀ ਸੀ ; ਇਥੇ ਹੀ ਬਸ ਨਹੀ ਪਿਛਲੇ ਵਰ੍ਹੇ ਆਜ਼ਾਦੀ ਦਿਵਸ ਦੇ ਮੌਕੇ ‘ਤੇ ਲਾਲ ਕਿਲੇ ਤੋਂ ਆਪਣੇ ਸੰਬੋਧਨ ‘ਚ ਮੋਦੀ ਜੀ ਨੇ ਕਿਹਾ ਸੀ “ਮੈਂ ਲਾਲ ਕਿਲੇ ਸੇ ,ਮੈਂ ਮੇਰੀ ਏਕ ਪੀੜਾ ਔਰ ਕਹਿਨਾ ਚਾਹਤਾ ਹੂੰ , ਯਹ ਦਰਦ ਮੈਂ ਕਹੇ ਬਿਨਾ ਨਹੀਂ ਰਹਿ ਸਕਤਾ । ਮੈਂ ਜਾਨਤਾ ਹੂੰ , ਸ਼ਾਇਦ ਯਹ ਲਾਲ ਕਿਲੇ ਕਾ ਵਿਸ਼ਾ ਨਹੀਂ ਹੋ ਸਕਤਾ, ਲੇਕਿਨ ਮੇਰੇ ਭੀਤਰ ਕਾ ਦਰਦ ਮੈਂ ਕਹਾਂ ਕਹੂੰਗਾ (ਭਾਵੁਕ ਹੋਕੇ ਗੱਚ ਭਰ ਗਿਆ )…..ਦੇਸ਼ ਵਾਸੀਓ ਕੇ ਸਾਮਨੇ ਨਹੀਂ ਤੋ ਕਹਾਂ ਕਹੁੰਗਾ ; ਔਰ ਵੋਹ ਹੈ….ਕਿਸੀ ਨਾ ਕਿਸੀ ਕਾਰਨ ਹਮ ਨਾਰੀ ਕਾ ਅਪਮਾਨ ਕਰਤੇ ਹੈ…(ਫਿਰ ਗੱਚ ਭਰ ਗਿਆ) ਕਿਆ ਹਮ ਸਭਾਓ ਸੇ ,ਸੰਸਕਾਰ ਸੇ ਰੋਜ਼ ਮੱਰਾ ਕੀ ਜ਼ਿੰਦਗੀ ਮੇਂ ਨਾਰੀ ਕੋ ਅਪਮਾਨਿਤ ਕਰਨੇ ਵਾਲੀ ਹਰ ਬਾਤ ਸੇ ਕਿਆ ਹਮ ਮੁਕਤੀ ਕਾ ਸੰਕੱਲਪ ਲੇ ਸਕਤੇ ਹੈ ” ..ਤਾੜੀਆਂ …ਫਿਰ ਕੇਂਦਰ ਸਰਕਾਰ ਦਾ ਇਹ ਤਾਨਾਸ਼ਾਹੀ ਵਤੀਰਾ ਕਿਉਂ ? ਜਿਹੜੀ ਦਿੱਲੀ ਪੁਲਿਸ ਨੇ 28 ਮਈ ਵਾਲ਼ੇ ਦਿਨ ਖਿਡਾਰਨਾ ਨੂੰ ਸੜਕਾਂ ‘ਤੇ ਜ਼ਲੀਲ ਕੀਤਾ ਕੀ ਉਸ ਪੁਲਿਸ ਨੇ ਪੀਐੱਮ ਦੇ ਆਜ਼ਾਦੀ ਵਾਲ਼ੇ ਭਾਸ਼ਨ ਨੂੰ ਨਹੀਂ ਸੀ ਸੁਣਿਆ ?

ਇਧਰ ਪੰਜਾਬ ‘ਚ ਵੀ ਭਗਵੰਤ ਮਾਨ ਸਰਕਾਰ ਦੇ ਇਕ ਮੰਤਰੀ ਲਾਲ ਚੰਦ ਕਟਾਰੂਚੱਕ ਇਕ ਦਲਿਤ ਲੜਕੇ ਨਾਲ਼ ਕਥਿਤ ਅਸ਼ਲੀਲ ਵੀਡੀਓ ਮਾਮਲੇ ‘ਚ ਘਿਰੇ ਹੋਏ ਹਨ ; ਇਸ ਵੀਡੀਓ ਨੂੰ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਰਾਜਪਾਲ ਨੂੰ ਦੇ ਦਿਤਾ ਸੀ । ਰਾਜਪਾਲ ਨੇ ਇਸ ਦੀ ਫੌਰੈਂਸਿਕ ਜਾਂਚ ਕਰਵਾਉਣ ਮਗਰੋਂ ਮੁੱਖ ਮੰਤਰੀ ਨੂੰ ਉਸ ਜਾਂਚ ਦੀ ਰਿਪੋਰਟ ਤੇ ਵੀਡੀਓ ਸੌਂਪ ਦਿਤੀ ਤੇ ਪੰਜਾਬ ਸਰਕਾਰ ਨੇ ਇਕ ਜਾਂਚ ਲਈ ‘ਸਿਟ’ ਦਾ ਵੀ ਗਠਨ ਕਰ ਦਿਤਾ । ਵਿਰੋਧੀ ਕਹਿ ਰਹੇ ਹਨ ਕਿ ਸਾਬਕਾ ਮੰਤਰੀ ਵਿਜੇ ਸਿੰਗਲਾ ਦੀ ਇਕ ਆਡੀਓ ਸੁਣਨ ਮਗਰੋਂ ਹੀ ਮੁੱਖ ਮੰਤਰੀ ਨੇ ਤਤਕਾਲੀ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਪਲਾਂ ‘ਚ ਹੀ ਗ੍ਰਿਫ਼ਤਾਰ ਕਰਵਾ ਦਿਤਾ ਸੀ ਪਰ ਕਟਾਰੂਚੱਕ ਪ੍ਰਤੀ ਮਾਨ ਕਿਉਂ ਨਰਮ ਵਤੀਰਾ ਵਿਖਾ ਰਹੇ ਹਨ ? ਮਸਲਾ ਇਹ ਵੀ ਗੰਭੀਰ ਹੈ ਜਿਸ ‘ਤੇ ਰਾਸ਼ਟਰੀ ਅਨੂਸੂਚਿਤ ਜਾਤੀ ਕਮਿਸ਼ਨ ਨੇ ਪੰਜਾਬ ਸਰਕਾਰ ਨੂੰ ਨੋਟਿਸ ਵੀ ਭੇਜ ਦਿਤਾ ਹੈ ।

ਆਪ ਦਿੱਲੀ ‘ਚ ਪਹਿਲਵਾਨਾਂ ਦੇ ਰੋਸ ਪ੍ਰਦਰਸ਼ਨ ਦਾ ਸਮਰਥਨ ਕਰ ਰਹੀ ਹੈ ਤੇ ਇਨਸਾਫ਼ ਦੀ ਮੰਗ ਕਰਦੀ ਹੈ ਪਰ ਪੰਜਾਬ ‘ਚ ਆਪਣੇ ਮੰਤਰੀ ‘ਤੇ ਕੋਈ ਕਾਰਵਾਈ ਨਹੀਂ ਕਰ ਰਹੀ ; ਦੋਨਾਂ ਹੀ ਕੇਸਾਂ ‘ਚ ਜਾਂਚ ਟੀਮਾਂ ਬਣ ਚੁੱਕੀਆਂ ਹੋਈਆਂ ਹਨ ; ਪੰਜਾਬ ਨੇ ਹਾਲੇ ਆਪਣੇ ਮੰਤਰੀ ‘ਤੇ ਕੋਈ ਕਾਰਵਾਈ ਨਹੀਂ ਕੀਤੀ ਪਰ ਬ੍ਰਿਜ ਭੂਸ਼ਣ ‘ਤੇ ਤਾਂ ਪੁਲਿਸ ਕੇਸ ਦਰਜ ਹੋ ਚੁੱਕੇ ਹਨ ; ਦੋਹਾਂ ਕੇਸਾਂ ‘ਚ ਜਾਂਚ ਜੂੰ ਦੀ ਤੋਰ ਤੁਰ ਰਹੀ ਹੈ ।

ਦੇਸ਼ ਦੇ ਸਰਵਉੱਚ ਰਾਸ਼ਟਰਪਤੀ ਅਹੁਦੇ ‘ਤੇ ਸ਼੍ਰੀਮਤੀ ਦਰੋਪਦੀ ਮੁਰਮੂ ਬਿਰਾਜਮਾਨ ਹਨ ; ਉਨ੍ਹਾਂ ਤੱਕ ਇਨ੍ਹਾਂ ਖਿਡਾਰਨਾ ਦੀਆਂ ਖ਼ਬਰਾਂ ਤੇ 28 ਮਈ ਨੂੰ ਦਿੱਲੀ ਪੁਲਿਸ ਵੱਲੋਂ ਇਨ੍ਹਾਂ ਪਹਿਲਵਾਨ ਮਹਿਲਾਵਾਂ ਦੀ ਕੀਤੀ ਖਿਚ-ਧੂ ਦੀਆਂ ਵੀਡੀਓਜ਼ ਪਹੁੰਚ ਹੀ ਗਈਆਂ ਹੋਣਗੀਆਂ । ਰਾਸ਼ਟਰਪਤੀ ਆਪਣੀ ਸਰਕਾਰ ਨੂੰ ਇਨ੍ਹਾਂ ਪਹਿਲਵਾਨਾਂ ਦੀ ਗੱਲ ਸੁਣ ਲਈ ਹੁਕਮ ਤਾਂ ਕਰ ਹੀ ਸਕਦੇ ਹਨ ।
ਇਨ੍ਹਾਂ ਦੋਹਾਂ ਕੇਸਾਂ ਬਾਰੇ ਵਿਸ਼ਲੇਸ਼ਕਾਂ ਤੇ ਵਿਰੋਧੀ ਧਿਰਾਂ ਦਾ ਕਹਿਣਾ ਹੈ ਕਿ ਦੋਵੇਂ ਹੀ ਸਰਕਾਰਾਂ ਸਮਾਂ ਟਪਾ ਕੇ ਦੋਵਾਂ ਕੇਸਾਂ ਨੂੰ ਆਪਣੇ-ਆਪਣੇ ਢੰਗ ਨਾਲ਼ ਦਬਾਉਣਾ ਚਾਹੁੰਦੀਆਂ ਹਨ । ਭਾਵੇਂ ਕਟਾਰੂਚੱਕ ਵਾਲ਼ਾ ਕੇਸ ਦੱਬਿਆ ਜਾਵੇ ਪਰ ਪਹਿਲਵਾਨਾਂ ਵਾਲ਼ਾ ਕੇਸ ਕੇਂਦਰ ਤੇ ਭਾਜਪਾ ਨੂੰ ਮਹਿੰਗਾ ਪੈ ਸਕਦਾ ਹੈ ਜੋ ਸਮੁੱਚੇ ਦੇਸ਼ ਲਈ ਵੀ ਸ਼ੁੱਭ ਸੰਕੇਤ ਨਹੀਂ ਹੈ । ਇਨ੍ਹਾਂ ਪਹਿਲਵਾਨਾਂ ਦੀ ਹਮਾਇਤ ‘ਤੇ ਹਰਿਆਣਾ ਦੀਆਂ ਮਜਬੂਤ ਖਾਪਾਂ ,ਪੰਜਾਬ ,ਹਰਿਆਣਾ,ਯੂਪੀ ਦੀਆਂ ਕਿਸਾਨ ਜੱਥੇਬੰਦੀਆਂ , ਐੱਸਜੀਪੀਸੀ ਸਮੇਤ ਕਈ ਧਿਰਾਂ ਲਾਮਬੰਦ ਹੋਣ ਦਾ ਫ਼ੈਸਲਾ ਕਰ ਚੁੱਕੀਆਂ ਹਨ । ਕੇਂਦਰ ਸਰਕਾਰ ਨੂੰ ਜਲਦ ਤੋਂ ਜਲਦ ਪਹਿਲਵਾਨ ਖਿਡਾਰਨਾਂ ਦੇ ਜ਼ਖ਼ਮਾਂ ‘ਤੇ ਮਰਹਮ ਲਾਉਣ ਦੀ ਪਹਿਲ ਕਦਮੀ ਕਰਨੀ ਚਾਹੀਦੀ ਹੈ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button